Monday 3 April 2017

ਜਦੋਂ ਗੋਰੀ ਨੇ ਜੋਰ ਦੀ ਚੀਕ ਮਾਰੀ

WHEN THE WHITE GIRL RAISED A LOUD CRYਇਹ ਦੱਸਣ ਲਈ ਕਿ ਦਇਆ ਧਰਮ ਵਿਚ ਸਾਡਾ ਕੋਈ ਸਾਨੀ ਨਹੀ
ਲਿਖਾਰੀ ਲੋਕਾਂ ਦਾ ਵਾਹ ਛਾਪੇਖਾਨਿਆਂ ਵਾਲਿਆਂ ਨਾਲ ਪੈਂਦਾ ਰਹਿੰਦਾ ਹੈ। ਪਰ ਰਸਾਲੇ ਅਖਬਾਰਾਂ ਛਾਪਣ ਵਾਲੇ ਪ੍ਰੈਸ ਵੱਡੇ ਹੁੰਦੇ ਨੇ ਤੇ ਖੁਸ਼ੀ-ਗਮੀ ਦੇ ਕਾਰਡ ਛਾਪਣ ਵਾਲੇ ਪ੍ਰੈਸ ਛੋਟੇ ਹੁੰਦੇ ਨੇ ਜੋ ਬਜ਼ਾਰਾਂ ਵਿਚ ਬੈਠੇ ਹੁੰਦੇ ਨੇ।  2004 ਦੀ ਗਲ ਹੈ। ਅਸਾਂ ਧੀ ਦੇ ਵਿਆਹ ਦਾ ਕਾਰਡ ਛਪਵਾਉਣਾ ਸੀ। ਹਾਲ ਬਜਾਰ ਅੰਮ੍ਰਿਤਸਰ ਦੇ ਇਕ ਛਾਪੇਖਾਨੇ ਪਹੁੰਚਿਆ। ਭਾਅ ਮਿਥਣ ਤੋਂ ਬਾਦ ਲਾਲਾ ਜੀ ਨੇ ਨਾਂ ਪੁੱਛਣੇ ਸ਼ੁਰੂ ਕਰ ਦਿਤੇ। ਮੈਂ ਸਮਝ ਗਿਆ ਕਿ ਉਹ ਕਾਰਡ ਦੀ ਇਬਾਰਤ (ਟੈਕਸਟ) ਤਿਆਰ ਕਰ ਰਹੇ ਨੇ। ਮੈਂ ਉਨਾਂ ਨੂੰ ਕਿਹਾ ਕਿ ਆਹ ਮੈਟਰ ਤਾਂ ਮੈਂ ਲਿਖ ਲਿਆਇਆ ਹਾਂ ਇਹੋ ਛਾਪ ਦਿਓ। ਲਾਲਾ ਜੀ ਨੇ ਪੜ੍ਹਨੀ ਸ਼ੁਰੂ ਕੀਤੀ। ਜਦੋਂ ਉਨਾਂ ਨੇ  'ਜੰਜ' ਲਫਜ਼ ਵੇਖਿਆ, ਕਹਿੰਦੇ ਸਰਦਾਰ ਜੀ ਕਿਹੜੇ ਪਿੰਡ ਤੋਂ ਹੋ। ਮੈਂ ਕਿਹਾ ਜੀ ਸ਼ਹਿਰ ਹੀ ਰਹਿੰਨੇ ਆ। ਕਹਿੰਦਾ ਤੁਸੀ ਬੜੀ ਠੇਠ ਪੰਜਾਬੀ ਲਿਖੀ ਹੈ। ਕਹਿੰਦਾ ਆਹ 'ਜੰਜ' ਲਫਜ਼ ਬਹੁਤ ਸਾਲਾਂ ਬਾਦ ਸੁਣ ਰਿਹਾ ਹਾਂ। ਹੁਣ ਤਾਂ ਸਾਰੇ 'ਬਰਾਤ' 'ਬਰਾਤ' ਹੀ ਕਹਿੰਦੇ ਤੇ ਲਿਖਦੇ ਹਨ। ਕਹਿੰਦਾ ਉਂਜ ਤਾਂ ਵਿਆਹ ਦੇ 99.9% ਕਾਰਡ ਹੁੰਦੇ ਹੀ ਅੰਗਰੇਜੀ ਵਿਚ ਹਨ। ਕਦੀ ਸਾਡੇ ਕੋਲ ਕਈ ਕੋਰੇ ਅਨਪੜ੍ਹ ਲੋਕ ਵੀ ਆਉਦੇ ਹਨ ਤੇ ਕਹਿੰਦੇ ਹਨ ਕਾਰਡ ਅੰਗਰੇਜੀ ਵਿਚ ਛਾਪਣਾ, "ਬਚਿਆਂ ਨੇ ਕਿਹਾ ਹੈ।"

