Wednesday 4 July 2018

ਤੁਸੀ ਚਿੱਟਾ ਚਿੱਟਾ ਪਏ ਕੂਕਦੇ ਓ! ਮੇਰੇ ਇਲਾਕੇ ਦੀ ਜਵਾਨੀ ਤਾਂ ਮੈਡੀਕਲ ਸਟੋਰਾਂ 'ਚ ਖੱਪ ਗਈ

 YOU CRY CHITTA CHITTA! WHILE MY VILLAGE SWALLOWED BY CHEMISTS


ਤੁਸੀ ਚਿੱਟਾ ਚਿੱਟਾ ਦੀ ਦੁਹਾਈ ਦਈ ਜਾ ਰਹੇ ਹੋ। ਤੁਸੀ ਹੋ ਵੀ ਬਿਲਕੁਲ ਦਰੁੱਸਤ, ਕਿਉਕਿ ਅੱਜ 'ਚਿੱਟਾ' ਲਫਜ ਸਮੱਗਲਰ-ਲੀਡਰ- ਪੁਲਿਸ ਦੇ ਗੱਠਜੋੜ ਦਾ ਪ੍ਰਤੀਕ ਜੁ ਬਣ ਚੁੱਕਾ ਹੈ। ਪਰ ਜਦੋਂ ਮੈਂ ਆਪਣੇ ਇਲਾਕੇ (ਮੇਰਾ ਪਿੰਡ ਅਲਾਵਲਪੁਰ, ਨੇੜੇ ਕਲਾਨੌਰ ਜਿ. ਗੁਰਦਾਸਪੁਰ) ਵਲ ਧਿਆਨ ਮਾਰਦਾ ਹਾਂ ਤਾਂ ਕੀ ਵੇਖਦਾ ਹਾਂ ਇਸ ਛੋਟੇ ਜਿਹੇ ਪਿੰਡ ਵਿਚ ਅੱਧਾ ਦਰਜਨ ਜਵਾਨ ਕੈਪਸੂਲਾਂ ਤੇ ਖੰਘ ਦੀ ਦਵਾਈ ਨੇ ਖਾਧੇ ਨੇ। (ਕੁੱਕੂ, ਗੁੱਲਾ, ਮ੍ਹੱਪ, ਬੰਸਾ, ਉਹਦਾ ਮੁੰਡਾ, ਇਕ ਜਵਾਨ ਵਹੁਟੀ।)
ਕਿਉਕਿ ਕੁਝ ਦਵਾਈਆਂ ਵੀ ਨਸ਼ੇ ਦਾ ਝਟਕਾ ਦਿੰਦੀਆਂ ਹਨ।
ਕਿਉਕਿ ਪੰਜਾਬ ਦੇ ਡਾਕਟਰਾਂ ਨੂੰ ਆਪਣਾ ਖੁੱਦ ਦਾ ਹਸਪਤਾਲ ਖੋਹਲਣ ਦੀ ਕਾਹਲੀ ਆ। www.ਕਰਤਾਰਪੁਰ ਡਾਟ ਕਾਮ ਤੇ ਜਾ ਅਖੀਰ ਤਕ ਪੜੋ ਕਿਵੇ ਗਲ ਜਾ ਮੁਕਦੀ ਆ ਬਾਦਲ ਸਾਹਿਬ ਤੇ।
ਇਹ ਪੜ੍ਹ ਕੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਜੰਗ ਨਿਰੀ ਚਿੱਟੇ ਖਿਲਾਫ ਹੀ ਨਹੀ ਲੜ੍ਹਨੀ। ਅਨੇਕਾਂ ਮੈਡੀਕਲ ਸਟੋਰ ਵੀ ਮੌਤ ਵੇਚਦੇ ਪਏ ਨੇ। ਕੈਮੀਕਲ ਨਸ਼ਿਆਂ ਨਾਲ ਬੰਦੇ ਦੀ ਉਮਰ ਮਸਾਂ ਹੀ 3 ਤੋਂ 5 ਸਾਲ ਰਹਿ ਜਾਂਦੀ ਹੈ। ਸੋ ਜਰੂਰਤ ਹੈ ਸਰਕਾਰ ਨੂੰ ਅਹਿਸਾਸ ਦੁਆਇਆ ਜਾਏ ਕਿ ਇਨਾਂ ਸਟੋਰਾਂ ਤੇ ਵੀ ਨਕੇਲ ਕੱਸੀ ਜਾਵੇ।
