Saturday 3 March 2018

'ਕਾਰ ਸੇਵਾ' - ਡੇਰਾ ਬਾਬਾ ਨਾਨਕ ਦੀ ਇਤਹਾਸਿਕ ਇਮਾਰਤ ਵੀ ਲਗੇ ਜੇ ਢਾਹੁੰਣ

ALERTS! KARSEWA BABA TO DEMOLISH HISTORIC BUILDING

ਗੁਰਦਾਸਪੁਰ ਜਿਲੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਪਾਤਸ਼ਾਹ ਦੀ ਸਮਾਧ ਤੇ ਬਣੀ 210 ਸਾਲ ਪੁਰਾਣੀ ਇਤਹਾਸਿਕ ਇਮਾਰਤ ਨੂੰ ਢਾਹੁੰਣ ਵਾਸਤੇ ਸ਼ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬੇ ਨੂੰ 'ਠੇਕਾ' ਦੇ ਦਿਤਾ ਹੈ। ਪਤਾ ਲਗਾ ਹੈ ਮੇਲੇ ਤੋਂ ਬਾਦ ਭਾਵ 10 ਦਿਨਾਂ ਵਿਚ ਕਿਸੇ ਵੇਲੇ ਵੀ ਬਾਬੇ 'ਕਾਰ ਸੇਵਾ' ਕਰ ਦੇਣਗੇ।


ਖਾਲਸਾ ਪੰਥ ਦੇ ਪੜੇ ਲਿਖੇ ਤਬਕੇ ਵਿਚ ਅੱਜ ਕਾਰ ਸੇਵਾ ਬਾਬਿਆ ਖਿਲਾਫ ਰੋਹ ਹੈ ਕਿ ਇਹ ਲੋਕ ਇਤਹਾਸਿਕ ਯਾਦਗਾਰਾਂ ਤਬਾਹ ਕਰੀ ਜਾ ਰਹੇ ਹਨ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਵਿਖੇ ਮੌਜੂਦ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ ਸੀ, ਜਿਥੇ ਪਿਆਰੀਆਂ ਪਿਆਰੀਆਂ ਛੋਟੀ ਇੱਟ ਦੀਆਂ ਕੋਠੜੀਆਂ ਸਨ ਭਾਵ ਗੁਰੂ ਕੇ ਮਹਿਲ ਨੂੰ ਢਾਹ ਕੇ ਰੁੱਖਾ ਸੰਗ ਮਰਮਰੀ ਗੁਰਦੁਆਰਾ ਸਾਹਿਬ ਬਣਾ ਦਿਤਾ ਗਿਆ ਹੈ। ਜਿਸ ਦੀ ਉਹ ਖਿੱਚ ਨਹੀ ਰਹਿ ਗਈ ਜਿਹੜੀ ਪਹਿਲਾਂ ਸੀ। ਸਰਹਿੰਦ ਦਾ ਠੰਡਾ ਬੁਰਜ, ਚਮਕੌਰ ਦੀ ਕੱਚੀ ਗੜੀ, ਅਨੰਦਪੁਰ ਸਾਹਿਬ ਦੇ ਕਈ ਇਤਹਾਸਿਕ ਨਿਸ਼ਾਨ ਮਿਟਾ ਦਿਤੇ ਗਏ ਹਨ।

ਇਹ ਅਨਪੜ੍ਹ ਕਾਰ ਸੇਵਾ ਬਾਬੇ ਜਿੰਨਾਂ ਨੂੰ ਇਮਾਰਤ ਦੀ ਪੁਰਾਤਤਵ ਅਹਿਮੀਅਤ ਦੀ ਕਦਰ ਨਹੀ ਹੁੰਦੀ ਅਕਸਰ ਹੀ ਹਾਸੋ ਹੀਣੇ ਕੰਮ ਵੀ ਕਰ ਜਾਂਦੇ ਹਨ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਦੇ ਨੇੜੇ ਹੀ ਪਿੰਡ ਬਾਸਰਕੇ ਗਿੱਲਾਂ ਵਿਚ ਸੰਨ੍ਹ ਸਾਹਿਬ ਗੁਰਦੁਆਰਾ ਹੈ। ਇਥੇ ਬਾਬਾ ਬੁੱਢਾ ਜਿਹੇ ਗੁਰਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਦੀ ਕੰਧ ਵਿਚ ਸੰਨ੍ਹ (ਮੋਰੀ) ਲਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ। ਉਹ ਸੰਨ੍ਹ  ਵਾਲੀ ਕੰਧ ਅੱਜ ਤੋਂ 70-80 ਸਾਲ ਤਕ ਮੌਜੂਦ ਰਹੀ।

