Monday 15 January 2018

ਕਿਓ ਨਹੀ ਖੁੱਲਿਆ ਹੁਣ ਤਕ ਲਾਂਘਾ? - ਕਰਤਾਰਪੁਰ ਸਾਹਿਬ ਤੇ ਖੂਬਸੂਰਤ ਪਰਚਾ 2018

-----------------------------------------

ਕਰਤਾਰ ਪੁਰ ਸਾਹਿਬ

ਕਿਥੇ ਵਾਕਿਆ ਹੈ ਕਰਤਾਪੁਰ ਸਾਹਿਬ 

ਕਰਤਾਰਪੁਰ ਸਾਹਿਬ ਸਮੁਚੇ ਪੰਜਾਬੀਆਂ
 ਸਿੱਖ-ਹਿੰਦੂ-ਮੁਸਲਮਾਨਾਂ ਦਾ ਸਾਝਾ ਸਥਾਨ 

ਲਾਂਘੇ ਦੀ ਕਹਾਣੀ

ਸਮਾਨਅੰਤਰ ਮਾਮਲੇ

ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ

ਕਿਓ ਨਹੀ ਖੁੱਲਿਆ ਹੁਣ ਤਕ ਲਾਂਘਾ?

ਕਰਤਾਰ ਪੁਰ ਸਾਹਿਬ 

 ਕਰਤਾਰ ਪੁਰ ਸਾਹਿਬ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਕਾਇਦਾ ਆਪ ਮੋਹੜੀ ਗੱਡ ਕੇ: ਕਰਤਾਰ ਪੁਰ ਦੀ ਨੀਂਹ ਮਿਤੀ 13 ਮਾਘ ਸੰਮਤ 1572 ਲ਼ ਰੱਖੀ ਸੀ। ਇਥੇ ਗੁਰੂ ਨਾਨਕ 18 ਸਾਲ ਰਹੇ ਤੇ ਸੱਚ ਦੇ ਧਰਮ ਦੀ ਨੀਹ ਰੱਖੀ। ਜਿਥੇ ਸਾਹਿਬ ਨੇ ਸਿੱਖ ਧਰਮ ਦਾ ਅਮਲੀ ਰੂਪ ਖੁੱਦ ਜੀ ਕੇ ਦਸਿਆ (ਭਾਵ ਡਿਮਾਂਸਟ੍ਰੇਸ਼ਨ ਦਿਤੀ); ਖੇਤੀ ਕੀਤੀ, ਗ੍ਰਸਤ ਨਿਭਾਈ, ਜਾਤ ਪਾਤ ਦੇ ਬੰਧਨਾਂ ਨੂੰ ਗਲਤ ਕਰਾਰ ਦੇ ਕੇ  ਭਾਰਤ ਦੀ ਧਰਤੀ ਤੇ ਪਹਿਲੀ ਵਾਰ ਸਭ ਨੂੰ ਲੰਗਰ ਦੀ ਇਕੋ ਪੰਗਤ 'ਚ ਬੈਠਾ ਦਿੱਤਾ।  ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਨਿਰੰਕਾਰ ਦੀ ਪ੍ਰਾਪਤੀ ਦਾ ਸਿਰਫ ਇਕੋ ਇਕ ਰਸਤਾ ਹੈ, 1.ਨਾਮ ਜਪਣਾ 2. ਕਿਰਤ ਕਰਨੀ ਤੇ 3. ਵੰਡ ਛਕਣਾ (ਨਾਮ ਦਾ ਮਤਲਬ ਅਕਾਲ ਪੁਰਖ ਦੀ ਸਿਫਤ ਸਲਾਹ ਜਾਂ ਜੱਸ ਜਾਂ ਉਸਤਤ ਜਾਂ ਗੁਣ ਗਾਉਣੇ ਹੁੰਦਾ ਹੈ। ਸੰਪੂਰਨ ਗੁਰਬਾਣੀ ਨਾਮ ਹੀ ਹੈ।) ਉਨਾਂ ਦੱਸਿਆ ਕਿ ਕਿਵੇਂ ਸੱਚ ਨੂੰ ਜੀਵਨ ਵਿਚ ਢਾਲ ਕੇ, ਭਾਣਾ ਮੰਨਦਿਆਂ ਹੋਇਆ ਕਰਤਾਰ ਨੂੰ ਆਪਣੇ ਅੰਗ-ਸੰਗ, ਅਨੁਭਵ ਕਰਨਾ ਹੁੰਦਾ ਹੈ। ਧਰਮ ਦੇ ਮਾਰਗ ਤੇ, ਵਿਖਾਵੇ ਤੇ ਕਰਮਕਾਂਡ ਵਿਅਰਥ ਹਨ। ਬੰਦਾ ਫਿਰ ਖੁਸ਼ੀ, ਗਮ ਤੇ ਡਰ ਤੋਂ ਉਪਰ ਉਠ ਚੜ੍ਹਦੀ ਕਲਾ ਤੇ ਅਨੰਦ ਵਾਲਾ ਜੀਵਨ ਜਿਉਦਾ ਹੈ।
§. ਅੱਜ ਕੱਲ ਜੋ ਡੇਰਾ ਬਾਬਾ ਨਾਨਕ ਕਸਬਾ ਹੈ, ਇਸਦੇ ਬਿਲਕੁਲ ਨਾਲ ਹੀ ਪਿੰਡ ਪੱਖੋਕੇ ਹੈ, ਜਿੱਥੋ ਦਾ ਮਸ਼ਹੂਰ ਸਿੱਖ ਅਜਿਤਾ ਰੰਧਾਵਾ ਹੋਇਆ ਹੈ। ਜਿਸ ਕੋਲ ਗੁਰੂ ਨਾਨਕ ਆਇਆ ਕਰਦੇ ਸਨ। ਇਥੇ ਹੀ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਮੂਲ ਚੰਦ ਚੋਣਾ ਪਟਵਾਰੀ ਹੁੰਦੇ ਸਨ।
§. ਇਥੋਂ 12 ਕਿਲੋਮੀਟਰ ਦੂਰ ਕਲਾਨੌਰ (ਮੱਧਕਾਲ ਦਾ ਮਸ਼ਹੂਰ ਸ਼ਹਿਰ ਜਿਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ) ਵਿਖੇ ਉਦੋਂ ਦੀ ਸਰਕਾਰ ਦਾ ਵੱਡਾ ਅਹਿਲਕਾਰ ਰਾਜਾ ਦੁਨੀ ਚੰਦ ਕਰੋੜੀਆ ਨਿਵਾਸ ਕਰਦਾ ਸੀ। ਜੋ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲੱਗ ਪਿਆ। ਇਕ ਦਿਨ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਮਕਸਦ ਨਾਲ ਜਦੋਂ ਰਵਾਨਾ ਹੋਇਆ ਤਾਂ ਘੋੜੇ ਦੀ ਰਕਾਬ ਤੋਂ ਪੈਰ ਤਿਲਕਣ ਕਾਰਨ ਡਿੱਗਾ ਤੇ ਬੇਇੱਜ਼ਤ ਹੋਇਆ। ਆਖੀਰ ਨਿਮਾਣਾ ਬਣਕੇ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੀ ਸ਼ਰਨ ਗਿਆ ਤੇ ਸਿੱਖ ਹੋ ਨਿਬੜਿਆ। ਏਸੇ ਨੇ ਹੀ 100 ਵਿਘਾ ਜ਼ਮੀਨ ਗੁਰੂ ਸਾਹਿਬ ਦੇ ਭੇਂਟ ਕੀਤੀ ਤੇ ਅਰਜ ਕੀਤੀ ਕਿ ਗੁਰੂ ਸਾਹਿਬ ਏਥੇ ਆਪਣਾ ਟਿਕਾਣਾ ਬਣਾਓ ਕਿਉਕਿ ਦੂਰੋਂ ਦੂਰੋਂ ਲੋਕ ਤੁਹਾਨੂੰ ਮਿਲਣ ਆਉਦੇ ਨੇ। ਰਾਜਾ ਦੁਨੀ ਚੰਦ ਨੇ ਇਥੇ ਜੋ ਇਮਾਰਤ ਬਣਾਈ ਉਹ ਧਰਮਸਾਲ ਅਖਵਾਉਦੀ ਸੀ।
§. ਗੁਰੂ ਸਾਹਿਬ ਨੇ ਕਰਤਾਰਪੁਰ ਆ ਕੇ ਸਾਧੂਆਂ ਪੀਰਾਂ ਫਕੀਰਾਂ ਵਾਲੇ ਕੱਪੜੇ ਲਾਹ ਦਿੱਤੇ ਤੇ ਆਮ ਸੰਸਾਰੀ ਲੋਕਾਂ ਵਾਲੇ ਕੱਪੜੇ ਪਾ ਲਏ। ਗੁਰੂ  ਸਾਹਿਬ ਜੀ ਦੇ ਸਿਰ ਤੇ ਪੱਗ ਹੁੰਦੀ, ਮੋਢਿਆਂ ਤੇ ਪਰਨਾ ਤੇ ਤੇੜ ਚਾਦਰ ਹੁੰਦੀ। ਸੋਢੀ ਮਿਹਰਬਾਨ ਵਾਲੀ ਸਾਖੀ ਮੁਤਾਬਿਕ ਸਿਰ ਤੇ ਸਾਧੂਆਂ ਵਾਙੂ ਜੂੜਾ ਹੁੰਦਾ। ਸੁਬਾਹ ਸਵੇਰੇ ਕੀਰਤਨ ਹੁੰਦੇ ਬਾਣੀਆਂ ਪੜੀਆਂ ਜਾਂਦੀਆਂ ਸਨ।
§. ਗੁਰੂ ਸਾਹਿਬ ਨੇ ਜੋ ਧਰਮਸਾਲਾ ਬਣਾਈ ਸੋ ਉਹ ਮਸਜਦ ਦੀ ਨਿਆਈ ਸੀ। “ਗੁਰੂ ਦਾ ਪਹਿਰਾਵਾ ਵੀ ਅੱਧਾ ਮੁਸਲਮਾਨਾਂ ਤੇ ਅੱਧਾ ਹਿੰਦੂਆਂ ਵਰਗਾ ਸੀ।”
§. ਬਾਕੀ ਦੀਆਂ ਦੋ ਉਦਾਸੀਆਂ ਸਾਹਿਬ ਕਰਤਾਰ ਪੁਰ ਤੋਂ ਹੀ ਰਵਾਨਾ ਹੋਏ ਸਨ। ਗੁਰੂ ਜੀ ਦਾ ਪਰਿਵਾਰ ਵੀ ਫਿਰ ਇਥੇ ਹੀ ਆ ਵਸਿਆ। ਭਾਈ ਮਨੀ ਸਿੰਘ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਚਲਾਣਾ ਵੀ ਇਥੇ ਹੀ ਹੋਇਆ ਸੀ।
§. ਇੱਕ ਜੋਧਾ ਨਾਮੀ ਗੁਰੁ ਦਾ ਸਿੱਖ ਪਿੰਡ ਖਡੂਰ ਵਸਦਾ ਸੀ। ਉਸ ਦੇ ਸਿਦਕ ਤੇ ਗੁਰੂ-ਭਗਤੀ ਦਾ ਪਿੰਡ ਵਾਸੀਆਂ ਲ਼ ਪਤਾ ਚਲ ਚੁਕਾ ਸੀ। ਉਸੇ ਪਿੰਡ ਦਾ ਇੱਕ ਲਹਿਣਾ ਨਾਮੀ ਤ੍ਰੇਹਣ ਖੱਤਰੀ ਦੇਵੀ ਦਾ ਸੱਚਾ ਉਪਾਸਕ ਸੀ। ਲਹਿਣੇ ਨੇ ਜੋਧੇ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਹੋਇਆ ਸੀ। ਇੱਕ ਵਾਰ ਲਹਿਣਾ ਆਪਣਾ ਸੰਗ (ਜੱਥਾ) ਲੈ ਕੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ। ਰਾਤ ਉਹਨਾਂ ਪੱਖੋਕੇ ਪੜਾਅ ਕੀਤਾ। ਮਨ੍ਹੇਰੇ ਜਦ ਬਾਕੀ ਦੇ ਸਾਥੀ ਸੁੱਤੇ ਹੋਏ ਸਨ ਤਾਂ ਲਹਿਣਾ ਆਪਣੇ ਘੋੜੇ ਤੇ ਸਵਾਰ ਹੋ ਕਰਤਾਰਪੁਰ ਨੂੰ ਰਵਾਨਾ ਹੋਇਆ, ਰਸਤੇ ਵਿੱਚ ਉਸਨੂੰ ਇੱਕ ਬਜ਼ਰੁਗ ਮਿਲਿਆ ਜਿਸ ਪਾਸੋਂ ਲਹਿਣੇ  

