Friday 1 February 2019

" ਚੁੱਕ ਲਿਫਾਫਾ! ਹਰਾਮ ਦਿਆ" ਬਾਬਾ ਬੋਲ ਉਠਿਆ

PICK YOUR BAG YOU FOOL-  BABA SHOUTED AT ME

ਗਲ ਅਕਤੂਬਰ 1974 ਦੀ ਹੈ।  ਯੂ ਪੀ ਐਸ ਸੀ ਨੇ ਆਈ ਐਮ ਏ ਦਾ ਰਿਜੱਲਟ ਐਲਾਨਿਆ ਤੇ ਸਾਡਾ ਨਾਂ ਵੀ ਕਾਮਯਾਬ ਉਮੀਦਵਾਰਾਂ ਵਿਚ ਸੀ। ਉਸ ਤੋਂ ਮਹੀਨੇ ਕੁ ਬਾਦ ਸੈਕੰਡ ਲੈਫਟੀਨੈੱਟ ਵਾਸਤੇ ਇੰਟਰਵਿਊ ਲਈ ਜਾਣਾ ਸੀ। ਸਾਨੂੰ ਬੜਾ ਚਾਅ ਸੀ ਆਪਾਂ ਹੁਣ ਲਫਟੈਣ ਬਣ ਜਾਣਾ ਤੇ ਭਾਈਏ ਦਾ ਪਿੰਡ ਵਿਚ ਟੌਹਰ ਬਣ ਜਾਊ। ਆਪਾਂ ਦਿੱਲੀਓ ਸਪੈਸ਼ਲ ਪਿੰਡ ਦੱਸਣ ਆ ਗਏ।
ਸਿਰਫ ਏਨਾ ਹੀ ਨਹੀ। ਆਪਣੀ ਵੱਡੀ ਭੈਣ ਨੂੰ ਦੱਸਣ ਵੀ ਉਹਦੇ ਸਹੁਰੇ ਗਏ। ਭੈਣ ਜੀ ਨੂੰ ਬਹੁਤ ਚਾਅ ਚੜਿਆ ਕਿ ਭਰਾ ਨੇ ਲਫਟੈਣ ਬਣ ਜਾਣਾ। ਮੈਨੂੰ ਬੜੇ ਜੋਰ ਨਾਲ ਕਹਿਣ ਲੱਗੀ ਵੀਰਾਂ ਆਪਾਂ ਘੁੰਮਣਾਂ ਵਾਲੇ ਬਾਬੇ ਨੂੰ ਮੱਥਾ ਟੇਕ ਆਈਏ। ਆਪਾਂ ਮੰਨ ਗਏ।

ਧਾਰੀਵਾਲ ਜਿਲਾ ਗੁਰਦਾਸਪੁਰ ਦੇ ਲਾਗਲੇ ਪਿੰਡ ਘੁੰਮਣ ਦੇ ਬਾਬਾ ਹਜ਼ਾਰਾ ਸਿੰਘ ਸਾਡੇ ਗੁਰਾਇਆਂ ਦੇ ਪ੍ਰਵਾਰ ਵਿਚ ਹੀ 'ਪਿੰਡ ਪਕੀਵੇ' ਵਿਆਹੇ ਹੋਏ ਸਨ। ਉਨਾਂ ਦੇ ਕੌਤਕਾਂ ਦੀਆਂ ਗੱਲਾਂ ਇਲਾਕੇ ਵਿਚ ਬਹੁਤ ਮਸ਼ਹੂਰ ਸਨ। ਪਰ ਆਪਾਂ ਬਾਬਿਆਂ ਦੇ ਅੰਨੇ ਸੇਵਕ ਨਹੀ ਸੀ। 'ਘੁੰਮਣਾਂ ਵਾਲਾ' ਸਾਡੇ ਮਾਸਟਰ ਰਘੁਬੀਰ ਸਿੰਘ ਗੁਰਾਇਆ ਦਾ ਸਕਾ ਫੁੱਫੜ ਸੀ। ਮਾਸਟਰ ਜੀ ਪੱਕੇ ਹੀ ਨਹੀ ਉਘੇ ਕਾਮਰੇਡ ਹਨ। ਮਤਲਬ ਥੋੜਾ ਬਹੁਤ ਅਸਰ ਮਾਸਟਰ ਦਾ ਸਾਡੇ ਤੇ ਵੀ ਸੀ। ਹਾਲਾਂ ਸਿੱਖੀ ਦੀ ਕੱਟੜਤਾ ਤਾਂ ਸਾਨੂੰ ਵਿਰਸੇ ਵਿਚ ਮਿਲੀ ਸੀ।
