Thursday 30 March 2017

ਕੀ ਕਦੀ ਭੂਤਨਾ-ਫਲ ਖਾਧਾ ਜੇ?

WHAT DO YOU KNOW ABOUT DRAGON FRUIT

ਪੜ੍ਹ ਕੇ ਲਾਅਲ਼ ਨਾਂ ਵਗ ਜਾਏ ਤਾਂ ਮੇਰਾ ਨਾਂ ਵਟਾ ਦੇਣਾ।

ਭੂਤਨਾ the dragon fruit
ਕੀ ਕਦੀ ਸੁਣਿਆ ਜੇ ਕਿ ਕੰਢਿਆਲੀ ਠੋਹਰਾਂ ਨੂੰ ਵੀ ਮਾਖਿਓਂ ਮਿੱਠੇ ਫਲ ਲਗਦੇ ਨੇ? ਕੁਦਰਤ ਬੜੀ ਬੇਅੰਤ ਹੈ। ਏਨੀ ਕੁ ਬੇਅੰਤ ਕਿ ਤੁਸੀ ਸੋਚ ਵੀ ਨਹੀ ਸਕਦੇ। ਏਸੇ ਕਰਕੇ ਹੀ ਗੁਰੂ ਨਾਨਕ ਨੇ ਜਪੁਜੀ ਵਿਚ ਬੇਅੰਤਤਾ ਤੇ ਜੋਰ ਦਿਤਾ ਹੈ। "ਅੰਤੁ  ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥"

 
------------------------  ------------------  ----------------------  -------------------------  --------------------
ਉਂਜ ਤਾਂ ਹਰ ਚੀਜ਼ ਪੜ੍ਹਨੀ ਚਾਹੀਦੀ ਹੈ ਪਰ ਜੇ ਤੁਹਾਨੂੰ ਫਲ ਪਸੰਦ ਨਹੀ ਤਾਂ ਹੇਠ ਦਿਤਾ ਕੋਈ ਹੋਰ ਲੇਖ ਵੇਖ ਲਓ।






----------------------------- ----------------------- ----------------------- ----------


