Tuesday 6 February 2018

ਜਿਆਦਾ ਜਨਤਾ ਕਿੰਨੇ ਮਾਰੀ: ਹਿਟਲਰ ਸਟਾਲਿਨ ਜਾਂ ਮਾਓ ?

http://www.nybooks.com/daily/2018/02/05/who-killed-more-hitler-stalin-or-mao/

ਸਾਡੇ ਕਾਮਰੇਡ ਵੀਰ ਅਕਸਰ ਕਟਾਖ ਕਰ ਦਿੰਦੇ ਨੇ ਕਿ ਧਰਮ ਦੇ ਨਾਂ ਕਤਲਾਮ ਹੋਏ, ਅਖੇ ਵੇਖੋ ਧਰਮ ਦੇ ਨਾਂ ਤੇ 1947 ਵਿਚ ਹਿੰਦੁਸਤਾਨ ਵੰਡਿਆ ਗਿਆ; ਹਿਜਰਤ ਹੋਈ, ਤਕਰੀਬਨ 10 ਲੱਖ ਬੰਦਾ ਮਰਿਆ,  ਕ੍ਰੋੜ ਘਰੋਂ ਬੇਘਰ ਹੋਇਆ। ਦਲੀਲ ਦਮਦਾਰ ਲਗਦੀ ਹੈ ਜਿੰਨਾਂ ਚਿਰ ਤਕ ਤੁਸੀ ਅਜਿਹੀਆਂ ਤਰਾਸਦੀਆਂ ਪਿਛੇ ਚਲ ਰਹੀਆਂ ਰਾਜਨੀਤਕ ਸਾਜਿਸ਼ਾਂ ਨਹੀ ਵੇਖਦੇ। ਆਪਣੇ ਆਪ ਨੂੰ ਤਰੱਕੀਸ਼ੀਲ ਅਤੇ ਤਰਕਸ਼ੀਲ ਕਹਿਣ ਵਾਲੇ ਕਾਮਰੇਡਾਂ ਦਾ ਕਸੂਰ ਨਹੀ ਹੁੰਦਾ ਕਿਉਕਿ ਵਿਚਾਰਿਆਂ ਨੂੰ ਜੋ ਦੱਸਿਆ ਜਾਂਦਾ ਹੈ ਅਗਲਿਆਂ ਓਹੋ ਪ੍ਰਚਾਰ ਕਰਨਾਂ ਹੈ ਤੇ ਕਮਿਊਨਿਸਟ ਨਿਜਾਮ ਪ੍ਰਾਪੇਗੰਡਾ ਦਾ ਮਾਹਿਰ ਗਿਣਿਆ ਗਿਆ ਹੈ। ਰੂਸ ਵਿਚ ਇਨਕਲਾਬ ਦੀ ਚਿਰੋਕਣੀ ਫੂਕ ਨਿਕਲ ਚੁੱਕੀ ਹੈ ਤੇ ਬਹੁਤ ਕੁਝ ਨੰਗਾ ਹੋ ਚੁੱਕਾ ਹੈ ਤੇ ਹੋ ਰਿਹਾ ਹੈ। ਹਿਟਲਰ, ਸਟਾਲਿਨ ਤੇ ਮਾਓ ਹੁਰਾਂ ਨੇ ਕੌਮੀ ਲੜਾਈਆਂ ਲੜੀਆਂ ਲੱਖਾਂ ਤੇ ਸ਼ਾਇਦ ਕਰੋੜਾਂ ਫੌਜੀ ਮਰੇ। ਪੜ੍ਹਕੇ ਇਨਾਂ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਹਨ ਕਿ ਧਾਰਮਿਕ ਕੱਟੜਪੰਥੀ ਕੌਮਾਂ ਦਾ ਜੋ ਨੁਕਸਾਨ ਕਰਦੇ ਹਨ ਉਹ ਕੱਟੜਵਾਦੀ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਦੇ ਮੁਕਾਬਲੇ ਆਟੇ ਵਿਚ ਲੂਣ ਵੀ ਨਹੀ ਹੁੰਦਾ। ਮਾਰਕਸੀ ਕੱਟੜਵਾਦੀਆਂ ਨੇ 50-60 ਸਾਲਾਂ ਵਿਚ ਮਨੁੱਖਤਾ ਦਾ ਜਿੰਨਾ ਘਾਣ ਕੀਤਾ ਹੈ ਉਹ ਧਰਮ ਦੇ ਹਜਾਰਾਂ ਸਾਲਾਂ ਦੇ ਕੱਟੜਪੰਥੀ  ਇਤਹਾਸ ਨੂੰ ਮਾਤ ਪਾਉਦਾ ਹੈ।

