I WILL GET THE KARTARPUR CORRIDOR OPENED - IQBAL SINGH LALPURA
ਅੰਮ੍ਰਿਤਸਰ, 17 ਜੁਲਾਈ| ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਕਲ ਸੰਗਰਾਂਦ ਦੇ ਦਿਹਾੜੇ ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਡੇਰਾ ਬਾਬਾ ਨਾਨਕ ਭਾਰਤ-ਪਾਕ ਸਰਹੱਦ ਤੇ ਫਿਰ ਆਪਣੀ ਮਾਸਿਕ ਅਰਦਾਸ ਕੀਤੀ। ਪਿਛਲੇ ਲਗ ਪਗ 16 ਸਾਲਾਂ ਤੋਂ ਹੋ ਰਹੀ ਅਰਦਾਸ ਦੀ ਇਸ ਵਾਰੀ ਦੀ ਖਾਸੀਅਤ ਇਹ ਰਹੀ ਕਿ ਅਰਦਾਸ ਸਿੱਖ ਵਿਦਵਾਨ ਤੇ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਸੇਵਾ ਮੁਕਤ ਸੀਨੀਅਰ ਪੁਲਿਸ ਕਪਤਾਨ ਇਕਬਾਲ ਸਿੰਘ ਲਾਲਪੁਰਾ ਨੇ ਖੁੱਦ ਕੀਤੀ। ਲਾਲਪੁਰਾ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਸ ਬਾਬਤ ਪ੍ਰਧਾਨ ਮੰਤਰੀ ਨੂੰ ਮਿਲਣਗੇ।
ਜਥੇਬੰਦੀ ਦੇ ਮੁਖੀ ਬੀ. ਐਸ.ਗੁਰਾਇਆ ਨੇ ਸੰਗਤ ਨੂੰ ਸੰਬੋਧਨ ਹੁੰਦੇ ਗਿਲਾ ਕੀਤਾ ਕਿ ਭਾਰਤ ਸਰਕਾਰ ਸੰਗਤਾਂ ਦੀ ਇਸ ਜਾਇਜ ਮੰਗ ਵਲ ਤਵੱਜੋ ਨਹੀ ਦੇ ਰਹੀ। ਗੁਰਾਇਆ ਨੇ ਮਿਸਾਲਾਂ ਦੇ ਦੇ ਕੇ ਦੱਸਿਆ ਕਿ ਅਜਿਹੇ ਲਾਂਘੇ ਹੋਰਨੀ ਥਾਂਈ ਵੀ ਕੌਮਾਂਤਰੀ ਅਮਨ ਤੇ ਭਾਈਚਾਰਕ ਸਾਂਝ ਵਧਾ ਰਹੇ ਹਨ। ਗੁਰਾਇਆ ਨੇ ਗਿਲਾ ਕੀਤਾ ਕਿ 2 ਮਈ ਨੂੰ ਕਾਂਗਰਸੀ ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਪੰਜ ਮੈਂਬਰੀ ਪਾਰਲੀਮਾਨੀ ਵਫਦ ਨੇ ਲਾਂਘੇ ਦਾ ਮੌਕੇ ਤੇ ਆ ਕੇ ਜਾਇਜਾ ਲਿਆ। ਸ਼ਸ਼ੀ ਥਰੂਰ ਨੇ ਮੀਡੀਏ ਨੂੰ ਸੰਬੋਧਨ ਹੁੰਦਿਆ ਸਾਫ ਸਾਫ ਲਫਜ਼ਾਂ ਵਿਚ ਕਹਿ ਦਿਤਾ ਕਿ ਜਿੰਨਾ ਚਿਰ ਭਾਰਤ- ਪਾਕਿਸਤਾਨ ਦੇ ਸਬੰਧ ਨਹੀ ਸੁਧਰਦੇ ਲਾਂਘੇ ਦਾ ਖੁੱਲਣਾ ਅਸੰਭਵ ਹੈ। ਗੁਰਾਇਆ ਨੇ ਕਿਹਾ ਕਿ ਇਹੋ ਜਿਹਾ ਨਜਰੀਆ ਮੰਦਭਾਗਾ ਹੈ। ਕਿਉਕਿ ਧਾਰਮਿਕ ਯਾਤਰਾ ਦਾ ਮਸਲਾ ਰਾਜਨੀਤਕ ਸਬੰਧਾਂ ਤੋਂ ਉੱਤੇ ਦੀ ਗਲ ਹੁੰਦਾ ਹੈ। ਮਤਲਬ ਇਹ ਕਿ ਭਾਵੇ ਦੋ ਕੌਮਾਂ ਜਾਂ ਮੁਲਕਾਂ ਵਿਚ ਖਿਚਾਅ ਦੇ ਹਾਲਾਤ ਹੋਣ, ਜਿਆਰਤ ਤਾਂ ਵੀ ਜਾਰੀ ਰਹਿੰਦੀ ਹੈ।