ਭੂਤਨਾ Dragon Fruit cultivation
ਇਕ ਦਿਨ ਏਥੇ ਸਵੇਰੇ ਸਵੇਰੇ ਸੈਰ ਕਰ ਰਹੇ ਸਾਂ ਕਿ ਸਰਦਾਰਨੀ ਦਾ ਧਿਆਨ ਪਿਆ। ਜੀ ਵੇਖੋ ਆਹ ਕੀ ਲਗਾ ਵਾੜ ਤੇ? ਕੀ ਇਹ ਅਸਲੀ ਬੂਟਾ ਹੈ ਕਿ ਪਲਾਸਟਕ ਦਾ? ਮੈਂ ਪਾਠ ਕਰਦਾ ਕਰਦਾ ਖਲੋ ਗਿਆ। ਚੰਗੀ ਤਰਾਂ ਵੇਖਿਆ ਬੂਟਾ ਅਸਲੀ ਸੀ। ਜਿਆਦਾ ਸਮਾਂ ਅਗਲੇ ਦੇ ਘਰ ਦੇ ਸਾਹਮਣੇ ਖਲੋ ਵੀ ਨਹੀ ਸੀ ਸਕਦੇ। ਜੇ ਗੋਰੀ ਨੇ ਵੇਖ ਲਿਆ ਤਾਂ ਝੱਟ ਅਗਲੀ ਨੇ ਪੁਲਿਸ ਨੂੰ ਫੋਨ ਕਰ ਦੇਣਾ। Suspicious persons around my house (ਮੇਰੇ ਘਰ ਲਾਗੇ ਸ਼ੱਕੀ ਲੋਕ ਫਿਰ ਰਹੇ ਨੇ)
ਖੈਰ ਜੀ ਸ਼ਾਮੀ ਪਾਰਕ ਵਿਚ ਮਿਲਣ ਵਾਲਾ ਪੰਜਾਬੀ ਜੋੜਾ ਸ਼ਿਵ ਕੁਮਾਰ ਤੇ ਪ੍ਰੀਆ ਸਾਡੇ ਤੇ ਇਕ ਦਿਨ ਮਿਹਰਬਾਨ ਹੋ ਗਏ ਤੇ ਕਹਿਣ ਲਗੇ ਕਿ ਅੰਕਲ ਅਗਲੇ ਐਤਵਾਰ ਸਾਨੂੰ ਵੀ ਆਪਣੇ ਨਾਲ ਗੁਰਦੁਆਰੇ ਲੈ ਚਲਿਓ। "ਕਿੰਨੇ ਹੀ ਦਿਨ ਹੋ ਗਏ ਨੇ ਪੰਜਾਬੀ ਖਾਣਾ ਖਾਧਿਆਂ ਨੂੰ।" ਅੰਨਾ ਕੀ ਭਾਲੇ ਦੋ ਅੱਖੀਆਂ। ਕਿਉਕਿ ਗੱਡੀ ਤਾਂ ਅਗਲਿਆਂ ਦੀ ਹੀ ਹੋਣੀ ਸੀ।
ਭੂਤਨਾ- Pulp of Dragon Fruit is mostly white
ਭੂਤਨਾ- Beauty of Dragon
25 ਕਿਲੋਮੀਟਰ ਹਟਵਾਂ ਇਨਾਲਾ ਗੁਰਦੁਆਰਾ ਸਾਹਿਬ। ਵਾਪਸੀ ਤੇ ਰਾਹ ਵਿਚ ਇਕ ਬਸਤੀ ਆਈ ਵੂਲ-ਗੂਲਗਾ {ਇਥੇ ਮੂਲ ਨਿਵਾਸਿਆਂ ਦੇ ਪਿੰਡਾਂ ਕਸਬਿਆਂ ਦੇ ਨਾਂ ਔਤਰੇ ਜਿਹੇ ਹੀ ਨੇ: ਆਲਡੀਂਗਾ, ਅਰਗਾਲੌਂਗ, ਡਰਿਕ-ਡਰਿਕ, ਇਚੂੰਗਾ, ਟੂ-ਗੂ-ਲਾਵਾਹ, ਟੂਵੌਗ, ਟੂਵੂਮਬਾ, ਤੂੰਬੀ-ਊਂਭੀ, ਵੱਗਾ ਵੱਘਾ, ਵਾਹਰੂੰਗਾ, ਵਾਹਰੰਭਾ, ਵਰਨਮਬੂਲ, ਵੂਲ-ਗੂਲਗਾ, ਵੂਲੂਨਗੱਭਾ, ਵੂਰੂਲੂ, ਵੁਜਾਲ-ਵੁਜਾਲ, ਯੰਕਾਨਡਾਂਡਾਅ, (ਸਾਰੇ ਅਸਲੀ ਨਾਂ ਨੇ ਇਥੇ) } ਇਕ ਸਬਜੀ/ਫਲਾਂ ਦਾ ਮਾਲ ਆਇਆ। ਕਹਿਦੇ "ਅਸੀ ਤਾਂ ਖਰੀਦਾ ਫਰੋਖਤ ਕਰਨੀ ਆ, ਤੁਸੀ ਵੀ ਆ ਜਾਓ।" ਜਦੋਂ ਕੁਝ ਖਰੀਦਣਾ ਨਾਂ ਹੋਵੇ ਮੈਨੂੰ ਦੁਕਾਨ 'ਚ ਵੜਦਿਆਂ ਬੜੀ ਸ਼ਰਮ ਆਉਦੀ ਹੈ। ਚਲੋ ਸ਼ਰਮੋ ਕ-ਸ਼ਰਮੀ ਅੰਦਰ ਚਲੇ ਹੀ ਗਏ। ਦੁਨੀਆਂ ਭਰ ਦਾ ਫਲ ਫਰੂਟ ਤੇ ਸਬਜੀਆਂ। (ਕੇਲਾ 150 ਰੁਪਏ ਕਿਲੋ, ਹਦਵਾਣਾ 30 ਰੁਪਏ ਕਿਲੋ, ਖੀਰਾ 250ਰੁ. ਕਿਲੋ) ਖਰੀਦਣਾ ਸਵਾਹ ਸੀ। ਮੇਰਾ ਤਾਂ ਭਾਅ ਵੇਖ ਵੇਖ ਹੀ ਮੁੜਕਾ ਛੁੱਟੀ ਜਾਏ। ਪਰ ਸਰਦਾਰਨੀ ਕੁਝ ਦਲੇਰ ਆ।
ਖੈਰ ਜੀ ਉਹ ਖਰੀਦਾ ਫਰੋਖਤ ਵਿਚ ਲਗ ਗਈ।ਮੈਂ ਦਰਸ਼ਨ ਕਰ ਕਰ ਕੇ ਬਾਗ ਬਾਗ ਹੋ ਰਿਹਾ ਸੀ। ਮੈਨੂੰ ਓਥੇ ਸਰਦਾ-ਖਰਬੂਜਾ ਵੀ ਦਿਖਿਆ। ਮੇਰੇ ਭਾਈਏ ਨੂੰ ਇਕ ਪਾਕਿਸਤਾਨੀ ਖਰਬੂਜਾ ਬੜਾ ਯਾਦ ਆਉਦਾ ਹੁੰਦਾ ਸੀ, "ਚੰਦਰੀ ਵਾਘੇ ਦੀ ਲੀਕ ਪੈ ਗਈ।"
ਦਿਮਾਗ 'ਚ ਅਜੇ ਭਾਈਏ ਦਾ ਸੁਫਨਾ ਹੀ ਚਲ ਰਿਹਾ ਸੀ ਕਿ ਅਗਲੇ ਫਲ ਨੇ ਫਿਰ ਮੈਨੂੰ ਝੰਜੋੜ ਦਿਤਾ। ਓਹੋ ਇਹ ਤਾਂ ਓਹੋ ਫਲ ਹੈ ਜਿਹੜਾ ਗੋਰੀ ਦੀ ਵਾੜ ਤੇ ਲਗਾ ਹੋਇਆ ਸੀ। ਓਤੇ ਲਿਖਿਆ ਸੀ ਡਰੈਗਨ ਫਰੂਟ ਮਤਲਬ ਭੂਤ ਫਲ। ਕੀ ਦੱਸੀਏ ਜੀ ਕੰਜੂਸ ਜੱਟ ਵੀ ਦਲੇਰ ਬਣ ਗਿਆ ਤੇ 2 ਡਾਲਰਾਂ ਦਾ ਅੱਧਾ ਕਿਲੋ ਖਰੀਦ ਲਿਆ ਭੂਤ।