ਖੈਰ ਫੌਜੀਆਂ ਦੀ ਗਿਣਤੀ ਨੂੰ ਇਕ ਪਾਸੇ ਰੱਖ ਕੇ, ਜੋ ਆਮ ਜਨਤਾ ਇਨਾਂ ਕਰਕੇ ਮਰੀ ਉਸ ਬਾਰੇ ਨਿਊ ਯਾਰਕ ਅਖਬਾਰ ਨੇ ਇਕ ਬੁੱਕ ਰੀਵਿਊ ਵਿਚ ਅੰਕੜਿਆਂ ਬਾਰੇ ਵਿਚਾਰ ਕੀਤਾ ਹੈ। ਇਸ ਮੁਤਾਬਿਕ ਹਿਟਲਰ ਕਰਕੇ 115 ਲੱਖ ਆਮ ਜਨਤਾ ਮਰੀ ਜਦੋਂ ਕਿ ਸਟਾਲਿਨ ਦੀ ਨੀਤੀਆਂ ਕਰਕੇ 75 ਲੱਖ ਤੇ ਮਾਓ ਕਰਕੇ 435 ਲੱਖ ਜਨਤਾ ਮਰੀ। ਇਸ ਲਿੰਕ ਵਿਚ ਜੋ ਵਿਸਥਾਰ ਦਿਤਾ ਹੈ ਕਿ ਕਿਵੇ ਕ੍ਰੋੜਾਂ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿਤਾ ਗਿਆ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਹਨ।
 ਇਸ ਵਿਚ ਇਕ ਗਲ ਲਿਖੀ ਹੈ ਕਿ ਕਿਸਾਨਾਂ ਦੇ ਵਾਹੀ ਸੰਦ ਖੋਹ ਖੋਹ ਕੇ ਭੱਠੀਆਂ ਵਿਚ ਗਾਲ ਦਿਤੇ ਗਏ ਨੇ ਮੈਨੂੰ ਆਪਣੇ ਭਾਈਏ ਦੀ ਗਲ ਯਾਦ ਦਿਵਾ ਦਿਤੀ ਹੈ। 1960ਵਾਂ ਦਹਾਕਾ ਸੀ। ਘਰ ਵਿਚ ਆਈ ਮਾਇਕ ਮੁਸ਼ਕਲਾਂ ਦੇ ਮੱਦੇ ਨਜਰ ਸਾਡੇ ਭਾਈਏ ਨੇ ਗੰਨੇ ਪੀੜਨ ਵਾਲਾ ਚੰਗਾ ਭਲਾ ਵੇਲਣਾ ਰੱਦੀ ਵਾਲੇ ਕੋਲ ਵੇਚ ਦਿਤਾ। ਤੇ ਦੋ ਸਾਲ ਬਾਦ 5 ਗੁਣਾਂ ਮਹਿੰਗੇ ਭਾਅ ਤੇ ਵੇਲਣਾਂ ਖਰੀਦਣ ਲਈ ਮੇਰੀ ਪਿਆਰੀ ਮੱਝ ਵੇਚ ਦਿਤੀ ਸੀ। ਖੈਰ ਰੂਸੀ ਲੋਕ ਢੱਗੇ ਤੇ ਜ਼ਜ਼ਬਾਤੀ ਨੇ। ਝੱਟ ਤਖਤੇ ਪਲਟ ਦਿੰਦੇ ਨੇ। ਪਰ ਚੀਨ ਦੇ ਸਿਆਸਤਦਾਨ ਹੱਦ ਦਰਜੇ ਦੇ ਕਮੀਨੇ ਤੇ ਸਾਜਿਸ਼ੀ ਨੇ। ਰੂਸ ਵਿਚ ਜੋ ਹੋਇਆ ਉਸ ਤੋਂ ਪਹਿਲਾਂ ਹੀ ਉਨਾਂ ਅੰਦਾਜ਼ਾ ਲਾ ਲਿਆ ਸੀ ਕਿ ਕੀ ਹੋਣ ਵਾਲਾ ਹੈ। ਮਾਓ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਉਨਾਂ ਐਲਾਨ ਕਰ ਦਿਤਾ ਕਿ ਮਾਓ ਨੇ ਜੋ ਕੀਤਾ ਉਹ 70% ਠੀਕ ਸੀ ਪਰ 30% ਗਲਤ ਸੀ। ਓਨਾਂ ਝੱਟ ਪ੍ਰਾਈਵੇਟ ਜਾਇਦਾਦ ਰੱਖਣ ਦੀ ਇਜਾਜਤ ਦੇ ਦਿਤੀ।
 ਖੈਰ ਇਨਾਂ ਲੰਮਾ ਚੌੜਾ ਲਿਖਣ ਦਾ ਮੇਰਾ ਮਕਸਦ ਇਹ ਹੈ ਕਿ ਰੂਸ ਤੇ ਚੀਨ ਮੰਨ ਚੁੱਕੇ ਨੇ ਕਿ ਲਾਲ ਇਨਕਲਾਬ ਗਲਤ ਸੀ ਪਰ ਸਾਡੇ ਪੰਜਾਬੀ ਕਾਮਰੇਡ ਅਜੇ ਉਸ ਵਿਚਾਰਧਾਰਾ ਨੂੰ ਤਿਆਗਣ ਨੂੰ ਤਿਆਰ ਨਹੀ ਜਿਸ ਕਰਕੇ ਇਸ ਖਿੱਤੇ ਦਾ ਮੋਹਰੀ ਇਲਾਕਾ ਅੱਜ ਕੱਖੋਂ ਹੌਲਾ ਹੋ ਗਿਆ ਹੈ। ਇਹ ਖੁਦਕਸ਼ੀਆਂ, ਇਹ ਬੇਰੁਜਗਾਰੀ, ਬਈ੍ਹਆਂ ਨੂੰ ਰੁਜਗਾਰ, ਗਰਭ ਵਿਚ ਬੱਚਿਆਂ ਦਾ ਘਾਣ ਸਭ ਨਾਸਤਕ ਸੋਚ ਦੀ ਦੇਣ ਹੈ। ਪੰਜਾਬ ਦਾ ਕਾਮਰੇਡ ਇਤਹਾਸ ਵਿਚ ਕੁਣਬਾ-ਘਾਤੀ ਗਿਣਿਆ ਜਾਵੇਗਾ। ਅੱਜ ਪੰਜਾਬੀਆਂ ਦਾ ਗ੍ਰੋਥ ਰੇਟ 8% ਤੇ ਪਹੁੰਚ ਗਿਆ ਹੈ ਜਦੋਂ ਕਿ ਭਾਰਤ ਦੀ ਔਸਤ 18% ਹੈ ਜਿਸ ਦਾ ਮਤਲਬ ਸਾਫ ਹੈ ਕਿ ਪੰਜਾਬ ਵਿਚ ਇਕ ਦਿਨ ਪੰਜਾਬੀ ਲੋਕਾਂ ਨੇ ਘੱਟ ਗਿਣਤੀ ਵਿਚ ਹੋ ਜਾਂਣਾ ਹੈ। ਵੀਰੋ ਜਿੱਦ ਛੱਡੋ। ਅਜੇ ਵੀ ਸਮਝ ਜਾਓ। ਨਾਂ ਆਪਣੀ ਕੌਮ ਦਾ ਘਾਤ ਕਰੋ। - ਬੀ. ਐਸ.ਗੁਰਾਇਆ

http://www.nybooks.com/daily/2018/02/05/who-killed-more-hitler-stalin-or-mao/

No comments:

Post a Comment