Sunday 22 July 2018

ਡੇਰਾ ਬਾਬਾ ਨਾਨਕ ਦੀ ਚਲ ਰਹੀ ਕਾਰ ਸੇਵਾ ਮੌਕੇ ਪ੍ਰਗਟ ਹੋਏ ਦੋ ਪੁਰਾਤਨ ਖੂਹਾਂ ਨੂੰ ਬਾਬਿਆਂ ਢਾਹ ਦਿਤਾ

TWO MEDIEVAL WELLS APPEARED DURING KARSEWA OF DERA BABA NANAK GURDWARA HAVE BEEN DESTROYED BY KARSEWA BABA

ਡੇਰਾ ਬਾਬਾ ਨਾਨਕ ਦੀ ਚਲ ਰਹੀ ਕਾਰ ਸੇਵਾ ਮੌਕੇ ਪ੍ਰਗਟ ਹੋਏ ਦੋ ਪੁਰਾਤਨ ਖੂਹਾਂ ਨੂੰ ਬਾਬਿਆਂ ਢਾਹ ਦਿਤਾ 

ਦਰਬਾਰ ਸਾਹਿਬ ਦੀ ਇਮਾਰਤ ਜੋ ਛੇਤੀ ਹੀ ਅਲੋਪ ਹੋ ਜਾਏਗੀ।
ਨਾਲ ਇਸ਼ਾਰੇ ਦਿਤੇ ਹਨ ਜਿਥੋਂ ਖੂਹ ਨੰ. 2 ਅਤੇ 3 ਮਿਲੇ ਹਨ।

ਅੰਮ੍ਰਿਤਸਰ, 21 ਜੁਲਾਈ -- ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ਤੇ ਸਵਾਲ ਖੜਾ ਕਰ ਦਿਤਾ ਹੈ। ਗੁਰਾਇਆ ਨੇ ਤਸਵੀਰਾਂ ਭੇਜ ਕੇ ਇਲਜਾਮ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਢਾਹ ਦਿਤਾ ਹੈ ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ। ਗੁਰਾਇਆ ਦਾ ਕਹਿਣਾ ਹੈ ਕਿ ਢਾਹੇ ਗਏ ਖੂਹ ਉਸ ਖੂਹ ਨਾਲੋ ਪੁਰਾਣੇ ਹਨ ਜਿਸ ਨੂੰ ਸੰਵਾਰਨ ਦੀ ਗਲ ਕਹੀ ਜਾ ਰਹੀ ਹੈ । ਗੁਰਾਇਆ ਨੇ ਦਰਬਾਰ ਸਾਹਿਬ ਦੇ ਇਤਹਾਸ ਬਾਰੇ ਬੜੀ ਦਿਲਚਸਪ ਜਾਣਕਾਰੀ ਵੀ ਭੇਜੀ ਹੈ।