ਕਿਉਕਿ ਪੁਰਾਣੀਆਂ ਇਮਾਰਤਾਂ ਗਰੀਬੀ ਦਾਵੇ ਵਾਲੀਆਂ ਹੁੰਦੀਆਂ ਸਨ। ਬਾਬਿਆਂ ਨੇ ਮੂਲ ਇਮਾਰਤ ਢਾਹ ਕੇ ਕੰਧ ਵਿਚ ਇਕ ਸੰਗਮਰਮਰੀ ਸਲੈਬ ਲਾ ਦਿਤੀ। ਜਿਸ ਵਿਚ ਮੋਰੀ ਕੱਢ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਹੋਈ ਸੋਨੇ ਦੀ ਪਾਲਕੀ।
ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਹੋਈ ਸੋਨੇ ਦੀ ਪਾਲਕੀ।
ਸੁਲਤਾਨਪੁਰ ਲੋਧੀ ਦੇ ਇਤਹਾਸਿਕ ਅਸਥਾਨ ਢਾਹ ਕੇ ਸੰਗਮਰਮਰੀ ਕਰ ਦਿਤੇ ਗਏ ਹਨ। ਉਹ ਮਸੀਤ ਜਿਥੇ ਗੁਰੂ ਨਾਨਕ ਨੇ ਨਮਾਜ ਪੜੀ ਸੀ ਦੀ ਕਾਰ ਸੇਵਾ ਵੀ ਕਰ ਦਿਤੀ ਗਈ ਹੈ ਤੇ ਮਸੀਤ ਦਾ ਨਾਮੋ ਨਿਸ਼ਾਨ ਮਿਟਾ ਕੇ ਗੁਰਦੁਆਰਾ ਬਣਾ ਦਿਤਾ ਗਿਆ। ਪੂਰਾ ਸਿਧਾਂਤ ਹੀ ਮਲੀਆਮੇਟ ਕਰ ਦਿਤਾ ਗਿਆ ਹੈ। ਓਥੇ ਸਿਰਫ ਮਸੀਤ ਦੀ ਪਰਸੰਗਕਤਾ ਸੀ।

ਬੇਬੇ ਨਾਨਕੀ ਦਾ ਘਰ ਢਾਹ ਕੇ ਤਿੰਨ ਮੰਜਲੀ ਇਮਾਰਤ ਬਣਾ ਦਿਤੀ ਗਈ ਹੈ।
1994 ਵਿਚ ਅੰਮ੍ਰਿਤਸਰ ਦੇ ਲੋਹ ਗੜ੍ਹ ਕਿਲ੍ਹੇ ਦੀ ਚੌੜੀ ਦੀਵਾਰ ਢਾਹ ਦਿਤੀ ਗਈ ਹੈ। ਕਿਲ੍ਹੇ ਨੂੰ ਢਾਹੁੰਣ ਦੇ ਮਸਲੇ ਤੇ ਗੁਰਸਿੱਖ ਕਾਰ-ਸੇਵਾ ਨਿਜ਼ਾਮ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਵੇਖ ਰਹੇ ਹਨ ਕਿਉਕਿ ਕੰਧ ਨੂੰ ਢਾਹੁੰਣ ਦੀ ਕੋਈ ਤੁੱਕ ਨਹੀ ਬਣਦੀ ।

ਪਤਾ ਨਹੀ ਸਚਾਈ ਕੀ ਹੈ ਪਰ ਕਈ ਲੋਕ ਇਲਜਾਮ ਵੀ ਲਾਉਦੇ ਹਨ ਕਿ ਅਕਸਰ ਕਾਰ-ਸੇਵਾ, ਸੇਵਾ ਨਾਂ ਹੋ ਕੇ ਅਸਲ ਵਿਚ 'ਗੜਬੜ ਘੋਟਾਲਾ' ਹੈ। ਲੋਕ ਤਾਂ ਇਮਾਰਤ ਬਣਵਾਉਣ ਲਈ ਠੇਕੇਦਾਰ ਨੂੰ ਪੈਸਾ ਦਿੰਦੇ ਹਨ ਪਰ ਕਾਰ ਸੇਵਾ ਵੇਲੇ ਕੰਮ ਉਲਟਾ ਹੁੰਦਾ ਹੈ। ਕਾਰ-ਸੇਵਾ ਬਾਬੇ ਉਲਟਾ ਅਕਾਲੀ ਲੀਡਰਾਂ ਨੂੰ ਥੈਲੀ ਭੇਟ ਕਰਦੇ ਹਨ। ਥੈਲੀ ਦਾ ਵਜਨ ਇਮਾਰਤ ਦੀ ਅਹਿਮੀਅਤ ਤੇ ਨਿਰਭਰ ਕਰਦਾ ਹੈ।  ਇਲਜਾਮ ਜਾਂ ਅਫਵਾਹ ਹੈ ਕਿ  ਸੁਣਿਐ ਹੈ ਕਿ ਇਹ ਕ੍ਰੋੜਾਂ ਅਰਬਾਂ ਵਿਚ ਹੁੰਦਾ ਹੈ। ਕਮੇਟੀ ਦੇ ਖਾਤੇ ਵਿਚੋਂ ਸਿੱਧਾ ਗਬਨ ਕਰਨਾਂ ਸੌਖਾ ਨਹੀ ਹੁੰਦਾ। ਕਮੇਟੀ ਦੇ ਖਾਤੇ ਦਾ ਸਰਕਾਰ ਆਡਿਟ ਕਰਵਾਉਦੀ ਹੈ। ਕਈ ਵਾਰੀ ਕਮੇਟੀ ਫਿਰ ਕਾਰ ਸੇਵਾ ਬਾਬੇ ਨੂੰ ਸਿੱਧਾ ਗੁਰਦੁਆਰੇ ਦਾ ਪ੍ਰਬੰਧ ਹੀ ਸੌਪ ਦਿੰਦੀ ਹੈ।
ਬਾਬੇ ਫਿਰ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਕੋਲੋ ਉਗਰਾਹੀ ਤੇ ਨਿਕਲ ਤੁਰਦੇ ਹਨ।
ਬਾਬਿਆਂ ਤੇ ਇਹ ਵੀ ਇਲਜਾਮ ਲਗਦਾ ਹੈ ਕਿ ਇਹ ਸੇਵਾ ਵਿਚ ਲਗੀਆਂ ਸੰਗਤਾਂ ਨੂੰ ਚਾਹ ਨਾਲ ਅਫੀਮ ਜਾਂ ਹੋਰ ਨਸ਼ੀਲੀਆਂ ਚੀਜਾਂ ਵਸਤੂਆਂ ਵੀ ਦਿੰਦੇ ਹਨ ਤਾਂ ਕਿ ਅਗਲਾ ਪੂਰੇ ਜੋਰ ਨਾਲ ਕੰਮ ਕਰੇ।


ਉਂਜ ਕਾਰ ਸੇਵਾ ਦਾ ਸਿਧਾਂਤ ਹੈ ਤਾਂ ਬਹੁਤ ਵਧੀਆ ਹੈ ਜੇ ਕਾਰ ਸੇਵਾ ਪੁਰਾਤਨਤਾ ਨੂੰ ਬਚਾਉਣ ਲਈ ਹੋਵੇ, ਨਾਂ ਕਿ ਇਮਾਰਤ ਢਾਹ ਕੇ ਨਵੀ ਬਣਾਉਣ ਲਈ


