ਕੋਈ ਵੀ ਪ੍ਰਦੇਸੀ ਬੰਦਾ ਅਸਟ੍ਰੇਲੀਆ ਆਵੇ ਤਾਂ ਉਸ ਕੋਲ ਵਾਧੂ ਵਿਹਲਾ ਸਮਾਂ ਹੁੰਦਾ ਹੈ। ਸੋ ਅਸਾਂ ਸੋਚਿਆ ਚਲੋ ਸੈਰ ਤੇ ਕਸਰਤ ਰਾਂਹੀ ਸਿਹਤ ਹੀ ਬਣਾ ਲਈਏ।
ਬ੍ਰਿਸਬੇਨ ਦੀਆਂ ਗਿੰਪੀ ਤੇ ਵੈੱਬਸਟਰ ਸੜਕਾਂ ਤੇ ਸੈਰ ਕਰਨਾਂ ਮੇਰੇ ਲਈ ਯਾਦਗਾਰ ਜਿਹਾ ਸਮਾਂ ਬਣ ਗਿਆ ਹੈ। ਉਹ ਇਸ ਕਰਕੇ ਕਿਉਕਿ ਸ਼ਾਮੀ ਜਦੋਂ ਕਾਮੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੇ ਘਰੋ ਘਰੀ ਜਾ ਰਹੇ ਹੁੰਦੇ ਨੇ ਤਾਂ ਕਈ ਪੂਰੇ ਮਸਤੀ ਦੇ ਆਲਮ ਵਿਚ ਹੁੰਦੇ ਨੇ। ਮੇਰੇ ਲਾਗੋਂ ਦੀ ਲੰਘਦੇ ਕਦੀ ਕਦੀ ਕਈ "ਹਾਏ", "ਸਲਾਮ", "ਮਰਹਬਾ" (ਅਰਬੀ : ਕੀ ਹਾਲ ਹੈ?) ਦੀਆਂ ਟਾਹਰਾਂ ਲਾ ਦਿੰਦੇ ਨੇ। ਮੇਰਾਂ ਹੁਲੀਆ ਵੇਖਦੇ ਹੋਏ ਇਕ ਦਿਨ ਇਕ ਗੋਰੇ ਨੇ ਉੱਚੀ ਜਿਹੀ ਅਵਾਜ ਮਾਰੀ , "ਹਾਇ ਓਸਾਮਾ"। ਓਸਾਮਾ ਕਹਿਣ ਤੋਂ ਉਹਦਾ ਮਤਲਬ ਸੀ ਕਿ ਮੈਂ ਪ੍ਰਸਿਧ ਅੱਤਵਾਦੀ ਓਸਾਬਾ ਬਿਨ ਲਾਦਿਨ ਵਰਗਾ ਲਗਦਾ ਹਾਂ। ਇਸ ਮਿਹਣੇ ਨੇ ਮੈਨੂੰ ਮਜਬੂਰ ਕੀਤਾ ਕਿ ਜਦੋਂ ਕਿਸੇ ਅੰਗਰੇਜ ਨਾਲ ਜਦੋਂ ਮੈਂ ਗਲ ਕਰਾਂ ਤਾਂ ਪਤਾ ਲਾਵਾਂ ਕਿ ਉਹਨਾਂ ਨੂੰ ਸਿੱਖਾਂ ਬਾਰੇ ਪਤਾ ਹੈ ਕਿ ਨਹੀ। ਗਲ ਬਾਤ ਤੋਂ ਮੈਨੂੰ ਪਤਾ ਲਗਾ ਕਿ ਸ਼ਹਿਰ ਵਿਚ ਰਹਿਣ ਵਾਲੇ ਲਗ ਪਗ ਬਹੁਤੇ ਗੋਰਿਆਂ ਨੂੰ ਸਿੱਖਾਂ ਬਾਰੇ ਜਾਣਕਾਰੀ ਹੈ ਪਰ ਦੂਰ ਦੁਰਾਡੇ ਪਿੰਡੀ ਥਾਂਈ ਰਹਿਣ ਵਾਲੇ ਗੋਰਿਆਂ ਦਾ ਗਿਆਨ ਸਿਰਫ ਟੀ ਵੀ ਵਾਲਾ ਹੀ ਹੈ। ਸੋ ਅਸਾਂ ਸੋਚਿਆ ਕਿ ਸਿੱਖਾਂ ਦੀ ਵਾਕਫੀਅਤ ਬਾਰੇ ਲਿਖਿਆ ਜਾਵੇ ਕਿ ਇਹ ਮੁਸਲਮਾਨ ਜਾਂ ਹਿੰਦੂ ਨਹੀ ਹਨ।
ਸਿੱਖ ਦਾ ਮਤਲਬ ਹੁੰਦਾ ਸਿਖਿਆਰਥੀ।