ਖੈਰ ਜੀ ਆਪਾਂ ਭੈਣ ਜੀ ਦਾ ਹੁਕਮ ਮੰਨ ਕੇ ਤਿਆਰ ਹੋ ਗਏ ਘੁੰਮਣੀ ਜਾਣ ਵਾਸਤੇ। ਗੁਰਦਾਸਪੁਰ ਤੋਂ ਪੰਜਾਂ ਦੇ ਦੋ ਕਿਲੋ ਸੇਬ ਲੈ ਲਏ। ਭੈਣ ਜੀ ਸਾਨੂੰ ਉਪਦੇਸ਼ ਦਿਤਾ ਕਿ ਬਾਬਾ ਜੀ ਗਾਲਾਂ ਕੱਢਦੇ ਹੁੰਦੇ ਨੇ। ਬੁਰਾ ਨਹੀ ਮਨਾਉਣਾ। ਬਾਬੇ ਦੀਆਂ ਗਾਲਾਂ ਨਿਰਾ ਘਿਓ ਦੀਆਂ ਨਾਲਾਂ।
ਘੁੰਮਣੀ ਪਹੁੰਚ ਗਏ। ਬਾਬਾ ਜੀ ਬਾਹਰ ਹੀ ਰੂੜੀਆਂ ਵਾਲੇ ਟੋਇਆਂ ਲਾਗੇ ਬੈਠੇ ਹੋਏ ਨੇ। ਲਾਗੇ ਚਾਰ ਪੰਜ ਜਣੇ ਹੋਰ ਵੀ ਸਨ। ਬਾਬੇ ਦਾ ਸਿਰ ਮੂੰਹ ਮੁੰਨਿਆ ਹੋਇਆ ਸੀ। ਬਾਬੇ ਨੇ ਲਗਦਾ ਸੀ ਪੂਰੀ ਬੋਤਲ ਹੀ ਉਤੇ ਡੋਲ ਲਈ ਹੋਈ ਸੀ ਕਿਉਕਿ ਸਰੀਰ ਤੋਂ ਤੇਲ ਚੋਅ ਚੋਅ ਪੈ ਰਿਹਾ ਸੀ। ਮੰਨ ਵਿਚ ਸ਼ਾਇਦ ਬਾਬੇ ਲਈ ਘ੍ਰਿਣਾ ਉਤਪੰਨ ਹੋਈ ਹੋਵੇਗੀ।
Baba Hazara Singh Nikke Ghumman
ਜਿਵੇਂ ਭੈਣ ਜੀ ਨੇ ਮੱਥਾ ਟੇਕਿਆ ਅਸਾਂ ਵੀ ਸੇਬਾਂ ਦਾ ਲਿਫਾਫਾ ਬਾਬੇ ਅੱਗੇ ਰੱਖ ਦਿਤਾ।
"ਚੁੱਕ ਲਿਫਾਫਾ! ਹਰਾਮ ਦਿਆ" ਬਾਬਾ ਬੋਲ ਉਠਿਆ।
ਲਾਗੇ ਬੈਠੇ ਲੋਕ ਹੈਰਾਨ ਹੋ ਗਏ ਕਿ ਬਾਬਾ ਕਿਓ ਗੁੱਸੇ ਵਿਚ ਆ ਗਿਆ।
ਖੈਰ ਭੈਣ ਜੀ ਕਰਕੇ ਆਪਾਂ ਵੀ ਬਹਿ ਗਏ ਹਾਲਾਂ ਬਹਿਣਾ ਬਹੁਤ ਮੁਸ਼ਕਲ ਹੋ ਰਿਹਾ ਸੀ।
ਹਰ ਕੋਈ ਚੁੱਪ ਸੀ। ਦਸ ਕੁ ਮਿੰਟ ਬਾਦ, ਫਿਰ ਬਾਬਾ ਇਕ ਜਵਾਨ ਮੁੰਡੇ ਨੂੰ ਸੰਬੋਧਨ ਹੋ ਕੇ ਬੋਲਿਆ, "ਦੱਸ ਕਿਧਰ ਆਇਐ?" ਮੁੰਡਾ ਕਹਿੰਦਾ 'ਬਾਬਾ ਜੀ ਮੇਰੀ ਭਰਜਾਈ ਦੇ ਅੰਞਾਣਾ ਹੋਣ ਵਾਲਾ ਹੈ, ਕਿਰਪਾ ਕਰੋ।" ਅੱਗੋ ਬਾਬਾ ਬੋਲਿਆ, "ਜਾ ਮੁੰਡਾ ਹੀ ਹੋਊਗਾ।" ਮੁੰਡੇ ਨੇ ਝੱਟ ਮੱਥਾ ਟੇਕਿਆ ਤੇ ਓਥੋ ਚਲਾ ਗਿਆ।