ਮੇਰੇ ਪਿੰਡ ਦਾ ਕਾਤਲ ਕੌਣ?  ਕਲਾਨੌਰ ਦੇ ਮੈਡੀਕਲ ਸਟੋਰਾਂ ਵਾਲੇ।
ਸੈਕੜੇ (ਸ਼ਾਇਦ ਹਜ਼ਾਰਾਂ) ਮੁੰਡਿਆਂ ਦਾ ਜਮ ਬਣਿਆ ਸੀ ਲੰਬੜ ਮੈਡੀਕਲ ਸਟੋਰ ਕਲਾਨੌਰ। ਲੰਬੜ ਦਾ ਸਟੋਰ ਸੀ ਸਰਕਾਰੀ ਹਸਪਤਾਲ ਕਲਾਨੌਰ ਲਾਗੇ। ਪਰ ਉਹਦਾ ਕੰਮ ਜਿਆਦਾ ਕੋਰੈਕਸ਼ ਤੇ ਕੈਪਸੂਲਾਂ ਦਾ ਸੀ। ਗਾਹਕ ਮਰੀਜ ਨਹੀ, ਸਗੋਂ ਹੱਟਾ ਕੱਟਾ ਜਵਾਨ ਸੀ। ਗਾਹਕ ਦੀ ਸਹੂਲਤ ਵਾਸਤੇ ਉਸ ਨੇ ਫਿਰ ਮੈਡੀਕਲ ਸਟੋਰ ਸਿੱਧਾ ਬੱਸ ਅੱਡੇ ਤੇ ਹੀ ਲੈ ਆਂਦਾ। ਠਾਣੇਦਾਰ ਨਾਲ ਸਿੱਧਾ ਮਹੀਨਾ ਬੱਧਾ ਸੀ ਉਸਦਾ। ਹਸਪਤਾਲ ਦਾ ਵੱਡਾ ਡਾਕਟਰ ਹਮੇਸ਼ਾਂ ਉਹਦੀ ਜੇਬ ਵਿਚ ਰਹਿੰਦਾ। ਬਸ ਫਿਰ ਕੀ ਸੀ ਇਕ ਦੇ ਬਾਦ ਇਕ ਜਵਾਨ ਡਿੱਗਦੇ ਗਏ।
ਅਹਿਸਾਸ ਓਦੋਂ ਹੋਇਆ ਜਦੋਂ ਤਿੰਨ ਜਵਾਨ ਵਿਧਵਾਵਾਂ ਸਬੱਬੀ ਆਪਸ ਵਿਚ ਮਿਲੀਆਂ। ਉਹਨਾਂ ਬੀਬੀਆਂ ਦੀਆਂ ਅੱਖਾਂ ਖੁੱਲੀਆਂ ਜਦੋਂ ਓਨਾਂ ਸੋਚਣਾ ਸ਼ੁਰੂ ਕੀਤਾ ਕਿ ਕਿਓ ਉਹਨਾਂ ਦੇ ਖਸਮ ਭਰ ਜਵਾਨੀ ਵਿਚ ਹੀ ਉਨਾਂ ਨੂੰ ਛੱਡ ਗਏ? ਧਿਆਂਨ ਲੰਬੜ ਤੇ ਗਿਆ। ਫਿਰ ਕੀ ਸੀ ਕਸਬੇ ਦੀਆਂ ਦਰਜਨਾਂ ਬੀਬੀਆਂ ਇਕੱਠੀਆਂ ਹੋਈਆਂ। ਪਹਿਲਾਂ ਲੰਬੜ ਦੇ ਘਰ ਮੁਹਰੇ ਜਾ ਪਿੱਟੀਆਂ। ਫਿਰ ਠਾਣੇ ਵਲ ਨੂੰ ਤੁਰੀਆਂ ਜਦੋਂ ਬੀਬੀਆਂ ਭੈਣਾਂ ਤੁਰੀਆਂ ਉਨਾਂ ਦਾ ਸੰਗ ਵਧਦਾ ਗਿਆ ਤੇ ਠਾਣੇ ਤਕ ਪਹੁੰਚਣ ਵੇਲੇ ਗਿਣਤੀ ਕੋਈ 200 ਹੋ ਗਈ। ਕੋਈ ਕਾਮਰੇਡ ਕੋਈ ਰਾਜਨੀਤਕ ਵਰਕਰ ਉਨਾਂ ਦੀ ਮਦਦ ਤੇ ਨਹੀ ਆਇਆ। ਉਹ ਆਪ ਮੁਹਾਰਾ ਇਕੱਠ ਸੀ ਦਰਦਵੰਦਾ ਦਾ।