ਬੜੀ ਹੀ ਦਿਲਚਸਪ ਕਹਾਣੀ ਹੈ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ

ਜਿਹਦੀ ਅੱਜ ਕਾਰ ਸੇਵਾ ਚਲ ਰਹੀ ਹੈ

ਕਲਾਨੌਰ ਜੋ ਅੱਜ ਛੋਟਾ ਜਿਹਾ ਕਸਬਾ ਹੈ ਉਹਨੀ ਦਿਨੀ ਸਿਆਲਕੋਟ, ਜਲੰਧਰ, ਲਹੌਰ ਵਾਗੂ ਹਕੂਮਤ ਦਾ ਮਰਕਜ਼ ਸੀ। 14 ਫਰਵਰੀ 1556 ਨੂੰ ਤਾਂ 6 ਮਹੀਨਿਆਂ ਲਈ ਕਲਾਨੌਰ ਹੀ ਹਿੰਦੁਸਤਾਨ ਦੀ ਰਾਜਧਾਨੀ ਰਿਹਾ ਜਦੋਂ ਬਾਦਸ਼ਾਹ ਅਕਬਰ ਦੀ ਇਥੇ ਤਾਜਪੋਸ਼ੀ ਹੋਈ ਸੀ। ਕਿਹਾ ਜਾਂਦਾ ਅਕਬਰ ਬਾਦਸ਼ਾਹ ਨੇ ਇਥੋ ਦੇ ਸ਼ਿਵ ਮੰਦਰ ਤੇ ਸੀਸ ਝੁਕਾਇਆ ਸੀ।
ਪਰ ਜਿਹੜੀ ਗਲ ਅਸੀ ਕਰ ਰਹੇ ਹਾਂ ਇਹ 1521 ਈ. ਦੀ ਹੈ। ਕਲਾਨੌਰ ਦੇ ਕ੍ਰੋੜੀਏ ਭਾਵ ਕੁਲੈਕਟਰ ਦੁਨੀ ਚੰਦ ਦੀ ਕਚਿਹਰੀ ਲਗੀ ਹੋਈ ਸੀ। ਲਾਗੋਂ ਦੀ ਤੂਬੀ ਨਾਲ ਗਾਉਦਾ ਇਕ ਜੋਗੀ ਨਿਕਲਿਆ:
"ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥"
ਗਾਣੇ ਦੇ ਬੋਲ ਸੁਣਕੇ ਦੁਨੀ ਚੰਦ ਕ੍ਰੋਧ ਵਿਚ ਆ ਗਿਆ।ਹੁਕਮ ਦੇ ਕੇ ਜੋਗੀ ਨੂੰ ਸੱਦ ਲਿਆ ਗਿਆ।
"ਭਈ ਅਸੀ ਕਿਹੜਾ ਝੂਠ ਕੀਤਾ ਹੈ? ਗੁਸਤਾਖ ਸਾਧੂ ਇਹ ਤੂੰ ਕੀ ਬੋਲ ਰਿਹਾ ਸੀ?"
ਜੋਗੀ ਨੇ ਬੜੀ ਹਲੀਮੀ ਨਾਲ ਕ੍ਰੋੜੀਏ ਨੂੰ ਜਵਾਬ ਦਿਤਾ ਕਿ ਜਨਾਬ ਮੈਂ ਤਾਂ ਬਾਬੇ ਨਾਨਕ ਦੀ ਬਾਣੀ ਗਾ ਰਿਹਾ ਹਾਂ।
"ਕੌਣ ਹੈ ਇਹ ਬਾਬਾ ਨਾਨਕ?" ਕ੍ਰੋੜੀਆ ਚੀਕ ਉਠਿਆ।
ਦਰਬਾਰ ਵਿਚ ਬੈਠੇ ਅਹਿਲਕਾਰਾਂ ਨੇ ਕ੍ਰੋੜੀਏ ਨੂੰ ਦੱਸਿਆ ਕਿ ਜਨਾਬ ਇਹ ਓਹੋ ਨਾਨਕ ਨਾਂ ਦਾ ਸਾਧੂ ਹੈ ਜਿਸ ਨੇ ਪੱਖੋਕਿਆਂ ਦੇ ਪਟਵਾਰੀ ਮੂਲ ਚੰਦ ਚੋਣੇ ਦੀ ਧੀ ਪਹਿਲਾਂ ਪ੍ਰਨਾਈ ਤੇ ਫਿਰ ਛੱਡ ਸਾਧੂ ਹੋ ਗਿਆ। ਵਿਚਾਰੇ ਮੂਲੇ ਦੀ ਧੀ ਪੇਕੇ ਹੀ ਰਹਿੰਦੀ ਹੈ। ਅੱਜ ਕਲ ਨਾਨਕ ਆਪਣੇ ਇਲਾਕੇ ਵਿਚ ਹੀ ਆ ਬੈਠਾ ਹੈ। ਮੂਲਾ ਬਹੁਤ ਦੁਖੀ ਹੈ ਕਿ ਸਾਨੂੰ ਛੱਟਣ ਲਈ ਇਹ ਫਿਰ ਸਾਡੇ ਪਿੰਡ ਦੇ ਗੇੜੇ ਕੱਢਦਾ ਹੈ।
ਦੂਸਰੇ ਅਹਿਲਕਾਰ ਨੇ ਹਾਮੀ ਭਰੀ ਤੇ ਕਹਿਣ ਲੱਗਾ ਇਹ ਸਾਧ ਬਹੁਤ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ।ਨਾਂ ਇਹ ਵੇਦ ਨੂੰ ਮੰਨਦਾ ਨਾਂ ਕਤੇਬ ਨੂੰ। ਹਿੰਦੂਆਂ ਦੀ ਤਾਂ ਛੱਡੋ ਅਨੇਕਾਂ ਮੁਸਲਮਾਨ ਵੀ ਇਹਦੇ ਪੈਰੋਕਾਰ ਬਣੀ ਜਾ ਰਹੇ ਨੇ।ਜਨਾਬ ਜੇ ਦਿੱਲੀ ਦਰਬਾਰ ਨੂੰ ਪਤਾ ਲਗਾ ਕਿ ਤੁਹਾਡੇ ਇਲਾਕੇ ਵਿਚ ਕੋਈ ਅਜਿਹੀ ਹਰਕਤ ਚਲ ਰਹੀ ਹੈ ਤਾਂ ਮੁਸ਼ਕਲ ਹੋ ਜਾਏਗੀ।
