Friday 22 June 2018

ਜਥੇਦਾਰ ਵਡਾਲਾ ਦਾ ਚਲਾਣਾ- ਨਾਂ ਪੂਰਾ ਹੋਣ ਵਾਲਾ ਘਾਟਾ

JATHEDAR WADALA WAS A GEM OF AN AKALI


ਵੈਸਾਖੀ 1994 'ਚ ਮੈਂ ਪਾਕਿਸਤਾਨ ਵਿਛੜੇ ਗੁਰਧਾਮਾਂ ਦੀ ਯਾਤਰਾ ਤੇ ਗਿਆ। ਸ. ਮਨਜੀਤ ਸਿੰਘ ਕਲਕੱਤੇ ਜਥੇ ਦੇ ਮੋਹਰੀ ਸਨ। ਹਾਲਾਤ ਹੀ ਕੁਝ ਅਜਿਹੇ ਬਣੇ ਕਿ ਪੰਜਾ ਸਾਹਿਬ ਵਿਖੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਬਾਰੇ ਗੱਲਾਂ ਹੋਈਆਂ। ਸਿੱਖਾਂ ਦਾ ਕਰਤਾਰਪੁਰ ਬਾਬਤ ਨਜਰੀਆ ਵੇਖ, ਪਾਕਿਸਤਾਨੀਆਂ ਇਵੇਂ ਮਹਿਸੂਸ ਕੀਤਾ ਜਿਵੇ ਸਰਕਾਰ ਨੂੰ ਕੋਈ ਸੋਨੇ ਦੀ ਖਾਣ ਮਿਲ ਜਾਂਦੀ ਹੈ। ਸਾਨੂੰ ਅਹਿਸਾਸ ਹੋ ਗਿਆ ਕਿ ਪਾਕਿਸਤਾਨ ਕਰਤਾਰਪੁਰ ਨੂੰ ਖੋਲ ਸਕਦਾ ਹੈ।

ਅਖਬਾਰਾਂ ਵਿਚ ਪਾਕਿਸਤਾਨੀ ਸਰਕਾਰ ਦੇ ਕਰਤਾਰਪੁਰ  ਬਾਰੇ ਬਿਆਨ 1997 ਤੋਂ ਛਪਣੇ ਸ਼ੁਰੂ ਹੋ ਗਏ। ਸੰਨ 2000 ਵਿਚ ਸ. ਹਰਪਾਲ ਸਿੰਘ ਭੁੱਲਰ ਨੇ ਅਜੀਤ ਵਿਚ ਵਿਸਥਾਰ ਨਾਲ ਲੇਖ ਦਿਤਾ। ਓਦੋਂ ਇਹੋ ਜਰੂਰਤ ਸੀ ਕਿ ਕੋਈ ਸਿੱਖ ਲੀਡਰ ਕਰਤਾਰਪੁਰ ਦੇ ਦਰਸ਼ਨਾਂ ਦੀ ਮੰਗ ਕਰੇ।


ਦਾਸਰਾ ਓਨੀ ਦਿਨੀ ਸਰਕਾਰੀ ਨੌਕਰੀ ਵਿਚ ਸੀ। ਅਸਾਂ ਚੁੱਪ ਚਪੀਤੇ ਸਿੱਖ ਲੀਡਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿਤਾ ਤੇ ਓਨਾਂ ਨੂੰ ਕਰਤਾਰਪੁਰ ਦੀ ਅਹਿਮੀਅਤ ਦੱਸੀ। ਵੱਡੇ ਵੱਡੇ ਲੀਡਰਾਂ ਨਾਲ ਸੰਪਰਕ ਕੀਤਾ। ਇਥੋਂ ਤਕ ਕਿ ਅਖੌਤੀ ਇਨਕਲਾਬੀ ਲੀਡਰਾਂ ਨਾਲ ਵੀ ਸੰਪਰਕ ਕੀਤਾ। ਪਰ ਕਿਸੇ ਨੇ ਹਾਮੀ ਨਾਂ ਭਰੀ।
ਅਖੀਰ ਫਰਵਰੀ ਦੇ ਪਹਿਲੇ ਹਫਤੇ  ਹਾਮੀ ਭਰੀ ਸ. ਜਸਵਿੰਦਰ ਸਿੰਘ ਪ੍ਰਧਾਨ ਅਕਾਲ ਪੁਰਖ ਕੀ ਫੌਜ ਨੇ ਤੇ ਤਹਿ ਕੀਤਾ ਕਿ ਵੈਸਾਖੀ 2001 ਨੂੰ ਸਰਹੱਦ ਤੇ ਪਹੁੰਚ ਅਰਦਾਸ ਕੀਤੀ ਜਾਵੇਗੀ। ਪਰ ਜਿਵੇ ਹੀ ਇਸ ਬਾਬਤ ਇਸ਼ਤਿਹਾਰ ਇਲਾਕੇ ਵਿਚ ਲੱਗੇ ਤਾਂ ਜਸਵਿੰਦਰ ਜੀ ਨੇ ਇਸ ਪ੍ਰੋਗਰਾਮ ਤੋਂ ਪੈਰ ਪਿੱਛੇ ਖਿੱਚਣ ਦਾ ਮਨ ਬਣਾ ਲਿਆ। ਪਰ ਜਿਸ ਤਰੀਕੇ ਨਾਲ ਜਸਵਿੰਦਰ ਸਾਬ ਨੇ ਮੀਡੀਏ ਵਿਚ ਪਬਲੀਸਿਟੀ ਕੀਤੀ ਲਾਂਘੇ ਦਾ ਅੰਦੋਲਨ ਖੜਾ ਹੋਣਾ ਸ਼ੁਰੂ ਹੋ ਗਿਆ।
ਫਰਵਰੀ ਦੇ ਆਖਰੀ ਹਫਤੇ ਦਰਬਾਰ ਸਾਹਿਬ ਘੰਟਾ ਘਰ ਵਿਖੇ ਸਾਡਾ ਮੇਲ ਦੁਆਬੇ ਦੇ ਜਰਨੈਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਹੋ ਗਿਆ। ਓਨੀ ਦਿਨੀ ਉਹ ਅਕਾਲੀ ਦਲ ਤੋਂ ਬਾਹਰ ਸਨ। ਇਕ ਚੋਣ ਵੀ ਬਹੁਤ ਬੁਰੀ ਤਰਾਂ ਹਾਰ ਚੁੱਕੇ ਸਨ। ਅਸੀ ਓਨਾਂ ਨੂੰ ਵੀ ਕਰਤਾਰਪੁਰ ਦੀ ਅਹਿਮੀਅਤ ਦੱਸੀ। ਓਨਾਂ ਸਾਨੂੰ ਜਲੰਧਰ ਆਪਣੇ ਗ੍ਰਿਹ ਵਿਖੇ ਆਉਣ ਲਈ ਕਿਹਾ ਤੇ ਅਗਲੇ ਦਿਨ ਓਥੇ ਪਹੁੰਚ ਅਸਾਂ ਸਾਰੀ ਗਲ ਓਨਾਂ ਨੂੰ ਦੱਸੀ।ਤੇ ਓਨਾਂ ਨੂੰ ਬੇਨਤੀ ਕੀਤੀ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਚੁੱਕਣ।