ਭੂਤਨਾ - The pulp can also be red, magenta -Dragon Fruit
ਘਰ ਆ ਲੀੜੇ ਕਪੜੇ ਤਾਂ ਆਪਾਂ ਬਾਦ ਵਿਚ ਬਦਲੇ ਪਹਿਲਾਂ ਭੂਤ ਦੀ ਖਬਰ ਲਈ। ਅਸਾਂ ਕੋਈ ਪ੍ਰਵਾਹ ਨਾਂ ਕੀਤੀ ਕਿ ਸਰਦਾਰਨੀ ਕੀ ਦੁਹਾਈ ਦੇ ਰਹੀ ਹੈ। 
ਕੀ ਸਵਾਦ ਆਇਆ ਭੂਤ ਦਾ। ਸਵਾਦ: ਇਨੂੰ ਮੈਂ ਗੱਭੂਗੋਸ਼ਾ ਕਹਾਂ ਕਿ ਅਮਰੂਦ ਆਖਾਂ। ਆਹ ਹੋਰ ਇਕ ਫਲ ਕੀਵੀ ਨਾਂ ਦਾ ਅਜਕਲ ਆ ਰਿਹਾ ਕੁਝ ਓਹਦੇ ਵਰਗਾ ਇਹਦਾ ਸਵਾਦ। ਨਹੀ? ਹਦਵਾਣੇ ਨਾਲੋ ਵੀ ਮਿੱਠਾ। ਪੁਛੋ ਕੁਝ ਨਾਂ।  ਸਰਦਾਰਨੀ ਚੀਕਦੀ ਹੀ ਰਹਿ ਗਈ, "ਹੋਰ ਵੀ ਕਿਸੇ ਨੂੰ ਚੱਖ ਲੈਣ ਦਿਆ ਕਰੋ"
ਚਲੋ ਠੱਠਾ-ਮਸ਼ਕਰੀ ਛੱਡ ਸਿਧੇ ਭੂਤਨਾ-ਫਲ ਵਲ ਆਈਏ:
1. ਸਵਾਦ- ਓਤੇ ਪੜ੍ਹ ਹੀ ਲਿਆ ਤੁਸਾਂ
2. ਦਿੱਖ- ਗੂੜੇ ਲਾਲ ਰੰਗ ਦਾ। ਪਰ ਕਦੀ ਹੌਲੇ ਲਾਲ ਜਾਂ ਗੁਲਾਬੀ ਭਾਅ ਵੀ ਮਾਰਦਾ।
3. ਭਾਰ- 300 ਗ੍ਰਾਮ ਤੋਂ 1300 ਗ੍ਰਾਮ ਤਕ। 
4. ਨਾਪ- ਆਪਣੀ ਮੁੱਠ ਦੇ ਬਰਾਬਰ। ਪਰ ਕਦੀ ਵਾਹਵਾ ਵੱਡਾ ਕਿਲੋ ਦਾ। 
5. ਸ਼ਕਲ ਸੂਰਤ - ਓਤੇ ਜਿਵੇ ਮੱਛੀ ਦੇ ਚਾਨੇ ਹੁੰਦੇ ਆ (ਸਕੇਲ)। ਅੰਡੇ ਦੀ ਸ਼ਕਲ। ਚੀਨੀ ਕਹਿੰਦੇ ਇਹ ਡਰੈਗਨ (ਦੈਂਤ) ਦਾ ਅੰਡਾ ਹੈ।
ਭੂਤਨਾ- Its flower's captivating beauty : The Dragon Fruit
6. ਅੰਦਰ ਗੁੱਦਾ: ਚਿੱਟਾ ਜਾਂ ਕਦੀ ਲਾਲ ਵੀ।
7. ਬੂਟਾ - ਜਿਵੇ ਦੱਸਿਆ ਇਹ ਠੋਹਰ ਦੀ ਹੀ ਕਿਸਮ। ਪਰ ਹੈ ਵੇਲ। ਰੁੱਖਾਂ, ਵਾੜਾਂ ਦੇ ਚੜ੍ਹ ਜਾਂਦੀ ਹੈ। ਵੱਧ ਤੋਂ ਵੱਧ ਲੰਬਾਈ 20 ਕੁ ਫੁੱਟ।ਸਿਧਾ ਖਲੋਣ ਵਾਲੀਆਂ ਕਿਸਮਾਂ ਵੀ ਹੈਗੀਆਂ ਨੇ।