ਦੁਨੀ ਚੰਦ ਗੁੱਸੇ ਵਿਚ ਲਾਲ ਪੀਲਾ ਹੋ ਗਿਆ।"ਕਿਥੇ ਬੈਠਾ ਹੈ ਇਹ ਪਾਖੰਡੀ ਸਾਧੂ?"
ਅੱਗੋ ਦੱਸਿਆ ਗਿਆ ਕਿ ਉਹ ਮੂਲੇ ਪਟਵਾਰੀ ਦੇ ਪਿੰਡ ਪੱਖੋਕੇ ਦੇ ਬਾਹਰਵਾਰ ਚੌਧਰੀ ਅਜਿੱਤੇ ਦੇ ਖੂਹ ਤੇ ਡੇਰਾ ਜਮਾਈ ਬੈਠਾ ਹੈ।
ਇਤਹਾਸ ਵਿਚ ਦਰਜ ਹੈ ਕਿ ਅਗਲੇ ਦਿਨ ਕ੍ਰੋੜੀਆ ਆਪਣਾ ਅਮਲਾ ਫੈਲਾ ਲੈ ਕੇ ਦਰਵੇਸ਼ ਨਾਨਕ ਨੂੰ ਗ੍ਰਿਫਤਾਰ ਕਰਨ ਨਿਕਲਦਾ ਹੈ।ਘੋੜੇ ਤੇ ਚੜ੍ਹਨ ਲਗਿਆ ਰਕਾਬ ਵਿਚੋਂ ਪੈਰ ਤਿਲਕ ਜਾਂਦਾ ਹੈ ਤੇ ਡਿਗਦਾ ਹੈ। ਪੱਗ ਲਹਿ ਜਾਂਦੀ ਹੈ। ਕ੍ਰੋੜੀਆ ਆਪਣਾ ਜਾਣਾ ਅੱਗੇ ਪਾ ਦਿੰਦਾ ਹੈ।
ਅਗਲੇ ਦਿਨ ਫਿਰ ਨਿਕਲਦਾ ਹੈ। (ਪੱਖੋਕੇ ਕਲਾਨੌਰ ਤੋਂ 12 ਕਿ. ਮੀ.)  ਰਸਤੇ ਦੇ ਜੰਗਲ ਵਿਚ ਦੁਨੀ ਚੰਦ ਦੇ ਅੱਖਾਂ ਵਿਚ ਮਕੜੀ ਦਾ ਜਾਲਾ ਪੈ ਜਾਂਦਾ ਹੈ । ਨਾਦਾਰ ਅੰਨਾ ਹੋ ਜਾਂਦਾ ਹੈ। ਸਿਪਾਹੀ ਸਲਾਹ ਦਿੰਦੇ ਹਨ ਕਿ ਕਿਤੇ ਇਹ ਸਾਧੂ ਨਾਨਕ ਦੀ ਨਰਾਜਗੀ ਕਰਕੇ  ਤਾਂ ਨਹੀ ਹੋ ਰਿਹਾ? ਉਨੂੰ ਗ੍ਰਿਫਤਾਰ ਕਰਨ ਦਾ ਖਿਆਲ ਛੱਡ ਦਿਓ। ਦੁਨੀਚੰਦ ਦਾ ਮੰਨ ਡੋਲਦਾ, ਡਰਦਾ ਹੈ।
ਹੁਣ ਦੁਨੀ ਚੰਦ ਬੜੀ ਅਧੀਨਗੀ ਸਾਹਿਤ ਅਜਿਤੇ ਰੰਧਾਵੇ ਦੇ ਖੂਹ ਤੇ ਬਾਬੇ ਨਾਨਕ ਦੇ ਡੇਰੇ ਪਹੁੰਚਦਾ ਹੈ। ਦੁਨੀਚੰਦ ਬਾਬੇ ਨੂੰ ਹੁਕਮਰਾਨ ਦੇ ਤੌਰ ਤੇ ਆਪਣੀ ਮਜਬੂਰੀ ਦਸਦਾ ਹੈ ਕਿ ਕਿਤੇ ਮੇਰਾ ਸੂਬੇਦਾਰ ਜਾਂ ਬਾਦਸ਼ਾਹ ਨਰਾਜ ਨਾਂ ਹੋ ਜਾਏ। ਤੁਸੀ ਮੁਸਲਮਾਨਾਂ ਨੂੰ ਆਪਣੇ ਸੇਵਕ ਨਾਂ ਬਣਾਓ।
ਓਥੇ ਫਿਰ ਅਜਿਤੇ ਰੰਧਾਵੇ ਤੇ ਮਰਦਾਨੇ ਜਿਹੇ ਸ਼ਰਧਾਲੂ ਦੁਨੀਚੰਦ ਨੂੰ ਗੁਰੂ ਸਾਹਿਬ ਬਾਰੇ ਦੱਸਦੇ ਹਨ ਕਿ ਲਹੌਰ ਦਾ ਸੂਬੇਦਾਰ ਦੌਲਤ ਖਾਂ ਲੋਧੀ ਗੁਰੂ ਸਾਹਿਬ ਦਾ ਮੁਰੀਦ ਹੈ ਤੇ ਗੁਰੂ ਸਾਹਿਬ ਦਿੱਲੀ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਵੀ ਮਿਲ ਕੇ ਆਏ ਹਨ। ਦੱਸਿਆ ਗਿਆ ਕਿ ਕਿਵੇ ਗੁਰੂ ਸਾਹਿਬ ਤਾਂ ਹਿੰਦੁਸਤਾਨ ਦੇ ਕਰੀਬ ਸਾਰੇ ਹੁਕਮਰਾਨਾਂ ਨੂੰ ਜਾਣਦੇ ਹਨ।
ਦੁਨੀ ਚੰਦ ਦਾ ਸਾਰਾ ਗੁੱਸਾ ਠੰਡਾ ਹੋ ਜਾਂਦਾ ਹੈ। ਬਾਬੇ ਦੇ ਚਰਨ ਫੜ੍ਹ ਲੈਂਦਾ ਹੈ। ਉਹਦੀ ਨਿਗਾਹ ਠੀਕ ਹੋ ਜਾਂਦੀ ਹੈ। ਉਹ ਅਜਿਹਾ ਸ਼ਰਧਾਲੂ ਬਣਦਾ ਹੈ ਕਿ 100 ਵਿਘਾ ਜਮੀਨ ਬਾਬੇ ਦੇ ਭੇਟ ਕਰਦਾ ਹੈ, ਜਿਥੇ ਫਿਰ 1522 ਈ. ਨੂੰ ਕਰਤਾਰਪਰ (ਅੱਜ ਪਾਕਿਸਤਾਨ ਵਿਚ) ਦੀ ਨੀਂਹ ਰੱਖੀ ਜਾਂਦੀ ਹੈ।