ਡੇਰਾ ਬਾਬਾ ਨਾਨਕ ਵਾਲੀ ਇਮਾਰਤ ਦਾ ਇਤਹਾਸ
ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਬਾਅਦ ਪਵਿਤ੍ਰ ਸਰੀਰ ਬਾਬਤ ਹਿੰਦੂ ਮੁਸਲਮਾਨਾਂ ਵਿਚ ਝਗੜਾ ਹੋ ਗਿਆ ਸੀ। ਕਿਉਕਿ ਉਨਾਂ ਦੇ ਮੁਸਲਮਾਨ ਸ਼ਰਧਾਲੂ ਉਨਾਂ ਨੂੰ ਮੁਸਲਮਾਨ ਸਮਝਦੇ ਸਨ ਜਦੋਂ ਕਿ ਬੇਦੀ ਪ੍ਰਵਾਰ ਉਨਾਂ ਨੂੰ ਹਿੰਦੂ ਸਮਝਦਾ ਸੀ।
ਓਦੋਂ ਫਿਰ ਚਾਦਰ ਨੂੰ ਹੀ ਦੋ ਹਿੱਸਿਆਂ ਵਿਚ ਪਾੜਿਆ ਗਿਆ। ਮੁਸਲਮਾਨਾਂ ਨੇ ਚਾਦਰ ਦਫਨਾਅ ਦਿਤੀ ਜਿਸ ਕਰਕੇ ਕਰਤਾਰਪੁਰ (ਪਾਕਿਸਤਾਨ) ਵਿਚ ਗੁਰੂ ਨਾਨਕ ਦੀ ਕਬਰ ਮੌਜੂਦ ਹੈ। ਹਿੰਦੂਆਂ ਨੇ ਚਾਦਰ ਦਾ ਸਸਕਾਰ ਕੀਤਾ ਤੇ ਕਰਤਾਰਪੁਰ ਵਿਖੇ ਸਮਾਧ ਬਣਾ ਦਿਤੀ।

ਪਰ 1546 ਈ. ਵਿਚ ਰਾਵੀ ਦੇ ਹੜ ਨੇ ਦੋਵੇ ਰੋੜ ਦਿਤੀਆਂ ਤੇ ਬੇਦੀਆਂ ਫਿਰ  ਚਾਦਰ ਦੀ ਭਸਮ ਰਾਵੀ ਤੋਂ ਉਰਾਰ  ਲਿਆ ਦੱਬੀ। ਇਥੇ ਹੀ ਫਿਰ ਦਰਬਾਰ ਸਾਹਿਬ ਗੁਰਦੁਆਰਾ, ਡੇਰਾ ਬਾਬਾ ਨਾਨਕ ਹੋਂਦ ਵਿਚ ਆਇਆ ਜਿਸ ਦੀ ਗਲ ਚਲ ਰਹੀ ਹੈ।
ਇਮਾਰਤ ਦਾ ਇਤਹਾਸ -  ਬੇਦੀਆਂ ਦੇ ਕਹਿਣ ਤੇ ਇਸ ਖੂਬਸੂਰਤ ਤੇ ਮਜਬੂਤ ਪਵਿਤ੍ਰ ਅਸਥਾਨ ਦੀ ਉਸਾਰੀ ਮਹਾਰਾਜਾ ਚੰਦੂ ਲਾਲ ਹੈਦਰਾਬਾਦੀਏ (ਜਨਮ 1766, ਮੌਤ 15 ਅਪਰੈਲ 1845) ਦੇ ਚਾਚਾ ਨਾਨਕ ਚੰਦ ਨੇ 1744 ਈ ਤੋਂ 1761 ਤਕ ਨੇ ਕਰਵਾਈ। ਯਾਦ ਰਹੇ ਦੀਵਾਨ ਚੰਦੂ ਲਾਲ ਨਿਜਾਮ ਹੈਦਰਾਬਾਦ ਵਿਚ ਪ੍ਰਧਾਨ ਮੰਤਰੀ ਸੀ। ਚੰਦੂ ਲਾਲ ਅਕਬਰ ਦੇ ਰਾਜਾ ਟੋਡਰ ਮਲ ਦੀ ਅੰਸ ਵਿਚੋਂ ਹੋਇਆ ਹੈ। ਰਾਜਾ ਟੋਡਰ ਮਲ ਦੀ ਹਿੰਦੁਸਤਾਨ ਦੇ ਮਾਲੀਏ ਤੇ ਜਮੀਨੀ ਨਿਜਾਮ ਬਾਬਤ ਵੱਡੀ ਦੇਣ ਹੈ। ਇਹ ਪ੍ਰਵਾਰ ਯੂ ਪੀ ਦੇ ਬਰੇਲੀ ਸ਼ਹਿਰ ਜਾ ਵਸਿਆ ਸੀ ਤੇ ਬਾਦ ਵਿਚ ਹੈਦਰਾਬਾਦ ਚਲੇ ਗਏ।