8. ਫੁੱਲ- ਕੀ ਕਹਿਣੇ ਫੁਲ ਦੇ। ਬਹਾਰ ਲੈ ਆਉਦਾ।  ਕਿਉਕਿ ਇਹ ਠੋਹਰ ਦੀ ਹੀ ਕਿਸਮ ਹੈ ਇਨੂੰ ਪਤਾ ਹੈ ਕਿਵੇ ਰਾਤ ਵੇਲੇ ਹੀ ਖਿੜਨਾ ਹੈ। ਤੁਹਾਨੂੰ ਪਤਾ ਹੀ ਹੈ ਰੇਗਸਤਾਨਾਂ ਵਿਚ ਦਿਨੇ ਧੁੱਪ ਲੂਅ ਤੇ ਗਰਮੀ ਕਿੰਨੀ ਹੁੰਦੀ ਆ। ਫੁੱਲ ਇਨਾਂ ਮਨਮੋਹਣਾ ਕਿ ਰੂਹ ਖੁਸ਼ ਕਰ ਦੇਵੇ। 
9. ਕਿਹੜਾ ਮੌਸਮ ਇਨੂੰ ਪਸੰਦ ਆ? - ਪੰਜਾਬ ਵਰਗਾ।
10. ਉਗਾਈਏ ਕਿਵੇ?- ਜਿਵੇ ਕੋਈ ਵੀ ਠੋਹਰ ਤਣੇ ਜਾਂ ਪੱਤੇ ਤੋਂ ਚਲਦੀ ਹੈ ਏਸੇ ਤਰਾਂ ਇਹ ਵੀ। ਪਰ ਇਹਦੇ ਬੀਅ ਤੋਂ ਵੀ ਇਹ ਅਸਾਨੀ ਨਾਲ ਉਗ ਖਲੌਦੀ ਹੈ। ਪਰ ਤਿਆਰ ਹੋਣ ਵਿਚ ਵਕਤ ਥੋੜਾ ਵੱਧ ਲਗੇਗਾ।
ਭੂਤਨਾ- Its flower's captivating beauty : The Dragon Fruit
11. ਮੂਲ ਰੂਪ ਵਿਚ ਕਿਹੜੇ ਇਲਾਕੇ ਤੋਂ- ਕਹਿੰਦੇ ਵੀਤਨਾਮ ਗਏ ਫਰਾਂਸੀਸੀ  ਫੌਜੀਆਂ ਨੇ ਪਹਿਲਾਂ ਇਹ ਵੇਖਿਆ। ਅੱਜ ਤਾਂ ਸਭ ਮੁਲਕਾਂ ਵਿਚ ਇਹਦੀ ਕਦਰ ਪੈ ਰਹੀ ਹੈ। ਪਹਿਲਾਂ ਪਹਿਲ ਸਿਰਫ ਰਾਜਿਆਂ ਮਹਾਰਾਜਿਆ ਦਾ ਹੀ ਖਾਜਾ ਸੀ।
12. ਕੀ ਸਿਹਤ ਵਾਸਤੇ ਫਾਇਦੇਮੰਦ ਵੀ ਹੈਗਾ ਭੂਤਨਾ? -ਵਾਧੂ। ਪੜੋ
ੳ. ਭੂਤਨਾ ਵਿਟਾਮਿਨ ਏ ਤੇ ਸੀ ਨਾਲ ਭਰਪੂਰ। ਖਾ ਕੇ ਵੇਖੋ ਤਾਂ ਸਹੀ ਮੇਰੇ ਹਜੂਰ।
ਬ.  ਭੂਤਨਾ  ਕਰੇ ਸਰੀਰ ਚਂੋ ਜ਼ਹਿਰਾਲਾ ਮਾਦਾ ਦੂਰ।
ਚ.  ਭੂਤਨਾ ਨਿਗਾ ਵਧਾਏ। ਦਿਸੇ ਮੱਛਰ ਬੈਠਾ ਕੋਹਾਂ ਦੂਰ।
ਦ. ਘਟਾ ਦਏ ਵਾਧੂ ਭਾਰ।ਸਰੀਰ ਅਜਿਹਾ ਕਿ ਤੁਸੀ ਕਰੋ ਗਰੂਰ।
ੲ. ਕਲੋਸਟ੍ਰੋਲ ਕਰੇ ਘੱਟ, ਤੁਹਾਨੂੰ ਚੜਿਆ ਰਹੇ ਸਰੂਰ।
ਡ. ਸ਼ੂਗਰ ਦਾ ਇਹ ਦੁਸ਼ਮਣ, ਹੋਰ ਖਾਣ ਨੂੰ ਕਰੇ ਮਜਬੂਰ।
ਗ. ਰੋਗਾਂ ਨਾਲ ਲੜਨ ਦੀ ਤਾਕਤ ਵਧਾ ਦਏ ਜਰੂਰ।
ਹ. ਲਿਸ਼ਕੇ ਤੁਹਾਡੀ ਚਮੜੀ, ਬਣਾ ਦਏ ਪਰੀਆਂ ਦੀ ਹੂਰ।
ਕ. ਕਬਜ਼ ਹਟਾਏ ਭੂਤਨਾ, ਬੈਠੇ ਰਹਿਣ ਲਈ ਕਰੇ ਨਾਂ ਮਜਬੂਰ।