ਠਾਣੇ ਪਹੁੰਚ ਜਦੋਂ ਉਨਾਂ ਠਾਣੇਦਾਰ ਨੂੰ ਕਿਹਾ ਕਿ ਭਾ ਜੀ ਕਿਓ ਨਹੀ ਤੁਸੀ ਫੜ੍ਹਦੇ ਲੰਬੜ ਨੂੰ ਇਹਦੇ ਕਰਕੇ ਅੱਜ ਅਸੀ ਸਭ ਸਿਰੋਂ ਨੰਗੀਆਂ ਹੋ ਗਈਆਂ। ਠਾਣੇਦਾਰ ਕੋਲ ਕੋਈ ਜਵਾਬ ਨਹੀ ਸੀ ਕਿਉਕਿ ਮੌਤਾਂ ਹੀ ਐਨੀਆਂ ਜਿਆਦਾ ਹੋਈਆਂ ਸਨ। ਕਲਾਨੌਰ ਕਸਬਾ ਖਾਲੀ ਹੋਣ ਵਾਲੀ ਗਲ ਸੀ। ਸੀ ਆਈ ਡੀ ਵਾਲਿਆਂ ਦੀ ਵੀ ਅੱਖ ਖੁੱਲ ਗਈ।
ਠਾਣੇਦਾਰ ਮਜਬੂਰ ਹੋ ਗਿਆ। ਸੀ ਐਮ ਓ ਤੇ ਪੁਲਿਸ ਨੇ ਲੰਬੜ ਦੀ ਦੁਕਾਨ ਤੇ ਛਾਪਾ ਮਾਰਿਆ ਤਾਂ ਕੀ ਵੇਖਦੇ ਨੇ ਸਭ ਨਸ਼ੇ ਵਾਲੀਆਂ ਦਵਾਈਆ ਦਾ ਜਖੀਰਾ ਹੈ ਲੰਬੜ। ਲੰਬੜ ਨੂੰ ਜੇਲ ਹੋ ਗਈ।
ਤੇ ਜਿਵੇ ਕਹਾਵਤ ਹੈ "ਪਾਪੀ ਨੂੰ ਮਾਰਨ ਲਈ ਪਾਪ ਮਹਾਂ ਬਲੀ ਹੈ।" ਲੰਬੜ ਦੇ ਪਾਪਾਂ ਨੇ ਉਹਦਾ ਜੀਣਾ ਹਰਾਮ ਕਰ ਦਿਤਾ ਸੀ। ਉਨੂੰ ਆਪ ਵੀ ਫਿਰ ਦਵਾਈਆਂ ਤੋਂ ਮਦਦ ਲੈਣੀ ਪੈ ਰਹੀ ਸੀ ਨਹੀ ਤਾਂ ਨੀਂਦ ਨਹੀ ਸੀ ਆਉਦੀ। ਤੇ ਜੇਲ ਵਿਚ ਕਿਹੜਾ ਨਸ਼ਾ ਨਹੀ ਮਿਲਦਾ। ਓਥੇ ਵੀ ਉਹ 'ਦਵਾਈ' ਲਈ ਗਿਆ।
ਜੇਲ ਤੋਂ ਬਾਹਰ ਆਉਣ ਤੇ ਲੰਬੜ ਨੇ ਫਿਰ ਚੋਰੀ ਛੁੱਪੀ ਕੰਮ ਜਾਰੀ ਰੱਖਿਆ। ਉਹ ਦਵਾਈ ਜਿਸ ਨੇ  ਹਜਾਰਾਂ ਜਵਾਨ ਖਾਧੇ ਸਨ ਅਖੀਰ ਲੰਬੜ ਨੂੰ ਵੀ ਨਿਗਲ ਗਈ।