ਮਹਾਰਾਜਾ ਚੰਦੂ ਲਾਲ ਦੀ ਸੇਵਾ ਉਪਰੰਤ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਉਨਾਂ ਦੇ ਜਰਨੈਲ ਸੁੱਧ ਸਿੰਘ ਨੇ ਅੰਤਮ ਅਸਥਾਨ ਤੇ  ਸੁਨਿਹਰੀ ਪਾਲਕੀ ਬਣਵਾ ਦਿਤੀ ਜੋ ਇਤਹਾਸਿਕ ਪਾਲਕੀਆਂ ਵਿਚੋਂ ਸਭ ਤੋਂ ਖੂਬਸੂਰਤ ਹੈ।
(ਧਿਆਨ ਰਹੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਮੌਜੂਦਾ ਇਮਾਰਤ ਲਾਲਾ ਸ਼ਾਮ ਦਾਸ (ਸਿੰਧੀ) ਨੇ ਬਣਵਾਈ ਸੀ ਤੇ ਜਿਸ ਦੀ ਮੁਰੰਮਤ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ 1930 ਦੇ ਲਗਪਗ ਕਰਵਾਈ ਸੀ)

ਦੀਵਾਨ ਚੰਦੂ ਲਾਲ ਦੀ ਪੇਟਿੰਗ ਜੋ ਨਿਊ ਯਾਰਕ ਦੇ ਅਜਾਇਬ ਘਰ ਵਿਚ ਲੱਗੀ ਹੋਈ ਹੈ।
ਢਾਹੁੰਣ ਬਾਬਤ ਕਮੇਟੀ ਕੀ ਦਲੀਲ ਦਿੰਦੀ ਹੈ।
ਕਮੇਟੀ ਦਾ ਕਹਿਣਾ ਹੈ ਕਿ ਇਮਾਰਤ ਦੀ ਛੱਤ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਥਾਂ ਥਾਂ ਤੋਂ ਚੋਂਦੀ ਹੈ।
ਕੀ ਸ਼੍ਰੋਮਣੀ ਕਮੇਟੀ ਦੱਸੇਗੀ ਕਿ ਕਿਹੜੇ ਕਨਜ਼ਰਵੇਸ਼ਨ ਮਾਹਿਰ ਨੇ ਰਾਇ ਦਿਤੀ ਹੈ ਕਿ ਇਮਾਰਤ ਢਾਹ ਦਿਤੀ ਜਾਏ?
ਢਾਹੁੰਣ ਬਾਬਤ ਕਮੇਟੀ ਕੀ ਦਲੀਲ ਦਿੰਦੀ ਹੈ।
ਕਮੇਟੀ ਦਾ ਕਹਿਣਾ ਹੈ ਕਿ ਇਮਾਰਤ ਦੀ ਛੱਤ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਥਾਂ ਥਾਂ ਤੋਂ ਚੋਂਦੀ ਹੈ।
ਕਿਓ ਚੋ ਰਹੀ ਹੈ ਛੱਤ -