125 ਕ੍ਰੋੜ ਜਨਸੰਖਿਆ ਵਾਲੇ ਹਿੰਦੁਸਤਾਨ ਵਿਚ ਸਿੱਖ ਬਹੁਤ ਹੀ ਛੋਟੀ ਜਿਹੀ ਕੌਮ ਹੈ; ਕੁਲ ਸੰਖਿਆ ਦਾ ਸਿਰਫ ਲਗਪਗ 1.5% । ਉਂਜ ਤਾਂ ਸਿੱਖ ਪੂਰੀ ਦੁਨੀਆਂ ਵਿਚ ਖਿੱਲਰੇ ਪਏ ਨੇ ਪਰ ਭਾਰਤ ਤੇ ਉੱਤਰ ਵਿਚ ਪੱਛਮੀ ਸਰਹੱਦ ਦੇ ਨਾਲ ਲਗਦਾ ਛੋਟਾ ਜਿਹਾ ਸੂਬਾ 'ਪੰਜਾਬ' ਸਿੱਖਾਂ ਦਾ ਘਰ (ਹੋਮਲੈਂਡ) ਹੈ।
ਏਸੇ (ਪੰਜਾਬ) ਦੇ ਨਾਂ ਦਾ ਸੂਬਾ ਪਾਕਿਸਤਾਨ ਵਿਚ ਵੀ ਹੈਗਾ ਹੈ। 1947 'ਚ ਜਦੋਂ ਅੰਗਰੇਜਾਂ ਨੇ ਭਾਰਤ ਛੱਡਿਆ ਤਾਂ ਮਜ੍ਹਬੀ ਦੰਗੇ ਭੜਕ ਉਠੇ ਜਿਸ ਕਾਰਨ ਕੋਈ 10 ਲੱਖ ਲੋਕ ਮਰੇ ਤੇ ਦੁਨੀਆਂ ਦੇ ਇਤਹਾਸ ਦੀ ਸਭ ਤੋਂ ਵੱਡੀ ਹਿਜਰਤ (ਪਲਾਇਨ) ਹੋਈ ਸੀ। ਓਦੋਂ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ: ਭਾਰਤੀ ਪੰਜਾਬ ਤੇ ਪਾਕਿਸਤਾਨ ਵਾਲਾ। ਮੁਸਲਮਾਨਾਂ ਨੂੰ ਭਾਰਤੀ ਪੰਜਾਬ ਛੱਡਣਾ ਪਿਆ ਤੇ ਸਿੱਖਾਂ ਨੂੰ ਪਾਕਿਸਤਾਨੀ ਪੰਜਾਬ। ਸਿੱਖਾਂ ਦਾ ਤਾਂ ਓਦੋ ਲੱਕ ਟੁੱਟ ਗਿਆ ਸੀ ਕਿਉਕਿ ਕੁਲ ਅਬਾਦੀ ਦਾ 26% ਨੂੰ ਘਰ ਬਾਰ ਛੱਡਣੇ ਪਏ ਸਨ।
ਓਦੋਂ 300 ਦੇ ਕਰੀਬ ਸਿੱਖਾਂ ਦੇ ਧਾਰਮਿਕ ਤੇ ਇਤਹਾਸਕ ਸਥਾਨਾਂ ਤੋਂ ਇਨਾਂ ਨੂੰ ਵਿਛੜਨਾ ਪਿਆ ਸੀ। ਇਥੋਂ ਤਕ ਕਿ ਮਜ੍ਹਬ ਦੇ ਬਾਨੀ ਦਾ ਜਨਮ ਤੇ ਅੰਤਮ ਅਸਥਾਨ ਦੋਵੇ ਪਾਕਿਸਤਾਨ ਵਿਚ ਆ ਗਏ। ਵਿਡੰਬਣਾਂ ਕੁਝ ਵੇਖੋ ਕਿ ਬਾਨੀ ਦਾ ਅੰਤਮ ਅਸਥਾਨ (ਕਰਤਾਰਪੁਰ) ਤਾਂ ਬਿਲਕੁਲ ਹੀ ਸਰਹੱਦ ਤੇ ਆ ਗਿਆ। ਪਾਕਿਸਤਾਨ ਨੇ ਕਰਤਾਰਪੁਰ ਲਈ ਲਾਂਘਾ ਦੇਣਾ ਮੰਨ ਲਿਆ ਹੈ ਪਰ ਭਾਰਤ ਸਰਕਾਰ ਨੇ ਅਜੇ ਤਕ ਇਹ ਤਜਵੀਜ ਪਾਸ ਨਹੀ ਕੀਤੀ।
