Thursday 18 January 2018

ਲਾਂਘਾ ਲਹਿਰ ਤੇ ਮਨਜੀਤ ਸਿੰਘ ਕਲਕੱਤਾ

MANJIT SINGH CALCUTTA AND CORRIDOR MOVEMENT

ਟਾਊਟ ਹੋਣ ਦੇ ਬਾਵਜੂਦ ਕਲਕੱਤਾ ਪਾਕ ਪਵਿਤ੍ਰ ਚਲਿਆ ਗਿਆ ਹੈ। ਨਹੀ ਤਾਂ ਸਰਕਾਰਾਂ ਆਪਣੇ ਮੁਖਬਰਾਂ ਨੂੰ ਵਰਤਦੀਆਂ ਹੋਣੀਆਂ ਉਲਟਾ ਸਿੱਧਾ ਬਿਆਨ ਦਿਵਾ ਦਾਗੀ ਕਰ ਹੀ ਦਿੰਦੀਆਂ।
ਕਲ ਸਵੇਰੇ ਮਨਜੀਤ ਸਿੰਘ ਕਲਕੱਤਾ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਸਵੱਰਗਵਾਸ ਹੋ ਗਏ ਹਨ। ਉਨਾਂ ਬਾਰੇ ਤਰਾਂ ਤਰਾਂ ਦੀਆਂ ਸ਼ਰਧਾਂਜਲੀਆਂ ਸਾਡੇ ਨੋਟਿਸ ਵਿਚ ਆਈਆਂ ਹਨ। ਇਸ ਕਰਕੇ ਜਰੂਰੀ ਹੈ ਕਿ ਇਹ ਨਿੰਦਕ ਵੀ ਆਪਣਾ ਫਰਜ ਨਿਭਾਏ।
ਕਈ ਕਾਰਨ ਹਨ 1947 ਵਿਚ ਅਜਾਦ ਹੋਏ ਭਾਰਤ ਵਿਚ ਸਿੱਖ ਪੂਰੀ ਤਰਾਂ ਅਡਜੱਸਟ ਨਹੀ ਹੋ ਪਾਏ। ਭਾਰਤ ਸਰਕਾਰ ਨੇ ਬਿਜਾਏ ਸਿੱਖਾਂ ਨੂੰ ਬਰਾਬਰ ਦਾ ਸ਼ਹਿਰੀ ਮੰਨਣ ਦੇ ਸਿੱਖਾਂ ਨਾਲ ਨਜਿਠਣ ਲਈ ਵੱਖ ਵੱਖ ਪੈਤੜੇ ਤਹਿ ਕੀਤੇ ਹੋਏ ਹਨ। ਓਨਾਂ ਵਿਚੋਂ ਹੀ ਇਕ ਦ੍ਰਿਸ਼ਟੀਕੋਣ ਇਹ ਹੈ ਕਿ ਕੁਝ ਅਜਿਹੇ ਲੋਕਾਂ ਨੂੰ ਨਾਲ ਜੋੜਿਆ ਜਾਏ  ਜਿਹੜੇ ਦਿੱਲੋਂ ਭਾਰਤ ਦੇ ਖੈਰ-ਖੁਆਹ ਹਨ ਤੇ ਸਿੱਖ ਮਾਨਸਿਕਤਾ ਨੂੰ ਚੰਗੀ ਤਰਾਂ ਸਮਝਦੇ ਵੀ ਹਨ। ਅਜਿਹੇ ਲੋਕਾਂ ਨੂੰ ਫਿਰ ਸਿੱਖ ਜਥੇਬੰਦੀਆਂ ਵਿਚ ਵਾੜ ਦਿਤਾ ਜਾਂਦਾ ਰਿਹਾ ਹੈ। ਸਾਡੇ ਹਿਸਾਬ ਕਲਕੱਤਾ ਸਾਹਿਬ ਕੁਝ ਅਜਿਹੀ ਹੀ ਸ਼੍ਰੇਣੀ ਤੋਂ ਹੀ ਸਨ।