ਜਿਵੇ ਮੁੰਡਾ ਥੋੜਾ ਹਟਵਾ ਹੋਇਆ ਬਾਬਾ ਬੋਲ ਉਠਿਆ, "ਮੁੰਡਾ ਨਹੀ ਤਾਂ ਕੁੜੀ ਤਾਂ ਵੱਟ ਤੇ ਪਈ ਆ।" ਭਾਵ ਸਾਨੂੰ ਉਸ ਇਹ ਪ੍ਰਭਾਵ ਦਿਤਾ ਕਿ ਮੈਂ ਤਾਂ ਐਵੇ ਅਟਕਲ ਬਾਜੀ ਮਾਰ ਦਿੰਨਾ ਵਾਂ। ਮੈਨੂੰ ਕੁਝ ਪਤਾ ਥੋੜਾ ਹੁੰਦਾ। ਮੇਰੇ ਮੰਨ ਦਾ ਕਾਮਰੇਡ ਫਿਰ ਤਗੜਾ ਹੋ ਗਿਆ ਕਿ ਇਹ ਬਾਬੇ ਬੂਬੇ ਐਵੇ ਹੀ ਹੁੰਦੇ ਨੇ। ਬਸ ਬੇਵਕੂਫ ਬਣਨ ਵਾਲਾ ਚਾਹੀਦਾ ਕੋਈ।
ਫਿਰ ਕੋਈ ਅੱਧਾ ਘੰਟਾ ਹਰ ਕੋਈ ਚੁੱਪ ਰਿਹਾ। ਵਿਚੋਂ ਫਿਰ ਕਿਸੇ ਨੇ ਸਾਡੀ ਸਿਫਾਰਸ਼ ਕਰ ਦਿਤੀ ਕਿ ਬਾਬਾ ਜੀ ਆਹ ਮੁੰਡੇ ਤੇ ਵੀ ਤਰਸ ਕਰ ਦਿਓ। ਬਾਬਾ ਬੋਲਿਆ, "ਇਹ ਬੜੀ ਆਕੜ 'ਚ ਆ।"
ਮੈਂ ਹੱਥ ਜੋੜ ਕੇ ਖੜਾ ਹੋ ਗਿਆ। ਫਿਰ ਬਾਬਾ ਜੀ ਮਿਹਰਬਾਨ ਹੋ ਗਏ। ਕਹਿੰਦੇ ਵਰਤਾਅ ਦੇ ਸੇਬ। ਮੈਂ ਵਰਤਾ ਕੇ ਬਾਕੀ ਦਾ ਲਿਫਾਫਾ ਬਾਬੇ ਅੱਗੇ ਰੱਖ ਦਿਤਾ। ਕਹਿੰਦਾ ਇਹ ਪਿੰਡ ਲੈ ਜਾ।
ਫਿਰ ਬਾਬਾ ਕਹਿਣ ਲੱਗਾ ਦੱਸ ਕਿਧਰ ਆਇਐ? ਮੈਨੂੰ ਕੋਈ ਗਲ ਨਾਂ ਆਈ। ਭੈਣ ਵਿਚੋਂ ਬੋਲ ਪਈ, "ਬਾਬਾ ਜੀ ਇਹ ਲਫਟੈਣ ਬਣਨ ਲੱਗੈ, ਮੱਥਾ ਟੇਕਣ ਆਇਆ।"
ਬਾਬਾ ਜੀ ਬੋਲ ਉਠੇ, "ਮੁੰਡਿਆਂ ਛੱਡ ਠਾਂਹ। ਆਪਾਂ ਨਹੀ ਭਰਤੀ ਹੋਣਾਂ। ਹੋਰ ਕਈ ਕੰਮ ਕਰਨ ਵਾਲੇ ਨੇ।"
ਸਾਡੀ ਸਾਰੀ ਚੜ੍ਹੀ ਸਕਿੰਟ ਵਿਚ ਲੱਥ ਗਈ। ਆਪਣੇ ਆਪ ਨੂੰ ਹੌਸਲਾ ਦਿਤਾ ਕਿ ਐਵੇ ਯੱਬਲੀਆਂ ਮਾਰਦਾ ਬਾਬਾ।
ਫਿਰ ਭੈਣ ਜੀ ਦੀ ਵਾਰੀ ਆਈ।ਬਾਬਾ ਬੋਲਿਆ, "ਦੱਸ ਬੀਬੀ ਤੂੰ ਕਿਧਰ ਆਈ ਏ?"
