AKALIS RAISE CORRIDOR ISSUE WITH PRIME MINISTER
ਸ਼ੁਕਰ ਹੈ ਵਾਹਿਗੁਰੂ ਦਾ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਅਕਾਲੀ ਦਲ ਨੇ ਕਲ੍ਹ (8 ਜੂਨ 2018) ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਉਠਾਈ ਹੈ। ਲਾਂਘੇ ਦੀ 17 ਸਾਲ ਪੁਰਾਣੀ ਲਹਿਰ ਵਿਚ ਇਹ ਪਹਿਲੀ ਵਾਰ ਹੋਇਆ ਹੈ। ਅਕਾਲੀ ਦਲ ਨੇ ਉਂਜ ਪਹਿਲੀ ਅਕਤੂਬਰ 2010 ਨੂੰ ਅਸੈਂਬਲੀ ਵਿਚ ਮਤਾ ਵੀ ਲਿਆਂਦਾ ਸੀ ਜੋ ਸਰਬਸੰਪਤੀ ਨਾਲ ਪਾਸ ਹੋਇਆ। ਉਸ ਉਪਰੰਤ ਅਕਾਲੀ ਦਲ ਲਾਂਘੇ ਦੀ ਮੰਗ ਤੇ ਬਿਲਕੁਲ ਚੁੱਪ ਹੋ ਗਿਆ। ਚੋਣਾਂ ਮੌਕੇ ਜਾਰੀ ਹੋਣ ਵਾਲੇ ਮੈਨੀਫੈਸਟੋ ਵਿਚੋਂ ਵੀ ਲਾਂਘੇ ਦੀ ਮੰਗ ਦੀ ਮੱਦ ਉਡ ਗਈ। ਹਾਂ ਜਦੋਂ ਜਦੋਂ ਲਾਂਘੇ ਦੀ ਮੰਗ ਜੋਰ ਫੜ੍ਹਦੀ, ਸ਼੍ਰੋਮਣੀ ਕਮੇਟੀ ਲਾਂਘਾ ਮਨਜੂਰ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਦੀ ਆਈ ਹੈ।
ਪਤਾ ਲਗਾ ਸੀ ਕਿ ਅਜੇ ਚਾਰ ਦਿਨ ਪਹਿਲਾਂ ਹੀ (ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਮੌਤ ਉਪਰੰਤ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਦੇ ਹੱਕ ਵਿਚ ਸਲਾਹ ਮਸ਼ਵਰਾ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਵੀ ਇਸ਼ਾਰੇ ਮਿਲੇ ਸਨ ਕਿ ਗੁਰੂ ਸਾਹਿਬ ਦੇ 550 ਵੇਂ ਜਨਮ ਪੁਰਬ ਮੌਕੇ ਸੀਮਿਤ ਲਾਂਘਾ ਖੋਲਣ ਲਈ ਮੁੱਖ ਮੰਤਰੀ ਦਫਤਰ ਵਲੋਂ ਤਜਵੀਜਾਂ ਭੇਜਣੀਆਂ ਸ਼ੁਰੂ ਹੋ ਚੁੱਕੀਆਂ ਸਨ। ਰੱਬ ਜਾਣੇ ਸਚਾਈ ਕੀ ਹੈ ਪਰ ਲਗਦਾ ਹੈ ਕਿ ਅਕਾਲੀ ਦਲ ਦੀ ਇਹ ਕਾਰਵਾਈ 'ਹਿੱਟ ਬਿਫੋਰ ਹਿੱਟ' ਦੇ ਸਿਧਾਂਤ ਤਹਿਤ ਹੋਈ ਹੈ।
ਜੇ ਕੈਪਟਨ ਲਾਂਘਾ ਖੁਲਵਾਉਣ ਵਿਚ ਕਾਮਯਾਬ ਹੋ ਜਾਂਦਾ ਤਾਂ ਇਹ ਅਕਾਲੀ ਦਲ ਲਈ ਵੱਡੀ ਨਮੋਸ਼ੀ ਵਾਲੀ ਗਲ ਹੋਣੀ ਸੀ। ਕਿਉਕਿ ਆਪਣੇ 10 ਸਾਲ ਦੇ ਰਾਜ ਵਿਚ ਅਕਾਲੀ ਦਲ ਨੇ ਕਦੀ ਵੀ ਲਾਂਘੇ ਦੀ ਮੰਗ ਕੇਂਦਰ ਕੋਲ ਨਹੀ ਸੀ ਉਠਾਈ। ਹਾਲਾਂ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਦਾ ਰਾਜ ਹੈ।
ਸੋ ਮੈਨੂੰ ਨਹੀ ਸਮਝ ਆ ਰਿਹਾ ਕਿ ਇਸ ਖਬਰ ਤੇ ਮੈਂ ਖੁਸ਼ੀ ਮਨਾਵਾਂ ਕਿ ਗਮ। ਕਿ ਇਹ ਮੁੱਖ ਮੰਤਰੀ ਦੀ ਚਾਲ ਨੂੰ ਸਿਫਰ ਕਰਨ (ਤਾਰਪੀਡੋ) ਲਈ ਹੈ ਜਾਂ ਫਿਰ ਅਕਾਲੀ ਦਲ ਨੇ ਜਥੇਦਾਰ ਵਡਾਲਾ ਦੀ ਮੌਤ ਤੇ ਸੁਹਿਰਦਤਾ ਦਿਖਾਈ ਹੈ।
ਨਾਲ ਇਹ ਵੀ ਸੁਚੇਤ ਕਰਦਾ ਹਾਂ ਕਿ ਕਾਂਗਰਸ ਪਾਰਟੀ ਨੇ ਕਦੀ ਵੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਮਜਬੂਤ ਨਹੀ ਕੀਤੇ। ਅਗਲੇ ਨੂੰ ਪੰਜਾਬ ਦੇ ਜਾਇਜ ਹੱਕਾਂ ਦੇ ਖਿਲਾਫ ਹੀ ਵਰਤਦੀ ਆਈ ਹੈ ਪਾਰਟੀ। ਹੋਰ ਤੇ ਹੋਰ ਪਾਣੀਆਂ ਤੇ ਧਾਰਾ 5 ਖਤਮ ਕਰਨ ਮੌਕੇ ਕੈਪਟਨ ਦੇ ਸਖਤ ਖਿਲਾਫ ਹੋ ਗਈ ਸੀ ਕਾਂਗਰਸ ਹਾਈ ਕਮਾਂਡ।
ਬਾਕੀ ਅਕਾਲੀ ਵੀਰ ਤਾਂ ਲੰਗਰ ਤੇ ਜੀ ਐਸ ਟੀ ਮਾਫ ਨਹੀ ਕਰਵਾ ਪਾਏ, ਲਾਂਘਾ ਇਨ੍ਹਾਂ ਕਿਥੇ ਲੈ ਪਾਣਾ ਹੈ। ਜਿੰਨੂ ਇਹ ਜੀ ਐਸ ਟੀ ਦੀ ਮਾਫੀ ਦਸ ਰਹੇ ਹਨ ਉਹ ਇਕ ਕਿਸਮ ਨਾਲ ਖੈਰਾਤ ਹੈ। ਸੋ ਵੀਰੋ ਅਜੇ ਜਿਆਦਾ ਉਮੀਦਾਂ ਨਹੀ ਰੱਖਣੀਆਂ। ਪਰ ਨਾਲ ਹੀ ਯਾਦ ਰੱਖਣਾ ਸਿੱਖਾਂ ਦਾ ਗੁਰੂ ਹੈ ਬੜਾ ਢਾਹਡਾ। ਅਰਦਾਸ ਵਿਚ ਸ਼ਾਮਲ ਹੁੰਦੇ ਰਹੋ। ਪਰ ਸਬਰ ਰੱਖੋ।
ਕੁਝ ਵੀ ਹੋਵੇ ਲਾਂਘੇ ਦੀ ਮੰਗ ਦੀ ਚੜ੍ਹਤ ਤਾਂ ਹੋਈ ਹੀ ਹੈ। ਧੰਨ ਗੁਰੂ ਨਾਨਕ। ਸਤਿ ਕਰਤਾਰ।
No comments:
Post a Comment