ਮਹਾਰਾਜੇ ਦੁਆਰਾ ਚੜਾਈ ਗਈ ਸੋਨੇ ਦੀ ਪਾਲਕੀ ਦੁਨੀਆਂ ਦੀ ਸਭ ਤੋਂ ਖੁਬਸੂਰਤ ਪਾਲਕੀ ਹੈ।

 ਨੇ ਗੁਰੂ ਜੀ ਦੇ ਡੇਰੇ ਬਾਰੇ ਪੁਛਿਆ, ਬਜ਼ੁਰਗ ਨੇ ਉਸਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਉਦੇ ਚਲੋ। ਕਰਤਾਰਪੁਰ ਪਹੁੰਚ ਜਦ ਲਹਿਣਾ ਆਪਣੇ ਘੋੜੇ ਨੂੰ ਕਿਲ੍ਹੇ ਨਾਲ ਬੰਨ ਕੇ ਗੁਰੂ ਜੀ ਨੂੰ ਮਿਲਣ ਗਿਆ ਤਾਂ, ਪਤਾ ਲੱਗਾ ਉਹ ਬਜ਼ੁਰਗ ਖੁਦ ਗੁਰੂ ਨਾਨਕ ਦੇਵ ਜੀ ਆਪ ਹੀ ਸੀ। ਲਹਿਣਾ ਬਸ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਤੇ ਬਾਅਦ ਵਿਚ ਗੁਰੂ ਜੀ ਨੇ ਉਸਨੂੰ ਸਿੱਖਾਂ ਦਾ ਦੂਸਰਾ ਗੁਰੂ ਥਾਪ ਕੇ ਗੁਰੂ ਅੰਗਦ ਬਣਾ ਦਿਤਾ।
§. ਇਥੇ ਹੀ ਸਾਹਿਬ ਦੇ ਹੁਕਮ ਮੁਤਾਬਿਕ ਗੁਰੂ ਅੰਗਦ ਨੇ ਸ਼ਬਦਾਂ ਦੀ ਚੋਣ ਤੇ ਤਰਤੀਬ ਦੇ ਕੇ ਗੁਰਬਾਣੀ ਦਾ ਧੁਰਾ ਜਪੁਜੀ ਤਿਆਰ ਕੀਤਾ ਜਿਸਦਾ ਰੋਜਾਨਾ ਪਾਠ ਹਰ ਗੁਰਸਿੱਖ ਲਈ ਜਰੂਰੀ ਹੈ।
§. ਕਰਤਾਰਪੁਰ ਵਿਖੇ ਆਉਂਦੇ ਜਾਂਦੇ ਵਾਸਤੇ ਦੋ ਵਕਤ ਲੰਗਰ ਦਾ ਇੰਤਜਾਮ ਰਹਿੰਦਾ ਸੀ। (ਸਰਦੀਆਂ 'ਚ ਖਿਚੜੀ ਨਾਲ ਰੋਟੀ ਤੇ ਗਰਮੀਆਂ 'ਚ ਦਾਲ ਨਾਲ) ਇੱਕ ਵਾਰੀ ਇੱਕ ਬ੍ਰਾਹਮਣ ਨੇ ਲੰਗਰ ਤੋਂ ਭੋਜਨ ਕਰਨ ਤੋਂ ਨਾਂਹ ਕਰ ਦਿਤੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਸਨੂੰ ਕੱਚੀ ਰਸਦ ਦੇ ਦਿੱਤੀ ਗਈ ਸੀ। ਪਰ ਚੁੱਲੇ ਵਾਸਤੇ ਜਦੋਂ ਜਗ੍ਹਾਂ ਪੁੱਟੀ ਤਾਂ ਥੱਲਿਓ ਕੁੱਤੇ ਦਾ ਪਿੰਜਰ ਨਿਕਲ ਆਇਆ। ਫਿਰ ਦੂਸਰੀ ਜਗ੍ਹਾ ਜਦ ਪੁਟੀ ਤਾਂ ਕੀੜੀਆਂ ਦਾ ਭੌਣ ਨਿਕਲਆ। ਆਖਿਰ ਹਾਰ ਕੇ ਪੰਗਤ ਵਿਚ ਬਹਿ ਲੰਗਰ ਛਕਿਆ।
§. ਇਥੇ ਗੁਰੂ ਸਾਹਿਬ ਨੇ ਸਿੱਖਾਂ ਦਾ ਇਮਤਿਹਾਨ ਲਇਆ। ਸੈਂਕੜਿਆਂ ਵਿਚੋਂ ਸਿਰਫ ਲਹਿਣਾ ਹੀ ਖਰਾ ਉਤਰਿਆ।  ਉਦੋਂ ਕਈਆਂ ਦੀ ਕੁਤੱਕੇ (ਡੰਡੇ) ਨਾਲ ਭੁਗਤ ਵੀ ਸਵਾਰੀ। ਪ੍ਰੀਖਿਆ ਵੇਲੇ ਬਾਬਾ ਬੁਢਾ, ਪੱਖੋਕਿਆਂ ਦਾ ਸਧਾਰਨ, ਭਗੀਰਥ ਤੇ  ਲਹਿਣਾ ਹੀ ਪੂਰੇ ਉਤਰਦੇ। ਪਰ ਸਭ ਤੋਂ ਵੱਧ ਨੰਬਰ ਲਹਿਣੇ ਨੇ ਹੀ ਲਏ।
§. ਸਾਹਿਬ ਦੇ ਹੋਰ ਸ਼ਰਧਾਵਾਨ ਸੇਵਕਾਂ ਵਿਚੋਂ ਮੂਲ ਚੰਦ ਸਣਖੱਤਾ, ਪ੍ਰਿਥੀਮੱਲ, ਲਾਲੋ, ਭਾਈ ਕਾਲਾ, ਮੀਹਾਂ, ਅਜਿਤਾ ਰੰਧਾਵਾ, ਮਾਣਕ ਬ੍ਰਹਮਣ, ਸੁਖਾ ਤਖਾਣ, ਪੀਰਾ ਲੁਹਾਰ, ਧੀਰੂ ਨਾਈ, ਨਿਹਾਲਾ ਰੰਧਾਵਾ, ਦਲੇਲ ਪਠਾਣ, ਸੰਤਾ, ਕਮਾਲੀਆ ਤੇ ਬਾਲਾ ਤੇ ਮਰਦਾਨਾ ਹੋਏ ਹਨ।
§. ਗੁਰੂ ਸਾਹਿਬ ਆਪਣੀ ਮੌਜ ਮੁਤਾਬਿਕ ਭੇਸ ਵੀ ਬਦਲਦੇ। ਇਕ ਵਾਰੀ ਇਨ੍ਹਾਂ ਧਾਣਕ (ਸ਼ਿਕਾਰੀ ਸਾਂਸੀ) ਦਾ ਭੇਖ ਧਾਰਨ ਕੀਤਾ। ਆਪਣੇ ਆਪ ਲ਼ ਨੀਚਾਂ ਤੋਂ ਵੀ ਨੀਚ ਕਿਹਾ।ਨਾਨਕ ਦੁਨੀਆਂ ਦਾ ਪਹਿਲਾ ਪੈਗੰਬਰ ਸੀ ਜਿਸ ਨੇ ਏਨੀ ਨਿਮਰਤਾ ਵਿਖਾਈ ਤੇ ਅੱਜ ਤੋਂ 500 ਸਾਲ ਪਹਿਲਾਂ 'ਅਛੂਤਾਂ' ਲ਼ ਗਲ ਨਾਲ ਲਾਇਆ।
§. ਭਾਈ ਲਹਿਣੇ ਨੇ 6 ਸਾਲ ਤੱਕ ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ। ਸਾਹਿਬ ਲਹਿਣੇ ਲ਼ 'ਪੁਰਖਾ' ਕਹਿਕੇ ਸੰਬੋਧਨ ਕਰਿਆ ਕਰਦੇ ਸਨ।ਲਹਿਣੇ ਜੀ ਨੂੰ ਗੁਰੂ  ਥਾਪਣ ਵੇਲੇ ਗੁਰੂ ਜੀ ਨੇ ਲਹਿਣੇ ਅੱਗੇ ਮੱਥਾ ਟੇਕਿਆ ਤੇ ਗੁਰਬਾਣੀ ਵਾਲੀ ਪੋਥੀ ਵੀ ਸੌਂਪ ਦਿੱਤੀ ਸੀ।
§. ਇੱਥੇ ਹੀ ਸਾਹਿਬ ਨੇ ਆਪਣੀ ਮਾਸਟਰ ਪੀਸ ਬਾਣੀ ਬਾਰਹਮਹਾਂ ਦੀ ਰਚਨਾ ਕੀਤੀ ।ਇਹ ਸਾਹਿਬ ਦੀ ਆਖਰੀ ਬਾਣੀ ਹੈ।
§. ਕਰਤਾਰਪੁਰ ਗਰਮੀਆਂ ਦੀ ਰੁੱਤੇ ਬਾਬੇ ਦੀ ਮੰਜੀ ਪਿੱਪਲ ਦੇ ਰੁੱਖ ਹੇਠ ਹੋਇਆ ਕਰਦੀ ਸੀ (ਪੁਰਾਤਨ ਜਨਮ ਸਾਖੀ)
§. ਇਥੇ ਦੇਰ ਰਾਤ ਤੱਕ ਕੀਰਤਨ ਹੁੰਦਾ ਰਹਿੰਦਾ। ਅਖੀਰ 'ਚ ਰਬਾਬੀ ਆਰਤੀ ਤੇ ਸੋਹਿਲਾ ਪੜਦਾ। ਜਦੋਂ ਸੰਗਤ ਸੌਂ ਜਾਂਦੀ ਤਾਂ ਬਾਬਾ ਦਰਿਆ 'ਹ ਨਾਉਂਣ ਚਲ ਉਠਦਾ। ਚਾਦਰ ਤੇ ਪਰਨਾ (ਅੰਗੋਛਾ) ਬਾਹਰ ਰੱਖ ਦਿੰਦਾ। ਲੰਮਾ ਸਮਾਂ ਪਾਣੀ 'ਚ ਖਲੌਤਾ ਰਹਿੰਦਾ ਤੇ ਸੂਰਜ ਚੜੇ ਬਾਹਰ ਨਿਕਲਦਾ। ਅੰਗੋਛੇ ਨਾਲ ਪੂੰਝ ਕੇ ਕੋਪੀਨ (ਲੰਗੋਟੀ ਜਿਹੀ) ਤੇੜ ਬੰਨ ਲੈਂਦਾ।
ਇਕ ਵੇਰਾਂ ਲਹਿਣੇ ਨੇ ਪੁੱਛ ਹੀ ਲਿਆ ਕਿ ਐ ਬਾਬਾ ਤੂੰ ਤਾਂ ਆਪ ਅਕਾਲ ਨਾਲ ਅਭੇਦ ਹੈ ਫਿਰ ਐਨੀ ਮੁਸ਼ਕਲ ਘਾਲ ਕਿਓਂ? ਬਾਬੇ ਫੁਰਮਾਇਆ "ਬੱਚਾ ਤੁਹਾਡੇ ਥਾਇ ਹਉ ਸੇਵਾ ਕਰਦਾ ਹਾਂ", ਭਾਵ ਆਪਣੇ ਭਵਿਖ ਦੇ ਸਿੱਖਾਂ ਦੀ ਸਿਫਾਰਸ਼ ਬਾਬਾ ਪਹਿਲਾਂ ਹੀ ਅਕਾਲ ਪੁਰਖ ਕੋਲ ਕਰ ਚੁਕਾ ਹੈ। (ਪੁਰਾਤਨ ਜਨਮ ਸਾਖੀ)
§. ਇਥੇ ਲਾਗੇ ਹੀ ਪਿੰਡ ਦੋਦੇ ਹੈ ਜੋ ਗੁਰੂ ਸਾਹਿਬ ਦੇ ਸੇਵਕ ਦੋਦੇ ਦੇ ਨਾਂ ਤੇ ਹੈ। ਕਿਸੇ ਵੇਲੇ ਇਹ ਪਿੰਡ ਕਸਬੇ ਦਾ ਰੂਪ ਵੀ ਧਾਰਨ ਕਰ ਚੁੱਕਾ ਸੀ। ਸਾਖੀਆਂ 'ਚ ਦਰਜ ਹੈ ਕਿ ਸਾਹਿਬ ਨੇ ਦੋਦੇ ਦੇ ਸ਼ੰਕੇ ਦੂਰ ਕਰਨ ਲਈ ਇਕ ਵੇਰਾਂ ਰਾਵੀ ਦਰਿਆ ਦੁੱਧ ਦਾ ਵਗਾ ਦਿੱਤਾ ਸੀ।
§. ਮਾਇਆ ਦਾ ਮੀਂਹ - ਸਾਖੀਆਂ 'ਚ ਦਰਜ ਹੈ ਕਿ ਇਕ ਵੇਰਾਂ ਸਾਹਿਬ ਨੇ ਲੋਕਾਂ ਦੇ ਭਰਮ ਦੂਰ ਕਰਨ ਲਈ ਮਾਇਆ ਦਾ ਮੀਂਹ ਵਰਾਇਆ। ਬਾਅਦ ਵਿਚ ਉਹ ਸਾਰੀ ਇਕੱਠੀ ਕਰਕੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਵਾਕਿਆ ਖੂਹ ਵਿਚ ਪਵਾ ਦਿਤੀ ਸੀ।
ਗੁਰੂ ਸਾਹਿਬ ਜੀ ਨੇ ਗੁਰਿਆਈ ਦੇਣ ਸਬੰਧੀ ਸਿੱਖਾਂ ਤੇ ਸਾਹਿਬਜਾਦਿਆਂ ਸਭ ਦੀ ਪ੍ਰੀਖਿਆ ਲਈ, ਜਿਸ ਵਿਚ ਕੇਵਲ ਭਾਈ ਲਹਿਣਾ ਜੀ ਹੀ ਆਗਿਆਕਾਰੀ ਸਿੱਧ ਹੋਏ। ਲਹਿਣਾ ਨੂੰ ਲਾਇਕ ਦੇਖ ਕੇ ਗੁਰਿਆਈ ਸੋਂਪ ਕੇ ਨਾਮ 'ਸ੍ਰੀ ਗੁਰੂ ਅੰਗਦ ਸਾਹਿਬ' ਰੱਖ ਦਿੱਤਾ ਤੇ ਖਡੂਰ ਸਾਹਿਬ ਨੂੰ ਤੋਰ ਦਿੱਤਾ।
ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਕਰਤਾਰਪੁਰ ਵਿਖੇ ਗੁਰੂ ਸਾਹਿਬ ਜੀ ਨੇ ਸੰਸਾਰੀ ਕੱਪੜੇ ਪਹਿਨ ਲਏ ਤੇ ਸਾਧੂਆਂ ਵਾਲਾ ਉਦਾਸ ਦਾ ਭੇਖ ਲਾਹ ਦਿਤਾ।ਇਥੋਂ ਦੀ ਰਹੁਰੀਤ ਉਸ ਵੇਲੇ ਇਹ ਸੀ ਕਿ ਸਵੇਰੇ ਨਾਮ ਦਾ ਸਿਮਰਣ ਤੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਸੀ। ਤਵਾਰੀਖਾਂ ਵਿਚ ਲਿਖਿਆ ਹੈ ਕਿ ਆਸਾ ਜੀ ਦੀ ਵਾਰ ਦਾ ਪਾਠ ਤੇ ਕਥਾ ਹੁੰਦੀ ਸੀ, ਦੁਪਹਿਰੇ ਲੰਗਰ ਵਰਤਦਾ ਸੀ, ਤੀਜੇ ਪਹਿਰ ਫੇਰ ਕੀਰਤਨ ਹੁੰਦਾ ਸੀ, ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋ ਕੇ 'ਗਗਨ ਮੈ ਥਾਲੁ ਰਵਿ ਚੰਦ ਦੀਪਕ' ਸ਼ਬਦ ਦੁਆਰਾ ਆਰਤੀ ਹੁੰਦੀ ਸੀ।