ਸਿੱਖ ਆਪਣੀ ਵੱਖਰੀ ਦਿਖ ਕਾਰਨ ਲੱਖਾਂ ਵਿਚੋਂ ਦੂਰੋਂ ਹੀ ਨਜ਼ਰ ਆਉਦਾ ਹੈ। ਹਰ ਸਿੱਖ ਦੇ ਸਿਰ ਤੇ ਪੱਗ ਹੁੰਦੀ ਹੈ ਜੋ 6 ਕੁ ਮੀਟਰ ਲੰਮਾ ਕੋਰਾ ਕਪੜਾ ਹੁੰਦਾ ਹੈ। ਸਰੀਰ ਦੇ ਕਿਸੇ ਹਿੱਸੇ ਦੇ ਰੋਮ ਕਟਣਾ ਸਿੱਖਾਂ ਨੂੰ ਮਨਾਂ ਹੈ। ਸ਼ਰਧਾਲੂ ਸਿੱਖ ਦਾ ਖੁੱਲਾ ਦਾਹੜਾ ਹੁੰਦਾ ਹੈ ਪਰ ਸੋਹਣਾ ਸਮਾਰਟ ਦਿਸਣ ਵਾਸਤੇ ਕਈ ਸਿੱਖ ਦਾਹੜੀ ਨੂੰ ਗੂੰਦ ਆਦਿ ਲਾ ਕੇ ਬੰਨਦੇ ਵੀ ਹਨ। ਪਰ ਧਰਮ ਤੋਂ ਬਾਗੀ ਕਿਸਮ ਦੇ ਕਈ ਲੋਕ ਕੇਸ ਕਟਵਾਉਦੇ ਵੀ ਹਨ। ਪਰ ਇਕ ਗਲ ਤਾਂ ਪੱਕੀ ਹੈ ਸਿੱਖ ਇਕੱਲੀ ਮੁਛ ਕਦੀ ਨਹੀ ਮੁਨਾਉਦੇ ਜਿਵੇ ਇਹਨਾਂ ਦੇ ਮੁਸਲਮਾਨ ਭਰਾ ਕਰਦੇ ਹਨ।
ਮਰਦ ਹੋਵੇ ਜਾਂ ਜਨਾਨੀ ਹਰ ਸਿੱਖ ਦੇ ਸੱਜੇ ਗੁੱਟ ਤੇ ਸਟੀਲ ਦਾ ਕੜ੍ਹਾ ਹੁੰਦਾ ਹੈ।
ਕਿਰਪਾਨ ਧਾਰੀ ਸਿੱਖ ਖਾਲਸਾ ਅਖਵਾਉਦੇ ਹਨ। |
ਹਰ ਸਿੱਖ ਦੇ ਨਾਂ ਨਾਲ ਸਿੰਘ ਹੁੰਦਾ ਹੈ ਤੇ ਹਰ ਸਿੱਖਣੀ ਕੌਰ (ਸ਼ਹਿਜਾਦੀ) ਹੁੰਦੀ ਹੈ।
ਹਰ ਸਿੱਖ ਸ਼ਹਿਜਾਦੀ ਸਲਵਾਰ (ਘੇਰੇਦਾਰ ਪੈਂਟ) ਕਮੀਜ (ਸ਼ਰਟ) ਵਿਚ ਸੋਭਦੀ ਹੈ ਤੇ ਸਿਰ ਤੇ ਚੁੰਨੀ ਹੁੰਦੀ ਹੈ।ਸੋ ਇਸ ਪ੍ਰਕਾਰ ਸਿੱਖ ਰਾਣੀ ਦਾ ਪਹਿਰਾਵਾ ਆਪਣੀ ਮੁਸਲਮਾਨ ਭੈਣ ਨਾਲ ਰਲਦਾ ਮਿਲਦਾ ਹੈ ਪਰ ਫਰਕ ਇਨਾਂ ਹੈ ਕਿ ਸਿੱਖਣੀ ਆਪਣਾ ਚਿਹਰਾ ਨਹੀ ਲੁਕਾਉਦੀ ਜਦੋਂ ਕਿ ਮੁਸਲਮਾਨੀ ਚਿਹਰੇ ਤੇ ਪੜਦਾ ਪਾਉਦੀ ਹੈ।
ਸਿੱਖ ਧਰਮ ਦੀ ਨੀਂਹ ਗੁਰੂ ਨਾਨਕ (1469-1539 ਈ.) ਨੇ ਰੱਖੀ ਸੀ। ਗੁਰੂ ਨਾਨਕ ਨੇ ਰੱਬ ਦੇ ਆਪਣੇ ਵਿਲੱਖਣ ਸਿਧਾਂਤ ਨੂੰ ਪ੍ਰਚਾਰਨ ਲਈ ਦੂਰ ਦੂਰ ਦੀਆਂ ਯਾਤਰਾਵਾਂ ਕੀਤੀਆਂ। ਇਥੋਂ ਤਕ ਕਿ ਉਹ ਦੂਰ ਰੋਮ, ਈਰਾਨ, ਈਰਾਕ, ਉਜਬੇਕਿਸਤਾਨ, ਚੀਨ, ਅਸਾਮ, ਲੰਕਾ ਤਕ ਗਿਆ) ਗੁਰੂ ਨਾਨਕ ਦੇ ਮਗਰੋਂ ਨੌ ਹੋਰ ਗੁਰੂ ਵੀ ਵੀ ਹੋਏ। ਸਿੱਖੀ ਦੇ ਰਹਿਬਰ ਗੁਰੂ ਅਖਵਾਉਂਦੇ ਸਨ। ਗੁਰੂ ਮਾਇਨੇ ਅਧਿਆਪਕ।