ਭੈਣ ਬੋਲੀ "ਬਾਬਾ ਜੀ, ਕੁੱਖ ਖਾਲੀ ਏ।"
ਬਾਬਾ ਜੀ ਹੱਸ ਪਏ,
 "ਅੰਞਾਣਿਆਂ ਦਾ ਕੀ ਕਰਨਾਂ ਈ। ਆਹ ਪਰਸੋਂ ਹੀ ਪਿੰਡ ਦੇ ਸਾਈ ਮੁੰਡੇ ਨੇ ਮਾਂ ਕੁੱਟ ਕੁੱਟ ਅਧਮੋਈ ਕਰ ਦਿਤੀ ਆ। ਸਤਿਨਾਮ ਵਾਹਿਗੁਰੂ, ਵਾਹਿਗੁਰੂ ਕਰਿਆ ਕਰ।"
ਵਿਚਾਰੀ ਭੈਣ ਜੀ ਵੀ ਨਿੰਮੋਝਾਣੀ ਹੋ ਗਈ। ਅਸਾਂ ਮੱਥਾ ਟੇਕਿਆ ਤੇ ਪਰਤ ਆਏ।
ਮਗਰੋਂ ਛੇਤੀ ਹੀ ਮੈਨੂੰ ਅਲਾਹਾਬਾਦ ਤੋਂ ਇੰਟਰਵਿਊ ਲਈ ਸੱਦਾ ਆ ਗਿਆ। ਹਫਤਾ ਕੁ ਇੰਟਰਵਿਊ ਚਲੀ। 20 ਜਣਿਆ ਦਾ ਸਾਡਾ ਗਰੁਪ ਸੀ। ਆਪਣੇ ਗਰੁਪ ਵਿਚ ਮੈਂ ਹਰ ਟੈਸਟ ਵਿਚ ਮੋਹਰੀ ਸੀ।
ਪਰ ਜਿਹੜਾ ਸਾਈਕਾਲੋਜੀ (ਮਾਨਸਿਕ ਅਵਸਥਾ) ਦਾ ਟੈਸਟ ਸੀ ਉਥੇ ਮੈਨੂੰ ਕੁਝ ਔਖ ਮਹਿਸੂਸ ਹੁੰਦੀ ਸੀ। ਉਹ ਟੈਸਟ ਕੁਝ ਇਸਤਰਾਂ ਦਾ ਅਗਲਿਆਂ ਡੀਜਾਈਨ ਕੀਤਾ ਸੀ ਕਿ ਤੁਹਾਡੀ ਸਾਰੀ ਸੋਚ ਉਭਰ ਕੇ ਬਾਹਰ ਆ ਜਾਂਦੀ ਸੀ।
ਆਖਰੀ ਦਿਨ ਕਾਨਫ੍ਰੰਸ ਸੀ। ਸਾਰੇ ਅਫਸਰ ਇਕੱਠੇ ਬਹਿੰਦੇ ਹਨ। ਜਦੋਂ ਮੇਰੀ ਵਾਰੀ ਆਈ ਮੈਂ ਕਮਰੇ ਦੇ ਬਾਹਰ ਖੜਾ ਆਪਣੇ ਬਾਰੇ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਜਰ ਬਾਜਵਾ ਨੇ ਮੇਰੇ ਹੱਕ ਵਿਚ ਕਿਹਾ ਕਿ ਬੁਆਇ ਇਜ਼ ਔਲ ਰਾਈਟ। ਮੇਜਰ ਬਿਸਵਾਸ ਸਾਈਕਾਲੋਜੀ ਦਾ ਸੀ। ਉਹ ਮੇਰੇ ਬਾਰੇ ਵਿਸਥਾਰ ਨਾਲ ਕਰਨਲ ਕੋਹਲੀ ਨੂੰ ਦੱਸ ਰਿਹਾ ਸੀ। ਪਰ ਕੁਝ ਸਾਫ ਸਾਫ ਨਹੀ ਸੀ ਸੁਣ ਰਿਹਾ।
ਘੰਟੀ ਵਜੀ। ਮੈਂ ਅੰਦਰ ਗਿਆ। ਖਿੱਚ ਕੇ ਸਲੂਟ ਮਾਰਿਆ।
ਕਰਨਲ ਕੋਹਲੀ ਬੋਲ ਉਠਿਆ। ਵੱਟਜ਼ ਯੂਅਰ ਨੇਮ।
ਮੈਂ ਕਿਹਾ ਬੈ. ਐਸ. ਗੁਰਾਇਆ, ਜੀ।
ਅੱਗੋ ਕਹਿੰਦਾ ਯੂਅਰ ਫੁੱਲ ਨੇਮ?