ਕਰਤਾਰਪੁਰ ਸਾਹਿਬ ਸਮੁਚੇ ਪੰਜਾਬੀਆਂ
 ਸਿੱਖ-ਹਿੰਦੂ-ਮੁਸਲਮਾਨਾਂ ਦਾ ਸਾਝਾ ਸਥਾਨ 

ਜੋਤੀ ਜੋਤ- Ì ਬਾਬੇ ਨੇ ਜਦ ਫਰਮਾ ਦਿੱਤਾ ਕਿ ਉਹ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ ਤਾਂ ਸਵਾਲ ਉਠਿਆ ਕਿ ਇਹਨਾਂ ਦੀ ਪੰਜ ਭੂਤਕ ਦੇਹ ਨੂੰ ਮੁਸਲਮਾਨਾਂ ਵਾਂਗ ਦਫਨਾਇਆ ਜਾਏ ਜਾਂ ਹਿੰਦੂਆਂ ਵਾਂਗ ਜਲਾਇਆ ਜਾਏ। ਕਿਉਕਿ ਗੁਰੂ ਸਾਹਿਬ ਨੂੰ ਮੰਨਣ ਵਾਲੇ ਹਿੰਦੂਆਂ ਦੇ ਨਾਲ ਨਾਲ ਮੁਸਲਮਾਨ ਵੀ ਬਹੁਤ ਸਨ। ਸਾਖੀਆਂ ਵਿਚ ਲਿਖਿਆ ਹੈ ਕਿ ਉਸ ਵਕਤ ਸਾਹਿਬ ਜੀ ਨੇ ਉਪਦੇਸ ਕੀਤਾ ਕਿ ਮੇਰੇ ਸਰੀਰ ਦੇ ਇੱਕ ਪਾਸੇ ਹਿੰਦੂ ਤੇ ਦੂਜੇ ਪਾਸੇ ਮੁਸਲਮਾਨ ਫੁੱਲ ਰੱਖ ਦੇਣ। ਸਵੇਰੇ ਦੇਖਣਾ ਕਿ ਜਿੱਧਰ ਦੇ ਫੁੱਲ ਕਮਲਾ ਜਾਣ ਉਹ ਸਮਝੋ ਹਾਰ ਗਏ। 
ਪਵਿਤ੍ਰ ਕਬਰ

ਪਵਿਤ੍ਰ ਸਮਾਧ
ਤੇ ਤੀਸਰੀ ਸਮਾਧ ਭਾਰਤ ਵਿਚ : ਡੇਰਾ ਬਾਬਾ ਨਾਨਕ ਕਸਬਾ
ਸਵੇਰੇ ਜਦੋਂ ਚਾਦਰ ਚੁੱਕੀ ਤਾਂ ਉਥੋਂ ਗੁਰੂ ਸਾਹਿਬ ਜੀ ਦਾ ਸਰੀਰ ਗਾਇਬ ਸੀ। ਜਦ ਕਿ ਦੋਵਾਂ ਧਿਰਾਂ ਦੇ ਫੁੱਲ ਐਨ ਤਾਜ਼ੇ ਰਹੇ। ਹਿੰਦੂ ਅਤੇ ਮੁਸਲਮਾਨਾਂ ਨੇ ਫਿਰ ਉਸ ਚਾਦਰ ਨੂੰ ਹੀ ਅੱਧ ਵਿਚੋਂ ਪਾੜ ਕੇ ਦਬਾਇਆ ਅਤੇ ਸਾੜਿਆ। ਗੁਰੂ ਸਾਹਿਬ ਜੀ ਦੀ ਬਕਾਇਦਾ ਕਰਤਾਰਪੁਰ ਵਿੱਚ ਸਮਾਧ ਦੇ ਨਾਲ ਕਬਰ ਵੀ ਮੌਜੂਦ ਹੈ।
Ì 1614 ਬਿਕ੍ਰਮੀ ਦਾ ਹੜ੍ਹ ਮੁਤਾਬਿਕ 1547 ਈ. ਨੂੰ ਰਾਵੀ ਦੇ ਹੜ੍ਹ ਕਾਰਨ ਸਮਾਧ ਤੇ ਕਬਰ ਦੋਵੇ ਰੁੜ ਗਈਆਂ। ਸਿੱਖ ਮੰਨਦੇ ਹਨ ਕਿ ਇਹ ਵੀ ਗੁਰੂ  ਸਾਹਿਬ ਜੀ ਦੀ ਹੀ ਕਰਨੀ ਸੀ, ਕਿਉਂਕਿ ਗੁਰੂ  ਸਾਹਿਬ ਗੋਰਾਂ ਅਤੇ ਮੜ੍ਹੀਆਂ ਪੂਜੇ ਜਾਣ ਤੇ ਖਿਲਾਫ ਸਨ। ਪਰ ਫਿਰ ਵੀ ਬੇਦੀਆਂ ਨੇ ਕਰਤਾਰਪੁਰ ਤੋਂ ਭਸਮ ਵਾਲੀ ਗਾਗਰ ਲਿਆ ਕੇ ਪੱਖੋਕੇ ਲਾਗੇ ਦਫਨਾ ਦਿੱਤੀ। ਜਿੱਥੇ ਅੱਜ ਕੱਲ ਸਰਜੀ ਦੇ ਖੂਹ ਉਪਰ ਗੁਰਦੁਆਰਾ ਦਰਬਾਰ ਸਾਹਿਬ (ਦੇਹੁਰਾ) ਮੌਜੂਦ ਹੈ। ਏਸੇ ਸਾਲ ਹੀ ਸਾਹਿਬ ਦੇ ਪੋਤਰੇ ਧਰਮ ਚੰਦ ਨੇ ਦਰਿਆ ਦੇ ਉਰਲੇ ਪਾਸੇ ਨਗਰ ਡੇਰਾ ਬਾਬਾ ਨਾਨਕ ਵਸਾ ਦਿੱਤਾ।
ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀਆਂ ਤਿੰਨ ਸਮਾਧਾਂ ਹੋ ਜਾਂਦੀਆਂ ਹਨ। (ਇਹ ਡੇਰਾ ਬਾਬਾ ਨਾਨਕ, ਭਾਰਤ ਅੰਦਰ ਪੈਂਦੀ ਹੈ) ਸੋ ਇਸ ਪ੍ਰਕਾਰ ਇਕ ਕਬਰ ਤੇ ਇਕ ਸਮਾਧ ਕਰਤਾਰਪੁਰ ਪਾਕਿਸਤਾਨ ਵਿਚ ਤੇ ਇਕ ਸਮਾਧ ਡੇਰਾ ਬਾਬਾ ਨਾਨਕ ਭਾਰਤ ਵਿਚ।ਬਿਕ੍ਰਮੀ 1741 ਮੁਤਾਬਿਕ 1684 ਈ. ਨੂੰ ਸਿੱਖਾਂ ਨੇ ਸਮਾਧ ਤੇ ਕਬਰ ਦੋਨੋ ਪੱਕੀਆਂ ਕਰ ਦਿੱਤੀਆਂ।
ਡੇਰਾ ਬਾਬਾ ਨਾਨਕ Ì ਡੇਹਰੇ ਵਾਲੇ ਦਰਬਾਰ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਜਰਨੈਲ ਸਰਦਾਰ ਸੁਧ ਸਿੰਘ ਨੇ ਮੌਜੂਦਾ ਇਮਾਰਤ ਸੰਮਤ 1884 ਵਿਚ ਬਣਵਾਈ। ਮਹਾਰਾਜੇ ਦੁਆਰਾ ਚੜਾਈ ਗਈ ਸੋਨੇ ਦੀ ਪਾਲਕੀ ਦੁਨੀਆਂ ਦੀ ਸਭ ਤੋਂ ਖੁਬਸੂਰਤ ਪਾਲਕੀ ਹੈ।ਇਸ ਤੋਂ ਪਹਿਲਾਂ ਸੇਵਾ ਰਾਜੇ ਚੁੰਨੀ ਲਾਲ ਹੈਦਰਾਬਾਦੀਏ ਨੇ ਸੰਮਤ 1801 'ਚ ਕੀਤੀ ਸੀ।ਪਰ ਕਰਤਾਰਪੁਰ ਦੀ ਮੌਜੂਦਾ ਇਮਾਰਤ ਦੀ ਮੁਰੰਮਤ ਵੱਡੇ ਪੱਧਰ ਤੇ ਲਾਲਾ ਸ਼ਾਮ ਦਾਸ ਨੇ 1911 ਈ.ਨੂੰ  ਕਰਵਾਈ ਸੀ।

ਕਿਥੇ ਵਾਕਿਆ ਹੈ ਕਰਤਾਪੁਰ ਸਾਹਿਬ 

ਰਾਵੀ ਕਿਨਾਰਾ (ਭਾਰਤ-ਪਾਕ ਸਰਹੱਦ ਤੋਂ 4 ਕਿਲੋਮੀਟਰ) ਜਿਲਾ ਨਾਰੋਵਾਲ, ਪਾਕਿਸਤਾਨ।ਰਾਵੀ ਦੇ ਪਰਲੇ ਕਿਨਾਰੇ ਤੇ ਸਥਿਤ ਹੈ। (ਸਾਹਮਣੇ ਕਸਬਾ: ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ ਭਾਰਤ ) ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ 54 ਕਿਲੋਮੀਟਰ, ਬਟਾਲੇ ਤੋਂ 35 ਤੇ ਗੁਰਦਾਸਪੁਰ 39, ਨਨਕਾਣਾ ਸਾਹਿਬ ਤੋਂ 180 ਕਿ. ਲਹੌਰ ਤੋਂ 117, ਡੇਰਾ ਬਾਬਾ ਨਾਨਕ ਦੀ ਕਿਸੇ ਵੀ ਉਚੀ ਥਾ ਤੋਂ ਨਜ਼ਰ ਵੀ ਆਉਂਦਾ ਹੈ।
ਸਰਹੱਦ ਤੋਂ ਕੁਝ ਇਸ ਤਰਾਂ ਦਿਸਦਾ ਹੈ ਕਰਤਾਰਪੁਰ ਸਾਹਿਬ
 
