Saturday 16 December 2017

ਕਿਥੇ ਗਵਾਚ ਗਿਆ ਸਾਡਾ ਕਾਂ?

WHERE IS OUR CROW?

ਕਾਂ ਨੂੰ ਆਪਾਂ ਸਭ ਸਿਰ ਦਰਦ ਸਮਝਦੇ ਹਾਂ। ਮੈਨੂੰ ਯਾਦ ਇਕ ਦਿਨ ਇਹ ਸ਼ੈਤਾਨ ਮੇਰੇ 5 ਸਾਲ ਦੇ ਮੁੰਡੇ ਦੇ ਆਣ ਮੋਟੇ ਸਾਰੇ ਜੂੜੇ  ਤੇ ਬੈਠਾ ਤੇ ਥਾਲੀ ਵਿਚੋਂ ਪਰੌਂਠਾ ਚੁੱਕ ਹਰਨ ਹੋ ਗਿਆ। ਮੁੰਡਾ ਰੋਵੇ ਤੇ ਬਾਕੀ ਸਭ ਹੱਸਣ। "ਕਾਂ ਕਾਂ ਕਾਂ .." ਅੰਮ੍ਰਿਤਸਰ ਵੀ ਸਾਡੇ ਘਰ ਦੇ ਆਸ ਪਾਸ ਇਹ ਰੌਣਕ ਲਾਈ ਰਖਦੇ ਸਨ। ਅੱਜ ਧੁੱਪੇ ਬੈਠੇ ਸੀ। ਬਾਕੀ ਗਵਾਂਢੀ ਤਾਂ ਹਾਜਰ ਸਨ:  ਸ਼ੈਤਾਨ ਸ਼ਹਿਰਕ (ਗੱਟਾਰ ) ਸੀ, ਆਪਣੇ ਤੋਤਾਰਾਮ ਵੀ ਹੈਗਾ ਸੀ,  ਘੁਟੱਰਕੂ ਵੀ ਹੋਇਆ, ਟਟਿਆਉਲੀ (ਟਟੀਰੀ ) ਸੀ, ਘੁੱਗੀ ਵੀ ਸੀ ਪਰ ਕਾਂ ਭਾ ਜੀ ਨਹੀ ਦਿਸਿਆ।