ਗੁਰਾਇਆ ਨੇ ਦੱਸਿਆ ਕਿ ਜਦੋਂ ਇਰਾਕ ਤੇ ਸਾਉਦੀ ਅਰਬ ਵਿਚ ਪਿਛੇ ਲੜਾਈਆਂ ਵੀ ਹੋਈਆਂ ਹਨ ਪਰ ਸਾਉਦੀ ਅਰਬ ਨੇ ਲੜਾਈਆਂ ਮੌਕੇ ਤੇ ਅੱਜ ਵੀ ਈਰਾਕੀਆਂ ਦਾ ਹੱਜ ਨਹੀ ਬੰਦ ਕੀਤਾ।ਏਸੇ ਤਰਾਂ ਕਈ ਵਾਰ ਹੋਰ ਮੁਲਕਾਂ ਨਾਲ ਵੀ ਜਦੋਂ ਜਦੋਂ ਸਾਉਦੀ ਅਰਬ ਦੇ ਸਬੰਧ ਵਿਗੜੇ ਹਨ, ਹਾਜੀਆਂ ਨੂੰ ਰੁਕਾਵਟ ਨਹੀ ਆਉਣ ਦਿਤੀ ਗਈ।
ਖੁੱਦ ਭਾਰਤ ਸਰਕਾਰ ਵੀ ਚੀਨ ਸਥਿਤ ਕੈਲਾਸ਼ ਮੰਦਰ ਲਈ ਸ਼ਰਧਾਲੂਆਂ ਦੇ ਜਥੇ ਜਾਰੀ ਰੱਖੇ ਹੋਏ ਹੈ ਜਦੋਂ ਕਿ ਚੀਨ ਨਾਲ ਵੀ ਸਾਡੇ ਸਬੰਧ ਸੁਖਾਵੇਂ ਨਹੀ ਹਨ। ਏਸੇ ਤਰਾਂ ਇਤਹਾਸ ਵਿਚ ਭਾਰਤ ਦੀਆਂ ਆਪਸ ਵਿਚ ਲੜਨ ਵਾਲੀਆਂ ਰਿਆਸਤਾਂ ਨੇ ਕਦੀ ਕੁੰਭ ਮੇਲਿਆਂ ਤੇ ਇਕ ਦੂਸਰੇ ਦੇ ਨਾਗਰਕ ਦੇ ਆਉਣ ਜਾਣ ਤੇ ਪਾਬੰਦੀਆਂ ਨਹੀ ਸੀ ਲਾਈਆਂ। ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਮੱਦੇ ਨਜਰ ਜੰਮੂ ਕਸ਼ਮੀਰ ਵਿਚ ਸਰਕਾਰ ਸੰਗੀਨਾਂ ਦੀ ਛਾਂ ਹੇਠ ਅਮਰ ਨਾਥ ਯਾਤਰਾ ਸੰਪੂਰਨ ਕਰਵਾਉਂਦੀ ਹੈ।
ਕਹਿਣ ਤੋਂ ਭਾਵ ਸਭਿਅਕ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਧਾਰਮਿਕ ਸ਼ਰਧਾਲੂਆਂ ਦੇ ਰਸਤੇ ਵਿਚ ਕੋਈ ਰੁਕਾਵਟ ਨਾਂ ਆਵੇ। ਕੁੰਭ ਦੇ ਮੇਲਿਆਂ ਤੇ ਭਾਰਤ ਸਰਕਾਰ ਖਰਬਾਂ ਰੁਪਏ ਲਾ ਦਿੰਦੀ ਹੈ। ਫਿਰ ਭਾਰਤ ਸਰਕਾਰ ਮੱਕੇ ਦੇ ਹਾਜੀਆਂ ਨੂੰ ਵੀ ਕਰੋੜਾਂ ਰੁਪਏ ਦੀ ਹਵਾਈ ਸਫਰ ਕਰਨ ਲਈ ਸਬਸਿਡੀ ਦਿੰਦੀ ਹੈ। (ਮਿਸਾਲ ਵਜੋਂ ਸਾਲ 2009 ਵਿਚ 121695 ਯਾਤਰੀਆਂ ਨੂੰ ਕੁਲ 864.7 ਕ੍ਰੋੜ ਰੁਪਏ ਸਬਸਿਡੀ ਦਿਤੀ ਸੀ। ਕੈਲਾਸ਼ ਮੰਦਰ ਦੀ ਯਾਤਰਾ ਲਈ ਹਰ ਯਾਤਰੀ ਨੂੰ 50,000 ਰੁਪਏ ਕੁਝ ਸੂਬਾ ਸਰਕਾਰਾਂ ਦਿੰਦੀਆਂ ਹਨ)