ਵਡਾਲਾ ਸਾਹਿਬ ਨੇ ਸਾਨੂੰ ਕਿਹਾ ਕਿ ਆਪਣੇ ਜਥੇ ਤੋਂ ਪੁੱਛੇ ਬਗੈਰ ਮੈਂ ਇਕੱਲਾ ਇਹੋ ਜਿਹਾ ਫੈਸਲਾ ਨਹੀ ਲਵਾਂਗਾ, ਹਾਲਾਂ ਉਹ ਦਿਲੋਂ ਤਿਆਰ ਹੋ ਚੁੱਕੇ ਸਨ। ਵਡਾਲਾ ਨੇ ਸਾਨੂੰ 28 ਫਰਵਰੀ 2001 ਨੂੰ ਬੁਰਜ ਸਾਹਿਬ ਧਾਰੀਵਾਲ ਪਹੁੰਚਣ ਲਈ ਕਿਹਾ ਕਿਉਕਿ ਓਥੇ ਉਹ ਕਾਨਫ੍ਰੰਸ ਕਰਨ ਜਾ ਰਹੇ ਸਨ।
ਬੁਰਜ ਸਾਹਿਬ ਜਦੋਂ ਸੰਗਤਾਂ ਨਾਲ ਇਹ ਗਲ ਕੀਤੀ ਤੇ ਸੰਗਤਾਂ ਦਾ ਉਲਾਰ ਵੇਖਕੇ ਵਡਾਲਾ ਸਾਹਿਬ ਤੇ ਸ. ਜਸਬੀਰ ਸਿੰਘ ਜਫਰਵਾਲ ਹੁਰਾਂ ਝੱਟ ਹਾਮੀ ਭਰ ਦਿਤੀ ਤੇ ਤਹਿ ਕਰ ਦਿਤਾ ਕਿ ਵਸਾਖੀ 2001 ਨੂੰ ਸਰਹੱਦ ਤੇ ਅਰਦਾਸ ਕੀਤੀ ਜਾਵੇਗੀ।
ਵਸਾਖੀ 2001 ਨੂੰ ਸੁੱਤੇ ਪਏ ਸਰਹੱਦੀ ਇਲਾਕੇ ਨੇ ਅਜਿਹੀ ਅੰਗੜਾਈ ਲਈ ਕਿ ਹੁਮ ਹੁਮਾ ਡੇਰਾ ਬਾਬਾ ਨਾਨਕ ਪਹੁੰਚ ਗਿਆ। ਸ. ਜਸਵਿੰਦਰ ਸਿੰਘ ਦੀ ਫੌਜ ਨੇ ਵੀ ਸਰਹੱਦ ਤੇ ਅਰਦਾਸ ਕੀਤੀ ਤੇ ਦੋ ਘੰਟੇ ਬਾਦ ਜਥੇਦਾਰ ਵਡਾਲਾ ਨੇ ਆਪ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਅਰਦਾਸ ਕੀਤੀ।
ਉਸ ਤੋਂ ਬਾਦ ਅਰਦਾਸਾਂ ਦਾ ਕੰਮ ਚਲ ਸੋ ਚਲ ਰਿਹਾ । ਵਡਾਲਾ ਸਾਹਿਬ ਹਰ ਮੱਸਿਆ ਤੇ ਦਰਜਨਾਂ ਗੱਡੀਆਂ (ਸਮੇਤ ਇਕ ਦੋ ਬੱਸਾਂ ਦੇ) ਸੰਗਤਾਂ ਲੈ ਕੇ ਅਰਦਾਸਾਂ ਕਰਦੇ ਰਹੇ। (2004 ਵਿਚ ਵਡਾਲਾ ਸਾਹਿਬ ਨੇ ਟਾਊਟਾਂ ਦੀਆਂ ਲਾਈਆਂ ਲੂਤੀਆਂ ਕਾਰਨ ਦਾਸਰੇ ਨੂੰ ਜਥੇ ਵਿਚੋਂ ਫਾਰਗ ਕਰ ਦਿਤਾ।) ਦਾਸਰੇ ਨੇ ਜਥੇ ਤੋਂ ਵੱਖ ਹੋਣ ਦੇ ਬਾਵਜੂਦ ਮਹਿਸੂਸ ਕੀਤਾ ਕਿ ਵਡਾਲਾ ਸਾਹਿਬ ਵਿਚ ਪੁਰਾਤਨ ਸੂਰਬੀਰ ਅਕਾਲੀਆਂ ਵਾਲੇ ਸਾਰੇ ਗੁਣ ਹਾਜਰ ਨੇ। ਇਨਾਂ ਦੇ ਵਡੇਰਿਆਂ ਨੇ ਜੈਤੋ ਦੇ ਮੋਰਚੇ ਵਿਚ ਕੁਰਬਾਨੀਆਂ ਵੀ ਦਿਤੀਆਂ ਸਨ।
ਲਾਂਘੇ ਦੀ ਮੰਗ ਪੰਜਾਬ ਦੀ ਵੱਡੀ ਲਹਿਰ ਬਣ ਗਈ। ਪਾਕਿਸਤਾਨ ਸਰਕਾਰ ਨੇ ਬਾਰ ਬਾਰ ਲਾਂਘਾ ਖੋਲਣ ਦੀ ਹਾਮੀ ਭਰੀ। ਪੰਜਾਬ ਅਸੈਬਲੀ ਨੇ ਵੀ ਮਤਾ ਪਾਸ ਕਰ ਦਿਤਾ। ਯੂ ਐਨ ਓ ਦਾ ਮੈਂਬਰ ਜਾਨ ਮੈਕਡੋਨਲਡ ਵੀ ਆ ਕੇ ਮੌਕਾ ਵੇਖ ਗਿਆ।
