Thursday 11 May 2017

"ਜੀ ਹਮ ਭੀ ਪੰਜਾਬ ਤੋਂ ਹੀ ਆਤੇ ਹਾਂ।"


ਗਲ 1970ਵੇ ਦਹਾਕੇ ਦੀ ਆ। ਮੈਂ ਆਪਣੇ ਭਰਾ-ਭਾਬੋ ਕੋਲ ਇੰਦੋਰ (ਐਮ ਪੀ) ਰਹਿ ਕੇ ਪੜ੍ਹ ਰਿਹਾ ਸੀ। ਮੇਰੀ ਭਾਬੋ ਜੀ ਭਲੇ ਵੇਲਿਆਂ ਦੀ 5 ਪਾਸ ਹੈ। ਭਾਬੋ ਜੀ ਦੀ ਇਕ ਗਲ ਤੇ ਅਸੀ ਸਾਰੇ ਹੱਸਿਆ ਕਰਦੇ ਸੀ। ਉਹ ਇਹ ਕਿ ਭਾਬੋ ਜੀ ਸਬਜੀ ਵੇਚਣ ਆਏ ਬੲ੍ਹੀਏ ਨਾਲ ਗੂੜ ਪੰਜਾਬੀ ਬੋਲਦੀ ਹੁੰਦੀ ਸੀ। ਸਾਡੇ ਟੋਕਣ ਦਾ ਇਹ ਅਸਰ ਪਿਆ ਕਿ ਭਾਜੀ ਦੇ ਟਰੱਕਾਂ ਤੇ ਜਿਹੜੇ ਪੰਜਾਬੀ ਡਰਾਈਵਰ-ਕਲੀਨਰ ਹੁੰਦੇ ਸਨ ਓਨਾਂ ਨਾਲ ਭਾਬੋ ਜੀ ਨੇ ਹਿੰਦੀ ਬੋਲਣਾ ਸ਼ੁਰੂ ਕਰ ਦਿਤੀ। ਅਗਲੇ ਇਸ ਗਲ ਵਿਚ ਬੜੀ ਬੇਇਜ਼ਤੀ ਸਮਝਦੇ ਸਨ ਕਿ ਵੇਖੋ ਸੇਠਾਣੀ ਸਾਨੂੰ ਬੲ੍ਹੀਏ ਸਮਝ ਕੇ ਗਲ ਕਰਦੀ ਹੈ। ਪਰ ਦੂਸਰੇ ਪਾਸੇ ਸਬਜੀ ਵਾਲੇ ਨਾਲ ਗਲ ਪੰਜਾਬੀ 'ਚ ਹੀ ਜਾਰੀ ਰੱਖੀ। 