 ਇਹ ਵੀ ਕਾਰ ਸੇਵਾ ਵਾਲਿਆਂ ਦੀ ਬੇਵਕੂਫੀ ਕਰਕੇ ਚੋ ਰਹੀ ਹੈ। ਹੋਇਆ ਕੀ ਕਿ ਦੀਵਾਨ ਚੰਦੂ ਲਾਲ ਵਾਲੀ ਮੂਲ ਇਮਾਰਤ ਛੋਟੀ ਸੀ ਜਿਸ ਕਰਕੇ 1970 ਵੇਂ ਦਹਾਕੇ ਵਿਚ ਮੂਲ ਇਮਾਰਤ ਨੂੰ ਚੜ੍ਹਦੇ ਪਾਸੇ ਵਲ ਵਧਾ ਦਿਤਾ ਗਿਆ ਤੇ ਨਾਲ ਹੀ ਚੜ੍ਹਦੇ ਵਲ ਮੌਜੂਦ ਸਰਜੀ ਦੇ ਇਤਹਾਸਿਕ ਖੂਹ ਨੂੰ ਵੀ ਇਮਾਰਤ ਦੀ ਛੱਤ ਹੇਠਾਂ ਲੈ ਆਦਾ ਗਿਆ। ਪਹਿਲਾਂ ਖੂਹ ਵੱਖਰਾ ਸੀ ਤੇ ਵਗਦਾ ਸੀ। ਇਸ ਨਾਲ ਖੂਹ ਦੀ ਸੰਭਾਲ (ਕੰਨਜਰਵੇਸ਼ਨ) ਤਾਂ ਹੋ ਗਈ।
ਦੋਹਾਂ ਛੱਤਾਂ ਦਾ ਜਿਥੇ ਜੋੜ ਸੀ ਬਸ ਓਥੋਂ ਇਹ ਛੱਤ ਚੋ ਰਹੀ ਹੈ ਜਿਸ ਨੂੰ ਅਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਭਾਵ ਜਾਂ ਤਾਂ ਜੋੜ ਵਿਚ ਵਧੀਆ ਮਸਾਲਾ ਲਾਇਆ ਜਾਏ ਜਾਂ ਫਿਰ ਦੋਹਾਂ ਛੱਤਾਂ ਉਤੇ ਨਵਾਂ ਲੈਂਟਰ ਪਾ ਦਿਤਾ ਜਾਵੇ। ਬਿਹਤਰ ਹੈ ਕਿਸੇ ਕੰਨਜਰਵੇਸ਼ਨ ਮਾਹਿਰ ਦੀਆਂ ਸੇਵਾਵਾਂ ਲਈਆਂ ਜਾਣ।
ਕਾਰ ਸੇਵਾ ਦੇ ਵਿਰੋਧੀਆਂ ਦਾ ਕੀ ਕਹਿਣਾ ਹੈ?
ਇਸ ਬੇਹੱਦ ਮਜਬੂਤ ਇਮਾਰਤ ਵਿਚ ਕਿੱਤੇ ਵੀ ਕੋਈ ਤ੍ਰੇੜ ਆਦਿ ਨਹੀ ਹੈ। ਕੰਧਾਂ ਖੂਬ ਚੌੜੀਆਂ ਹਨ ਤੇ ਪੂਰੀ ਤਰਾਂ ਕਾਇਮ ਹਨ। ਸੁਰੱਖਿਆ ਬਾਰੇ ਜਰਾ ਜਿੰਨਾ ਵੀ ਕੋਈ ਖਤਰਾ ਨਹੀ ਹੈ।
ਵਿਰੋਧੀਆਂ ਦਾ ਕਹਿਣਾ ਹੈ ਕਿ ਲੀਕਏਜ ਅਸਾਨੀ ਨਾਲ ਬੰਦ ਕੀਤੀ ਜਾ ਸਕਦੀ ਹੈ। ਅਜ ਤਾਂ ਬਹੁਤ ਵਧੀਆ ਮਸਾਲੇ ਆ ਚੁੱਕੇ ਹਨ। ਫਿਰ ਵੀ ਜੇ ਦਿੱਕਤ ਹੋਵੇ ਤਾਂ ਛੱਤ ਬਦਲੀ ਜਾ ਸਕਦੀ ਹੈ।