ਬਦਕਿਸਮਤੀ ਨਾਲ ਸਿੱਖ ਇਸ ਸ਼੍ਰੇਣੀ ਨੂੰ ਟਾਊਟ ਜਾਂ ਮੁਖਬਰ ਕਹਿੰਦੇ ਹਨ। ਸਿੱਖਾਂ ਦਾ ਕਹਿਣਾ ਹੈ ਕਿ ਸਰਕਾਰੀ ਪੱਧਰ ਤੇ ਭਾਵੇ ਕੋਈ ਕਿੰਨਾ ਵੀ ਸਤਿਕਾਰਯੋਗ ਹੋਵੇ ਜੇ ਉਹ ਐਕਟਿੰਗ ਕਰਦਾ ਹੈ ਤਾਂ ਏਸੇ ਸ਼੍ਰੇਣੀ ਵੀ ਹੀ ਆਉਗਾ। ਐਕਟਿੰਗ ਤੋਂ ਸਿੱਖਾਂ ਦਾ ਮਤਲਬ ਹੈ ਕਿ ਇਹ ਲੋਕ ਅੰਦਰੋਂ ਸਿੱਖ ਲਹਿਰ ਭਾਵ ਖਾਲਿਸਤਾਨ ਦੇ ਵਿਰੋਧੀ ਹੁੰਦੇ ਹਨ ਪਰ ਇਸ ਮਸਲੇ ਦੀ ਨੰਗੇ ਹੋ ਕੇ ਵਿਰੋਧਤਾ ਕਰਨ ਦੇ ਬਿਜਾਏ ਇਹ ਗੁਪਤ ਤੌਰ ਤੇ ਕੰਮ ਕਰਦੇ ਹਨ ਭਾਵ ਉਤੋਂ ਉਤੋਂ ਉਹ ਖਾਲਿਸਤਾਨੀ ਹੋ ਕੇ ਵਿਚਰਦੇ ਹਨ ਤੇ ਅੰਦਰੋਂ ਲਹਿਰ ਦੀ ਜੜੀਂ ਤੇਲ ਦੇ ਰਹੇ ਹੁੰਦੇ ਹਨ।
ਕਲਕੱਤਾ ਸਾਬ ਨੂੰ ਪੰਜਾਬ ਦੇ ਬੰਗਾਲੀ ਗਵਰਨਰ ਸਿਧਾਰਥ ਸ਼ੰਕਰ ਰੇਅ ਦੇ ਅਸਰ ਰਸੂਖ ਕਰਕੇ ਸ਼੍ਰੋਮਣੀ ਕਮੇਟੀ ਵਿਚ ਸਿੱਧਾ ਸਕੱਤਰ ਨਿਯੁਕਤ ਕਰ ਦਿਤਾ ਗਿਆ ਸੀ। ਜਿੰਨੀ ਦਿਨੀ ਕਲਕੱਤਾ ਸਾਹਿਬ ਸਕੱਤਰ ਸਨ ਪੰਜਾਬ ਕੇਸਰੀ ਦੇ ਪ੍ਰਸਿਧ ਪਤ੍ਰਕਾਰ ਦੀਪਕ ਸ਼ਰਮਾ ਨੇ ਇਕ ਵੇਰਾਂ ਛਾਪ ਹੀ ਦਿਤਾ ਸੀ ਕਿ ਕਲਕੱਤਾ ਸਾਹਿਬ ਇੰਟੈਲੀਜੈਂਸ ਬਿਉਰੋ ਵਿਚ ਬਕਾਇਦਾ ਡੀ ਐਸ ਪੀ ਦਾ ਅਹੁਦਾ ਰਖਦੇ ਹਨ। ਹੋ ਸਕਦੈ ਇਹ ਬਿਆਨ ਕਲਕੱਤਾ ਸਾਹਿਬ ਨੇ ਓਦੋਂ ਆਪ ਹੀ ਛਪਵਾਇਆ ਹੋਵੇ: ਹਾਲਾਤਾਂ ਦੇ ਮੱਦੇ ਨਜਰ।