ਇਸ ਤੇ ਬੋਲਦਿਆਂ ਸਾਬਕਾ ਪੁਲਸ ਕਪਤਾਨ ਲਾਲਪੁਰਾ ਨੇ ਕਿਹਾ ਕਿ ਲੀਡਰਸ਼ਿਪ ਸਹੀ ਢੰਗ ਨਾਲ ਇਹ ਮਸਲਾ ਕੇਂਦਰ ਕੋਲ ਉਠਾਉਣ ਵਿਚ ਕਾਮਯਾਬ ਨਹੀ ਰਹੀ। ਉਨਾਂ ਕਿਹਾ ਕਿ ਅੱਜ ਕਲ ਦੇ ਰਾਜਨੀਤਕ ਹਾਲਾਤਾਂ ਦੇ ਮੱਦੇਨਜਰ ਨਿਰਾ ਅਸੈਂਬਲੀ ਵਿਚ ਮਤਾ ਪਾਸ ਕਰ ਦੇਣਾ ਹੀ ਕਾਫੀ ਨਹੀ। ਜਰੂਰਤ ਸੀ ਕੇਂਦਰੀ ਲੀਡਰਸ਼ਿੱਪ ਦੇ ਜੇ ਕੋਈ ਸ਼ੰਕੇ ਸਨ ਤਾਂ ਉਨਾਂ ਨੂੰ ਮਿਲ ਬੈਠ ਕੇ ਦੂਰ ਕਰਨ ਦੀ।
ਲਾਲਪੁਰਾ ਨੇ ਭਰੋਸਾ ਦਿਵਾਇਆ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਖੁਦ ਪ੍ਰਧਾਨ ਮੰਤਰੀ ਤੇ ਸਬੰਧਤ ਮੰਤਰਾਲਿਆਂ ਤਕ ਪਹੁੰਚਾਉਣਗੇ। ਲਾਲਪੁਰਾ ਨੇ ਕਿਹਾ ਕਿ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਪ੍ਰਧਾਨ ਮੰਤਰੀ ਕੋਲੋ ਲਾਂਘਾ ਪਾਸ ਕਰਵਾਉਣ ਵਿਚ ਕਾਮਯਾਬ ਹੋਣਗੇ। ਜੈਕਾਰਿਆਂ ਦੀ ਗੂੰਜ ਵਿਚ ਸੰਗਤ ਨੇ ਲਾਲਪੁਰਾ ਨੂੰ ਭਰੋਸਾ ਦਿਵਾਇਆ ਕਿ ਸੰਗਤ ਵਲੋਂ ਉਨਾਂ ਨੂੰ ਪੂਰਾ ਸਹਿਯੋਗ ਮਿਲੇਗਾ। ਇਸ ਮੌਕੇ ਮਨੋਹਰ ਸਿੰਘ ਚੇਤਨਪੁਰਾ ਨੇ ਸੰਗਤ ਵਲੋ ਸਿਰੋਪੇ ਦੀ ਬਖਸ਼ਸ਼ ਕਰਕੇ ਲਾਲਪੁਰਾ ਨੂੰ ਅਰਦਾਸ ‘ਚ ਸ਼ਾਮਲ ਹੋਣ ਲਈ ਜੀ ਆਇਆ ਕਿਹਾ। ਮੌਕੇ ਤੇ ਬੀ.ਐਸ.ਗੁਰਾਇਆ ਤੋਂ ਇਲਾਵਾ ਸਰਬਜੀਤ ਸਿੰਘ ਕਲਸੀ, ਭਜਨ ਸਿੰਘ ਰੋਡਵੇਜ, ਗੁਰਬਚਨ ਸਿੰਘ ਰੋਡਵੇਜ, ਮਨੋਹਰ ਸਿੰਘ, ਚੇਤਨਪੁਰਾ ਦੀ ਹੋਰ ਸੰਗਤ ਤੇ ਅਨੇਕਾਂ ਹੋਰ ਸ਼ਰਧਾਲੂ ਮੌਜੂਦ ਸਨ।
ਅਰਦਾਸ ਤੋਂ ਬਾਦ ਧੁੱਸੀ ਤੋਂ ਥੱਲੇ ਉਤਰ ਕੇ ਫੋਟੋ ਖਿਚਵਾਉਦੇ ਸ਼ਰਧਾਲੂ ਤੇ ਜਥੇਦਾਰ ਲਾਲਪੁਰਾ |
ਅਰਦਾਸ ਮੌਕੇ ਧੁਸੀ ਤੇ ਬਣੇ ਪਲੇਟਫਾਰਮ ਤੇ ਵਿਚਾਰਾਂ ਕਰਦੇ ਹੋਏ ਲਾਲਪੁਰਾ ਤੇ ਹੋਰ ਸ਼ਰਧਾਲੂ |
2.
No comments:
Post a Comment