ਬੜੀ ਦਿਲਚਸਪ ਗਲ ਕਿ ਸਿੱਖੀ ਦੇ ਨਿਸ਼ਾਨ ਦਾ ਮੁਖ ਅੰਗ ਹਿੰਦਸਾ ਇਕ (1) ਹੁੰਦਾ ਹੈ। ਸਿੱਖੀ ਦਾ ਵਿਸ਼ਵਾਸ਼ ਹੈ ਕਿ ਇਨਸਾਨ ਵਿਚ ਜਿਹੜੀ ਚੇਤੰਨਤਾ ਦਾ ਤੱਤ ਹੈ ਇਹ ਹੀ ਰੱਬ ਜਾਂ ਨਿਰੰਕਾਰ ਹੈ ਬਸ ਹਊਮੇ ਨਾਂ ਹੋਵੇ। ਭਾਵ ਸਿੱਖੀ ਦਾ ਮੰਨਣਾ ਹੈ ਕਿ ਬੰਦੇ ਦੀ ਹਊਮੈ (ਜਿਹਦਾ ਮਤਲਬ ਹੁੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੀਆਂ ਇਨਸਾਨੀ ਕਮਜੋਰੀਆਂ) ਨੇ ਹੀ ਉਨੂੰ ਰੱਬ ਨਾਲੋ ਵੱਖ ਕੀਤਾ ਹੋਇਆ ਹੈ। ਨਿਰੰਕਾਰ ਦੀ ਸਿਫਤ ਸਲਾਹ (ਨਾਮ) ਜੱਪਣ ਨਾਲ ਹਊਮੇ ਘੱਟ ਜਾਂਦੀ ਹੈ।
ਸ਼ਾਇਦ ਇਸ ਸਬੰਧ ਵਿਚ ਅਸੀ ਬਿਜਲੀ ਦੇ ਕਰੰਟ ਤੇ ਬਿਜਲਈ ਮਸ਼ੀਨਾਂ (ਪੱਖਾ ਆਦਿ) ਦੀ ਮਿਸਾਲ ਦੇ ਸਕਦੇ ਹਾਂ। ਜਿਵੇ ਮਸ਼ੀਨ ਵਿਚ ਜਿੰਨਾਂ ਚਿਰ ਕਰੰਟ ਨਾਂ ਹੋਵੇ ਉਹ ਬੇਕਾਰ ਹੈ ਏਸੇ ਤਰਾਂ ਜੇ ਜੀਵ ਵਿਚ ਪ੍ਰਮਾਤਮਾ ਦੀ ਹੋਂਦ ਨਾਂ ਹੋਵੇ ਤਾਂ ਉਹ ਲਾਸ਼ ਹੁੰਦਾ ਹੈ। ਪਰ ਸਿੱਖ ਧਰਮ ਦਾ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਉਹ ਆਪ ਅਮਰ ਹੈ। ਅਸੀ ਮਨੁੱਖਾਂ ਨੇ ਸਹੂਲਤ ਲਈ ਸਮੇਂ ਦੀ ਵੰਡ ਕੀਤੀ ਹੋਈ ਹੈ, ਅਸੀ ਦੂਰੀ ਵੀ ਮਾਪਦੇ ਹਾਂ, ਦਿਤੀਆਂ ਅੱਖਾਂ ਨਾਲ ਅਸੀ ਜਿਸ ਤਰਾਂ ਚੀਜ਼ਾਂ ਪਦਾਰਥ ਵੇਖਦੇ ਹਾਂ ਰੱਬ ਇਨਾਂ ਤਿੰਨਾਂ ਸਿਧਾਤਾਂ (ਟਾਈਮ, ਸਪੇਸ ਅਤੇ ਮੈਟਰ) ਤੋਂ ਉਪਰ ਹੈ। ਉਹ ਤਾਂ ਘੱਟ ਘੱਟ ਵਿਚ ਬਿਰਾਜਮਾਨ (ਜਿਵੇ ਕਰੰਟ: ਉਤੇ ਮਿਸਾਲ ਦਿਤੀ) ਹੈ।
ਸਿੱਖੀ ਦੇ ਕੁਝ ਇਕ ਬਾਹਰੀ ਪੱਖ ਹਿੰਦੂ ਧਰਮ ਤੇ ਇਸਲਾਮ ਨਾਲ ਮਿਲਦੇ ਜੁਲਦੇ ਹਨ, ਪਰ ਨਿਰੰਕਾਰ ਦਾ ਮੂਲ ਸਿਧਾਂਤ ਅਲੌਕਿਕ ਹੈ। ਕਿਉਕਿ ਸਿੱਖੀ ਇਹ ਮੰਨਦੀ ਹੈ ਕਿ ਸਾਰੇ ਜੀਵਾਂ ਦਾ ਬੀਅ ਇਕ ਨਿਰੰਕਾਰ ਹੀ ਹੈ ਤੇ ਉਹ ਹੀ ਸਾਡੀ ਤਾਕਤ ਦਾ ਸੋਮਾ ਹੈ ਇਸ ਕਰਕੇ ਸਿੱਖੀ ਹਿੰਦੂ ਧਰਮ ਦੇ ਜਾਤ ਪਾਤ ਦੇ ਸਿਧਾਂਤ ਤੇ ਇਸਲਾਮ ਦੇ ਕਾਫਿਰ ਤੇ ਮੋਮਨ ਦੇ ਸਿਧਾਂਤ ਦਾ ਖੰਡਨ ਕਰਦੀ ਹੈ। ਇਹੋ ਕਾਰਨ ਹੈ ਕਿ ਸਿੱਖੀ ਕਹਿੰਦੀ ਹੈ ਕਿ ਕਿਸੇ ਨਾਲ ਵੀ ਨਫਰਤ ਨਾਂ ਕਰੋ ਇਥੋਂ ਤਕ ਕਿ ਚੋਰਾਂ, ਕਾਤਲਾਂ, ਠੱਗਾਂ ਆਦਿ ਨਾਲ ਵੀ ਨਾਂ। ਸਿੱਖੀ ਮੰਨਦੀ ਹੈ ਕਿ ਜੀਵਨ ਨਾਟਕ ਦੀ ਨਿਆਈ ਹੈ ਜਿਸ ਵਿਚ ਸਾਰੇ ਕ੍ਰੈਕਟਰਾਂ ਦਾ ਹੋਣਾਂ ਜਰੂਰੀ ਹੈ। ਇਨਸਾਨ ਦੇ ਹੱਥ ਵੱਸ ਕੁਝ ਨਹੀ ਉਨੂੰ ਤਾਂ ਜੋ ਰੋਲ ਦਿਤਾ ਗਿਆ ਹੈ ਉਹ ਤਾਂ ਬਸ ਓਹੋ ਅਦਾ ਕਰ ਰਿਹਾ ਹੈ। ਫਿਰ ਸਿੱਖੀ ਤੁਹਾਨੂੰ ਬਾਰ ਬਾਰ ਯਾਦ ਦਿਵਾਉਦੀ ਹੈ ਕਿ ਭਾਈ ਤੂੰ ਇਕ ਦਿਨ ਚਲੇ ਜਾਣਾ ਹੈ, ਇਸ ਨਾਟਕ ਦੇ ਪਾਤਰ ਨਾਲ ਜਿਆਦਾ ਲਗਾਵ ਨਾਂ ਰੱਖ। ਜਿੰਨੇ ਤੈਨੂੰ ਪੈਦਾ ਕੀਤਾ ਹੈ ਜਾਂ ਜਿੰਨੇ ਤੈਨੂੰ ਇਹ ਰੋਲ ਦਿਤਾ ਹੈ ਉਸ ਨੂੰ ਹਮੇਸ਼ਾਂ ਹਿਰਦੇ ਵਿਚ ਰੱਖ (ਨਾਮ ਜਪਣਾ)।
ਸਿੱਖ ਧਰਮ ਦੇ ਮੂਲ ਰੂਪ ਵਿਚ ਤਿੰਨ ਥੰਮ ਹਨ: ਨਾਮ ਜਪਣਾ, ਕਿਰਤ ਕਰਨਾਂ, ਤੇ ਵੰਡ ਛਕਣਾ। ਕਿਰਤ ਦੇ ਸਿਧਾਂਤ ਦੀ ਵਜਾ ਕਰਕੇ ਸਿੱਖੀ ਵਿਚ ਸੰਨਿਆਸੀ ਸਾਧੂ ਨਹੀ ਹੁੰਦੇ। ਇਹ ਗ੍ਰਿਸਤੀ ਬੰਦੇ ਦਾ ਧਰਮ ਹੈ। ਵੰਡ ਛੱਕਣ ਦੇ ਸਿਧਾਂਤ ਕਰਕੇ ਹੀ ਫਿਰ ਹਰ ਗੁਰਦੁਆਰੇ (ਸਿੱਖਾਂ ਦਾ ਚਰਚ) ਵਿਚ ਨਾਲ ਰਸੋਈ (ਲੰਗਰ) ਹੁੰਦਾ ਹੈ ਜਿਥੇ ਹਰ ਕੋਈ ਆਪਣੀ ਭੁੱਖ ਮਿਟਾ ਸਕਦਾ ਹੈ।
ਗੁਰੂ ਨਾਨਕ ਦੀ ਸਿਖਿਆਵਾਂ ਕਰਕੇ ਮੱਧ ਕਾਲ ਵਿਚ ਫਿਰ ਹਰ ਥਾਂ ਚਰਚਾ ਛਿੜੀ। ਗੁਰੂਆਂ ਦੇ ਖਿਲਾਫ ਫਿਰ ਹਕੂਮਤ ਕੋਲ ਸ਼ਕਾਇਤਾਂ ਵੀ ਪਹੁੰਚੀਆਂ। ਖੁੱਦ ਗੁਰੂ ਨਾਨਕ ਨੂੰ ਇਕ ਦੋ ਮੌਕਿਆਂ ਤੇ ਗ੍ਰਿਫਤਾਰ ਵੀ ਕੀਤਾ ਗਿਆ। ਇਕ ਮੌਕੇ ਖੁੱਦ ਮੁਗਲ ਬਾਦਸ਼ਾਹ ਬਾਬਰ ਦੇ ਹੁਕਮ ਨਾਲ ਉਨਾਂ ਨੂੰ ਰਿਹਾ ਕੀਤਾ ਗਿਆ। ਇਥੋਂ ਤਕ ਕਿ ਪੰਜਵੇ, ਨੌਵੇ ਤੇ ਦਸਵੇ ਗੁਰੂ ਨੂੰ ਹਕੂਮਤ ਨੇ ਸ਼ਹੀਦ ਤਕ ਕਰ ਦਿਤਾ। ਇਕ ਮੌਕੇ ਤਾਂ ਗੁਰੂ ਦੇ ਛੋਟੇ ਛੋਟੇ ਬਾਲਕਾਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿਤਾ।
ਇਨਾਂ ਹਾਲਾਤਾਂ ਕਰਕੇ ਫਿਰ ਆਮ ਜਨਤਾ (ਹਿੰਦੂ ਮੁਸਲਮਾਨ ਦੋਵਾਂ) ਵਿਚ ਸਿੱਖਾਂ ਲਈ ਵੱਡੀ ਹਮਦਰਦੀ ਲਹਿਰ ਜਨਮੀ ਤੇ ਜਨਤਾ ਨੇ ਵਿਦਰੋਹ ਕਰ ਦਿਤਾ। ਇਸ ਵਿਚ ਜਿਆਦਾਤਰ ਅਖੌਤੀ ਛੋਟੀਆਂ ਜਾਤਾਂ ਦੇ ਲੋਕ ਸ਼ਾਮਲ ਸਨ। ਜਿਸ ਦੀ ਵਜ੍ਹਾ ਕਰਕੇ ਫਿਰ ਸਿੱਧਾ ਸਿੱਖ ਰਾਜ ਹੀ ਹੋਂਦ ਵਿਚ ਆ ਗਿਆ।ਸਿੱਖ ਰਾਜ ਦਾ ਸਮਾਂ ਲਗ ਪਗ 1865 ਤੋਂ 1849 ਈ ਬਣਦਾ ਹੈ। ਓਨੀ ਦਿਨੀ ਕਈ ਅੰਗਰੇਜ ਲਿਖਾਰੀਆਂ ਨੇ ਲਿਖਿਆ ਹੈ ਕਿ ਸਿੱਖ ਰਾਜ ਵਿਚ ਕਿਸੇ ਵੀ ਮੁਜਰਮ ਨੂੰ ਮੌਤ ਦੀ ਸਜਾ ਨਹੀ ਸੀ ਦਿਤੀ ਗਈ ਤੇ ਪੜਾਈ ਲਿਖਾਈ ਤੇ ਸਰਕਾਰ ਨੇ ਬਹੁਤ ਜੋਰ ਦਿਤਾ ਹੋਇਆ ਸੀ। ਵੱਡੇ ਅਨੁਪਾਤ ਵਿਚ ਔਰਤਾਂ ਪੜੀਆਂ ਲਿਖੀਆਂ ਸਨ, ਭਾਵ ਆਪਣਾ ਨਾਂ ਲਿਖ ਸਕਦੀਆਂ ਸਨ। ਅੰਗਰੇਜਾਂ ਨੇ ਫਿਰ ਸਿੱਖ ਰਿਆਸਤ ਨਾਲ ਦੋ ਤਿੰਨ ਯੁਧ ਕੀਤੇ ਤੇ ਸਿੱਖ ਰਾਜ ਖਤਮ ਹੋ ਗਿਆ।
ਪਰ ਛੇਤੀ ਹੀ 1857 ਵਿਚ ਭਾਰਤ ਵਿਚ ਬਗਾਵਤ ਹੋ ਗਈ। ਇਸ ਮੌਕੇ ਫਿਰ ਸਿੱਖਾਂ ਨੇ ਗੋਰਿਆਂ ਦਾ ਸਾਥ ਦੇ ਦਿਤਾ। ਕਿਉਕਿ ਸਿੱਖਾਂ ਦੀ ਸ਼ਕਾਇਤ ਸੀ ਕਿ ਸਿਖ ਰਾਜ ਨੂੰ ਖਤਮ ਕਰਨ ਵਿਚ ਹਿੰਦੂਸਤਾਨੀਆਂ ਨੇ ਵੱਡਾ ਰੋਲ ਅਦਾ ਕੀਤਾ ਸੀ। ਇਸ ਦੇ ਕਾਰਨ ਕਰਕੇ ਫਿਰ ਅੰਗਰੇਜਾਂ ਨੇ ਸਿੱਖਾਂ ਨਾਲ ਇਕ ਕਿਸਮ ਦੀ ਦੋਸਤੀ ਕਰ ਲਈ ਤੇ ਹਰ ਔਖੀ ਸੌਖੀ ਘੜੀ ਵੇਲੇ ਸਿੱਖਾਂ ਦੀ ਮਦਦ ਲਈ। ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿਚ ਲੱਖਾਂ ਸਿੱਖ ਫੌਜੀ ਮਾਰੇ ਗਏ ਸਨ।