ਪਰ 5 ਜੂਨ 2018 ਨੂੰ ਅਣਹੋਣੀ ਵਾਪਰ ਗਈ। ਲਾਂਘੇ ਦੇ ਅੰਦੋਲਨ ਦਾ ਸੂਰਬੀਰ ਜੋਧਾ ਹੋਣੀ ਨੇ ਸਾਡੇ ਕੋਲੋਂ ਖੋਹ ਲਿਆ। ਪੂਰਾ ਪੰਜਾਬ ਜਥੇਦਾਰ ਵਡਾਲੇ ਦੇ ਚਲਾਣੇ ਦਾ ਸੋਗ ਮਨਾ ਰਿਹਾ ਹੈ। ਵਾਹਿਗੁਰੂ ਨੇ ਅਵੱਸ਼ ਹੀ ਓਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦਿਤਾ ਹੋਵੇਗਾ। ਇਹੋ ਜਿਹੀਆਂ ਧਰਮੀ ਰੂਹਾਂ ਕਦੀ ਕਦਾਈ ਹੀ ਧਰਤੀ ਤੇ ਆਉਦੀਆਂ ਹਨ।
ਵਡਾਲਾ ਸਾਹਿਬ ਚਲੇ ਗਏ ਨੇ ਪਰ ਓਨਾਂ ਦੀ ਯਾਦ ਸਾਨੂੰ ਸਦਾ ਵਾਸਤੇ ਪ੍ਰੇਰਨਾਂ ਦਿੰਦੀ ਰਹੇਗੀ ਕਿ 'ਸਿੰਘੋ ਓਨਾਂ ਚਿਰ ਰੁਕਣਾ ਨਹੀ ਜਿੰਨਾ ਚਿਰ ਕਰਤਾਰਪੁਰ ਸਾਹਿਬ ਖੁੱਲ ਨਹੀ ਜਾਂਦਾ।' ਨਾਲ ਹੀ ਸਾਨੂੰ ਆਪਣੇ ਕਰਨ-ਕਾਰਣ ਸਮੱਰਥ ਨਿਰੰਕਾਰੀ ਗੁਰੂ ਤੇ ਪੂਰਨ ਭਰੋਸਾ ਹੈ। ਕਾਰਜ ਉਸਦਾ ਹੈ ਪਤਾ ਨਹੀ ਉਸ ਨੇ ਕਿਸ ਦੇ ਸਿਰ ਕਾਮਯਾਬੀ ਦਾ ਸਿਹਰਾ ਬੰਨਣਾ ਹੈ। ਇਹ ਉਸਦੀ ਮੌਜ ਹੈ। ਅਸੀ ਸਾਰੇ ਜਥੇ ਬੱਸ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜਥਿਆਂ ਨੂੰ ਤਾਕਤ ਬਖਸ਼ੇ ਤੇ ਲਹਿਰ ਹੋਰ ਵੀ ਤਾਕਤ ਨਾਲ ਉਠੇ।
ਸਾਡੇ ਮਹਿਬੂਬ ਲੀਡਰ ਵਡਾਲਾ ਸਾਹਿਬ ਦੇ ਚਲਾਣੇ ਤੇ ਅਖਬਾਰਾਂ ਵਿਚ ਜੋ ਖਬਰਾਂ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਦਸਤਾਵੇਜ ਬਣਿਆ ਰਹੇ। ਜੇ ਕੋਈ ਖਬਰ ਰਹਿ ਗਈ ਹੋਵੇ ਤਾਂ ਭੇਜ ਦੇਣਾ ਉਹ ਵੀ ਇਥੇ ਸ਼ਾਮਲ ਕਰ ਦਿਆਂਗੇ।
ਦਾਸਰਾ -ਬੀ.ਐਸ.ਗੁਰਾਇਆ ਫੋਨ (ਵੱਟਜ਼ਐਪ 94170-64262)

 
























No comments:

Post a Comment