ਜਿਥੇ ਅੱਜ ਕਾਰ ਸੇਵਾ ਚਲ ਰਹੀ ਹੈ ਇਹ ਓਹੋ ਅਸਥਾਨ ਹੈ ਅਜਿਤੇ ਰੰਧਾਵੇ ਦਾ ਖੂਹ।

ਪਰ ਦਰਬਾਰ ਸਾਹਿਬ ਕਿਵੇ ਬਣ ਗਿਆ ਇਥੇ? -

ਗੁਰੂ ਸਾਹਿਬ ਦੇ 22 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਵੇਲੇ ਝਗੜਾ ਪੈਦਾ ਹੋਇਆ ਸੀ ਕਿ ਆਇਆ ਗੁਰੂ ਸਾਹਿਬ ਮੁਸਲਮਾਨ ਹੈ ਕਿ ਹਿੰਦੂ। ਮਸਲਾ ਗੁਰੂ ਸਾਹਿਬ ਦੇ ਪਵਿਤ੍ਰ ਸਰੀਰ ਦੇ ਸਸਕਾਰ ਦਾ ਸੀ। ਓਦੋਂ ਫਿਰ ਹਿੰਦੂਆਂ ਤੇ ਮੁਸਲਮਾਨਾਂ ਨੇ ਚੱਦਰ ਅੱਧੋ ਅੱਧੀ ਕੀਤੀ। ਮੁਸਲਮਾਨਾਂ ਦਫਨਾ ਕੇ ਕਬਰ ਬਣਾਈ ਤੇ ਹਿੰਦੂਆਂ ਜਲਾ ਕੇ ਸਮਾਧ ਬਣਾਈ।
ਪਰ ਗੁਰੂ ਸਾਹਿਬ ਦੇ ਚਲਾਣੇ ਦੇ 9 ਸਾਲ ਬਾਦ ਰਾਵੀ ਦੇ ਹੜ੍ਹ ਨੇ ਸਮਾਧ ਤੇ ਕਬਰ ਦੋਵੇ ਰੋੜ ਦਿਤੀਆਂ। ਬੇਦੀ ਸਾਹਿਬਜਾਂਦਿਆਂ ਨੇ ਫਿਰ ਭਿਬੂਤੀ ਵਾਲੀ ਗਾਗਰ ਪੁੱਟ ਕੇ ਰਾਵੀ ਤੋਂ ਉਰਾਰ ਲਿਆ ਦਫਨਾਈ। ਅਜਿਤੇ ਰੰਧਾਵੇ ਦੀ ਸਹਿਮਤੀ ਨਾਲ ਉਹਦੇ ਖੂਹ ਤੇ ਕਿਉਕਿ ਖੂਹ ਵੀ ਮੁਕੱਦਸ ਸਥਾਨ ਬਣ ਚੁੱਕਾ ਸੀ। ਓਥੇ ਥੜਾ ਉਸਾਰ ਦਿਤਾ ਗਿਆ।
ਫਿਰ ਗੁਰੂ ਅਰਜਨ ਦੇਵ ਜੀ ਦੇ ਵੇਲਿਆਂ ਵਿਚ ਬੇਦੀ ਸਾਹਿਬਜਾਦਿਆਂ ਨੇ ਇਥੇ ਖੂਬਸੂਰਤ ਦੇਹੁਰਾ ਬਣਾ ਦਿਤਾ। ਜਿਸ ਦੀ ਚਰਚਾ ਚਾਰ ਚੁਫੇਰੇ ਹੋਈ ਕਿਉਕਿ ਸਿੱਖੀ ਵਿਚ ਮੜੀਆਂ ਮਸਾਣਾਂ ਨੂੰ ਪੂਜਣ ਦੇ ਖਿਲਾਫ ਲਹਿਰ ਚਲ ਰਹੀ ਸੀ।ਭਾਈ ਗੁਰਦਾਸ ਨੇ ਇਸ ਦੀ ਅਲੋਚਨਾ ਕਰ ਦਿਤੀ:-
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ॥
ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ॥
ਸੋ ਏਸੇ ਦੇਹੁਰੇ ਕਰਕੇ ਇਸ ਅਬਾਦੀ ਦਾ ਨਾਂ ਪੈ ਗਿਆ ਦੇਹੁਰਾ ਬਾਬਾ ਨਾਨਕ ਤੇ ਵਕਤ ਪਾ ਕੇ ਬਣ ਗਿਆ ਡੇਰਾ ਬਾਬਾ ਨਾਨਕ।
ਬੇਦੀਆਂ ਨੇ ਰੰਧਾਵੇ ਜੱਟਾਂ ਤੋਂ ਫਿਰ ਇਹ ਸਾਰੀ 8000 ਵਿਘੇ ਜਮੀਨ ਖਰੀਦ ਹੀ ਲਈ।