 ਮੈਂ ਮਹਿਸੂਸ ਕੀਤਾ ਕਿ ਕੁਝ 5-7 ਸਾਲਾਂ ਤੋਂ ਕਾਂ ਭਾ ਜੀ ਸਾਡੇ ਨਾਲ ਪਤਾ ਨਹੀ ਕਿਓ ਨਰਾਜ ਹਨ? ਆਂਢ ਗਵਾਂਢ ਵੀ ਪੁਛਿਆ। ਹਰ ਕੋਈ ਕਹਿ ਰਿਹਾ ਸੀ ਅੱਜ ਕਲ ਕਾਂ ਕਾਂ ਘੱਟ ਹੀ ਸੁਣਾਈ ਦਿੰਦੀ ਹੈ। ਮਨ ਇਕ ਦਮ ਸਹਿਮ ਗਿਆ ਕਿ ਕਿਤੇ ਕਾਂ ਦਾ ਵੀ  ਓਹ ਹਾਲ ਨਾਂ ਹੋ ਜਾਵੇ ਜੋ ਸਾਡੀਆਂ ਗਿਰਝਾਂ ਇੱਲਾਂ ਦਾ ਹੋਇਆ ਹੈ।
ਮੈਨੂੰ ਪਤਾ ਹੈ ਮੇਰੇ ਵੀਰ ਭੈਣਾਂ ਇਹ ਪੜ੍ਹ ਕਿ ਜਰੂਰ ਹੱਸਣਗੇ ਤੇ ਕਹਿਣਗੇ ਕਿ 'ਓਏ ਗੁਰਾਇਆ ਭੇਜ ਦਈਏ ਕਾਵਾਂ ਦਾ ਜੋੜਾ?' ਪਰ ਮੇਰਾ ਸਵਾਲ ਹੈ ਕਿ ਸਾਡੇ ਗਿਰਦ ਕਾਂ ਕਿਓ ਨਹੀ ਨਜਰ ਆ ਰਿਹਾ? ਕੀ ਕੋਈ ਮੋਬਾਈਲ ਸ਼ਬਾਇਲ ਦਾ ਵੀ ਸਬੰਧ ਹੈ? ਕਿਉਕਿ 5-7 ਸਾਲ ਪਹਿਲਾਂ ਤਾਂ ਵਾਹਵਾ ਰੌਣਕ ਰਹਿੰਦੀ ਸੀ?
ਫਿਰ ਮੰਨ ਵਿਚ ਆਉਦਾ ਸਾਡੇ ਇਥੇ ਇਕ ਕਿਲੋਮੀਟਰ ਦੇ ਵਕਫੇ ਤੇ ਬਾਈਪਾਸ (ਵੇਰਕਾ-ਮਜੀਠਾ) ਸੜਕ ਤੇ ਉਚੇ ਲੰਮੇ ਰੁੱਖ ਨੇ ਤੇ ਸਾਡੇ ਕਾਂ ਭਾਈ ਸਾਬ ਦੇ ਮਹਿਲ ਵੀ ਓਥੇ ਹੀ ਹੁੰਦੇ ਸਨ। ਪਰ ਅੱਜ ਸੁਖ ਨਾਲ 5-7 ਪੈਲੇਸ ਨੇ ਓਥੇ। ਸਾਡੇ ਕਾਂ ਭਾ ਜੀ ਦੇ ਖਾਣ ਨੂੰ ਤਾਂ ਵਾਧੂ ਹੈ ਪਰ ਦਿੱਕਤ ਇਹ ਉਹ ਪੈਲਸਾਂ ਵਾਲੇ ਪਟਾਕੇ ਬੜੇ ਪਾਉਦੇ। ਰਾਤ ਨੂੰ ਸਾਡੇ ਕਾਂ ਰਾਜੇ ਦੀ ਨੀਂਦ ਤਾਂ ਉਖੜਦੀ ਹੀ ਹੋਵੇਗੀ। ਅਸੀ ਇਨਸਾਨ ਤਾਂ ਭਲਾ ਢੀਠ ਹੋ ਚੁੱਕੇ ਹਾਂ ਨਾਲੇ ਰਾਂਤੀ ਬੂਹੇ ਬੰਦ ਕਰ ਲਈਦੇ ਨੇ। ਇਕ ਹੋਰ ਵੀ ਕਾਂ ਭਾ ਲਈ ਮੁਸੀਬਤ ਕਰਤੀ ਹੈ ਪੈਲਸਾਂ ਵਾਲਿਆਂ। ਉਹ ਇਹ ਕਿ ਰਾਤ 12 ਤੋਂ ਡੇਢ ਵਜੇ ਬਹੁਤ ਹੀ ਉੱਚੀ ਡੀ. ਜੇ ਚਲਾਇਆ ਜਾਂਦਾ ਹੈ ਜਿਸ ਦੀ ਅਵਾਜ ਕੋਈ ਤਿੰਨ ਕਿਲੋਮੀਟਰ ਤਕ ਸੁਣੀਦੀ ਹੈ। ਅਸੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਾਂ ਭਾ ਤੇ ਕੀ ਬੀਤਦੀ ਹੋਵੇਗੀ?
ਅਸੀ ਭਰੋਸੇ ਵਿਚ ਲੈ ਕੇ ਇਕ ਬਹਿਰੇ ਕੋਲੋਂ ਪੁਛਿਆ ਕਿ ਅੱਧੀ ਰਾਤ ਨੂੰ ਡੀ ਜੇ ਐਨੀ ਉਚੀ ਕਿਓ ਕਰ ਦਿੰਦੇ ਨੇ। ਉਸ ਨੇ ਸਾਨੂੰ ਬੜੀ ਮਜੇਦਾਰ ਗਲ ਦੱਸੀ। ਕਹਿੰਦਾ ਭਾ ਜੀ ਆਹ ਲਾਲਿਆਂ ਦੇ ਵਿਆਹ ਰਾਤ ਹੁੰਦੇ ਨੇ। ਇਹ ਜੱਟਾਂ ਵਾਗੂ ਦਿਣੇ ਭੰਗੜਾ ਨਹੀ ਪਾ ਸਕਦੇ। ਇਹ ਸਿਰਫ ਓਦੋਂ ਰੰਗ ਫੜਦੇ ਨੇ ਜਦੋਂ ਛਿੱਟ ਅੰਦਰ ਗਈ ਹੋਵੇ ਤੇ ਤੇ ਅੱਧੀ ਰਾਤ ਹੋਵੇ। ਕਹਿੰਦਾ ਅੱਧੀ ਰਾਤ ਨੂੰ ਫਿਰ ਇਹ ਉਚੀ ਅਵਾਜ ਨਾਲ ਅੰਨੇ ਬੋਲੇ ਜਿਹੇ ਹੋ ਜਾਂਦੇ ਨੇ ਤੇ ਭੰਗੜੇ ਮੌਕੇ ਵਾਧੂ ਪੈਸੇ ਵਾਰਦੇ ਨੇ। ਕਹਿੰਦਾ ਪੈਲੇਸ ਦੇ ਮਾਲਕ ਤੇ ਮੈਨੇਜਰ ਵੀ ਜਾ ਚੁੱਕੇ ਹੁੰਦੇ ਨੇ ਓਦੋਂ ਕਮਾਂਡ ਸਾਡੇ ਹੱਥ ਹੁੰਦੀ ਹੈ।
ਮੈਨੂੰ ਝੱਟ ਪੱਛਮ ਦਾ ਕਨੂੰਨ ਯਾਦ ਆ ਗਿਆ। ਤਿੰਨ ਸਾਲ ਪਹਿਲਾਂ ਯੂ ਕੇ ਇਕ ਵਿਆਹ ਗਏ ਸੀ। ਰਾਤੀ 10 ਕੁ ਵਜੇ ਹੋਣਗੇ। ਇਕ ਕਾਲਾ ਜਮੀਕੀਆ ਪੁਲਸੀਆ ਆ ਗਿਆ ਕਹਿੰਦਾ ਤੁਹਾਡੀ ਅਵਾਜ ਤੁਹਾਡੇ ਹਾਲ ਤੋਂ ਬਾਹਰ ਜਾ ਰਹੀ ਹੈ। ਬੰਦ ਕਰੋ ਭੰਗ ਭੰਗੜਾ। ਸਾਰੇ ਚੁੱਪ ਸਨ। ਸਭ ਦੀ ਉਤਰ ਗਈ।
ਏਥੇ ਤਾਂ ਕੋਈ ਕਾਂ ਕਨੂੰਨ ਨਹੀ। ਕਿਧਰ ਜਾ ਰਿਹਾ ਸਾਡਾ ਪੰਜਾਬ?

No comments:

Post a Comment