ਅੰਤ ਵਿਚ ਅਸੀ ਕਾਰ ਸੇਵਾ ਬਾਬੇ ਤੇ ਕਮੇਟੀ ਨੂੰ ਇਹੋ ਬੇਨਤੀ ਕਰਾਂਗੇ ਕਿ ਪੁਰਾਤਤਵ ਦੇ ਨਜਰੀਏ ਤੋਂ ਜਰੂਰੀ ਹੈ ਕਿ ਇਮਾਰਤ ਨੂੰ ਸਾਂਭ ਲਿਆ ਜਾਵੇ। ਨਾਲੇ ਉਂਜ ਵੀ 2-2 ਫੁਟ ਚੌੜੀਆਂ ਕੰਧਾਂ ਵਾਲੀ ਇਮਾਰਤ ਮਜਬੂਤ ਹੈ। ਪੁਰਾਤਨਤਾ ਦੇ ਨਜਰੀਏ ਤੋਂ ਵੇਖੀਏ ਤਾਂ ਲੀਕਏਜ ਬੰਦ ਕਰ ਦੇਣਾ ਹੀ ਸਹੀ ਕੰਮ ਹੋਵੇਗਾ।  ਜੇ ਲੀਕਏਜ ਬੰਦ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਇਮਾਰਤ ਦੀ ਛੱਤ ਬਦਲ ਦਿਤੀ ਜਾਵੇ। ਕਾਰ ਸੇਵਾ ਦੀ ਕਾਰਵਾਈ ਕਿਸੇ ਵੀ ਤਰਾਂ ਜਾਇਜ ਨਹੀ ਬਣਦੀ।
ਸ਼੍ਰੋਮਣੀ ਕਮੇਟੀ ਦਾ ਝੂਠ- ਕਮੇਟੀ ਦੇ ਅਹੁਦੇਦਾਰ ਝੂਠ ਬਿਆਨੀ ਕਰ ਰਹੇ ਹਨ ਕਿ ਇਮਾਰਤ 1970 ਵੇ ਦਹਾਕੇ ਵਿਚ ਉਸਾਰੀ ਗਈ ਸੀ। ਸਚਾਈ ਇਹ ਹੈ ਉਸ ਵੇਲੇ ਇਮਾਰਤ ਚੜ੍ਹਦੇ ਨੂੰ ਵਧਾਈ ਗਈ ਸੀ। ਭਾਈ ਕਾਨ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਦੀਆਂ ਕਿਤਾਬਾਂ ਝੂਠ ਬੇਪੜ੍ਹਦ ਕਰਦੀਆ ਹਨ।) 
From the book of Giani Gian Singh (1816-1921 AD)