ਅਸੀ ਕਲਕੱਤਾ ਨੂੰ ਨਿੱਜੀ ਤੌਰ ਤੇ ਬਿਲਕੁਲ ਵੀ ਨਹੀ ਜਾਣਦੇ ਪਰ ਦੋ ਚਾਰ ਵਾਰੀ ਮਿਲੇ ਜਰੂਰ ਹਾਂ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਅੰਦੋਲਨ ਦੀ ਜਦੋਂ ਅਪ੍ਰੈਲ 1994 ਵਿਚ ਨੀਂਹ ਰੱਖੀ ਗਈ ਸੀ ਸਬੱਬ ਨਾਲ ਕਲਕੱਤਾ ਸਾਬ ਓਦੋਂ ਪਾਕਿਸਤਾਨ ਗਏ ਜਥੇ ਦੇ ਮੁਖੀ ਸਨ। ਅਸੀ ਓਦੋਂ ਬਿਲਕੁਲ ਅਨਾੜੀ ਸਾਂ (ਸ਼ਾਇਦ ਅੱਜ ਵੀ ਓਸੇ ਤਰਾਂ ਹੀ ਹਾਂ) ਜਿਸ ਤਰੀਕੇ ਅਸਾਂ ਲਾਂਘੇ ਦੀ ਗਲ ਚਲਾਈ ਸੀ ਜੇ ਕਲਕੱਤਾ ਕੋਈ ਚੀਪ ਟਾਊਟ ਹੁੰਦਾ ਤਾਂ ਸਾਨੂੰ ਸਰਕਾਰ ਕੋਲੋਂ ਉਦੋਂ ਹੀ ਰਗੜਾ ਮਰਵਾ ਸਕਦਾ ਸੀ। ਪਰ ਅੱਜ ਉਸ ਦੇ ਜਾਣ ਤੋਂ ਬਾਦ ਮੈਨੂੰ ਅਹਿਸਾਸ ਹੋਇਆ ਕਿ ਧੁਰ ਅੰਦਰੋਂ ਉਹ ਵੀ ਸ਼ਾਇਦ ਸਿੱਖੀ ਦਾ ਖੈਰ ਖੁਆਹ ਸੀ।
ਸਰਕਾਰ ਆਪਣੇ ਟਾਊਟਾਂ ਕੋਲੋ ਕਿਵੇਂ ਸਿੱਖ ਸਿਧਾਂਤ, ਮਰਯਾਦਾ ਦੀ ਖਿੱਲੀ ਉਡਵਾਉਦੀ ਰਹਿੰਦੀ ਹੈ ਪਰ ਅੱਜ ਮੈਨੂੰ ਇਹ ਯਾਦ ਕਰਕੇ ਹੈਰਾਨੀ ਹੋ ਰਹੀ ਹੈ ਕਿ ਕਲਕੱਤਾ ਸਾਬ ਨੇ ਕਦੀ ਵੀ ਸਿੱਖੀ ਦੀ ਬੇਅਦਬੀ ਕਰਦਾ ਬਿਆਨ ਨਹੀ ਸੀ ਦਿਤਾ। ਇਨਾਂ ਕੁ ਮੈਂ ਜਾਣਦਾ ਹਾਂ ਉਨਾਂ ਦਾ ਸਰਕਲ ਦਸਮ ਬਾਣੀ ਖਿਲਾਫ ਅਕਸਰ ਬਕਵਾਸ ਕਰਦਾ ਰਹਿੰਦਾ ਹੈ ਪਰ ਇਹ ਕਲਕੱਤੇ ਨੂੰ ਸ਼ਾਬਾਸ਼ ਜਾਂਦੀ ਹੈ ਕਿ ਉਸਨੇ ਇਸ ਪੱਖ ਤੋਂ ਆਪਣੇ ਆਪ ਨੂੰ ਪਾਕ ਪਵਿਤ੍ਰ ਰੱਖਿਆ ਹੈ।
ਹੋ ਸਕਦਾ ਕੋਈ ਕਹੇ ਕਿ ਇਹ ਕਲਕੱਤਾ ਦੀ ਮਜਬੂਰੀ ਸੀ ਕਿਉਕਿ ਉਹ ਖੁੱਦ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਹਿ ਚੁੱਕਾ ਸੀ ਤੇ ਹੋ ਸਕਦਾ ਆਸਵੰਦ ਹੋਵੇ ਕਿ ਕਦੀ ਦੁਬਾਰਾ ਵੀ ਮੌਕਾ ਲਗ ਜਾਵੇ। ਇਹ ਪੱਖ ਜਦੋਂ ਮੈਂ ਸੋਚਦਾ ਹਾਂ ਧਿਆਨ ਗਿਆਨੀ ਕੇਵਲ ਸਿੰਘ ਵਲ ਜਾਂਦਾ ਹੈ ਜੋ ਪੰਜ ਸਿੰਘ ਸਹਿਬਾਨ ਵਿਚੋਂ ਰਿਹਾ ਹੈ ਤੇ ਦਮਦਮਾ ਸਾਹਿਬ ਦਾ ਜਥੇਦਾਰ ਸੀ ਪਰ ਉਤੋਂ ਆਏ ਹੁਕਮਾਂ ਕਰਕੇ  ਮਜਬੂਰੀ ਵਸ ਉਹ ਵੀ ਦਸਮ ਪਾਤਸ਼ਾਹ ਦੀ ਬਾਣੀ ਖਿਲਾਫ ਬੋਲ ਚੁੱਕਾ ਹੈ। ਸੋ ਕਲਕੱਤਾ ਇਸ ਪੱਖੋ ਬੇਦਾਗ ਚਲਾ ਗਿਆ ਹੈ।
ਹਾਂ ਕਲਕੱਤੇ ਦੀ ਹਾਜਰੀ ਵਿਚ ਹੀ ਲਾਂਘਾ ਲਹਿਰ ਦੀ ਨੀਂਹ ਰੱਖੀ ਗਈ ਸੀ ਤੇ ਸ਼ਾਇਦ ਲਾਂਘਾ ਅੰਦਲੋਨ ਨੂੰ ਕਲਕੱਤੇ ਰਾਂਹੀ ਹੀ ਸਰਕਾਰ ਨੇ ਸਭ ਤੋਂ ਵੱਡਾ ਨੁਕਸਾਨ ਪਹੁੰਚਾਇਆ ਹੋਵੇ। ਗਲ ਇਸ ਤਰਾਂ ਹੈ ਕਿ ਸੰਨ 2004 ਲਾਂਘਾ ਅੰਦੋਲਨ ਦੀ ਸਿਖਰ ਸੀ। ਜਦੋਂ ਪਾਕਿਸਤਾਨ ਬਾਰ ਬਾਰ ਬਿਆਨ ਦੇ ਰਿਹਾ ਸੀ ਕਿ ਉਹ ਲਾਂਘਾ ਦੇਣ ਲਈ ਤਿਆਰ ਹੈ। ਓਦੋਂ ਹੀ ਵਿਸਾਖੀ ਤੇ ਦਿਹਾੜੇ ਤੇ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ 151 ਸਿੱਖਾਂ ਦਾ ਜਥਾ ਡੇਰਾ ਬਾਬਾ ਨਾਨਕ -ਕਰਤਾਰਪੁਰ ਰਾਂਹੀ ਪਾਕਿਸਤਾਨ ਜਾਵੇਗਾ ਤੇ ਓਧਰੋਂ ਵੀ ਸਿੱਖ ਜਥਾ ਆਏਗਾ। ਓਦੋਂ ਕਲਕੱਤਾ ਸ਼੍ਰੋਮਣੀ ਕਮੇਟੀ ਦਾ ਸਕੱਤਰ ਸੀ। ਐਨ ਵਿਸਾਖੀ ਦੇ ਨੇੜੇ ਜਾ ਕੇ ਕਲਕੱਤੇ ਦਾ ਬਿਆਨ ਆ ਗਿਆ ਸੀ ਕਿ ਇਸ ਤਜਵੀਜ ਤੇ ਪਾਕਿਸਤਾਨ ਨਹੀ ਮੰਨਿਆ। ਹਾਲਾਂ ਕਿ ਪਾਕਿਸਤਾਨ ਅਜਿਹੀ ਤਜਵੀਜ ਦੇ ਹੱਕ ਵਿਚ ਬਿਆਨ ਦੇ ਚੁੱਕਾ ਸੀ।