ਮੈਂ ਕਿਹਾ ਭਬੀਸ਼ਨ ਸਿੰਘ ਗੁਰਾਇਆ।
ਕਹਿੰਦਾ "ਵਾਹ ਭਈ ਵਾਹ! ਘਰ ਕਾ ਭੇਦੀ ਲੰਕਾ ਢਾਏ।"
ਮੈਂ ਅੰਗਰੇਜੀ ਵਿਚ ਕਿਹਾ ਕਿ ਨਾਂ ਸ਼ਾਂ ਕੀ ਰੱਖਿਆ ਹੁੰਦਾ ਹੈ। ਨਾਂ ਤਾਂ ਅਸਲ ਵਿਚ ਲੋਕ ਦਿੰਦੇ ਨੇ। ਵੇਖੋ ਨਾਂ ਮੋਹਨ ਲਾਲ ਕਰਮ ਚੰਦ ਨੂੰ ਕੋਈ ਨਹੀ ਜਾਣਦਾ। ਲੋਕਾਂ ਨੇ ਨਾਂ ਮਹਾਤਮਾ ਗਾਂਧੀ ਦਿਤਾ ਤੇ ਉਹ ਚਲਦਾ ਹੈ।
ਬਸ ਏਨੀ ਗਲ ਕਹਿਣ ਦੀ ਦੇਰ ਸੀ। ਮੇਜਰ ਬਿਸਵਾਸ ਬੋਲ ਉਠਿਆ। ਵੇਖੋ ਮੈਂ ਠੀਕ ਹਾਂ ਨਾਂ?
ਤੇ ਬਸ ਏਨੀ ਗਲ ਹੋਈ ਤੇ ਕਾਨਫ੍ਰੰਸ ਮੁੱਕ ਗਈ।
ਘੰਟੇ ਬਾਦ ਰਿਜੱਲਟ ਦੇ ਦਿਤਾ।ਯਾਰਾਂ ਦਾ ਲਫਟੈਣ ਬਣਨ ਦਾ ਸੁਫਨਾ ਚਕਨਾ ਚੂਰ ਸੀ। ਸਾਡੇ ਗਰੂਪ ਵਿਚੋਂ ਉਬਰਾਏ ਨਾਂ ਦਾ ਮੁੰਡਾ ਚੁਣਿਆ ਗਿਆ। ਆ ਕੇ ਮੈਨੂੰ ਕਹਿਣ ਲੱਗਾ, "ਗੁਰਾਇਆ ਆਈ ਐਮ ਰੀਆਲੀ ਸਾਰੀ।"
ਮੈਨੂੰ ਘੁੰਮਣਾਂਵਾਲੇ ਦੀ ਭਵਿਖਵਾਣੀ ਝੱਟ ਯਾਦ ਆ ਗਈ।
ਮੇਰੀ ਭੈਣ ਵੀ ਸਾਰੀ ਉਮਰ ਕੁੱਖੋ ਖਾਲੀ ਹੀ ਰਹੀ ਆ।
ਇਹ ਮੈਂ ਇਸ ਕਰਕੇ ਲਿਖ ਰਿਹਾ ਕਿਉਕਿ ਅੱਜ ਸਰਸੇ ਵਾਲੇ ਬਦਮਾਸ਼ ਸਾਧ ਕਰਕੇ ਅੱਜ ਹਰ ਕੋਈ ਸਾਧਾਂ ਨੂੰ ਗਾਲਾਂ ਕੱਢ ਰਿਹਾ ਹੈ। ਮੈਂ ਇਹ ਦਸਣਾ ਚਾਹੁੰਦਾ ਹਾਂ ਕਿ ਸੱਚੇ ਸਾਧ ਵੀ ਹੈਗੇ ਨੇ। ਪਰ ਮੁਸ਼ਕਲ ਇਹ ਹੈ ਕਿ ਲੋਕ ਉਨਾਂ ਨੂੰ ਪਛਾਣ ਨਹੀ ਪਾਉਦੇ। ਭੋਲੇ ਲੋਕ ਸਮਝਦੇ ਨਹੀ ਕਿ ਅਸਲੀ ਸਾਧੂ ਨੂੰ ਮਾਇਆ ਨਾਲ ਮੋਹ ਨਹੀ ਹੁੰਦਾ। ਜਦੋਂ ਕਿ ਮਾਇਆਧਾਰੀ ਸਾਧ ਸਿੱਧੇ ਅਸਿਧੇ ਤਰੀਕੇ ਤੁਹਾਡੇ ਕੋਲੋ ਮਾਇਆ ਖਿਚਣਾ ਚਾਹੁੰਦਾ ਹੈ। ਅਸਲੀ ਸੰਤ ਦੇ ਮੰਨ ਤੋਂ ਮੌਤ ਦਾ ਭੈਅ ਵੀ ਲਹਿ ਚੁੱਕਾ ਹੁੰਦਾ ਹੈ ਤੇ ਸਾਡੇ ਲੋਕ ਉਨਾਂ ਬਾਬਿਆਂ ਨੂੰ ਬ੍ਰਹਮਗਿਆਨੀ ਦਾ ਦਰਜਾ ਦੇਈ ਜਾਂਦੇ ਨੇ ਜਿੰਨਾਂ ਨੇ ਗੰਨਮੈਨ ਰੱਖੇ ਹੋਏ ਹਨ। ਬਦਕਿਸਮਤੀ ਨਾਲ ਅੱਜ ਦੇ ਜਮਾਨੇ ਵਿਚ ਪੰਜਾਬ ਵਿਚ ਅਸਲੀ ਸਾਧੂ ਨਜਰ ਨਹੀ ਆ ਰਿਹਾ। ਅਖੌਤੀ ਸਾਰੇ ਸਾਧੂਆਂ ਦੀ ਦੌੜ ਪੈਸੇ ਵਿਚ ਹੀ ਹੈ। ਪਤਾ ਨਹੀ ਕੌਮ ਤੇ ਕੀ ਕਰੋਪੀ ਆਈ ਹੈ?
(ਉਂਜ ਮੈਨੂੰ ਆਪਣੇ ਨਾਂ ਤੇ ਮਾਣ ਹੈ। ਕਿਉਕਿ ਮੇਰਾ ਸਾਥ ਭਗਵਾਨ ਰਾਮ ਨਾਲ ਹੈ। ਹਾਲਾਂ ਅੱਜ ਅਜੇ ਰਾਵਣ ਭਾਰੂ ਹੈ। ਪਰ ਭਰੋਸਾ ਰੱਖੋ ਪਾਪ ਦੀ ਲੰਕਾ ਦਾ ਢਹਿਣਾ ਤਹਿ ਹੈ।)









-----------------

ਕਲ ਦੀ ਪੋਸਟ

--------------------------

------<>ਗੋਰੇ ਸਾਥੋਂ ਸਿਆਣੇ ਕਿਓ ਨੇ?<>------


 ਸਇੰਸ ਦੀਆਂ ਕੋਈ 99% ਖੋਜਾਂ ਪੱਛਮੀ ਮੁਲਕਾਂ ਦੇ ਲੋਕਾਂ ਨੇ ਕੀਤੀਆਂ ਨੇ। ਹੁਣ ਸਵਾਲ ਉਠਦਾ ਹੈ ਕਿ ਕੀ ਪੱਛਮੀ ਦੇਸਾਂ ਦੇ ਲੋਕਾਂ ਦੇ ਸਰੀਰ ਜਾਂ ਦਿਮਾਗ ਹਿੰਦੁਸਤਾਨੀਆਂ ਨਾਲੋ ਬਿਹਤ੍ਰ ਹਨ? ਜਵਾਬ - ਨਹੀ। ਫਿਰ ਅਜਿਹਾ ਕਿਓ? ਜਵਾਬ ਬਹੁਤ ਹੀ ਸਿੱਧਾ ਹੈ। ਕਿਉਕਿ ਪੱਛਮੀ ਦੇਸਾਂ ਵਿਚ ਝੂਠ ਤੇ ਫਰੇਬ ਸਾਡੇ ਨਾਲੋ ਕਿਤੇ ਘੱਟ ਹੈ। ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਝੂਠ ਬੋਲਦਾ ਹੈ ਉਹਦੇ ਦਿਮਾਗ ਤੇ ਬੋਝ ਪੈ ਜਾਂਦਾ ਹੈ? ਜਾਂ ਹਾਂ। ਉਹਦੀ ਦਿਮਾਗੀ ਤਾਕਤ ਝੂਠ ਖਾ ਜਾਂਦਾ ਹੈ। ਹੁਣ ਸਵਾਲ ਉਠਦਾ ਹੈ ਕਿ ਸਇੰਸ ਦੀਆਂ ਨਾਂ ਸਹੀ ਕੁਝ ਖੋਜਾਂ ਤਾਂ ਹਿੰਦੁਸਤਾਨੀਆਂ ਵੀ ਕੀਤੀਆਂ: ਜਿਵੇ ਅਯੁਰਵੈਦ ਤੇ ਯੋਗਾ ਆਦਿ। ਫਿਰ ਝੂਠੇ ਲੋਕਾਂ ਨੇ ਇਹ ਕਿਵੇ ਕਰ ਲਿਆ? ਜਵਾਬ- ਅਯੁਰਵੇਦ ਆਦਿ ਦੀ ਖੋਜ ਝੂਠੇ ਲੋਕਾਂ ਨੇ ਨਹੀ ਕੀਤੀ ਸਗੋਂ ਇਹ ਅਜਿਹੇ ਰਿਸ਼ੀਆਂ ਮੁੰਨੀਆਂ ਨੇ ਕੀਤੀ ਹੈ ਜਿਹਨਾਂ ਦੇ ਜੀਵਨ ਵਿਚ ਝੂਠ ਨਹੀ ਸੀ। ਬਾਦ ਵਿਚ ਏਸੇ ਹੀ ਖਿੱਤੇ ਵਿਚ ਗਿਰਾਵਟ ਆ ਗਈ ਤੇ ਓਨਾਂ ਹੀ ਰਿਸ਼ੀਆਂ ਮੁਨੀਆਂ ਵਿਚ ਝੂਠ ਪਣਪਣਾ ਸ਼ੁਰੂ ਹੋ ਗਿਆ ਜਿਸ ਦਾ ਨਤੀਜਾ ਅਜਿਹੇ ਸ਼ਾਸਤਰ ਆ ਗਏ ਜਿੰਨਾਂ ਵਿਚ ਝੂਠ ਦੀ ਭਰਮਾਰ ਹੈ। ਕਈ ਸ਼ਾਸਤਰਾਂ ਤਾਂ ਸ਼੍ਰੇਆਮ ਇਹ ਗਲ ਲਿਖੀ ਹੈ ਕਿ ਕੁਝ ਹਾਲਾਤਾਂ ਵਿਚ ਝੂਠ ਬੋਲਣਾ ਪਾਪ ਨਹੀ। ਸੋ ਵੀਰੋ ਜੇ ਆਪਣੇ ਆਪ ਤੇ ਸਮਾਜ ਨੂੰ ਉੱਚਾ ਚੁਕਣਾ ਹੈ ਤਾਂ ਸਾਨੂੰ ਝੂਠ ਦਾ ਤਿਆਗ ਕਰਨਾਂ ਪਵੇਗਾ। ਬਾਬੇ ਨਾਨਕ ਨੇ ਤਾਂ ਹੀ ਰੱਬ ਦਾ ਨਾਂ 'ਸੱਚ' ਜਾਂ ਸਤਿਨਾਮ ਰਖਿਆ ਹੈ।

No comments:

Post a Comment