ਲੜਦੇ ਮੁਲਕਾਂ ਵਿਚ ਸ਼ਾਂਤੀ ਪੁਲ।
ਕਰਤਾਰਪੁਰ ਲਾਂਘਾ ਜਾਵੇ ਖੁੱਲ।

ਲਾਂਘੇ ਦੀ ਕਹਾਣੀ 

ਪਾਕਿਸਤਾਨ ਬਣਨ ਨਾਲ ਸਿੱਖਾਂ ਦਾ ਤਾਂ ਇਕ ਤਰਾਂ ਨਾਲ ਲੱਕ ਟੁੱਟ ਗਿਆ ਸੀ। ਮੁਰੱਬਿਆਂ ਦੇ ਮਾਲਕ ਮਰਲਿਆਂ ਤੇ ਆ ਗਏ ਹਨ। ਅਣਵੰਡੇ ਪੰਜਾਬ ਵਿਚ ਕੁੱਲ ਵਾਹੀਯੋਗ ਜਮੀਨ ਦੇ ਤੀਸਰੇ ਹਿੱਸੇ ਤੇ ਸਿੱਖਾਂ ਦੀ ਮਲਕੀਅਤ ਸੀ। ਸਿੱਖਾਂ ਦੀ ਕੁਲ ਅਬਾਦੀ ਦਾ 26% ਨੂੰ ਪੱਛਮੀ ਪੰਜਾਬ ਵਿਚ ਆਪਣੇ ਘਰ ਬਾਰ, ਚੁੱਲੇ ਚੌਕੇ, ਹਲ ਹਵੇਲੀਆਂ ਮਹਿਲ ਮੁਰੱਬੇ, ਹੱਟ ਹੱਟੀਆਂ ਛੱਡ ਕੇ ਦੌੜਨਾ ਪਿਆ ਸੀ ਪਆ ਸੀ। ਕੋਈ 500 ਦੇ ਕਰੀਬ ਇਤਹਾਸਿਕ, ਧਾਰਮਿਕ (ਸਿੱਖ ਤੇ ਹਿੰਦੂ ਦੋਵੇ)  ਤੇ ਸਭਿਆਚਾਰਕ ਅਸਥਾਨ ਛੱਡਣੇ ਪਏ ਸੀ। ਲਗਪਗ ਕ੍ਰੋੜ ਬੰਦੇ ਦਾ ਬੇਘਰ ਹੋਣਾ, 10 ਲੱਖ ਦਾ ਮਾਰੇ ਜਾਣਾ, 50 ਹਜ਼ਾਰ ਧੀਆਂ ਭੈਣਾਂ ਦਾ ਅਗਵਾਹ ਹੋਣਾਂ ਆਦਿ 1947 ਨੂੰ ਮਨੁੱਖਤਾ ਦੇ ਇਤਹਾਸ ਦਾ ਸਭ ਤੋਂ ਜਾਲਮ ਵਰ੍ਹਾ ਬਣਾ ਦਿੰਦਾ ਹੈ।
ਮੌਤਾਂ ਨੂੰ ਕੌਮਾਂ ਵਿਸਾਰ ਦਿੰਦੀਆਂ ਨੇ ਪਰ ਆਪਣੇ ਵਿਰਸੇ ਖਾਸ ਕਰਕੇ ਧਾਰਮਿਕ ਵਿਰਸੇ ਨੂੰ ਨਹੀ। ਸਿੱਖ 1947 ਤੋਂ ਹੀ ਆਪਣੇ ਵਿਛੜੇ ਅਸਥਾਨਾਂ ਵਾਸਤੇ ਸਵੇਰੇ ਸ਼ਾਮ ਅਰਦਾਸਾਂ ਕਰ ਰਹੇ ਨੇ। ਕੌਮ ਵਾਸਤੇ ਇਹ ਵੀ ਫਖਰ ਵਾਲੀ ਗਲ ਹੈ ਕਿ ਇਸ ਸਬੰਧ ਵਿਚ ਕਦੀ ਕਨੂੰਨ ਨੂੰ ਹੱਥ ਵਿਚ ਨਹੀ ਲਿਆ।
ਉਂਜ ਸਾਲ ਵਿਚ ਦੋ ਚਾਰ ਵਾਰੀ ਪਾਕਿਸਤਾਨ ਸਰਕਾਰ ਜਥਿਆਂ ਨਾਲ ਗੁਰਧਾਮਾਂ ਦੀ ਯਾਤਰਾ ਦੀ ਇਜਾਜਤ ਦਿੰਦੀ ਹੈ ਪਰ ਇਸ ਤਰਾਂ ਕੁਝ ਇਕ ਗੁਰਦੁਆਰੇ ਹੀ ਦਿਖਾਏ ਜਾਂਦੇ ਨੇ ਕੁਲ ਮਿਲਾ ਕੇ 20-25। ਮਤਲਬ ਨਨਕਾਣਾ ਸਾਹਿਬ ਦੇ, ਪੰਜਾ ਸਾਹਿਬ, ਸੱਚਾ ਸੌਦਾ, ਲਹੌਰ ਦੇ, ਏਮਨਾਬਾਦ ਤੇ ਅੱਜ ਕਲ ਕਰਤਾਰਪੁਰ ਸਾਹਿਬ ਦੇ ਅਸਥਾਨ।
ਗੁਰਧਾਮ ਤਾਂ ਸਾਰੇ ਹੀ ਪਾਕਿਸਤਾਨ ਵਿਚ ਖਿੱਲਰੇ ਪਏ ਨੇ। ਪਰ ਕੁਝ ਇਕ ਅਜਿਹੇ ਵੀ ਨੇ ਜੋ ਬਿਲਕੁਲ ਸਰਹੱਦ ਦੇ ਨਜਦੀਕ ਹਨ।ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਬਿਲਕੁਲ ਸਾਹਮਣੇ ਪਾਕਿਸਤਾਨੀ ਪਿੰਡ ਪੰਧਾਨਾ ਵਿਚ ਛੇਵੀ ਪਾਤਸ਼ਾਹੀ ਦਾ ਗੁਰਦੁਆਰਾ ਨਜਰ ਆਉਦਾ ਹੈ । ਏਸੇ ਤਰਾਂ ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦਾਸਪੁਰ ਜਿਲੇ ਦੇ ਕਸਬੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਨਜਰ ਆਉਦਾ ਹੈ।
ਕਰਤਾਰਪੁਰ ਕੋਈ ਆਮ ਗੁਰਦੁਆਰਾ ਨਹੀ ਹੈ। ਨਾਲ ਦਿਤੇ ਲੇਖ ਤੋਂ ਪੜੋ ਕਰਤਾਰਪੁਰ ਦੀ ਅਹਿਮੀਅਤ। ਸੋ ਸੰਪੂਰਨ ਪੰਜਾਬੀ ਲੋਕਾਂ ਦੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਤਕ ਖੁੱਲਾ ਲਾਂਘਾ ਭਾਵ ਬਿਨਾਂ ਪਾਸਪੋਰਟ ਬਿਨਾਂ ਵੀਜੇ ਦੇ ਦਰਸ਼ਨਾਂ ਦੀ ਖੁੱਲ ਹੋਵੇ।
ਕਰਤਾਰਪੁਰ ਭਾਰਤ ਪਾਕ ਸਰਹੱਦ ਤੋਂ ਸਿਰਫ 4 ਕਿਲੋਮੀਟਰ ਪਰੇ ਰਾਵੀ ਦੇ ਪਰਲੇ ਪਾਸੇ ਮੌਜੂਦ ਹੈ ਤੇ ਸਰਹੱਦ ਤੋਂ ਬੜਾ ਸਾਫ ਸਪੱਸ਼ਟ ਨਜਰ ਆਉਦਾ ਹੈ।
ਇਨਾਂ ਸਤਰਾਂ ਦੇ ਲਿਖਾਰੀ (ਬੀ. ਐਸ.ਗੁਰਾਇਆ) ਨੂੰ 1994 'ਚ ਜਥੇ ਨਾਲ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਪਾਕਿਸਤਾਨ ਸਰਕਾਰ ਦਾ ਰਵੱਈਆ ਵੇਖ ਅਸਾਂ ਮਹਿਸੂਸ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਵੀ ਖੋਲ ਸਕਦੀ ਹੈ। ਉਪਰੰਤ ਅਸੀ ਕਈ ਲੀਡਰਾਂ ਤਕ ਪਹੁੰਚ ਕੀਤੀ ਕਿ ਲਾਂਘੇ ਦੀ ਮੰਗ ਕੀਤੀ ਜਾਵੇ। ਪਰ ਮਾਨ, ਟੌਹੜਾ ਜਿਹੇ ਕਈ ਹੋਰ ਲੀਡਰਾਂ ਨੇ ਸਾਡੀ ਬਾਂਹ ਨਾਂ ਫੜੀ।
ਉਸ ਵੇਲੇ ਫਿਰ ਜਲੰਧਰ ਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 28 ਮਾਰਚ 2001 ਨੂੰ ਬੁਰਜ ਸਾਹਿਬ ਧਾਰੀਵਾਲ ਜਦੋਂ ਸੰਗਤਾਂ ਦਾ ਕਰਤਾਰਪੁਰ ਲਈ ਉਤਸ਼ਾਹ ਵੇਖਿਆ ਤਾਂ ਲਾਂਘੇ ਲਈ ਅੰਦੋਲਨ ਕਰਨ ਲਈ ਹਾਮੀ ਭਰੀ। ਪਿਛਲੇ 17 ਸਾਲਾਂ ਤੋਂ (ਵਸਾਖੀ ਸੰਨ 2001) ਤੋਂ ਲੈ ਕੇ ਲਾਂਘਾ ਖੁੱਲਵਾਉਣ ਲਈ ਦੀ ਜਥੇਦਾਰ ਵਡਾਲਾ ਦੀ ਅਗਵਾਈ ਹੇਠ ਜਥੇਬੰਦੀ ਅਰਦਾਸਾਂ ਕਰ ਰਹੀ ਹੈ। ਖੈਰ ਇਸ ਲੰਮੇ ਪੈਂਡੇ ਦੌਰਾਨ ਸੰਨ 2004 ਵਿਚ ਸਾਨੂੰ ਜਥੇਬੰਦੀ ਤੋਂ ਵੱਖ ਕਰ ਦਿਤਾ ਗਿਆ। ਅੱਜ ਹੇਠ ਦਿਤੀਆਂ ਤਿੰਨ ਜਥੇਬੰਦੀਆਂ ਸਰਹੱਦ ਤੇ ਅਰਦਾਸ ਕਰ ਰਹੀਆਂ ਹਨ ਕਿ ਵਾਹਿਗੁਰੂ ਭਾਰਤ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਲਾਂਘਾ ਖੁੱਲੇ ਤੇ ਇਲਾਕੇ ਵਿਚ ਅਮਨ ਦੀ ਲਹਿਰ ਉਠੇ:-
1.ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਜਲੰਧਰ - ਮੁੱਖ ਸੇਵਾਦਾਰ: ਜਥੇਦਾਰ ਕੁਲਦੀਪ ਸਿੰਘ ਵਡਾਲਾ- ਅਰਦਾਸ ਹਰ ਮੱਸਿਆ ਤੇ ਦੁਪਿਹਰੇ ਦੋ ਵਜੇ।
2. ਸੰਗਤ ਲਾਂਘਾ ਕਰਤਾਰਪੁਰ- ਅੰਮ੍ਰਿਤਸਰ। ਮੁੱਖ ਸੇਵਾਦਾਰ ਭਬੀਸ਼ਨ ਸਿੰਘ ਗੁਰਾਇਆ (ਬੀ.ਐਸ.ਗੁਰਾਇਆ) - ਅਰਦਾਸ ਹਰ ਸੰਗਰਾਂਦ ਤੇ ਦੁਪਿਹਰੇ ਇਕ ਵਜੇ।
3. ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ -ਅੰਮ੍ਰਿਤਸਰ। ਮੁਖ ਸੇਵਾਦਾਰ ਜਥੇਦਾਰ ਰਗਬੀਰ ਸਿੰਘ- ਅਰਦਾਸ ਹਰ ਪੁਨਿਆ ਤੇ ਦੁਪਿਹਰੇ 11 ਵਜੇ।

ਖੁੱਲੇ ਲਾਂਘੇ ਦਾ ਮਤਲਬ ਹੈ ਬਿਨਾਂ ਪਾਸਪੋਰਟ ਬਿਨਾਂ ਵੀਜੇ ਦੇ ਪਾਕਿਸਤਾਨ ਦੀ ਹਦੂਦ ਅੰਦਰ ਜਾ ਕੇ ਕਰਤਾਰਪੁਰ ਮੱਥਾ ਟੇਕਣਾ।
ਇਸ ਅੰਦੋਲਨ ਦਾ ਸਭ ਤੋਂ ਰੋਸ਼ਨ ਪੱਖ ਇਹ ਹੈ ਕਿ ਪਾਕਿਸਤਾਨ ਲਾਂਘਾ ਦੇਣ ਲਈ ਤਿਆਰ ਹੈ ਤੇ ਆਪਣੀ ਸਹਿਮਤੀ ਕਈ ਵਾਰ ਦੁਹਰਾ ਚੁੱਕਾ ਹੈ।
ਪੰਜਾਬ ਵਿਧਾਨ ਸਭਾ ਨੇ ਵੀ ਪਹਿਲੀ ਅਕਤੂਬਰ 2010 ਨੂੰ ਲਾਂਘੇ ਦੇ ਹੱਕ ਵਿਚ ਸਰਬਸੰਪਤੀ ਨਾਲ ਮਤਾ ਪਾਸ ਕੀਤਾ। ਸ਼ਰੋਮਣੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਵੀ ਇਸ ਬਾਬਤ ਮੱਤੇ ਪਾਸ ਕਰ ਚੁੱਕੇ ਹਨ।
ਸੰਨ 2008 ਵਿਚ ਲਾਂਘੇ ਦੇ ਇਸ ਸ਼ਾਂਤਮਈ ਅੰਦੋਲਨ ਦੇ ਹੱਕ ਵਿਚ ਯੂ ਐਨ ਓ ਦਾ ਇਕ ਸਾਬਕਾ ਮੈਂਬਰ ਜੋਹਨ ਮੈਕਡੋਲਡ ਵੀ ਹੱਥ  ਪੈਰ ਮਾਰ ਚੁੱਕਾ ਹੈ। ਓਦੋ ਫਿਰ ਝੱਟ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਜਨਾਬ ਪ੍ਰਨਬ ਮੁਖਰਜੀ ਵੀ ਆ ਕੇ ਮੌਕਾ ਵੇਖਦੇ ਹੋਏ ਬਿਆਨ ਦਿਤਾ ਸੀ ਕਿ ਭਾਰਤ ਸਰਕਾਰ ਜਲਦ ਇਸ ਬਾਬਤ ਵਿਚਾਰ ਕਰੇਗੀ।
ਪਰ ਭਾਰਤ ਸਰਕਾਰ ਨੇ ਇਸ ਸਬੰਧ ਵਿਚ ਅੱਜ ਤਕ ਆਪਣੇ ਕਾਰਡ ਨੰਗੇ ਨਹੀ ਕੀਤੇ। ਸਰਕਾਰੀ ਤੌਰ ਤੇ ਕਦੀ ਕੋਈ ਬਿਆਨ ਹੀ ਨਹੀ ਦਿਤਾ। ਸਰਕਾਰ ਦੇ ਅਸਿੱਧੇ ਤੌਰ ਤੇ ਵਿਚਰਦੇ ਚਿਮਚੇ ਅਮੂਮਨ ਕਹਿ ਦਿੰਦੇ ਹਨ ਕਿ ਦੋਵਾਂ ਮੁਲਕਾਂ ਵਿਚ ਚਲ ਰਹੇ ਖਿਚਾਅ ਦੇ ਮੱਦੇ ਨਜਰ ਲਾਂਘਾ ਨਹੀ ਖੋਲਿਆ ਜਾ ਸਕਦਾ। ਜਦੋਂ ਕਿ ਪੰਜਾਬੀ ਵਿਦਵਾਨਾਂ ਨੇ ਬਾਰ ਬਾਰ ਲਿਖਿਆ ਹੈ ਕਿ ਸਰਕਾਰ ਨਹੀ ਚਾਹੁੰਦੀ ਕਿ ਦੋਵਾਂ ਪੰਜਾਬਾਂ ਦੇ ਲੋਕ ਆਪਸ ਵਿਚ ਜੱਫੀਆਂ ਪਾਉਣ। ਲਾਂਘੇ ਦੇ ਨਾਂ ਖੁੱਲਣ ਦੇ ਕਾਰਨਾਂ ਤੇ ਹੋਰ ਵੀ ਡੂੰਗੀ ਵਿਚਾਰ ਅੱਗੇ ਇਥੇ ਕੀਤੀ ਜਾ ਰਹੀ ਹੈ। ਕਾਰਨ ਕੁਝ ਵੀ ਹੋਣ ਹੇਠਾਂ ਪੜੋ ਕਿ ਜਿਹੜਾ ਲਾਂਘਾ ਨਹੀ ਖੋਲਿਆ ਜਾ ਰਿਹਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਤੇ ਪੰਜਾਬੀਆਂ ਨਾਲ ਨੰਗਾ ਚਿੱਟਾ ਵਿਤਕਰਾ ਹੈ। 