ਸਿੱਖਾਂ ਨੇ ਭਾਈ ਗੁਰਦਾਸ ਦੀ ਨਾਂ ਮੰਨੀ ਤੇ ਹਰ ਸਿੱਖ ਦਾ ਸੀਸ ਦੇਹੁਰੇ ਅੱਗੇ ਝੁੱਕਣ ਲੱਗਾ। ਅਕਬਰ ਬਾਦਸ਼ਾਹ ਦੇ ਨੌ ਰਤਨਾਂ ਵਿਚੋਂ ਟੋਡਰ ਮਲ ਦੇ ਪੋਤਰੇ ਨਾਨਕ ਚੰਦ ਨੇ ਫਿਰ ਆਪਣੇ ਭਤੀਜੇ ਚੰਦੂ ਲਾਲ (ਪ੍ਰਧਾਨ ਮੰਤਰੀ ਨਿਜਾਮ ਹੈਦਰਾਬਾਦ) ਨੂੰ ਪ੍ਰੇਰ ਕੇ ਇਸ ਦੀ ਕਾਰਸੇਵਾ ਸੰਨ 1744 ਨੂੰ ਕਾਰਵਾਈ। ਬਾਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇਹੁਰੇ ਤੇ 1827 ਈ. ਨੂੰ ਸੋਨਾ ਆਦਿ ਲਾ ਕੇ ਹੋਰ ਖੂਬਸੂਰਤ ਕਰ ਦਿਤਾ। ਮਹਾਰਾਜੇ ਦੀ ਚੜਾਈ ਸੋਨੇ ਦੀ ਪਾਲਕੀ ਅੱਜ ਵੀ ਪ੍ਰਕਾਸ਼ਮਾਨ ਹੈ।
1973 ਵਿਚ ਫਿਰ ਦੇਹੁਰੇ (ਦਰਬਾਰ ਸਾਹਿਬ) ਦੀ ਇਮਾਰਤ ਨੂੰ ਖੁੱਲਾ ਕਰਨ ਮੌਕੇ ਚੂੰਨੀ ਲਾਲ ਵਾਲੀ ਇਮਾਰਤ ਤਾਂ ਢਾਹ ਦਿਤੀ ਗਈ ਪਰ ਅੰਦਰੋਂ ਲਕੜੀ ਬਾਹਰ ਪਿੱਤਲ ਤੇ ਸੋਨੇ ਦਾ ਬਣਿਆ ਪੁਰਾਣਾ ਗੁੰਬਦ ਵਰਤ ਲਿਆ ਗਿਆ।ਜਿਸ ਦੀ ਤਸਵੀਰ ਮਹਾਨ ਕੋਸ਼ ਵਿਚ ਸ਼ੱਸ਼ੋਭਿਤ ਹੈ।
ਹੁਣੇ ਹੁਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਇਸ ਇਮਾਰਤ ਦੀ ਕਾਰ ਸੇਵਾ ਕਰਨ ਦਾ ਐਲਾਨ ਕੀਤਾ ਤਾਂ ਇਸ ਫੈਸਲੇ ਤੇ ਸਵਾਲ ਕੀਤੇ ਗਏ ਕਿ ਕਾਰਸੇਵਾ ਦੀ ਜਰੂਰਤ ਹੀ ਕੀ ਹੈ? ਕਿਉਕਿ ਕਾਰਸੇਵਾ ਵੀ ਅੱਜ ਇਕ ਤਰਾਂ ਨਾਲ ਸਨਅਤ ਹੀ ਬਣ ਗਈ ਹੈ। ਰਾਜਨੇਤਾ ਤੇ ਕਾਰ ਸੇਵਾ ਬਾਬਿਆਂ ਦੇ ਗੱਠ ਜੋੜ ਅੱਗੇ ਦਲੀਲ ਫਿੱਕੀ ਪੈ ਜਾਂਦੀ ਹੈ।  ਖੈਰ 7 ਜੂਨ ਨੂੰ ਵਿਰੋਧ ਦੇ ਬਾਵਜੂਦ ਕਾਰ ਸੇਵਾ ਸ਼ੁਰੂ ਕਰ ਦਿਤੀ ਗਈ।
ਓਹੋ ਹੋਇਆ ਜਿਸ ਦਾ ਡਰ ਸੀ- ਇਹ ਮੰਨੀ ਹੋਈ ਗਲ ਹੈ ਕਿ ਕਾਰ ਸੇਵਾ ਵਾਲੇ ਬਾਬੇ ਪੁਰਾਤਤਵ ਨੂੰ ਕੋਈ ਅਹਿਮੀਅਤ ਨਹੀ ਦਿੰਦੇ। ਇਕ ਨਹੀ ਸੈਕੜੇ ਪੁਰਾਣੀਆਂ ਯਾਦਗਾਰਾਂ ਇਹਨਾਂ ਢਾਹੀਆਂ ਹਨ। ਮਿਸਾਲ ਦੇ ਤੌਰ ਤੇ ਸੁਲਤਾਨਪੁਰ ਲੋਧੀ ਦੀ ਉਹ ਮਸੀਤ ਢਾਹ ਕੇ ਗੁਰਦੁਆਰਾ ਬਣਾ ਦਿਤਾ ਜਿਥੇ ਬਾਬੇ ਨਾਨਕ ਨੇ ਨਮਾਜ ਪੜੀ ਸੀ। ਚਮਕੌਰ ਦੀ ਕੱਚੀ ਗੜੀ, ਸਰਹੰਦ ਦਾ ਠੰਡਾ ਬੁਰਜ, ਅੰਮ੍ਰਿਤਸਰ ਵਿਚ ਗੁਰੂ ਸਾਹਿਬ ਦੇ ਨਿਵਾਸ ਅਸਥਾਨ ਗੁਰੂ ਕੇ ਮਹਿਲ ਦਾ ਨਾਮੋ ਨਿਸ਼ਾਨ ਮਿਟਾ ਸੰਗ ਮਰ ਮਰੀ ਇਮਾਰਤਾਂ ਸਾਜ ਦਿਤੀਆ ਹਨ।