ਸਾਡੀਆਂ ਗੱਲਾਂ ਸ਼ੁਰੂ ਹੋ ਗਈਆਂ। ਲਾਲਾ ਜੀ ਨੇ ਧਿਆਨ ਦਿਵਾਇਆ ਕਿ ਵੇਖੋ ਅੰਮ੍ਰਿਤਸਰ ਵਿਚ 90% ਲੋਕਾਂ ਦੇ ਘਰਾਂ ਦੀਆਂ ਨਾਮ-ਤਖਤੀਆਂ ਅੰਗਰੇਜੀ ਵਿਚ ਹੀ ਹਨ। ਕੀ ਉਨਾਂ ਦੇ ਘਰ ਦਾ ਸਰਨਾਵੇ ਦੀ ਜਰੂਰਤ ਸਿਰਫ ਅੰਗਰੇਜੀ ਪੜਿਆਂ ਨੂੰ ਹੀ ਹੁੰਦੀ ਹੈ? ਕੀ ਪਿੰਡਾਂ ਤੋਂ ਕੋਈ ਰਿਸ਼ਤੇਦਾਰ ਨਹੀ ਆਉਦੇ ਹੋਣਗੇ? ਅਸੀ ਦੁੱਖ ਜ਼ਾਹਿਰ ਕਰ ਰਹੇ ਸੀ ਕਿ ਵੇਖੋ ਕਿੰਨਾਂ ਹੰਕਾਰ ਹੋ ਗਿਆ ਲੋਕਾਂ ਵਿਚ। ਮੈਂ ਅਰਜ ਕੀਤੀ ਕਿ ਇਨੂੰ ਹੀ ਤਾਂ ਫੁਕਰਾਪਣ ਕਹਿੰਦੇ ਹਨ।

ਏਨੇ ਨੂੰ ਇਕ ਹੋਰ ਗਾਹਕ ਆ ਗਿਆ। ਮਰਗ ਦਾ ਕਾਰਡ ਸੀ। ਕਾਰਡ ਪੰਜਾਬੀ ਵਿਚ। ਮਤਲਬ ਕੀ ਮੌਤ ਵੇਲੇ ਅਸੀ ਥੋੜਾ ਸਹਿਮਦੇ ਹਾਂ ਨਹੀ ਤਾਂ ਨਸ਼ੇ ਵਿਚ ਹੀ ਰਹਿੰਦੇ ਹਾਂ। 

ਦੂਸਰੇ ਪਾਸੇ ਵੇਖੋ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਬੰਦਿਆ ਰੱਬ ਤੇਥੋ ਦੂਰ ਨਹੀ ਸਿਰਫ ਤੇਰੇ ਤੇ ਤੇਰੇ ਰੱਬ ਵਿਚ ਸਿਰਫ ਹੰਕਾਰ ਦਾ ਪੜ੍ਹਦਾ ਹੈ। ਇਹਦੇ ਬਾਵਜੂਦ ਸਾਡੇ ਸਿੱਖਾਂ ਵਿਚ ਹੰਕਾਰ ਕੁਝ ਜਿਆਦਾ ਹੀ ਹੈ। ਪਤਾ ਨਹੀ ਕੀ ਮਾਰ ਪੈ ਗਈ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਹਊਮੈ (ਜਿਹਦਾ ਮਤਲਬਾ ਹੁੰਦੈ: ਕਾਮ + ਕ੍ਰੋਧ + ਲੋਭ+ ਮੋਹ+ ਹੰਕਾਰ) ਲਫਜ 627 ਵਾਰੀ ਆਇਆ ਹੈ। ਤੇ ਇਹਦਾ ਦੂਸਰਾ ਰੂਪ 'ਹੰਕਾਰ' ਹੈ ਉਹ 124 ਵਾਰ ਆਇਆ ਹੈ। ਕਹਿਣ ਤੋਂ ਮਤਲਬ ਕਿ ਗੁਰਮਤ ਵਿਚ ਹਮਲਾ ਬੰਦੇ ਦੇ ਹੰਕਾਰ ਤੇ ਹੈ ਤੇ ਸਿਖਾਇਆ ਹੈ ਨਿਮ੍ਰਤਾ ਤੇ ਪਿਆਰ। ਦੱਸਿਆ ਹੈ ਕਿ ਭਾਈ ਹਰ ਜੀ ਤੇਰੇ ਵਰਗਾ ਹੀ ਉਸ ਨਿਰੰਕਾਰ ਦੀ ਰਚਨਾ ਹੈ ਉਹਦੇ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆ। ਏਹੋ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਵਿਚ 'ਦਇਆ' ਲਫਜ ਕੋਈ 199 ਵਾਰੀ ਆਇਆ ਹੈ।( ਪ੍ਰੇਮ 208 ਵਾਰੀ, ਪਿਆਰ 779 ਵਾਰੀ, ਭਾਉ (ਪਿਆਰ) - 193 ਵਾਰੀ) ਕਹਿਣ ਤੋਂ ਮਤਲਬ ਕਿ ਧਰਮ ਦਾ ਮੁਢਲਾ ਸਿਧਾਂਤ ਦਇਆ ਦੁਆਲੇ ਘੁੰਮਦਾ ਹੈ। 