Entry of DBN Gurdwara in Bhai Kahn Singh
Nabha's Mahan Kosh year 1930 AD

ਸ਼ੁਰੂ ਵਿਚ ਜਦੋਂ ਅਸੀ ਕਾਰ ਸੇਵਾ ਖਿਲਾਫ ਵਿਰੋਧ ਜਿਤਾਉਣ ਖਾਤਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਨਾਲ ਗਲ ਕੀਤੀ ਤਾਂ ਉਹਨਾਂ ਤਾਂ ਸਾਡੇ ਪੈਰਾਂ ਥੱਲਿਓ ਜਮੀਨ ਹੀ ਕੱਢ ਦਿਤੀ। ਕਹਿਣ ਲੱਗੇ ਜੀ ਕਿਹੜੀ ਇਤਹਾਸਿਕ ਇਮਾਰਤ ਇਹ ਤਾਂ 1973 ਵਿਚ ਬਣੀ ਹੈ। ਕਿਉਕਿ ਖੁੱਦ ਦਰਬਾਰ ਸਾਹਿਬ ਵਿਖੇ ਇਕ ਕਿਤਾਬਚਾ ਮਿਲਦਾ ਹੁੰਦਾ ਸੀ ਜਿਸ ਵਿਚ ਇਮਾਰਤ ਦਾ ਇਤਹਾਸ ਵੀ ਦਰਜ ਹੁੰਦਾ ਸੀ ਘਰ ਆ ਕੇ ਅਸੀ ਉਹ ਲੱਭਣਾ ਸ਼ੁਰੂ ਕੀਤਾ। ਕਿਤਾਬਚਾ ਤਾਂ ਨਾਂ ਮਿਲਿਆ ਪਰ ਗਿਆਨੀ ਗਿਆਨ ਸਿੰਘ ਦੀ 1895 ਵਿਚ ਲਿਖੀ ਗੁਰਧਾਮ ਸੰਗ੍ਰਹਿ ਮਿਲ ਗਈ। ਜਿਸ ਵਿਚ ਗਿਆਨੀ ਜੀ ਨੇ ਇਸ ਪਵਿਤ੍ਰ ਅਸਥਾਨ ਬਾਬਤ ਵਿਸਥਾਰ ਨਾਲ ਲਿਖਿਆ ਹੈ। ਖੁਸ਼ਕਿਸਮਤੀ ਕਿ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਇਸ ਅਸਥਾਂਨ ਦੀ ਇਹ ਫੋਟੋ ਵੀ ਛਪੀ ਹੋਈ ਮਿਲ ਗਈ। ਮੈਨੇਜਰ ਸਾਹਿਬ ਦਾ ਝੂਠ ਨੰਗਾ ਹੋ ਗਿਆ। ਵਾਹਿਗੁਰੂ ਸੁਮੱਤ ਬਖਸ਼ੇ।


Photo of DBN Gurdwara in Bhai Kahn Singh
Nabha's Mahan Kosh year 1930 ADDurbar sahib High resolution


ਗੁਰੂ ਗ੍ਰੰਥ ਸਾਹਿਬ ਅਸਥਾਨ ਜਾਂ ਥੜਾ ਸਾਹਿਬ। ਦਰਬਾਰ ਸਾਹਿਬ ਦੀ ਚੜ੍ਹਦੇ-ਪਹਾੜ ਦੀ ਬਾਹੀ-ਇਥੇ ਪੰਚਮ ਪਾਤਸ਼ਾਹ ਬੈਠੇ ਸਨ ਜਦੋ ਓਨਾਂ ਨੂੰ ਕੁਝ ਗੁਰਸਿੱਖਾਂ ਸ਼ਕਾਇਤ ਕੀਤੀ ਕਿ ਮੀਣੇ ਗੁਰਬਾਣੀ ਵਿਚ ਮਿਲਾਵਟ ਕਰ ਰਹੇ ਹਨ। ਗੁਰੂ ਸਾਹਿਬ ਨੇ ਤਹਿ ਕੀਤਾ ਕਿ ਗੁਰਬਾਣੀ ਇਕੱਤਰ ਕਰਕੇ ਇਕ ਹੀ ਜਿਲਦ ਬਣਾ ਦਿਤੀ ਜਾਵੇ। ਜਿਸ ਤੇ ਬਾਦ ਵਿਚ ਗੁਰੂ ਗ੍ਰੰਥ ਸਾਹਿਬ ਬਣਦਾ ਹੈ।ਦਰਬਾਰ ਸਾਹਿਬ ਦੇ ਗੇਟ ਤੇ ਲਿਖਿਆ ਹੋਇਆ ਗੁਰਧਾਮ ਦਾ ਇਤਹਾਸ


1 comment:

  1. Kar Seva sambhalan di hove na ki Dhaon di, eh babe hamesha dhaonde ne, kisse di nahi Mande, na hi ena kole design za architecture professional hunda hae. Ena nu Duko. ‘Save Historical Sikh places not demolish them’

    ReplyDelete