ਗੁਰੂ ਹਰਗੋਬਿੰਦ ਸਾਹਿਬ ਦਾ ਲੋਹ ਗੜ੍ਹ ਕਿਲਾ ਢਾਹ ਦਿਤਾ ਗਿਆ ਹੈ। ਪਿੰਡ ਬਾਸਰਕੇ ਗਿੱਲਾਂ ਵਿਚ ਪਵਿਤਰ ਸੰਨ ਵਾਲੀ ਕੰਧ ਢਾਹ ਕੇ ਓਥੇ ਸੰਗਮਰਮਰੀ ਸਿਲ ਲਾ ਕੇ ਮੋਰੀ ਕਰ ਦਿਤੀ ਗਈ ਹੈ। ਏਸੇ ਤਰਾਂ ਅਨੰਦਪੁਰ ਸਾਹਿਬ ਦੇ ਕਈ ਅਸਥਾਨਾਂ ਦਾ ਕੁਝ ਦਾ ਕੁਝ ਬਣਾ ਦਿਤਾ ਗਿਆ ਹੈ।
ਖੈਰ ਇਹ ਲਿਖਾਰੀ 18 ਜੁਲਾਈ ਨੂੰ ਜਦੋਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗਿਆ ਤਾਂ ਵੇਖਿਆ ਕਿ ਦੋ ਪੁਰਾਤਨ ਖੂਹ ਜੋ ਖੁਦਾਈ ਦੌਰਾਨ ਨਿਕਲੇ ਸਨ ਉਹ ਢਾਹ ਦਿਤੇ ਗਏ ਹਨ। ਹਾਲਾਂ ਉਹਨਾਂ ਨੂੰ ਸੌਖਿਆਂ ਹੀ ਬਚਾਇਆ ਜਾ ਸਕਦਾ ਸੀ। ਕਿਉਕਿ ਇਕ ਖੂਹ ਬਣ ਰਹੀ ਚਾਰ ਦੀਵਾਰੀ ਦੇ ਅੰਦਰਲੇ ਪਾਸੇ ਆਇਆ ਤੇ ਦੂਸਰਾ ਬਾਹਰਲੇ ਪਾਸੇ।
ਪਰ ਕਾਰਸੇਵਾ ਵਾਲੇ ਇਕ ਤੀਸਰੇ ਖੂਹ ਨੂੰ ਜਿਹੜਾ ਚਾਲੂ ਹਾਲਤ ਵਿਚ ਹੈ ਉਨੂੰ ਬਚਾਉਣ ਦਾ ਵਾਇਦਾ ਕਰ ਚੁੱਕੇ ਹਨ।
ਸੋ ਦਰਬਾਰ ਸਾਹਿਬ ਦੇ ਵਿਹੜੇ ਵਿਚ ਤਿੰਨ ਖੂਹਾਂ ਦਾ ਸਬੂਤ ਮਿਲ ਜਾਂਦਾ ਹੈ। ਹੁਣ ਸਵਾਲ ਉਠਦਾ ਹੈ ਕਿ ਸਭ ਤੋਂ ਪੁਰਾਤਨ ਖੂਹ ਕਿਹੜਾ ਹੈ? ਯਾਦ ਰਹੇ ਸੁਧਰਿਆ ਹੋਇਆ ਰੂਪ ਅਮੂਮਨ ਨਵਾਂ ਹੁੰਦਾ ਹੈ। ਜਰੂਰਤ ਹੈ ਉਸ ਖੂਹ ਨੂੰ ਵੀ ਬਚਾਇਆ ਜਾ ਸਕੇ ਜਿਹੜਾ ਗੁਰੂ ਨਾਨਕ ਵੇਲੇ ਸੀ।
ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀ ਵਿਗੜਿਆ। ਜਰੂਰਤ ਹੈ ਉਨਾਂ ਖੂਹਾਂ ਨੂੰ ਬਚਾਉਣ ਦੀ। ਨਾਲੇ ਮਹਾਰਾਜਾ ਚੂਨੀਲਾਲ ਵਾਲੀ ਇਮਾਰਤ ਦੀ ਨੀਹ ਦਾ ਕੁਝ ਹਿੱਸਾ ਵੀ ਯਾਦਗਾਰ ਦੇ ਤੌਰ ਤੇ ਸਾਂਭਿਆ ਜਾ ਸਕਦਾ ਹੈ। ਹਾਲਾਂ ਗੁੰਬਦ ਤੇ ਪਾਲਕੀ ਨੂੰ ਬਚਾਉਣ ਦਾ ਵਾਇਦਾ ਕਮੇਟੀ ਕਰ ਚੁੱਕੀ ਹੈ।
ਖੈਰ ਖਾਲਸਾ ਪੰਥ ਨੇ ਕਲਾਨੌਰ ਵਿਖੇ ਬੰਦਾ ਬਹਾਦਰ ਦੀ ਯਾਦਗਾਰ ਤਾਂ ਬਣਾ ਦਿਤੀ ਹੈ ਪਰ ਦੁਨੀ ਚੰਦ ਕ੍ਰੋੜੀਏ ਬਾਰੇ ਇਹ ਅਨਜਾਣ ਹਨ।
ਤਸਵੀਰ ਤੇ ਕਲਿਕ ਕਰਕੇ ਵੱਡੀ ਕਰਕੇ ਵੇਖੋ