ਸਮਾਨਅੰਤਰ ਮਾਮਲੇ

ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕਾਂ ਦੇ ਧਾਰਮਿਕ ਅਕੀਦਿਆਂ ਦੀ ਇੱਜਤ ਤੇ ਪ੍ਰਵਾਹ ਕਰੇ।ਕੌਮਾਂਤਰੀ ਮਿਸਾਲਾਂ ਦੇ ਮੱਦੇਨਜਰ ਧਾਰਮਿਕ ਯਾਤਰਾ ਦਾ ਮਸਲਾ ਦੁਵੱਲੇ ਸਬੰਧਾਂ ਦੀ ਤਲਖੀ ਜਾਂ ਨਿੱਗ ਤੋਂ ਉਤੇ ਦਾ ਹੁੰਦਾ ਹੈ। ਭਾਵੇ ਦੋ ਕੌਮਾਂ ਜਾਂ ਮੁਲਕਾਂ ਵਿਚ ਖਿਚਾਅ ਦੇ ਹਾਲਾਤ ਹੋਣ, ਜਿਆਰਤ ਤਾਂ ਵੀ ਜਾਰੀ ਰਹਿੰਦੀ ਹੈ।
1. ਜਦੋਂ ਇਰਾਕ ਜਾਂ ਈਰਾਨ ਅਤੇ ਸਾਉਦੀ ਅਰਬ ਵਿਚ ਪਿਛੇ ਲੜਾਈਆਂ ਹੋਈਆਂ ਜਾਂ ਖਿਚਾਅ ਬਣਿਆ ਰਿਹਾ ਪਰ ਸਾਉਦੀ ਅਰਬ ਨੇ ਲੜਾਈਆਂ ਮੌਕੇ ਤੇ ਅੱਜ ਵੀ ਈਰਾਕੀਆਂ ਜਾਂ ਈਰਾਨੀਆ ਦਾ ਹੱਜ ਨਹੀ ਬੰਦ ਕੀਤਾ।ਏਸੇ ਤਰਾਂ ਕਈ ਵਾਰ ਹੋਰ ਮੁਲਕਾਂ ਨਾਲ ਵੀ ਜਦੋਂ ਜਦੋਂ ਸਾਉਦੀ ਅਰਬ ਦੇ ਸਬੰਧ ਵਿਗੜੇ ਹਨ, ਹਾਜੀਆਂ ਨੂੰ ਰੁਕਾਵਟ ਨਹੀ ਆਉਣ ਦਿਤੀ ਗਈ।
2.ਖੁੱਦ ਭਾਰਤ ਸਰਕਾਰ ਵੀ ਚੀਨ ਸਥਿਤ ਕੈਲਾਸ਼ ਮੰਦਰ ਲਈ ਸ਼ਰਧਾਲੂਆਂ ਦੇ ਜਥੇ ਜਾਰੀ ਰੱਖੇ ਹੋਏ ਹੈ ਜਦੋਂ ਕਿ ਚੀਨ ਨਾਲ ਵੀ ਸਾਡੇ ਸਬੰਧ ਸੁਖਾਵੇਂ ਨਹੀ ਹਨ। ਇਥੋ ਤਕ ਕਿ ਕੁਝ ਸੂਬਾ ਸਰਕਾਰਾਂ ਕੈਲਾਸ਼ ਮੰਦਰ ਲਈ 50000ਰੁਪਏ ਜਾਂ ਜਿਆਦਾ ਨਕਦ ਸਬਸਿਡੀ ਵੀ ਦਿੰਦੀਆਂ ਹਨ। ਸ੍ਰੀ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਸਨ ਤਾਂ ਪਹਿਲਾ ਕੰਮ ਉਨਾਂ ਇਹ ਕੀਤਾ ਸੀ ਕਿ ਚੀਨ ਦੀ ਸਰਕਾਰ ਨੂੰ ਲਿਖਿਆ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਕੈਲਾਸ਼ ਮੰਦਰ ਲਈ ਖੁੱਲਾ ਲਾਂਘਾ ਦਿਤਾ ਜਾਵੇ।
3. ਏਸੇ ਤਰਾਂ ਇਤਹਾਸ ਵਿਚ ਭਾਰਤ ਦੀਆਂ ਆਪਸ ਵਿਚ ਲੜਨ ਵਾਲੀਆਂ ਰਿਆਸਤਾਂ ਨੇ ਕਦੀ ਕੁੰਭ ਮੇਲਿਆਂ ਤੇ ਇਕ ਦੂਸਰੇ ਦੇ ਨਾਗਰਕ ਦੇ ਆਉਣ ਜਾਣ ਤੇ ਪਾਬੰਦੀਆਂ ਨਹੀ ਸੀ ਲਾਈਆਂ।
4. ਹਿੰਦੂਆਂ ਦੇ ਧਾਰਮਿਕ ਜ਼ਜ਼ਬਾਤਾਂ ਦੀ ਕਦਰ ਕਰਦੀ ਹੋਈ ਭਾਰਤ ਸਰਕਾਰ ਸੰਗੀਨਾਂ ਦੀ ਛਾਂ ਹੇਠ ਭਾਵ ਇੰਚ ਇੰਚ ਤੇ ਜਵਾਨ ਖੜੇ ਕਰਕੇ ਜੰਮੂ ਕਸ਼ਮੀਰ ਵਿਚ ਸਰਕਾਰ ਅਮਰਨਾਥ ਯਾਤਰਾ ਸੰਪੂਰਨ ਕਰਵਾਉਂਦੀ ਹੈ।
5. ਕਹਿਣ ਤੋਂ ਭਾਵ ਸਭਿਅਕ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਧਾਰਮਿਕ ਸ਼ਰਧਾਲੂਆਂ ਦੇ ਰਸਤੇ ਵਿਚ ਕੋਈ ਰੁਕਾਵਟ ਨਾਂ ਆਵੇ। ਕੁੰਭ ਦੇ ਮੇਲਿਆਂ ਤੇ ਭਾਰਤ ਸਰਕਾਰ ਖਰਬਾਂ ਰੁਪਏ ਲਾ ਦਿੰਦੀ ਹੈ।
6. ਭਾਰਤ ਸਰਕਾਰ ਮੱਕੇ ਦੇ ਹਾਜੀਆਂ ਨੂੰ ਵੀ ਕਰੋੜਾਂ ਰੁਪਏ ਦੀ ਹਵਾਈ ਸਫਰ ਕਰਨ ਲਈ ਸਬਸਿਡੀ ਦਿੰਦੀ ਹੈ। (ਮਿਸਾਲ ਵਜੋਂ ਸਾਲ 2009 ਵਿਚ 121695 ਯਾਤਰੀਆਂ ਨੂੰ ਕੁਲ 864.7 ਕ੍ਰੋੜ ਰੁਪਏ ਸਬਸਿਡੀ ਦਿਤੀ ਸੀ। )
7.ਅੰਗਰੇਜ ਹੁਕਮਰਾਨ ਨੇ ਜਯੋਤ੍ਰਿਲਿੰਗ ਧਾਮ ਰਾਮੇਸ਼ਵਰਮ ਜੋ ਸਮੁੰਦਰ ਵਿਚ ਹੈ ਯਾਤਰੂਆਂ ਲਈ ਪੁਲ ਤਕ ਬਣਾ ਕੇ 22 ਕਿਲੋਮੀਟਰ ਲੰਮੀ ਰੇਲ ਵਿਸ਼ਾਈ ਤੇ ਧਨੁਸ਼ਕੋਡੀ ਸਮੁੰਦਰ ਤੇ ਜਾਣ ਲਈ ਸਰਕਾਰੀ ਪ੍ਰਬੰਧ ਕੀਤੇ ਗਏ ਨੇ।
8. ਸ਼ਹੀਦ ਭਗਤ ਸਿੰਘ ਰਾਜਗੁਰੂ ਦੀ ਹੁਸੈਨੀਵਾਲਾ ਵਿਚ ਸਮਾਧ ਪਾਕਿਸਤਾਨ ਵਿਚ ਆ ਗਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਿਟਾਂਦਰਾ ਕਰਕੇ ਉਹ ਪਿੰਡ ਲੈ ਲਿਆ ਸੀ।
9.ਕਿਉਕਿ ਨੇਪਾਲ ਵੀ ਹਿੰਦੂ ਰਾਸ਼ਟਰ ਹੈ ਓਥੋ ਦੇ ਨਾਗਰਿਕਾਂ ਦਾ ਭਾਰਤ ਵਿਚ ਸਨਮਾਨ ਹੈ ਤੇ ਕੋਈ ਵੀਜਾ ਨਹੀ ਲਗਦਾ। ਆਉਣ ਜਾਣ ਖੁੱਲਾ ਹੋਣ ਦੇ ਬਾਵਜੂਦ ਕਦੀ ਗੋਰਖੇ ਜਾਂ ਭਾਰਤੀਆਂ ਨੇ ਕੋਈ ਕਨੂੰਨੀ ਮੁਸੀਬਤ ਨਹੀ ਖੜੀ ਕੀਤੀ।
10. ਧਾਵਕੀ (ਮੇਘਾਲਿਆ) ਦੀ ਕੌਮਾਂਤਰੀ ਚੌਕੀ ਰਾਂਹੀ ਬੰਗਲਾਦੇਸ਼ੀ ਤੇ ਭਾਰਤੀ ਨਾਗਰਿਕਾਂ ਨੂੰ ਧਾਰਮਿਕ ਤੇ ਸਮਾਜਕ ਰਸਮਾਂ ਲਈ ਬੀ ਐਸ ਐਫ ਦੇ ਅਫਸਰਾਂ ਦੀ ਮਨਜੂਰੀ ਨਾਲ ਇਕ ਦੂਸਰੇ ਮੁਲਕ ਵਿਚ ਜਾਣ ਦਿਤਾ ਜਾਂਦਾ ਹੈ। ਕਦੀ ਕੋਈ ਦਿੱਕਤ ਪੇਸ਼ ਨਹੀ ਆਈ।
11. ਬਰੱਮਾ (ਮੀਆਨਮਾਰ) ਦੇ ਵਸਨੀਕਾਂ ਨੂੰ ਭਾਰਤ ਵਿਚ 16 ਕਿਲੋਮੀਟਰ ਤਕ ਅੰਦਰ ਆਉਣ ਦਿਤਾ ਜਾਂਦਾ ਹੈ। ਜਦੋ ਕਿ ਇਹ ਇਲਾਕਾ ਗੋਲਡਨ ਟ੍ਰੈਂਗਲ ਭਾਵ ਨਸ਼ਿਆਂ ਕਰਕੇ ਬਦਨਾਮ ਹੈ।
12. ਅੰਮ੍ਰਿਤਸਰ ਜਿਲੇ ਦੇ ਖੇਮਕਰਨ ਕਸਬੇ ਦੇ ਸ਼ੇਖ ਬ੍ਰਹਮ ਦੀ ਮਜਾਰ ਤੇ ਹਰ ਵੀਰਵਾਰ ਪਾਕਿਸਤਾਨੀ ਲੋਕਾਂ ਨੂੰ ਆਉਣ ਦਿਤਾ ਜਾਂਦਾ ਸੀ। ਇਥੋਂ ਤਕ ਕਿ ਕੌਮਾਂਤਰੀ ਕਬੱਡੀ ਮੈਚ ਵੀ ਹੋਇਆ ਕਰਦੇ ਸਨ ਪਰ 1990 ਦੇ ਦਹਾਕੇ ਤੋਂ ਬਾਦ ਆਉਣ ਜਾਣ ਬੰਦ ਕਰ ਦਿਤਾ ਗਿਆ ਹੈ। ਇਹੋ ਹਾਲ ਜੰਮੂ ਕਸ਼ਮੀਰ ਦੇ ਰਣਬੀਰਪੁਰਾ ਸੈਕਟਰ ਦੇ ਪਿੰਡ ਚਮਲਿਆਲ ਦਾ ਹੈ।
ਅਜਿਹੀਆਂ ਇਕ ਨਹੀ ਸੈਕੜੇ ਨਹੀ ਹਜਾਰਾਂ ਉਦਾਹਰਣਾਂ ਹਨ ਕਿ ਸਰਕਾਰਾਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੀਆਂ ਆਪਣੇ ਨਾਗਰਿਕਾਂ ਨੂੰ ਸਰਹੱਦ ਪਾਰ ਕਰਨ ਦਿੰਦੀਆਂ ਹਨ ਤੇ ਗਵਾਂਢੀਆਂ ਨੂੰ ਇਜਾਜਤ ਦਿੰਦੀਆ ਹਨ।
ਮਤਲਬ ਸਰਕਾਰਾਂ ਆਮ ਲੋਕਾਂ ਦੇ ਧਾਰਮਿਕ ਜ਼ਜ਼ਬਾਤਾਂ ਦੀ ਕਦਰ ਕਰਦੀਆਂ ਹਨ। ਇਹੋ ਕਾਰਨ ਹੈ ਕਿ ਨਵੀ ਦਿੱਲੀ ਰੇਲਵੇ ਸਟੇਸ਼ਨ ਦੇ ਉਤਰ ਵਿਚ ਲਾਈਨਾਂ ਦੇ ਐਨ ਵਿਚਕਾਰ ਇਕ ਮਸੀਤ ਖੜੀ ਹੈ।
ਸੋ ਜਰੂਰਤ ਹੈ ਕਰਤਾਰਪੁਰ ਲਾਂਘੇ ਦੇ ਮਸਲੇ ਤੇ ਭਾਰਤ ਸਰਕਾਰ ਆਪਣੇ ਨਜਰੀਏ ਦੀ ਪੜਚੋਲ ਕਰੇ। ਜਰੂਰਤ ਹੈ ਲੋਕਤੰਤਰ ਵਿਚ ਸ਼ਾਤਮਈ ਅੰਦੋਲਨਾਂ ਨੂੰ ਮਾਨਤਾ ਦੇਣ ਦਿਤੀ ਜਾਵੇ ਤਾਂ ਕਿ ਲੋਕਾਂ ਦਾ ਅਮਨ ਵਿਚ ਭਰੋਸਾ ਬਣਿਆ ਰਹੇ। ਨਾਲੇ ਲੋਕਤੰਤਰ ਵਿਚ ਸਾਰੇ ਨਾਗਰਿਕ ਬਰਾਬਰ ਹਨ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ।

ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ

ਸਬੂਤ ਵੇਖੋ- www.kartarpur.com
ਵੈਬਸਾਈਟ ਤੇ ਜਾ ਕੇ ਹੇਠਾਂ 
2. PAKISTAN OFFERS CORRIDOR
ਤੇ ਕਲਿਕ ਕਰਕੇ ਸਾਰੀਆਂ ਪੋਸਟਾਂ ਅੰਤ ਤਕ ਵੇਖੋ ਜੀ।

ਕਿਓ ਨਹੀ ਖੁੱਲਿਆ ਹੁਣ ਤਕ ਲਾਂਘਾ? 

ਮੂਲ ਕਾਰਨ : ਖਾਨਦਾਨੀ ਨਫਰਤ -  ਹਿੰਦੁਸਤਾਨ ਵਿਚੋਂ ਹੀ ਵੱਖ ਹੋ ਕੇ ਪਾਕਿਸਤਾਨ ਦਾ ਬਣਨਾ ਹਿੰਦੂਮਤ ਤੇ ਇਸਲਾਮ ਦੀ ਸਦੀਆਂ ਪੁਰਾਣੀ ਨਫਰਤ ਦਾ ਨਤੀਜਾ ਹੈ। ਕੌਮਾਂਤਰੀ ਪੱਧਰ ਤੇ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿ ਜਿਵੇ ਪਿਛਲੇ 25-30 ਸਾਲਾਂ ਵਿਚ ਦੁਨੀਆ ਭਰ ਵਿਚ ਵਿਕਾਸ ਦੀ ਵੱਡੀ ਲਹਿਰ ਉਠੀ ਹੈ। ਓਧਰ ਭਾਰਤ-ਪਾਕਿਸਤਾਨ ਧਾਰਮਿਕ ਰਾਜਨੀਤੀ ਵਿਚ ਹੀ ਉਲਝੇ ਪਏ ਤੇ ਵੱਡੇ ਪੱਧਰ ਤੇ ਪਛੜ ਚੁੱਕੇ ਹਨ। ਲੱਖਾਂ ਲੋਕਾਂ ਨੂੰ ਰਾਤ ਦੀ ਰੋਟੀ ਨਸੀਬ ਨਹੀ ਤੇ ਇਨਾਂ ਪਿਓ ਵਾਲੇ ਐਟਮ ਬੰਬ ਵੀ ਬਣਾ ਲਏ ਨੇ।
ਇਥੋਂ ਤਕ ਕਿ ਹੁਣ ਤਾਂ ਅੰਦਰਖਾਤੇ ਦੋਵੇ ਸਰਕਾਰਾਂ ਮੰਨਦੀਆਂ ਹਨ ਕਿ ਜੇ ਲੋਕਾਂ ਵਿਚ ਮਜ੍ਹਬੀ ਨਫਰਤ ਘੱਟ ਗਈ ਤਾਂ ਖੁਦ ਭਾਰਤ ਤੇ ਪਾਕਿਸਤਾਨ ਦਾ ਵਜੂਦ ਹੀ ਖਤਰੇ ਵਿਚ ਪੈ ਜਾਏੇਗਾ। ਤੁਸੀ ਪੜ੍ਹ ਕੇ ਹੈਰਾਨ ਹੋਵੋਗੇ ਕਿ ਗਾਹੇ ਬਿਗਾਹੇ ਭਾਰਤੀ ਲੀਡਰਾਂ ਦੇ ਮੂੰਹੋ ਵੀ ਇਹ ਗਲ ਨਿਕਲ ਵੀ ਜਾਂਦੀ ਹੈ ਕਿ ਪਾਕਿਸਤਾਨ ਦਾ ਬਣੇ ਰਹਿਣਾ ਹਿੰਦੁਸਤਾਨ ਦੇ ਹੱਕ ਵਿਚ ਹੈ। ਹਿੰਦੂ ਲੀਡਰਾਂ ਦਾ ਮੰਨਣਾ ਹੈ ਕਿ ਜੇ ਦੂਸਰੇ ਫਿਰਕਿਆਂ ਨਾਲ ਨਫਰਤ ਜਾਰੀ ਰਹਿੰਦੀ ਹੈ ਤਾਂ ਭਾਰਤ ਦੇ ਹਿੰਦੂ ਵਿਚ ਏਕਤਾ ਬਣੀ ਰਹਿੰਦੀ ਹੈ ਜੇ ਨਹੀ ਤਾਂ ਇਹ ਆਪਸ ਵਿਚ ਲੜ੍ਹਦੇ ਹਨ। ਸੋ ਨਾਲ ਹੀ ਯਾਦ ਰਹੇ ਕਿ ਅੱਤਵਾਦ ਸਰਕਾਰਾਂ ਆਪ ਖੜਾ ਕਰਦੀਆਂ ਹਨ।
ਹੋਰ ਤੇ ਹੋਰ, ਜਦੋ ਭਾਰਤ-ਪਾਕਿਸਤਾਨ ਦੇ ਸਬੰਧਾਂ ਦਾ ਮਸਲਾ ਆ ਜਾਏ ਤਾਂ ਦੋਵੇ ਸਰਕਾਰਾਂ ਹੱਦ ਦਰਜੇ ਦੇ ਮੂਰਖਪੁਣੇ ਤੇ ਵੀ ਉੱਤਰ ਆਉਦੀਆਂ ਹਨ। ਵਾਹਗਾ ਸਰਹੱਦ ਤੇ ਨਫਰਤ ਦਾ ਮੁਜਾਹਰਾ ਇਹਦਾ ਜਾਗਦਾ ਸਬੂਤ ਹੈ। ਜਿਥੇ ਹਰ ਰੋਜ, ਬਿਨਾਂ ਨਾਗਾ, ਦੋਵਾਂ ਮੁਲਕਾਂ ਦੇ ਫੌਜੀ ਜਵਾਨ ਇਕ ਦੂਸਰੇ ਨੂੰ ਪੈਰ ਨਾਲ ਸਲੂਟ ਮਾਰਦੇ ਹਨ। ਅਮੂਮਨ ਜਵਾਨ ਡਿੱਗ ਕੇ ਚਿੱਤੜ ਭੰਨਵਾਉਦੇ ਰਹਿੰਦੇ ਹਨ ਤੇ ਦੋਵਾਂ ਦੇਸਾਂ ਦੇ ਹਜਾਰਾਂ ਤਮਾਸ਼ਬੀਨ ਇਹ ਵੇਖ ਵੇਖ ਖੁਸ਼ ਹੁੰਦੇ ਤੇ ਤਾੜੀਆਂ ਮਾਰਦੇ ਹਨ। ਕੀ ਕੋਈ ਸੱਭਿਅਕ ਮੁਲਕ ਅਜਿਹਾ ਕਰੇਗਾ?
ਕਹਿਣ ਤੋਂ ਮਤਲਬ ਸਰਕਾਰਾਂ ਚਾਹੁੰਦੀਆਂ ਹਨ ਕਿ ਇਹ ਨਫਰਤ ਬਣੀ ਰਹੇ।
ਪੈਰਾ ਨਾਲ ਸਲੂਟ। ਸਰਹੱਦੀ ਨਫਰਤ ਜਲੌਅ
ਹਾਂ ਕਦੀ ਕਦਾਈ ਮਿਕਨਾਤੀਸੀ ਲੀਡਰ ਵੀ ਪੈਦਾ ਹੋ ਜਾਂਦੇ ਹਨ ਜੋ ਪੁਰਾਣੀਆਂ ਰਹੁ ਰੀਤਾਂ ਨੂੰ ਭੰਨ ਸੁੱਟਣ ਦੀ ਹਿੰਮਤ ਰਖਦੇ ਹਨ। ਅਟੱਲ ਬਿਹਾਰੀ ਵਾਜਪੇਈ ਉਨਾਂ ਲੀਡਰਾਂ ਵਿਚੋਂ ਸੀ (ਹੈ)।
ਨਫਰਤ ਬਰਾਸਤਾ ਸਿੱਖ ਤੇ ਪੰਜਾਬ - ਕੌਮਾਂਤਰੀ ਪੱਧਰ ਤੇ ਹਿੰਦੂ ਰਾਜਨੀਤੀਵਾਨ ਕੋਈ ਸਿਆਣਾ ਨਹੀ ਗਿਣਿਆ ਜਾਂਦਾ। ਇਹਦੀ ਸਿਰਫ ਬੇਈਮਾਨੀ ਮਸ਼ਹੂਰ ਹੈ। ਹਿੰਦੂ ਰਾਜਨੀਤੀ ਦੀ ਇਹ ਪਹੁੰਚ ਹੈ ਕਿ ਮੁਸਲਮਾਨਾਂ ਨਾਲ ਜਿਹੜੀ ਨਫਰਤ ਹੈ ਇਹਦਾ 'ਗੱਡਾ' (ਵਾਹਕ) ਸਿੱਖ ਹੋਵੇ। ਅਖੇ ਆਪ ਵੀ ਅੱਗੇ ਨਹੀ ਆਉਣਾ।
ਪੂਰੀ ਸਿੱਖ ਕੌਮ ਨੇ 2001 ਤੋਂ ਲਾਂਘੇ ਵਾਸਤੇ ਜੋਰ ਲਾਇਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਕਾਰਜ-ਕਾਲ (2002-2007) ਵੇਲੇ ਵੱਡਾ ਉਤਸ਼ਾਹ ਵਿਖਾਇਆ ਸੀ। ਵਾਜਪੇਈ ਦੀ ਸਰਕਾਰ ਨੇ ਇਸ ਮੰਗ ਵਿਚ ਵੱਡਾ ਦਮ ਖਮ ਮਹਿਸੂਸ ਕੀਤਾ। ਪਰ ਹਿੰਦੂ ਰਾਜਨੀਤੀ ਅਨੁਸਾਰ ਅਮਨ ਦੀ ਇਹ ਲਹਿਰ ਵਾਇਆ ਪੰਜਾਬ ਜਾਂ ਸਿੱਖ ਤਾਂ ਹਰਗਿਜ਼ ਨਹੀ ਸੀ ਚੱਲ ਸਕਦੀ। ਮੰਗ ਪੰਜਾਬ 'ਚੋਂ ਉਠੀ ਤੇ ਸਰਕਾਰ ਨੇ ਅਮਨ ਬਸ ਚਲਾਈ ਕਸ਼ਮੀਰ ਤੋਂ (ਸ੍ਰੀ ਨਗਰ- ਮੁਜੱਫਰਾਬਦਾ ਬਸ ਸਰਵਸ)।  ਅੰਮ੍ਰਿਤਸਰ-ਨਨਕਾਣਾ ਬਸ ਦੇ ਨਾਲ ਵੀਜੇ ਦੀ ਪੂਛ ਲਾ ਦਿਤੀ। ਬਸ ਖਾਲੀ ਦੌੜਦੀ ਰਹੀ ਤੇ ਛੇਤੀ ਹੀ ਠੁੱਸ ਹੋ ਗਈ।
ਪੰਜਾਬ ਨੂੰ ਮੂਹਰੇ ਡਾਹੁੰਣ ਦੀ ਇਕ ਹੋਰ ਘਟਨਾ ਯਾਦ ਦੁਆਉਦੇ ਹਾਂ: ਸੰਨ 2016 ਦੇ ਆਖਰੀ ਦਿਨਾਂ ਵਿਚ ਪਾਕਿਸਤਾਨ ਨਾਲ ਜਦੋਂ ਖਿਚਾਅ ਹੋਰ ਵਧਿਆ ਤਾਂ ਅਜੈਂਸੀਆਂ ਨੇ ਤਜੱਰਬੇ ਦੇ ਤੌਰ ਤੇ ਪੰਜਾਬ ਦੇ 1000 ਸਰਹੱਦੀ ਪਿੰਡ ਖਾਲੀ ਕਰਵਾ ਲਏ। ਪਰ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਦੇ ਸਰਹੱਦੀ ਇਲਾਕੇ ਦੇ ਪੇਡੂਆਂ ਨੂੰ ਕੋਈ ਖੇਚਲ ਨਾਂ ਆਉਣ ਦਿਤੀ। ਕਹਿਣ ਤੋਂ ਮਤਲਬ ਮਾਮੂਲੀ ਜਿਹੇ ਤਜੱਰਬੇ ਪਿਛੇ ਵੀ ਇਹ ਪੰਜਾਬੀਆਂ ਨੂੰ ਵੱਡੀ ਤੋਂ ਵੱਡੀ ਖੇਚਲ ਵੀ ਦੇ ਸਕਦੇ ਹਨ। ਮਤਲਬ ਪੰਜਾਬੀ ਜਾਂ ਸਿੱਖਾਂ ਨੂੰ ਡੰਮੀ ਦੇ ਤੌਰ ਤੇ ਵਰਤਣ ਤੋਂ ਵੀ ਗੁਰੇਜ ਨਹੀ ਕਰਦੇ। ਉਸ ਵੇਲੇ ਬਾਦਲ ਸਾਹਿਬ ਖੁਫੀਆ ਅਜੈਂਸੀਆਂ ਦਾ ਵੱਡਾ ਵਫਾਦਾਰ ਬਣ ਗਿਆ ਸੀ ਤੇ ਆਪਣੀ ਕੌਮ ਨੂੰ ਘਰੋਂ ਬੇ-ਘਰ ਕਰ ਦਿਤਾ।