ਲੰਬੜ ਦਾ ਇਕੋ ਇਕ ਮੁੰਡਾ। ਉਹ ਵੀ ਰੰਗਿਆ ਗਿਆ। ਹਾਰ ਕੇ ਰਿਸ਼ਤੇਦਾਰਾਂ ਉਨੂੰ ਪੁਰਤਗਾਲ ਪਹੁੰਚਾ ਦਿਤਾ। ਉਹਨੇ ਦਵਾਈਆਂ ਨੂੰ ਅਜਿਹਾ ਜੱਫਾ ਪਾਇਆ ਹੋਇਆ ਸੀ ਕਿ ਪੁਰਤਗਾਲ ਵੀ ਓਹਨੇ ਟਿਕਾਣਾ ਲੱਭ ਲਿਆ। ਬਾਦ ਦੀ ਖਬਰ ਨਹੀ ਉਸ ਦਾ ਕੀ ਬਣਿਆ। ਵਾਹਿਗੁਰੂ ਭਲੀ ਕਰੇ। ਉਹ ਬਖਸ਼ਣਹਾਰ ਹੈ।
ਨਿਰਾ ਲੰਬੜ ਹੀ ਕਿਓ- ਕਲਾਨੌਰ ਵਿਖੇ ਗਿਆਨ ਚੰਦ ਦੀ ਕਪੜੇ ਦੀ ਦੁਕਾਨ ਸੀ। ਪਰ ਮਾੜਾ ਮੋਟਾ ਦਵਾਈ ਵੀ ਕਰ ਲੈਂਦਾ ਸੀ। ਹਾਰ ਕੇ ਉਸ ਸੋਚਿਆ ਕਿ ਕਪੜੇ ਨਾਲੋਂ ਦਵਾਈਆਂ ਦਾ ਕੰਮ ਛੇਤੀ ਰੰਗ ਫੜਦਾ। ਉਸ ਸੁਭਾਸ਼ ਮੈਡੀਕਲ ਸਟੋਰ ਖੋਲ ਲਿਆ। ਭਲਾ ਇਹ ਕਿਵੇ ਹੋ ਸਕਦੈ ਕਿ ਤੁਸੀ ਗਾਹਕ ਨੂੰ ਦੱਸੋ ਕਿ "ਇਸ ਦਵਾਈ ਨਾਲ ਝੱਟਕਾ ਜੋਰ ਦੀ ਲਗਦਾ" ਤੇ ਇਹ ਗਲ ਲਾਗੇ ਖੜਾ ਤੁਹਾਡਾ ਆਪਣਾ ਮੁੰਡਾ ਜਾਂ ਭਰਾ ਨਾਂ ਸੁਣੇ। ਬਾਕੀ ਦੇ ਗਾਹਕਾਂ ਦੀਆਂ ਛੱਡੋ। ਗਿਆਨ ਚੰਦ ਦਾ ਮੁੰਡਾ ਸੁਭਾਸ਼ ਵੀ ਕੈਪਸੂਲ ਦਾ ਝਟਕਾ ਲੈਣ ਲਗ ਪਿਆ ਤੇ ਆਖਿਰ ਉਨੂੰ ਵੀ ਦਵਾਈ ਖਾ ਗਈ। ਉਹਦੇ ਭਰਾ ਬ੍ਰਹਮਾ ਨੂੰ ਵੀ ਨਿਗਲ ਗਈ। ਨਹੀ, ਨਹੀ! ਗਲ ਇਥੇ ਹੀ ਨਹੀ ਖਲੋਦੀ। ਸੁਭਾਸ਼ ਦਾ ਮੁੰਡਾ ਵੀ ਜਾਂਦਾ ਰਿਹਾ।
ਸੋ ਇਸ ਗਲ ਤੋਂ ਅੰਦਾਜ਼ਾ ਲਾਓ ਕਿ ਜਿਥੇ ਖੁਦ ਮੈਡੀਕਲ ਸਟੋਰਾਂ ਵਾਲੇ ਆਪ ਚੜ੍ਹਾਈਆਂ ਕਰ ਗਏ ਤੇ ਉਹਨਾਂ ਹੋਰ ਕਿੰਨੀਆਂ ਕੁ  ਜਾਨਾਂ ਲਈਆਂ ਹੋਣਗੀਆਂ।
ਹੋਰ ਕਿਹੜੇ ਕਿਹੜੇ ਮੈਡੀਕਲ ਸਟੋਰ ਦੀ ਗਲ ਲਿਖਾਂ। ਇਹ ਤਾਂ ਸਿਰਫ ਉਹ ਨਾਂ ਨੇ ਜਿੰਨਾਂ ਨੇ ਆਪ ਵੀ ਸਰੂਰ ਲੈਣਾ ਸ਼ੁਰੂ ਕਰ ਦਿਤਾ ਸੀ। ਅੱਜ ਹਰ ਕੋਈ ਛੇਤੀ ਅਮੀਰ ਬਣਨ ਦੀ ਦੌੜ ਵਿਚ ਹੈ।