ਥੜਾ ਸਾਹਿਬ ਦੀ ਨੀਂਹ ਦੇ ਨੇੜੇ ਹੋ ਰਹੀ ਖੁਦਾਈ ਦਾ ਸ਼੍ਰੋਮਣੀ ਕਮੇਟੀ ਕੋਲ ਕੀ ਜਵਾਬ ਹੈ ਕਿਉਕਿ ਨਵੀ ਬਣ ਰਹੀ ਇਮਾਰਤ ਦੀ ਚੜਦੇ ਪਾਸੇ ਵਾਲੀ ਕੰਧ 8-10 ਫੁੱਟ ਹਟਵੀ ਹੋਣੀ ਹੈ? ਜਿਸ ਦੀਵਾਰ ਨਾਲ ਢੋਅ ਲਾ ਕੇ ਕਾਰ ਸੇਵਕ ਖੜਾ ਹੈ ਇਹ ਮਹਾਰਾਜਾ ਚੂਨੀ ਲਾਲ ਵਾਲੀ ਇਮਾਰਤ ਦੀ ਨੀਹ ਹੈ। ਜਦੋਂ ਤਕ ਇਹ ਰਿਪੋਰਟ ਛਪੇਗੀ ਇਹ ਨੀਹ ਅਲੋਪ ਹੋ ਚੁੱਕੀ ਹੋਵੇਗੀ।