ਓਨੀ ਦਿਨੀ ਫਿਰ ਕੁਝ ਵਿਰੋਧੀ ਹਿੰਦੂ ਤੇ ਮੁਸਲਮਾਨਾਂ ਨੇ ਗੋਰਿਆਂ ਤੇ ਇਲਜਾਮ ਲਾਇਆ ਕਿ ਗੋਰੇ ਸਿੱਖਾਂ ਨੂੰ ਕੁਝ ਜਿਆਦਾ ਹੀ ਸਿਰ ਤੇ ਚੜਾਈ ਜਾ ਰਹੇ ਨੇ: "ਗੋਰੇ ਸਿੱਖਾਂ ਦਾ 11ਵਾਂ ਗੁਰੂ ਹਨ।"
1947 ਵੇਲੇ ਫਿਰ ਅੰਗਰੇਜਾਂ ਨੇ ਜਦੋਂ ਭਾਰਤ ਨੂੰ ਅਜ਼ਾਦ ਕੀਤਾ ਤਾਂ ਸਿੱਖਾਂ ਦੀ ਕੋਈ ਮਦਦ ਨਾਂ ਕੀਤੀ। ਗੋਰਿਆਂ ਦਾ ਕਹਿਣਾ ਸੀ ਕਿ ਸਿੱਖ ਕਿਸੇ ਵੀ ਇਲਾਕੇ ਵਿਚ ਬਹੁ ਗਿਣਤੀ ਵਿਚ ਨਹੀ ਹਨ। ਕਈ ਵਿਦਵਾਨ ਖੁੱਦ ਸਿੱਖਾਂ ਦੇ ਲੀਡਰਾਂ ਤੇ ਹੀ ਇਲਜਾਮ ਲਾਉਦੇ ਹਨ ਕਿ ਇਹ ਝੱਲੇ ਸਨ ਇਨਾਂ ਨੇ ਉਸ ਵਕਤ ਸਹੀ ਰੋਲ ਅਦਾ ਨਾਂ ਕੀਤਾ।
ਬਦਕਿਸਮਤੀ ਨਾਲ ਅਜਾਦੀ ਉਪਰੰਤ ਸਿੱਖਾਂ ਦਾ ਭਾਰਤ ਨਾਲ ਸਬੰਧ ਕੋਈ ਬਹੁਤ ਸੁਹਿਰਦਤਾ ਪੂਰਨ ਨਹੀ ਰਿਹਾ। ਇਸ ਤਲਖੀ ਦੇ ਕਾਰਨ ਫਿਰ 1984 ਦੀਆਂ ਘਟਨਾਵਾਂ ਵਾਪਰੀਆਂ ਜਦੋਂ ਸਿੱਖਾਂ ਦੇ ਕੇਂਦਰ ਹਰਮੰਦਰ ਸਾਹਿਬ ਤੇ ਫੌਜ ਚਾੜੀ ਗਈ, ਦਿੱਲੀ ਵਿਚ ਸਿੱਖ ਕਤਲਾਮ ਹੋਇਆ ਤੇ ਹਜਾਰਾਂ ਦੀ ਗਿਣਤੀ ਵਿਚ ਸਿੱਖ ਮੁੰਡਿਆਂ ਨੂੰ ਠਾਣਿਆਂ ਚੋਂ ਕੱਢ ਕੱਢ ਕੇ ਮਾਰ ਦਿਤਾ ਗਿਆ।
ਹੁਣ ਤਾ ਹਾਲਤ ਇਹ ਬਣ ਗਈ ਹੈ ਕਿ ਸਿੱਖ ਜਵਾਨ ਹਰ ਕੀਮਤ ਤੇ ਭਾਰਤ ਤੋਂ ਭੱਜਣ ਡਿਹਾ ਹੋਇਆ ਹੈ। ਉਹ ਇੰਗਲੈਂਡ, ਅਮਰੀਕਾ, ਅਸਟ੍ਰੇਲੀਆ, ਕਨੇਡਾ ਨਿਊਜੀਲੈਂਡ ਪਹੁੰਚਣ ਲਈ ਹਰ ਹੱਥ ਕੰਡਾ ਵਰਤਣ ਲਈ ਤਿਆਰ ਹੈ ਚਾਹੇ ਉਹ ਚੰਗਾ ਹੋਵੇ ਮਾੜਾ ਹੋਵੇ ਭਾਵੇਂ ਕਨੂੰਨੀ ਭਾਵੇ ਗੈਰ ਕਨੂੰਨੀ।
ਲਿਖਾਰੀ ਭਬੀਸ਼ਨ ਸਿੰਘ ਗੁਰਾਇਆ |