ਹੋਲੀ ਹੋਲੀ ਮੈਂ ਵੇਖਿਆ ਹੈ ਕਿ ਸਾਡੀ ਭਾਬੋ ਦਾ ਕਸੂਰ ਨਹੀ,  ਪੰਜਾਬੀਆਂ ਦਾ ਭਾਸ਼ਾ-ਸਵਿਚ ਥੋੜਾ ਵਿਗੜਿਆ ਹੀ ਰਹਿੰਦਾ ਹੈ। ਇਹ ਗਲ ਮੈਂ ਆਪਣੇ ਅਸਟ੍ਰੇਲੀਆ ਦੇ ਦੌਰੇ ਤੇ ਖੂਬ ਮਹਿਸੂਸ ਕੀਤੀ। ਖਾਸ ਕਰਕੇ ਪੰਜਾਬੀ ਬੀਬੀਆਂ ਵਿਚ। ਮੈਂ ਬਚਪਨ ਤੋਂ ਹੀ ਬੜਬੋਲਾ ਜਾਂ ਕਹਿ ਲਓ ਗਾਲੜੀ ਹਾਂ। ਪਾਰਕ ਵਿਚ ਅਕਸਰ ਗੋਰੇ ਗੋਰੀਆਂ ਨਾਲ ਮੇਰੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਸਨ। ਮੇਰੇ ਨਾਲ ਦੇ ਅਕਸਰ ਹੀ ਗੋਰਿਆਂ ਨਾਲ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਸਨ। ਮੇਰੀ ਆਦਤ ਨਹੀ ਅਗਲੇ ਨੂੰ ਟੋਕਣਾ ਪਰ ਬੜਾ ਬੁਰਾ ਲਗਦਾ ਹੈ ਜਦੋਂ ਵੀਰ ਤੇ ਭੈਣਾਂ ਸ਼ੁੱਧ ਪੰਜਾਬੀ ਲਹਿਜੇ ਵਿਚ ਹਿੰਦੀ ਬੋਲ ਕੇ ਫੁਕਰਾਪਣ ਵਖਾਉਦੇ ਹਨ। "ਜੀ ਹਮ ਭੀ ਪੰਜਾਬ ਤੋਂ ਹੀ ਆਤੇ ਹਾਂ।" "ਹਮਾਰਾ ਮੁੰਡਾ ਭੀ ਪੜ੍ਹਾਈ ਬੇਸ ਤੇ ਆਇਆ ਹੋਇਆ ਹੈ।" ਇਕ ਦਿਨ ਮੈਂ ਇਕ ਭੈਣ ਜੀ ਨੂੰ ਕਹਿ ਹੀ ਦਿਤਾ ਕਿ ਭੈਣ ਜੀ ਅੰਗਰੇਜ ਹਿੰਦੀ ਨਹੀ ਸਮਝਦੇ। ਅੱਗੋ ਕਹਿੰਦੀ "ਪਰ ਭਾਜੀ ਤੁਸੀ ਤਾਂ ਸਮਝ ਲੈਂਦੇ ਹੋ।" ਮੈਂ ਕਿਹਾ ਭੈਣ ਜੀ ਮੈਂ ਪੰਜਾਬੀ ਸਗੋਂ ਸੌਖੀ ਸਮਝਦਾ ਹਾਂ। ਭੈਣ ਜੀ ਨੇ ਅਹਿਸਾਸ ਕੀਤਾ ਤੇ ਸ਼ਰਮ ਮਹਿਸੂਸ ਕੀਤੀ ਜਿਸ ਦਾ ਮੈਂਨੂੰ ਦੁਖ ਹੈ।
ਪਰ ਆਪਾਂ ਇਸ ਤਰਾਂ ਕਰਦੇ ਹੀ ਕਿਓ ਹਾਂ।  ਪੰਜਾਬੀ ਦੁਨੀਆਂ ਦੀਆਂ ਅਮੀਰ ਭਾਸ਼ਾਵਾਂ ਵਿਚੋ ਇਕ ਹੈ ਜਿਸ ਦੇ ਬੋਲਣ ਤੇ ਆਪਾਂ ਫਖਰ ਮਹਿਸੂਸ ਨਹੀ ਕਰਦੇ। ਇਹ ਗਲ ਨਿਰਾ ਸਾਡੇ ਤੇ ਹੀ ਲਾਗੂ ਨਹੀ ਹੁੰਦੀ ਰਾਵੀਓ ਪਾਰ ਦੇ ਲੋਕ ਵੀ ਪੰਜਾਬੀ ਨੂੰ ਪੇਂਡੂ ਭਾਸ਼ਾ ਗਿਣਦੇ ਨੇ।ਹਾਲਾਂਕਿ ਸਾਹਿਤ (ਲਿਟਰੇਚਰ) ਪੱਖੋ ਪੰਜਾਬੀ ਭਾਸ਼ਾ ਹਿੰਦੀ ਤੋਂ ਕਿਤੇ ਪੁਰਾਣੀ ਹੈ। ਹਿੰਦੀ ਭਾਸ਼ਾ ਦਾ ਸਾਹਿਤ 14-15ਵੀ ਸਦੀ 'ਚ ਸ਼ੁਰੂ ਹੁੰਦਾ ਹੈ ਜਦੋ ਕਿ ਪੰਜਾਬੀ ਦੀ ਬਾਬੇ ਫਰੀਦ ਦੀ ਉਚ ਕੋਟੀ ਦੀ ਵੰਨਗੀ 12ਵੀ ਸਦੀ ਵੇਲੇ ਹੀ ਮੌਜੂਦ ਸੀ। ਸ਼ੇਖ ਫਰੀਦ ਦੀ ਪੰਜਾਬੀ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਦਾ ਕਿਡਾ ਉਚਾ ਮੁਕਾਮ ਸੀ ਸਾਹਿਤ ਵਿਚ।
 ਇਤਹਾਸ ਘੋਖਣ ਤੋਂ ਪਤਾ ਲਗਦਾ ਹੈ ਕਿ ਜਿਓ ਜਿਓ ਪੰਜਾਬੀ ਗੁਲਾਮ ਹੁੰਦੇ ਗਏ ਪੰਜਾਬੀ ਵੀ ਗੋਲੀ ਬਣਦੀ ਗਈ। ਮੁਸਲਮਾਨ ਹੁਕਮਰਾਨ ਆਏ। ਉਹ ਪੰਜਾਬੀ ਲੋਕਾਂ ਨੂੰ ਲੈ ਕੇ ਅੱਗੇ ਹਿੰਦੁਸਤਾਨ ਵਲ ਵਧਦੇ ਸਨ। ਓਥੇ ਹਿੰਦੀ ਬੋਲੀ ਜਾਂਦੀ ਸੀ। ਰਾਜਧਾਨੀ ਹਿੰਦੀ ਇਲਾਕੇ (ਆਗਰਾ, ਦਿੱਲੀ) ਆਦਿ ਬਣਨ ਕਰਕੇ ਉਸ ਇਲਾਕੇ ਦੀ ਬੋਲੀ ਵੀ ਰਾਜ ਭਾਸ਼ਾ ਜਿਹੀ ਬਣਨੀ ਸ਼ੁਰੂ  ਹੋ ਗਈ। ਵਕਤ ਪਾ ਕੇ ਓਸੇ ਬੋਲੀ ਨੂੰ ਲੋਕਾਂ ਫਾਰਸੀ ਲਿਪੀ ਵਿਚ ਲਿਖਣਾ ਸ਼ੁਰੂ ਕਰ ਦਿਤਾ ਤੇ ਉੜਦੂ ਹੋਂਦ ਵਿਚ ਆ ਗਿਆ। ਪਰ ਕੁਝ ਵੀ ਹੋਵੇ ਇਸ ਗਲ ਤੇ ਆ ਕੇ ਮੈਂਨੂੰ ਸਿੱਖ ਵੀਰਾਂ ਤੇ ਫਖਰ ਮਹਿਸੂਸ ਹੁੰਦਾ ਹੈ ਕਿ ਇਸ ਛੋਟੀ ਜਿਹੀ ਕੌਮ ਵਿਚ ਆਪਣੀ ਮਾਂ ਬੋਲੀ ਲਈ ਬੇਹੱਦ ਪਿਆਰ ਹੈ। ਸਾਡੇ ਮੁਸਲਮਾਨ ਜਾਂ ਹਿੰਦੂ ਵੀਰਾਂ ਵਿਚ ਇਹ ਵਾਲੀ ਕੌਮੀਅਤ ਭਾਵਨਾ ਘੱਟ ਹੈ। ਇਹ ਵਖਰੀ ਗਲ ਹੈ ਕਿ ਸਿੱਖ ਅਕਾਦਮਕ ਪੱਖ ਤੋਂ ਭਾਵ ਨਿਰਾ ਦੂਸਰੀ ਬੋਲੀ ਸਿੱਖਣ ਖਾਤਰ ਕਹਿ ਦਿੰਦੇ ਨੇ, "ਜੀ ਹਮ ਭੀ ਪੰਜਾਬ ਤੋਂ ਹੀ ਆਤੇ ਹਾਂ।" ਮੇਰੇ ਨੋਟਿਸ ਵਿਚ ਇਹ ਵੀ ਆਇਆ ਹੈ ਕਿ ਕਈ ਵਾਰੀ ਸਾਡੇ ਪੇਂਡੂ ਪੰਜਾਬੀਆਂ ਨੂੰ ਹਿੰਦੀ ਸਿੱਖਣ ਦਾ ਐਨਾ ਕੁ ਸ਼ੌਕ ਚੜ੍ਹ ਜਾਂਦਾ ਹੈ ਸਿਰਫ ਬਹਾਨੇ ਨਾਲ ਹਿੰਦੀ ਸਿਖਣ ਲਈ, ਹਿੰਦੀ ਵਿਚ ਗਲ ਬਾਤ ਕਰਨ ਲਈ ਬੲ੍ਹੀਆ ਰੱਖ ਲੈਂਦੇ ਹਨ। ਭਾਵੇ ਵਿਹਲੇ ਨੂੰ ਤਨਖਾਹ ਦੇਣੀ ਪਵੇ।
ਮੇਰੇ ਨੋਟਿਸ ਵਿਚ ਅਜਿਹਾ ਹੀ ਇਕ ਰਿਸਤੇਦਾਰ ਆਇਆ ਜੋ ਵਿਆਹ ਮੌਕੇ ਘੁੱਟ ਲਾ ਕੇ ਆਪਣੇ ਪੋਤਰੇ ਨਾਲ ਭੋਜਪੁਰੀ (ਜੋ ਪੂਰਬੀ ਯੂਪੀ, ਬਿਹਾਰ ਵਿਚ ਬੋਲੀ ਜਾਂਦੀ ਹੈ) ਵਿਚ ਗਲ ਕਰੇ। "ਗੁਰਪ੍ਰੀਤ ਤੁਮ ਕਿਆ ਕਰਤ ਹੋ?" "ਰੋਟੀ ਕਾਹੇ ਨਾਂ ਖਾਵਤ ਹੋ?" "ਹਮ ਜਾਤ ਰਹੀ।" ਓਥੇ ਹਾਸਾ ਪੈ ਗਿਆ। ਅਸਾਂ ਉਸ ਤੋਂ ਪੁਛਿਆ ਕਿ ਪ੍ਰੀਤਮ ਸਿੰਘ ਇਹ ਕੀ ਬੋਲ ਰਹੇ ਹੋ? ਅੱਗੋ ਕਹਿੰਦਾ ਬੲ੍ਹੀਏ ਨੇ ਪੋਤਰੇ ਨੂੰ ਹਿੰਦੀ ਸਿਖਾ ਦਿਤੀ ਹੈ।ਅਸੀ ਮੰਨਦੇ ਹਾਂ ਕਿ ਦੂਸਰੀ ਕੋਈ ਵੀ ਬੋਲੀ ਸਿਖਣਾ ਚੰਗੀ ਗਲ ਹੈ ਪਰ ਇਹ ਕੁਝ ਮਾਂ ਬੋਲੀ ਦੀ ਕੀਮਤ ਤੇ ਨਾਂ ਹੋਵੇ।

No comments:

Post a Comment