ਸਿੱਖ ਲੀਡਰਾਂ ਦਾ ਰੋਲ -  ਖੁਫੀਆ ਅਜੈਸੀਆਂ ਨੇ ਬਾਰ ਬਾਰ ਲਾਂਘੇ ਦੇ ਖਿਲਾਫ ਜਦੋਂ ਕੈਪਟਨ ਦੇ ਕੰਨ ਭਰੇ ਤਾਂ ਕੈਪਟਨ ਦਾ ਜੋਸ਼ ਵੀ ਜਵਾਬ ਦੇ ਗਿਆ। ਓਧਰੋਂ ਮੀਡੀਏ ਨੇ ਕੈਪਟਨ-ਅਰੂਸਾ ਸਬੰਧਾਂ ਨੂੰ ਝੰਡੇ ਤੇ ਚਾੜ ਦਿਤਾ।
ਫਿਰ ਆਈ ਪ੍ਰਕਾਸ਼ ਸਿੰਘ ਬਾਦਲ ਦੀ ਵਾਰੀ।ਬਾਦਲ ਸਾਹਿਬ ਦੀ ਉਂਜ ਸਿਫਤ ਹੈ ਕਿ ਇਹ ਹਿੰਦੂ-ਸਿੱਖ ਏਕਤਾ ਦਾ ਮੁਦੱਈ ਹੈ, ਜਦੋਂ ਕਿ ਪੰਜਾਬ ਕਾਂਗਰਸ ਹਿੰਦੂ-ਸਿੱਖਾਂ ਵਿਚ ਪਾੜਾ ਪਾਉਣ 'ਚ ਰੁਝੀ ਰਹਿੰਦੀ ਹੈ। ਬਾਦਲ ਸਾਹਿਬ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਦੁਨੀਆ ਦਾ ਸਭ ਤੋਂ ਮੀਸਣਾ ਬੰਦਾ ਹੈ। ਉਹਦੇ ਦਿੱਲ ਵਿਚ ਕੀ ਚਲ੍ਹ ਰਿਹਾ ਹੁੰਦਾ ਇਹ ਰੱਬ ਨੂੰ ਵੀ ਨਹੀ ਪਤਾ ਹੁੰਦਾ। ਰਾਜਨੀਤੀ ਦਾ ਇਹ ਘਾਕ ਖਿਡਾਰੀ ਹਰ ਘਟਨਾ ਪਿਛੇ ਆਪਣਾ ਨਿੱਜੀ ਮੁਫਾਦ ਲਭਦਾ ਹੈ। ਇਹ ਚੋਰ ਨੂੰ ਕਹਿੰਦਾ ਚੋਰੀ ਕਰ ਲੈ ਤੇ ਚੌਕੀਦਾਰ ਨੂੰ ਕਹਿਦਾ ਜਾਗਦਾ ਰਹੀ। ਇਕ ਪਾਸੇ ਤਾਂ ਇਹ ਖਾਲਿਸਤਾਨੀਆਂ ਨੂੰ ਉਤਸ਼ਾਹ ਦੇਵੇਗਾ ਤੇ ਦੂਸਰੇ ਪਾਸੇ ਦਿੱਲੀ ਜਾ ਕੇ ਫਰਿਆਦੀ ਹੋ ਕਹੇਗਾ ਜੀ ਖਾਲਿਸਤਾਨੀਆਂ ਨੂੰ ਦਬਾਉਣ ਲਈ ਮੇਰੀ ਮਦਦ ਕਰੋ। ਐਨ ਇਹੋ ਖੇਡ ਬਾਦਲ ਨੇ ਲਾਂਘਾ ਅੰਦੋਲਨ ਵਿਚ ਵੀ ਖੇਡੀ ਹੈ।
ਸੰਨ 2010 ਵਿਚ ਵਿਧਾਨ ਸਭਾ ਦਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਮਰੀਕਾ ਗਿਆ। ਓਥੇ ਕੁਝ ਸਿੱਖਾਂ ਨੇ ਕਾਹਲੋਂ ਨੂੰ  ਲਾਂਘਾ ਖੁੱਲਵਾਉਣ ਵਾਸਤੇ ਕਿਹਾ। ਕਾਹਲੋਂ ਨੇ ਵਾਪਸ ਆ ਕੇ  ਐਮ ਐਲ ਏ ਕੈਪਟਨ ਬਾਠ ਤੇ ਸੇਵਾ ਸਿੰਘ ਸੇਖਵਾਂ ਨੂੰ ਤਿਆਰ ਕੀਤਾ ਕਿ "ਤੁਸੀ ਲਾਂਘੇ ਦਾ ਮਤਾ ਅਸੈਂਬਲੀ ਵਿਚ ਪੇਸ਼ ਕਰੋ, ਮੈਂ ਪਾਸ ਕਰਵਾ ਦਿਆਂਗਾ।" ਜਦੋਂ ਕਾਹਲੋਂ ਨੇ ਬਾਦਲ ਨਾਲ ਗਲ ਕੀਤੀ ਤਾਂ ਬਾਦਲ ਕਹਿੰਦਾ ਕਿ ਸੇਖਵਾਂ ਜਾਂ ਬਾਠ ਕੌਣ ਹੁੰਦੇ ਨੇ? ਮਤਾ ਮੈਂ ਖੁੱਦ ਪੇਸ਼ ਕਰਾਂਗਾ। ਇਸ ਗਲ ਤੇ ਹਰ ਕਿਸੇ ਨੂੰ ਫਖਰ ਮਹਿਸੂਸ ਹੋਇਆ। ਮਤੇ ਦੇ ਹੱਕ ਵਿਚ ਬੀ ਜੇ ਪੀ ਨੇ ਤਾਂ ਵੋਟ ਪਾਉਣੀ ਹੀ ਸੀ, ਕਾਂਗਰਸ ਨੇ ਵੀ ਹਮਾਇਤ ਕਰ ਦਿਤੀ।
ਸੋ ਬਾਦਲ ਨੇ ਜਿੰਮੇਵਾਰੀ ਚੁੱਕ ਲਈ ਕਰਤਾਰਪੁਰ ਲਾਂਘਾ ਖੁੱਲਵਾਉਣ ਦੀ ਜਾਂ ਇਹ ਕਹਿ ਲਓ ਮਸਲੇ ਨੂੰ ਆਪਣੀ ਜੇਬ ਵਿਚ ਪਾਉਣ ਦੀ।
ਇਕ ਰਾਜਨੀਤੀਵਾਨ ਨਾਲ ਸਾਡੀ ਗਲ ਹੋ ਰਹੀ ਸੀ। ('ਮੇਰਾਂ ਨਾਮ ਨਹੀ ਛਾਪਣਾ') ਕਹਿੰਦਾ  'ਸਿੱਖੋ ਤੁਸੀ ਤਾਂ ਖੁੱਸ਼ ਹੋਏ ਹੋਵੋਗੇ ਕਿ ਲਾਂਘੇ ਦਾ ਮਤਾ ਖੁੱਦ ਬਾਦਲ ਸਾਹਿਬ ਨੇ ਪੇਸ਼ ਕੀਤਾ ਸੀ। ਤੁਸੀ ਕੀੜੀਆਂ ਕਾਢੇ ਬਾਦਲ ਨੂੰ ਕੀ ਸਮਝੋਗੇ?
ਉਸ ਨੇ ਅੱਗੇ ਮਿਸਾਲ ਦਿਤੀ। "1978 ਵਿਚ ਜਦੋਂ ਨਿਰੰਕਾਰੀ-ਸਿੱਖ ਕਾਂਡ ਹੋਇਆ ਤਾਂ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਦਾ ਕੇਸ ਕਰਨਾਲ ਤਬਦੀਲ ਹੋ ਗਿਆ, ਜਿਥੋਂ ਦੀ ਅਦਾਲਤ ਨੇ ਬਾਬੇ ਨੂੰ ਬਰੀ ਕਰ ਦਿਤਾ। ਇਸ ਫੈਸਲੇ ਦੇ ਵਿਰੋਧ ਵਿਚ ਫਤਹਿਗੜ੍ਹ ਸਾਹਿਬ ਵਿਖੇ ਸਿੱਖ ਇਕੱਠ ਹੋਇਆ। ਉਸ ਮੌਕੇ ਬਾਦਲ ਨੇ ਜਿੰਮੇਵਾਰੀ ਚੁੱਕ ਲਈ  "ਅਸੀ ਹੁਣੇ ਅਦਾਲਤ ਦੇ ਫੈਸਲੇ ਦੇ ਵਿਰੁਧ ਹਾਈ ਕੋਰਟ 'ਚ ਅਪੀਲ ਕਰਦੇ ਹਾਂ।"
" ਉਹ ਅਪੀਲ ਕਦੀ ਨਾਂ ਹੋਈ। ਜਿਸ ਕਾਰਨ ਸਿੱਖਾਂ ਵਿਚ ਰੋਹ ਵਧਿਆ। ਜੇ ਉਹ ਅਪੀਲ ਕੀਤੀ ਗਈ ਹੁੰਦੀ, ਇਨਸਾਫ ਮਿਲਿਆ ਹੁੰਦਾ, ਨਾਂ ਬਾਬਾ ਗੁਰਬਚਨਾ ਕਤਲ ਹੁੰਦਾ ਤੇ ਨਾਂ ਬਾਦ ਵਾਲੀ ਕਤਲੋ ਗਾਰਦ ਹੁੰਦੀ।"
"ਏਥੇ ਵੀ ਬਾਦਲ ਬਾਬੇ ਨੇ ਲਾਂਘੇ ਦਾ ਕੰਮ ਕਰ ਦਿਤਾ ਹੈ, ਪਏ ਕਰੀ ਜਾਓ ਅਰਦਾਸਾਂ।" ਉਸ ਨੇ ਵਿਅੰਗ ਕੱਸਿਆ।
ਸਰਕਾਰ ਦੀਆ ਖੁਫੀਆ ਅਜੈਂਸੀਆਂ ਦੀਆਂ ਚਾਲਾਂ ਨੂੰ ਲਾਗੂ ਕਰਨ ਵਿਚ ਬਾਦਲ ਸਾਹਿਬ ਕਿਵੇ ਸਹਾਈ ਹੁੰਦੇ ਹਨ ਸਧਾਰਨ ਬੰਦਾ ਤਾਂ ਛੱਡੋ ਵੱਡੇ ਵੱਡੇ ਸਿਆਸਤਦਾਨਾਂ ਦਾ ਵੀ ਸਿਰ ਚਕ੍ਰਾਅ ਜਾਂਦਾ ਹੈ। ਜ਼ਜ਼ਬਾਤ ਰਹਿਤ, ਇਸ ਬੰਦੇ ਵਿਚ ਮਾਅਰਕੇ ਦੀ ਸ਼ਹਿਣ ਸ਼ਕਤੀ ਹੈ।
ਜਦੋਂ ਗੁਰੂ ਗ੍ਰੰਥ ਸਾਹਿਬ ਦੀ ਥਾਂਈ ਥਾਂਈ ਬੇਅਦਬੀ ਹੋ ਰਹੀ ਸੀ ਤਾਂ 10 ਨਵੰਬਰ 2015 ਨੂੰ ਸਰਬਤ ਖਾਲਸਾ ਚੱਬਾ, ਅੰਮ੍ਰਿਤਸਰ ਵਿਖੇ ਬੁਲਾਇਆ ਗਿਆ। ਜਿਸ ਵਿਚ ਬਾਦਲ ਦੇ ਖਿਲਾਫ ਧੂਆਂਧਾਰ ਮਤੇ ਪਾਸ ਕੀਤੇ ਗਏ, ਬਾਦਲ ਨੂੰ ਗੱਦਾਰ ਤਕ ਕਿਹਾ ਗਿਆ। ਇਕੱਠ ਨੇ ਬੇਅਦਬੀ ਦੇ ਮਸਲੇ ਨੂੰ ਕਿਨਾਰੇ ਹੀ ਕਰ ਦਿਤਾ। ਪੱਤ੍ਰਕਾਰਤਾ ਨੇ ਸਾਨੂੰ ਗਲ ਸਿਖਾਈ ਹੈ ਕਿ ਕਿਸੇ ਘਟਨਾ ਦੇ ਕਾਰਨਾਂ ਦੀ ਜਦੋਂ ਪੜਤਾਲ ਕਰ ਰਹੇ ਹੁੰਦੇ ਹੋਂ ਤਾਂ ਪਤਾ ਕਰੋ ਕਿ ਇਸ ਪਿਛੇ ਖਰਚਾ ਕਿਸ ਨੇ ਕੀਤਾ ਹੈ? ਅਸਾਂ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸਰਬੱਤ ਖਾਲਸਾ ਤੇ ਟੈਂਟ ਤੇ ਲਾਈਟਾਂ ਆਦਿ ਦਾ ਖਰਚਾ ਖੁਦ ਸਰਕਾਰ ਦੇ ਖੁਫੀਆ ਅਜੈਂਟਾਂ ਨੇ ਕੀਤਾ ਹੈ। ਸਾਡਾ ਤਾਂ ਦਿਮਾਗ ਚਕ੍ਰਾਅ ਗਿਆ।ਵਾਹ ਬਾਦਲ ਸਾਬ ਵਾਹ।