ਖੂਹ ਨੰਬਰ ਦੋ ਜਿਹੜਾ 1973 ਦੀ ਕਾਰ ਸੇਵਾ ਵੇਲੇ ਦੱਬ ਗਿਆ ਸੀ।

ਖੂਹੀ ਨੰ. 3 ਜੋ ਖੁਦਾਈ ਦੌਰਾਨ ਪ੍ਰਗਟ ਹੋਈ ਹੈ।

ਨੀਹ ਪੁੱਟਣ ਵੇਲੇ ਕਈ ਪੁਰਾਤਨ ਢਾਂਚਿਆਂ ਦੀਆਂ ਨੀਹਾਂ ਮਿਲੀਆਂ ਹਨ। ਸਭ ਨਾਨਕ ਸ਼ਾਹੀ ਇੱਟ ਦੀਆਂ। ਕਾਰ ਸੇਵਾ ਨੇ ਇਨਾਂ ਢਾਂਚਿਆਂ ਦੀ ਅਹਿਮੀਅਤ ਨੂੰ ਨਹੀ ਗੌਲਿਆਂ।

ਦਰਬਾਰ ਸਾਹਿਬ ਦੀ ਇਮਾਰਤ ਜੋ ਛੇਤੀ ਹੀ ਅਲੋਪ ਹੋ ਜਾਏਗੀ। ਨਾਲ ਇਸ਼ਾਰੇ ਦਿਤੇ ਹਨ ਜਿਥੋਂ ਖੂਹ ਨੰ. 2 ਅਤੇ 3 ਮਿਲੇ ਹਨ।

ਖੂਹ ਨੰ. 1 ਜੋ  ਐਸ ਵੇਲੇ ਚਾਲੂ ਹੈ।

---------------- ------------------------------- ---------------- -------------- ---------------

ਟ੍ਰਿਬਿਊਨ ਅਖਬਾਰ ਨੇ ਲਾਈ ਖਬਰ



-------      --------------   ---------------              ----------------        ----------------

ਹੋਰ ਤਸਵੀਰਾਂ ਵੀ ਵੇਖੋ ਕਾਰ ਸੇਵਾ ਦੀਆਂ 















ਕੁਦਰਤੀ ਹੈ ਕਿ ਵੱਡੇ ਖੂਹ ਦੀ ਮੌਜੂਦਗੀ ਵੇਲੇ ਛੋਟੇ ਖੂਹ ਦੀ ਜਰੂਰਤ ਨਹੀ ਹੁੰਦੀ। ਗਲ ਸਮਝਣ ਵਾਲੀ ਹੈ ਕਿ ਅਜਿਤੇ ਰੰਧਾਵੇ ਵਾਲਾ ਅਸਲੀ ਖੂਹ ਕਿਹੜਾ ਹੈ। ਇਨਾਂ ਬਾਬਿਆਂ ਨੂੰ ਪੁਰਾਤਨਤਾ ਨਾਲ ਕੋਈ ਲਗਾਵ ਨਹੀ।  ਕੰਧ ਉਸਾਰਨ ਵਾਸਤੇ ਜੋ ਨੀਹ ਪੁਟੀ ਹੈ ਉਸ ਵਿਚੋਂ ਅਨੇਕਾਂ ਢਾਂਚੇ ਨਿਕਲੇ ਲਗਦੈ। ਇਸ ਗਲ ਦਾ ਸਬੂਤ ਬਾਹਰ ਸੁੱਟੀਆਂ ਨਾਨਕਸ਼ਾਹੀ ਇੱਟਾਂ ਹਨ। ਯਾਦ ਰਹੇ ਨਾਨਕਸ਼ਾਹੀ ਇੱਟ ਦੀ ਵਰਤੋਂ ਅੰਗਰੇਜ ਰਾਜ ਵੇਲੇ ਭਾਵ 150 ਸਾਲ ਪਹਿਲਾਂ ਬੰਦ ਹੋ ਗਈ ਸੀ। ਸੋ ਜਿੰਨਾ ਚਿਰ ਸਾਡੇ ਭੋਲੇ ਸ਼ਰਧਾਲੂ ਇਨਾਂ ਬਾਬਿਆਂ ਨੂੰ ਝੋਨਾ ਤੇ ਕਣਕ ਦੀ ਉਗਰਾਹੀ ਦਿੰਦੇ ਰਹਿਣਗੇ, ਸਾਡਾ ਪੁਰਾਤਤਵ ਖਤਮ ਹੁੰਦਾ ਰਹੇਗਾ। ਸ਼੍ਰੋਮਣੀ ਕਮੇਟੀ ਸਾਰੀ ਗਲ ਸਮਝਦੀ ਹੈ ਪਰ ਕਮੇਟੀ ਤੇ ਰਾਜਨੇਤਾ ਦਾ ਦਬਦਬਾ ਹੈ। ਜੋ ਹੁਕਮ ਉਤੋਂ ਆਉਦੇ ਹਨ ਕਮੇਟੀ ਓਹੋ ਵਜਾਉਦੀ ਹੈ।---ਦਾਸਰਾ : ਬੀ. ਐਸ.ਗੁਰਾਇਆ

No comments:

Post a Comment