ਕਿਹੜੀਆਂ ਦਵਾਈਆਂ ਨੇ ਜਿਹੜੀਆਂ ਝਟਕਾ ਦਿੰਦੀਆਂ ਨੇ- ਇਕ ਨਹੀ ਸੈਕੜੇ ਨੇ। ਵੇਖਿਆ ਜਾਵੇ ਤਾਂ ਡਾਕਟਰ ਤਾਂ ਅਫੀਮ ਨੂੰ ਵੀ ਦਵਾਈ ਦੇ ਤੌਰ ਤੇ ਹੀ ਵਰਤਦੇ ਆਏ ਨੇ। ਮੂਲ ਕਹਾਣੀ ਇਹ ਕਿ, ਹਰ ਬੰਦਾ ਕਿਸੇ ਨਾਂ ਕਿਸੇ ਚਿੰਤਾ ਵਿਚ ਹੁੰਦਾ ਹੈ। ਕਿਸੇ ਨੂੰ ਪਾਸ ਹੋਣ ਦੀ ਚਿੰਤਾ, ਕਿਸੇ ਨੂੰ ਵਧੀਆ ਨੌਕਰੀ ਦੀ ਤੇ ਕਿਸੇ ਨੂੰ ਛੇਤੀ ਅਮੀਰ ਬਣਨ ਦੀ। ਇਸ ਚਿੰਤਾ ਵਿਚ ਫਿਰ ਕੋਈ 25% ਲੋਕ ਅੰਗਜਾਇਟੀ (ਉਤਾਵਲਾਪਣ ਜਾਂ ਕਾਹਣਪਣ) ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਤ ਵਿਚ ਕੁਝ ਦਵਾਈਆਂ ਮੰਨ ਨੂੰ ਸਕੂਨ ਦਿੰਦੀਆਂ ਨੇ। ਫਿਰ ਜਵਾਨ ਓਨਾਂ ਨੂੰ ਵੱਧ ਤੋਂ ਵੱਧ ਵਰਤਣਾ ਸ਼ੁਰੂ ਕਰ ਦਿੰਦਾ ਹੈ।
ਕੁਝ ਹੇਠਲਿਖੀਆਂ ਦਵਾਈਆਂ ਮੈਂ ਨੈੱਟ ਤੋਂ ਪੜੀਆਂ ਜਿਹੜੀਆਂ ਝਟਕਾ ਦਿੰਦੀਆਂ ਨੇ ਤੇ ਜਿੰਨਾ ਦਾ ਦੁਰਉਪਯੋਗ ਹੋ ਰਿਹਾ ਹੈ। ਇਹਨਾਂ ਵਿਚ ਬਹੁਤੀਆਂ ਦਵਾਈਆਂ ਨੀਂਦ ਲਿਆਉਣ ਵਾਲੀਆਂ ਹਨ।
Anti-anxiety drugs like buprenorphine, Avil, diazepam (Calm-pose), alprazolam (Alprex), lorazopam (Larpoze) and nitrizepam, which are together called ben-zodiazapines.
Tidigesic or Spasmo Proxivon, fortwin/phenargen, methylphenidate.