ਮੇਰਾ ਹੁਣ ਤਕ ਦਾ ਜੋ ਤਜੱਰਬਾ ਰਿਹਾ ਹੈ  ਕਰਤਾਰਪੁਰ ਸਾਹਿਬ ਦੇ ਅੰਦੋਲਨ ਨੂੰ ਜੇ ਸਭ ਤੋਂ ਵੱਧ ਕਿਸੇ ਨੇ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਇਹ ਸਰਕਾਰੀ ਟਾਊਟ ਹੀ ਹਨ। ਦਿੱਲੀ ਵਾਲੇ ਜਿਆਦਾ ਬਰੀਕੀਆਂ ਨਹੀ ਸਮਝਦੇ। ਟਾਊਟ ਲੋਕ ਹੀ ਦਿੱਲੀ ਕੋਲ ਚੁਗਲੀ ਕਰ ਦਿੰਦੇ ਹਨ ਤੇ ਅਮਨ -ਸ਼ਾਂਤੀ ਦੇ ਅੰਦੋਲਨ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ।
ਸੋ 2004 ਦੀ ਘਟਨਾ ਵਿਚ ਕਲਕੱਤਾ ਦਾ ਕਿੰਨਾ ਯੋਗਦਾਨ ਸੀ ਇਹ ਤਾਂ ਸਰਕਾਰ ਜਾਣਦੀ ਹੈ ਜਾਂ ਰੱਬ ਪਰ ਬਿਆਨ ਕਲਕੱਤੇ ਵਲੋਂ ਹੀ ਆਇਆ ਸੀ।
ਅੱਜ ਦੀਆਂ ਅਖਬਾਰਾਂ ਭਰੀਆਂ ਪਈਆ ਹਨ ਕਿ ਕਲਕੱਤਾ ਸਾਹਿਬ ਵੱਡੇ ਲਿਖਾਰੀ ਸਨ ਦਾਸ ਨੂੰ ਕੋਈ ਮਹੱਤਵ ਪੂਰਨ ਲਿਖਤ ਨਜਰ ਨਹੀ ਆਈ ਜਿਸ ਵਿਚ ਉਹਨਾਂ ਦਾ ਨਾਂ ਬਤੌਰ ਲਿਖਾਰੀ ਹੋਵੇ। ਹੋ ਸਕਦੇ ਖੁਫੀਆ ਲਿਖਤਾਂ ਵਿਚ ਉਹ ਮਾਹਿਰ ਹੋਣ।
ਉਨਾਂ ਦੇ ਸੱਜਣ ਉਨਾਂ ਨੂੰ ਜਿਆਦਾ ਜਾਣਦੇ ਹੋਣਗੇ ਪਰ ਮੈਂ ਤਾਂ ਜਦੋਂ ਵੀ ਉਨਾਂ ਨੂੰ ਮਿਲਿਆ ਮੈਂ ਮਹਿਸੂਸ ਕੀਤਾ ਕਿ ਉਹ ਬਹੁਤ ਘੱਟ ਬੋਲਦੇ ਸਨ।
 ਮਨਜੀਤ ਸਿੰਘ ਕਲਕੱਤੇ ਦੇ ਅੱਜ ਤੁਰ ਜਾਣ ਤੇ ਸਾਨੂੰ ਵੀ ਦੁੱਖ ਹੋਇਆ। ਵਾਹਿਗੁਰੂ ਉਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ।
"ਹਮ  ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥ "



No comments:

Post a Comment