ਪਿਛੇ ਅਸਾਂ ਹਿੰਦੂ ਜਥੇਬੰਦੀ ਆਰ ਐਸ ਐਸ ਤਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ। ਦੋ ਤਿੰਨ ਲੀਡਰਾਂ ਨਾਲ ਗੱਲਾਂ ਬਾਤਾਂ ਹੋਈਆਂ। ਰੱਬ ਜਾਣੇ ਸਚਾਈ ਕੀ ਹੈ ਉਨਾਂ ਦਾ ਕਹਿਣਾ ਸੀ ਕਿ ਸਾਨੂੰ ਇਹ ਵਪਾਰ ਜਾਂ ਵਿਕਾਸ ਦੀਆਂ ਦਲੀਲਾਂ ਨਾਂ ਦਿਓ, ਬਾਦਲ ਸਾਹਿਬ ਨੂੰ ਮਨਾ ਲਓ।
ਮਈ 2016 ਨੂੰ ਅਸੀ ਗਵਰਨਰ ਪੰਜਾਬ ਕਪਤਾਨ ਸਿੰਘ ਸੋਲੰਕੀ ਨੂੰ ਮਿਲ ਕੇ ਲਾਂਘੇ ਦੀ ਜਦੋਂ ਵਕਾਲਤ ਕੀਤੀ ਤਾਂ ਉਹ ਕਹਿੰਦਾ ਕਿ ਤੁਹਾਡੀ ਮੰਗ ਤਾਂ ਬੜੀ ਪਵਿਤ੍ਰ ਹੈ ਪਰ ਇਸ ਬਾਬਤ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਗਲ ਕਰੇ। ਅਸੀ ਕਿਹਾ ਬਾਦਲ ਸਾਹਿਬ ਨੇ ਹੀ ਲਾਂਘੇ ਦੇ ਹੱਕ ਵਿਚ ਖੁਦ ਮਤਾ ਪੇਸ਼ ਕੀਤਾ ਸੀ । ਉਹ ਕਹਿੰਦਾ ਫਿਰ ਤੁਸੀ ਕੌਣ? ਅਸੀ ਕੰਨ ਲਵੇਟ ਕੇ ਉਠ ਆਏ।
ਚਿਮਚੇ ਬਣ ਚੁੱਕੇ ਨੇ ਸਿੱਖ ਲੀਡਰ - ਗਲ ਬਾਤ ਦਾ ਅਸੂਲ ਹੈ ਕਿ ਜਦੋਂ ਵੀ ਕਿਸੇ ਮਤੇ ਦਾ ਵਿਰੋਧ ਹੋਵੇ ਆਪਾਂ ਦਲੀਲ ਦਿੰਦੇ ਹਾਂ। ਪਰ 1984 ਤੋਂ ਬਾਦ ਸਾਡੇ ਲੀਡਰਾਂ ਦੇ ਮਨਾਂ ਵਿਚ ਇਹ ਗਲ ਘਰ ਕਰ ਗਈ ਹੈ ਕਿ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਦਿੱਲੀ ਸਰਕਾਰ ਪੰਜਾਬ ਨੂੰ ਆਪਣੀ ਬਸਤੀ ਸਮਝਦੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬੀ ਲੀਡਰ ਕਦੀ ਵੀ ਕੇਂਦਰ ਨਾਲ ਦਲੀਲਬਾਜੀ ਨਹੀ ਕਰਦੇ। ਹਰ ਹੁਕਮ ਤੇ ਮੂੰਹ ਠਾਂਹ ਨੂੰ ਕਰ ਕੇ ਫੁੱਲ ਚੜਾਉਦੇ ਨੇ।
ਬਾਕੀ ਹਿੰਦੁਸਤਾਨੀ ਸਿਆਸਤ ਸਮਝਣ ਵਾਲੇ ਤਾਂ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀਆਂ ਮਜਬੂਰੀਆਂ (ਔਕਾਤ ਲਫਜ਼ ਜਿਆਦਾ ਰੁੱਖਾ ਹੈ) ਸਮਝਦੇ ਹਨ। ਉਹਦੇ ਕਰਕੇ ਵੀ ਲਾਂਘਾ ਲਹਿਰ ਦਾ ਨੁਕਸਾਨ ਹੋਇਆ ਹੈ। 2008 ਵਿਚ ਜਦੋਂ ਅਸੀ ਯੂ ਐਨ ਓ ਦੇ ਸਾਬਕਾ ਰਾਜਦੂਤ ਨਾਲ ਗਿਲਾ ਕਰ ਰਹੇ ਸੀ ਤਾਂ ਮੈਕਡੋਨਾਲਡ ਕਹਿੰਦਾ ਪ੍ਰਧਾਨ ਮੰਤਰੀ ਤਾਂ ਤੁਹਾਡਾ ਹੀ ਹੈ। ਸਾਡੇ ਕੋਲ ਕੋਈ ਜਵਾਬ ਨਹੀ ਸੀ।
ਅਸੀ ਮਹਿਸੂਸ ਕਰ ਰਹੇ ਹਾਂ ਕਿ ਕੈਪਟਨ ਵਿਚ ਵੀ  2002-7 ਵਾਲੀ ਦਲੇਰੀ ਨਹੀ ਰਹਿ ਗਈ। ਹੁਣ ਉਹ ਕੈਪਟਨ ਨਜਰ ਨਹੀ ਆ ਰਿਹਾ, ਜਿਸ ਨੇ ਦਰਿਆਈ ਪਾਣੀਆਂ ਤੇ ਧਾਰਾ 5 ਦਾ ਘੁੱਟ ਭਰਿਆ ਸੀ। ਬੇਅਦਬੀ ਨੂੰ ਪਤਾ ਨਹੀ ਕਿਵੇ ਠੱਲ ਪੈ ਗਈ ਹੈ?
ਪ੍ਰਦੇਸਾਂ ਵਿਚ ਬੈਠਾ ਸਿੱਖ -  ਲਾਂਘੇ ਦੇ ਮਤੇ ਵਿਚ ਵਿਚ ਪ੍ਰਦੇਸੀ ਸਿੱਖਾਂ ਦਾ ਹੱਥ ਹੋਣ ਕਰਕੇ ਭਾਰਤੀ ਖੁਫੀਆਂ ਅਜੈਂਸੀਆਂ ਚੌਕਸ ਹੋ ਗਈਆਂ ਸਨ। ਪ੍ਰਦੇਸਾਂ ਵਿਚ ਸਿਰਫ ਨੌਕਰੀ ਪੇਸ਼ਾ ਲੋਕ ਗਏ ਹਨ ਜਿੰਨਾਂ ਨੂੰ ਆਪਣੇ ਕੰਮ ਤੋਂ ਮਿੰਟ ਦਾ ਵਿਹਲ ਨਹੀ। ਹੁਣ ਹਾਲਤ ਇਹ ਹੈ ਕਿ ਅੰਤਰਾਸ਼ਟਰੀ ਪੱਧਰ ਤੇ ਲਾਂਘੇ ਦਾ ਮਸਲਾ ਅਜੈਂਸੀਆਂ ਨੇ ਆਪਣੇ ਹੱਥ ਲੈ ਲਿਆ ਹੈ। ਅੱਜ ਕਲ ਅਮਰੀਕਾ ਬੈਠੇ ਅਜੈਂਸੀਆਂ ਦੇ ਬੰਦੇ ਪਾਕਿਸਤਾਨ ਦੀ ਸਰਕਾਰ ਨੂੰ "ਕਰਤਾਰਪੁਰ ਕੌਮਾਂਤਰੀ ਪੀਸ ਜ਼ੋਨ" ਬਣਾਉਣ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਦਾ ਨਤੀਜਾ ਇਹ ਹੋਵੇਗਾ ਕਿ ਪਾਕਿਸਤਾਨ ਜਿਸ ਨੇ ਆਪ ਲਾਂਘਾ ਖੋਲਣ ਲਈ ਸੱਦਾ ਦਿਤਾ ਸੀ, ਪੈਰ ਪਿਛੇ ਖਿੱਚ ਲਵੇਗਾ।
ਸੋ ਇਹ ਨਿਰਾ ਲਾਂਘਾ ਹੀ ਨਹੀ ਇਹ ਹਿੰਦੂ-ਮੁਸਲਮਾਨ, ਭਾਰਤ-ਪਾਕਿਸਤਾਨ ਦੇ ਰਿਸਤਿਆ ਦੀ ਗਲ ਹੈ। ਉਂਜ ਥੋੜੀ ਜਿਹੀ ਆਸ ਦੀ ਕਿਰਨ ਦਿਸੀ ਹੈ। ਮੋਦੀ ਸਰਕਾਰ ਦੀ ਨਵੀ ਆਰਥਿਕ ਨੀਤੀ ਪਾਰਦ੍ਰਸ਼ਤਾ ਵਲ ਵਧ ਰਹੀ ਹੈ।ਪਾਰਦ੍ਰਸ਼ਤਾ ਤੇ ਇਮਾਨਦਾਰੀ ਇਕੋ ਗਲ ਹੀ ਹੁੰਦੀ ਹੈ। ਸੋ ਇਹ ਹਿੰਦੁਸਤਾਨੀਆ ਨੇ ਹੁਣ ਤਹਿ ਕਰਨਾਂ ਹੈ ਕਿ ਇਨਾਂ ਨੂੰ ਲਾਂਘਾ ਭਾਵ ਵਿਕਾਸ ਤੇ ਮੇਲ ਮਿਲਾਪ ਦੀ ਹਨੇਰੀ ਚਾਹੀਦੀ ਹੈ ਜਾਂ ਸਦੀਆਂ ਪੁਰਾਣੀ ਨਫਰਤ ?
B.S.Goraya
ਜਿਥੋਂ ਤਕ ਸ਼ਰਧਾਲੂ ਸਿੱਖ ਦਾ ਸਬੰਧ ਹੈ, ਸਾਡੀ ਦਿਲੀ ਅਰਦਾਸ ਦੀ ਦੇਰੀ ਹੈ। ਲਾਂਘਾ ਖੁੱਲਣ ਵਿਚ ਦੇਰੀ ਨਹੀ ਹੈ।"ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ॥”
ਲਿਖਤ- ਬੀ.ਐਸ.ਗੁਰਾਇਆ, ਅੰਮ੍ਰਿਤਸਰ ਫੋਨ 94170-64262 
 






No comments:

Post a Comment