Cough syrups such as Corex and Phensedyl

ਇਨਾਂ ਦਵਾਈਆਂ ਦਾ ਇਹ ਫਾਇਦਾ ਹੈ ਕਿ ਇਹ ਸਭ ਲੀਗਲ ਹਨ। ਮਰੀਜ ਨੂੰ ਪੁਲਿਸ ਨਹੀ ਫੜ੍ਹ ਸਕਦੀ। ਉਂਜ ਜਦੋਂ ਜਿਆਦਾ ਮਾਤਰਾ ਵਿਚ ਇਹ ਮਿਲ ਜਾਣ ਤਾਂ ਪੁਲਿਸ ਟੰਗ ਦਿੰਦੀ ਹੈ। ਅਗਲੀ ਗਲ ਇਹ ਦਵਾਈਆਂ ਹੈਨ ਵੀ ਸਮੈਕ (ਹੈਰੋਇਨ) ਤੇ ਅਫੀਮ ਤੋਂ ਕਿਤੇ ਸਸਤੀਆਂ।
ਇਹ ਦਵਾਈਆ ਪਹਿਲਾਂ ਤਾਂ ਬੰਦੇ ਦੇ ਜਿਗਰ (ਲੀਵਰ) ਦਾ ਨੁਕਸਾਨ ਕਰ ਦਿੰਦੀਆਂ ਤੇ ਛੇਤੀ ਹੀ ਉਨੂੰ ਜਮਰਾਜ ਕੋਲ ਪਹੁੰਚਾ ਦਿੰਦੀਆਂ ਨੇ।
ਇਹ ਤਾਂ ਮੇਰੇ ਆਪਣੇ ਪਿੰਡ ਦੀ ਕਹਾਣੀ ਸੀ ਪਰ ਤੁਹਾਨੂੰ ਪਤਾ ਨਹੀ ਕਿ ਇਹ ਲਗਪਗ ਹਰ ਗਲੀ ਮੁਹੱਲੇ ਦੀ ਗਾਥਾ ਹੈ। ਬਹੁਤੇ ਮੈਡੀਕਲ ਸਟੋਰ ਅੱਜ ਇਸ ਧੰਧੇ ਵਿਚ ਹਨ। ਮੈਂ ਸੁਣਿਐ ਕਿ ਨਸ਼ੇ ਦੇ ਕੈਪਸੂਲ ਨੂੰ ਅਮਲੀ ਲੋਕ ਨੱਟ-ਬੋਲਟ ਕਹਿੰਦੇ ਹਨ।
ਪਰ ਕਿਓ ਨਹੀ ਸਰਕਾਰ ਕੰਟਰੋਲ ਕਰਦੀ? ਸਰਕਾਰ ਦਾ ਮਤਲਬ ਡਰੱਗ ਇੰਸਪੈਕਟਰ ਜਾਂ ਸਿਵਲ ਸਰਜਨ। ਸਿਵਲ ਸਰਜਨ ਅਤੇ ਉਸ ਦੇ ਅਮਲੇ ਨੇ ਹਰ ਮੈਡੀਕਲ ਸਟੋਰ ਤੇ ਛਿਮਾਈ ਬੱਧੀ ਹੋਈ ਹੈ। ਓਨਾਂ ਨੂੰ ਜਨਤਾ ਦੀ ਸਿਹਤ ਦੀ ਕੋਈ ਪ੍ਰਵਾਹ ਨਹੀ ਹੁੰਦੀ। ਉਨਾਂ ਦਾ ਦਿਮਾਗ ਤੇ ਬਸ ਇਸ ਚੀਜ ਤੇ ਚਲਦਾ ਹੈ ਕਿ ਕਿਹੜੇ ਸਟੋਰ ਦੀ ਛਿਮਾਹੀ ਡਿਊ ਹੋਈ ਹੈ ਤੇ ਕਿਹਦਾ ਬਕਾਇਆ ਹੈ। "ਜੀ ਸਭ ਏਸੇ ਤਰਾਂ ਹੀ ਚਲਦਾ ਹੈ।" "ਅਸੀ ਕਾਰਵਾਈ ਕਰਾਂਗੇ ਤਾਂ ਅਗਲੇ ਉਤੋਂ ਹੁਕਮ ਕਰਾ ਕੇ ਫਾਰਗ ਹੋ ਜਾਂਦੇ ਨੇ। ਅਸੀ ਕਿਓ ਬੁਰੇ ਬਣੀਏ।"