ਬਦਕਿਸਮਤੀ ਨਾਲ ਸਿੱਖਾਂ ਦੀ ਮੌਜੂਦਾ ਹਾਲਤ ਕੋਈ ਜਿਆਦਾ ਸ਼ਾਨਦਾਰ ਨਜ਼ਰ ਨਹੀ ਆ ਰਹੀ। 2011 ਦੀ ਜਨ ਗਣਨਾਂ (ਮਰਦਮ ਸ਼ੁਮਾਰੀ ) ਦਸਦੀ ਹੈ ਕਿ ਸਿੱਖਾਂ ਦੀ ਦਹਾਕੇਵਾਰ ਵਾਧਾ ਦਰ ਖਤਰਨਾਕ ਤਰੀਕੇ ਹੇਠਾਂ ਆ ਗਈ ਹੈ। ਸਿੱਖ ਸਿਰਫ 8% ਵਧੇ ਹਨ ਜਦੋਂ ਕਿ ਭਾਰਤੀਆਂ ਦੀ ਔਸਤ ਵਾਧਾ ਦਰ 18% ਹੈ। ਪਿਛਲੇ 20 ਸਾਲਾਂ ਵਿਚ (1981 ਤੋਂ 2011) ਸਿੱਖ ਆਪਣੀ ਹੋਮਲੈਂਡ ਪੰਜਾਬ ਵਿਚ ਹੀ 6% ਘਟ ਗਏ ਹਨ। ਵਿਦਵਾਨਾਂ ਨੂੰ ਫਿਕਰ ਹੈ ਕਿ ਛੇਤੀ ਹੀ ਸਿੱਖ, ਪੰਜਾਬ ਵਿਚ ਵੀ ਘੱਟ ਗਿਣਤੀ ਵਿਚ ਹੋ ਜਾਣਗੇ। ਡਰ ਹੈ ਕਿ ਪੰਜਾਬ ਦੇ ਹਾਲਾਤ ਵੀ ਫਲੱਸਤੀਨ ਵਾਲੇ ਨਾਂ ਬਣ ਜਾਣ ਕਿਉਕਿ ਭਾਰਤ ਸਰਕਾਰ ਇਨਾਂ ਹਾਲਾਤਾਂ ਦੇ ਮੱਦੇ ਨਜ਼ਰ ਕੋਈ ਸਪੱਸ਼ਟ ਨੀਤੀ ਅਪਣਾਉਦੀ ਨਜਰ ਨਹੀ ਆ ਰਹੀ। ਸਗੋ ਪੰਜਾਬ ਵਿਚ ਬੲ੍ਹੀਆਂ ਦੇ ਵਸੇਬੇ ਨੂੰ ਅੱਖੋ ਪਰੋਖੇ ਕਰਕੇ ਭਵਿਖ ਦੇ ਖੂਨ ਖਰਾਬੇ ਲਈ ਮੈਦਾ ਤਿਆਰ ਕਰ ਰਹੀ ਹੈ।
ਵਿਸਾਖੀ ਸਿੱਖਾਂ ਦਾ ਮੁਖ ਤਿਉਹਾਰ ਹੈ। ਧਰਮ ਦਾ ਬਾਨੀ ਵਸਾਖੀ ਦੇ ਦਿਨਾਂ ਵਿਚ ਹੀ ਜਨਮਿਆ ਸੀ। ਏਸੇ ਦਿਨ ਦਸਵੇ ਗੁਰੂ ਨੇ 1699 ਈ. ਵਿਚ ਐਲਾਨ ਕੀਤਾ ਸੀ ਕਿ ਸਿੱਖੀ ਵੱਖਰਾ ਮਜ੍ਹਬ ਹੈ। ਇਸ ਤੋਂ ਬਾਦ ਹੀ ਸਿੱਖੀ ਵਿਚ ਖਾੜਕੂਵਾਦ ਦਾ ਜਨਮ ਹੁੰਦਾ ਹੈ ਕਿਉਕਿ ਦਸਵੇ ਗੁਰੂ ਨੇ ਸਿੱਖਾਂ ਨੂੰ ਕਿਰਪਾਨ ਫੜਾ ਦਿਤੀ ਸੀ ਕਿ ਜੁਲਮ ਦਾ ਵਿਰੋਧ ਕਰੋ। ਓਦੋਂ ਸ਼ੂਦਰ ਹਥਿਆਰ ਨਹੀ ਸੀ ਰੱਖ ਸਕਦਾ ਤੇ ਨਾਂ ਹੀ ਘੋੜੇ ਤੇ ਚੜ੍ਹ ਸਕਦਾ ਸੀ। ਹਥਿਆਰਬੰਦ ਸਿੱਖ ਖਾਲਸਾ ਕਹਾਉਦਾ ਹੈ। ਇਹ ਗਲ ਸਿੱਖਾਂ ਦੀ ਸਿਫਤ ਵਿਚ ਜਾਂਦੀ ਹੈ ਕਿ ਸਿੱਖਾਂ ਨੇ ਕਦੀ ਵੀ ਉਸ ਕਿਰਪਾਨ ਨੂੰ ਮਜਲੂਮ ਤੇ ਨਹੀ ਵਰਤਿਆ।
(ਪ੍ਰਚਾਰ ਨੂੰ ਮੱਦੇ ਨਜਰ ਰਖਦੇ ਹੋਏ ਕਿਰਪਾ ਕਰਕੇ ਇਹ ਆਰਟੀਕਲ ਸ਼ੇਅਰ ਕਰ ਦੇਣਾ ਜੀ)
No comments:
Post a Comment