ਪਰ ਮੈਂ ਸਮਝਦਾ ਹਾਂ ਕਿ ਗੋਰਿਆਂ ਵਿਚ ਦਇਆ ਸਾਡੇ ਨਾਲੇ ਕਿਤੇ ਵੱਧ ਹੈ। ਮੈਂ ਪਹਿਲਾਂ ਵੀ ਲਿਖਦਾ ਰਹਿੰਨਾ ਕਿ ਜਿਹੋ ਜਿਹੇ ਇਨਸਾਨ ਦੀ ਗੁਰੂ ਨਾਨਕ ਰਚਨਾ ਕਰਨਾਂ ਚਾਹੁੰਦੇ ਸਨ ਇਹ ਗੋਰੇ ਉਸ ਦੇ ਕਾਫੀ ਨੇੜੇ ਹਨ। ਇਹ ਜੋ ਬਾਹਰੋ ਹਨ ਓਹੋ ਅੰਦਰੋ ਹਨ। ਇਹ ਘੁਟ ਘੁਟ ਕੇ ਨਹੀ ਜੀਂਦੇ। ਜੋ ਮਨ ਵਿਚ ਗਲ ਆਈ ਠਾਹ ਮੂੰਹ ਤੇ ਮਾਰਦੇ ਨੇ। ਜੇ ਕਿਸੇ ਤੇ ਦਿੱਲ ਆ ਗਿਆ ਤਾਂ ਮਿੰਟ ਨਹੀ ਲਾਉਦੇ 'ਆਈ ਲਵ ਯੂ ਕਹਿਣ ਵਿਚ'। ਸਾਡੇ ਲੋਕ ਸਾਲਾਂ ਬੱਧੀ ਖਿੜਕੀਆਂ 'ਚ ਖਲੋ ਖਲੋ ਚੋਰੀ ਚੋਰੀ ਤਕਦੇ ਰਹਿੰਦੇ ਨੇ। ਇਹੋ ਕਾਰਨ ਹੈ ਇਨਾਂ ਦੇ 'ਹੀਰ ਰਾਂਝੇ' 'ਸੋਹਣੀ ਮਹੀਵਾਲ' 'ਸੱਸੀ ਪੁਨੂੰ' 'ਮਿਰਜਾ ਸਹਿਬਾਂ' ਨਹੀ ਹੁੰਦੇ। 