ਘੁੰਮ ਘੁਮਾ ਕੇ ਗਲ ਬਾਦਲ ਸਾਹਿਬ ਤਕ ਜਾ ਪਹੁੰਚਦੀ ਹੈ- (ਇਹ ਗਲ ਤਸਦੀਕ ਕੀਤੀ ਜਾਵੇ, ਕਿਉਕਿ ਸਬੰਧਤ ਅਫਸਰ ਤੇ ਲੋਕ ਜੀਂਦੇ ਜਾਗਦੇ ਹਨ) ਸੰਨ 2004-6 ਦੀ ਗਲ ਹੈ। ਅਸੀ ਰਸਾਲੇ ਵਾਸਤੇ ਇਕ ਹਸਪਤਾਲ ਇਸ਼ਤਿਹਾਰ ਲੈਣ ਵਾਸਤੇ ਗਏ। ਡਾਕਟਰ ਸਾਹਿਬ  ਨੇ ਗਲੋਂ ਗਲਾਵਾਂ ਲਾਉਣ ਖਾਤਰ ਸਾਨੂੰ ਆਪਣੇ ਮਰੀਜ ਵਲ ਭੇਜ ਦਿਤਾ। ਮਰੀਜ ਨੂੰ ਵੇਖ ਅਸੀ ਤਾਂ ਦੰਗ ਰਹਿ ਗਏ। 50 ਕੁ ਸਾਲ ਦਾ ਮਰੀਜ ਚਿਲਡਰਨ ਵਾਰਡ (ਨੇੜੇ ਕਰਮ ਸਿੰਘ ਵਾਰਡ) ਅੰਮ੍ਰਿਤਸਰ ਦੇ ਇਕ ਕਮਰੇ ਵਿਚ ਦਾਖਲ ਸੀ। ਪਹਿਰੇ ਤੇ ਦੋ ਸਿਪਾਹੀ ਸਨ। ਸਾਨੂੰ ਵੇਖ ਮਰੀਜ ਨੇ ਮੂੰਹ ਪਰਾਂ ਨੂੰ ਕਰ ਲਿਆ ਤੇ ਸਾਡੀ ਗਲ ਵੀ ਨਾਂ ਸੁਣੀ। (ਸੁਣੀ ਹੁੰਦੀ ਤਾਂ ਸ਼ਾਇਦ ਅਸੀ ਵੀ ਅੱਜ ਦਾਗੀ ਹੁੰਦੇ)
ਅਸੀ ਡਾਕਟਰ ਸਾਹਿਬ ਕੋਲ ਵਾਪਸ ਆਏ। ਡਾਕਟਰ ਨੇ ਸਾਨੂੰ ਸਾਰੀ ਕਹਾਣੀ ਦੱਸੀ।
ਮਰੀਜ ਕੋਈ ਛੋਟਾ ਮੋਟਾ ਬੰਦਾ ਨਹੀ ਸੀ। ਉਹ ਅੰਮ੍ਰਿਤਸਰ ਦੀ ਦਵਾਈਆਂ ਦੀ ਮਸ਼ਹੂਰ ਫੈਕਟਰੀ ਦਾ ਮਾਲਕ। ਹੋਇਆ ਕੁਝ ਇਸ ਤਰਾਂ ਕਿ ਕੇਂਦਰ ਦੇ ਐਕਸਾਈਜ਼ ਮਹਿਕਮੇ ਵਿਚ ਕਿਸੇ ਨੇ ਸ਼ਕਾਇਤ ਕਰ ਦਿਤੀ ਕਿ ਜੈਕਸਨ ਕੈਮੀਕਲਜ ਉਹ ਦਵਾਈਆਂ ਧੜਾ ਧੜ ਬਣਾ ਰਹੀ ਜਿਸ ਦਾ ਉਸ ਕੋਲ ਲਾਇਸੈਂਸ ਨਹੀ ਤੇ ਇਹ ਉਹ ਦਵਾਈਆਂ ਹਨ ਜਿਨਾਂ ਦਾ ਅਮਲੀ ਲੋਕ ਦੁਰਉਪਯੋਗ ਕਰਦੇ ਹਨ। ਕੇਂਦਰੀ ਐਕਸਾਈਜ਼ ਮਹਿਕਮੇ ਨੇ ਫੈਕਟਰੀ ਤੇ ਛਾਪਾ ਮਾਰਿਆ ਤੇ ਕ੍ਰੋੜਾਂ ਦੀ ਗੈਰਕਨੂੰਨੀ ਦਵਾਨ ਤੇ ਕੈਮੀਕਲ ਜਬਤ ਕੀਤੇ।
ਅਜੇ ਅਫਸਰ ਦਫਤਰ ਨਹੀ ਸਨ ਪਹੁੰਚੇ ਕਿ ਐਕਸਾਈਜ ਕਮਿਸ਼ਨਰ ਦੇ ਦਫਤਰ ਨੂੰ ਜਿਲੇ ਦੇ ਐਸ ਐਸ ਪੀ ਦਾ ਫੋਨ ਆ ਗਿਆ ਕਿ ਮੁੱਖ ਮੰਤਰੀ ਸਾਹਿਬ (ਬਾਦਲ ਸਾਹਿਬ) ਦਾ ਹੁਕਮ ਹੈ ਕਿ ਜੈਕਸਨ ਕੈਮੀਕਲਜ ਤੇ ਮੁਕੱਦਮਾ ਦਰਜ ਨਹੀ ਕਰਨਾਂ। ਐਕਸਾਈਜ ਮਹਿਕਮੇ ਵਾਲੇ ਅਫਸਰ ਚਲਾਕ ਸਨ ਓਨਾਂ ਝੱਟ ਮੁਕੱਦਮਾ ਦਰਜ ਕਰਕੇ ਐਸ ਐਸ ਪੀ ਨੂੰ ਰਿਪੋਰਟ ਕੀਤੀ ਕਿ "ਜਨਾਬ ਤੁਹਾਡਾ ਫੋਨ ਆਉਣ ਤੋਂ ਪਹਿਲਾਂ ਮੁਕੱਦਮਾ ਦਰਜ ਹੋ ਚੁੱਕਾ ਸੀ। ਸੋ ਸਾਅਰੀ।"
ਸੋ ਚਿਲਡਰਨ ਵਾਰਡ ਵਾਲਾ ਉਹ ਮਰੀਜ ਅਸਲ ਵਿਚ ਜੈਕਸਨ ਕੈਮੀਕਲਜ ਦਾ ਮਾਲਕ ਸੀ। ਬਾਦ ਵਿਚ ਕੋਰਟ ਨੇ ਉਨੂੰ ਜੇਲ ਕਰ ਦਿਤੀ । ਪਰ ਪੈਸੇ ਵਾਲਾ ਬੰਦਾ ਜੇਲ 'ਚ ਰਹਿਣ ਦੇ ਬਿਜਾਏ ਨਕਲੀ ਬੀਮਾਰ ਹੋ ਜਾਂਦਾ ਹੈ ਤੇ ਹਸਪਤਾਲ ਵਿਚ ਮਰੀਜ ਬਣਿਆ ਰਹਿੰਦਾ ਹੈ।
ਕਹਿਣ ਤੋਂ ਮਤਲਬ ਬੁਰਾਈ ਨੂੰ ਉਤਸ਼ਾਹ ਉਤੋਂ ਮਿਲਦਾ ਹੈ। ਮੁਖ ਮੰਤਰੀ ਸਾਫ ਸੁਥਰਾ ਹੋਵੇਗਾ ਤਾਂ ਅਫਸਰਾਂ ਨੂੰ ਡਰ ਹੋਵੇਗਾ।
(ਇਹ ਗੱਲਾਂ ਪ੍ਰਵਾਰਾਂ ਵਿਚ ਬਹਿ ਸੁਣੀਆਂ ਹਨ। ਹੋ ਸਕਦਾ ਕਿਤੇ ਕੋਈ ਸਹੀ ਵੀ ਨਾਂ ਹੋਵੇ। ਜੇ ਕੋਈ ਸੱਜਣ ਕੋਈ ਗਲਤੀ ਨੋਟ ਕਰੇ ਤਾਂ ਸਾਡੇ ਧਿਆਂਨ ਵਿਚ ਲਿਆਏ। ਅਸੀ ਤੁਰੰਤ ਵੈਬ ਸਾਈਟ ਤੇ ਸੱਜਣ ਦਾ ਪੱਖ ਵੀ ਦੇ ਦਿਆਂਗੇ।) - B.S.Goraya Amritsar

No comments:

Post a Comment