ਬਹੁਤ ਹੀ ਸਾਫ ਸਪੱਸ਼ਟ ਗਲ ਹੈ ਇਨਾਂ ਵਿਚ ਸਾਡੇ ਨਾਲੋ ਕਾਮ ਕ੍ਰੋਧ ਘੱਟ ਹੈ ਇਨਾਂ ਵਿਚ। ਲੋਭ ਵੀ ਘੱਟ ਹੈ। ਮੋਹ ਵੀ ਬਹੁਤ ਹੀ ਘੱਟ ਹੈ।  ਤੇ ਅਹੰਕਾਰ ਵੀ ਘੱਟ। ਮੋਹ ਇਨਾਂ ਵਿਚ ਏਨਾ ਘੱਟ ਹੈ ਕਿ ਇਹ ਭਵਿਖ ਵਾਸਤੇ ਜੋੜਦੇ ਹੀ ਨਹੀ ਹਨ। ਜੋ ਕੁਝ ਹੈ ਛਨਿਛਰ ਐਤਵਾਰ ਤਕ ਮੁਕਾ ਬਹਿੰਦੇ ਹਨ ਤੇ ਸੋਮਵਾਰ ਖਾਲੀ ਹੱਥ ਕੰਮ ਤੇ ਪਰਤਦੇ ਹਨ। ਸਾਡੇ ਲੋਕ ਸਾਰੀ ਉਮਰ ਪਲੀ ਪਲੀ ਕਰਕੇ ਜੋੜਦੇ ਰਹਿੰਦੇ ਹਨ। ਜਿੰਦਗੀ ਜਿਊਂਣਾ ਹੀ ਭੁੱਲ ਜਾਂਦੇ ਹਨ। ਮਤਲਬ ਅਸੀ ਲੋਕ ਭਾਣੇ ਜਾਂ ਰਜਾ ਵਿਚ ਨਹੀ ਜੀਂਦੇ। ਅਸੀ ਤਾਂ ਭਵਿਖ ਦੀਆਂ ਸਕੀਮਾਂ ਘੜਦੇ ਰਹਿੰਦੇ ਹਾਂ। ਮਤਲਬ ਅਸੀ ਪੰਜਾਬੀਆਂ ਨੇ ਗੁਰੂ ਨਾਨਕ ਨੂੰ ਹਰਾ ਦਿਤਾ ਹੈ। ਜਿੰਨਾਂ ਗੱਲਾਂ ਤੋਂ ਉਸ ਨੇ ਸਾਨੂੰ ਵਰਜਿਆ ਸੀ ਉਹ ਸਾਡੇ 'ਚ ਜਿਆਦਾ ਨੇ।


ਮੈਂ ਜਿੰਦਗੀ ਵਿਚ ਮਹਿਸੂਸ ਕੀਤਾ ਹੈ ਕਿ ਜਿਹੜੇ ਲੋਕ ਬ੍ਰਾਹਮਣਵਾਦ ਦੇ ਜਿਆਦਾ ਨੇੜੇ ਸਨ ਮਤਲਬ ਅਖੌਤੀ ਉਚੀਆਂ ਜਾਤਾਂ ਵਾਲੇ (ਖੱਤਰੀ, ਬ੍ਰਾਹਮਣ, ਰੋੜੇ, ਜੱਟ, ਰਾਜਪੂਤ) ਓਨਾਂ ਵਿਚ ਔਗਣ ਜਿਆਦਾ ਹਨ। ਮਤਲਬ ਇਹ ਲੋਕ ਜਿਆਦਾ ਹੰਕਾਰੀ ਤੇ ਹਊਮੇਧਾਰੀ ਹਨ। ਅਖੌਤੀ ਛੋਟੀਆਂ ਜਾਤਾਂ ਵਾਲੇ ਇਨਾਂ ਦੇ ਮੁਕਾਬਲੇ ਥੋੜਾ ਠੀਕ ਹਨ ਜਿਥੋਂ ਤਕ ਰਜਾ ਦੇ ਸਿਧਾਂਤ ਦਾ ਸਵਾਲ ਹੈ।

 ਖੈਰ ਜੀ ਗਲ ਲੰਮੀ ਹੋ ਗਈ। ਆਹ ਇਕ ਰਿੱਛ ਨੇ ਲੋਹੇ ਦੇ ਭਾਂਡੇ ਵਿਚ ਸਿਰ ਫਸਾ ਲਿਆ ਹੈ। ਗੋਰੇ ਇਸ ਨੂੰ ਅਜਾਦ ਕਰਨ ਲਈ ਸਿਰ ਧੜ ਦੀ ਬਾਜੀ ਲਾ ਦਿੰਦੇ ਨੇ। ਤੇ ਰਿੱਛ ਦੇ ਗਲੋਂ ਗਲਾਵਾਂ ਲਾਹੁਣ ਮਗਰੋ ਜਿਹੜੀ ਚੀਕ ਗੋਰੀ ਨੇ ਮਾਰੀ ਹੈ ਉਹ ਐਲਾਨ ਹੈ ਕਿ ਦਇਆ ਕਰਨਾਂ ਸਿਰਫ ਅਸੀ ਅੰਗਰੇਜ ਹੀ ਜਾਣਦੇ ਹਾਂ।

ਯਾਦ ਰਖੋ ਰਿੱਛ ਦੀ ਨਹੁੰਦਰ ਬਹੁਤ ਖਤਰਨਾਕ ਹੁੰਦੀ ਹੈ। ਸੋ ਖਤਰਾ ਮੁੱਲ ਲੈ ਕੇ ਦਇਆ ਕੋਈ ਕੋਈ ਹੀ ਕਰ ਸਕਦਾ ਹੈ।
No comments:

Post a Comment