ਭੂਤਨਾ- Its flower's captivating beauty : The Dragon Fruit
ਕਿਥੋਂ ਮਿਲੂ ਤੇ ਕੀ ਰੇਟ ਆ- ਮੈਂਨੂੰ ਨਾਂ ਪੁੱਛਣ ਬਹਿ ਜਾਇਓ। ਮੈਂ ਤਾਂ ਆਹ ਜੋ ਕੁਝ ਲਿਖਿਆ, ਨਕਲ ਹੀ ਮਾਰੀ ਆ। ਸਕੂਲਾਂ 'ਚ ਵਾਹਵਾ ਨਕਲ ਚਲਦੀ ਆ। ਮੈਂ ਵੀ ਕੁਝ ਸਿੱਖ ਲਿਆ। ਨਾਲੇ ਮੈਂ ਵੀ ਤਾਂ ਪਹਿਲੀ ਵਾਰੀ ਵੇਖਿਆ ਭੂਤਨਾ। ਆਹ ਹੇਠ ਲਿਖੀ ਵੇਬ-ਸਾਈਟ ਤੇ ਇਹਦੇ ਬਾਰੇ ਵਾਹਵਾ ਜਾਣਕਾਰੀ ਆ। ਓਥੋਂ ਆਪੇ ਪੜ ਲਓ। ਸਾਸਰੀਕਾਲ ਭਾਜੀ ਤੇ ਭੈਣ ਜੀ।
https://www.healthbenefitstimes.com/health-benefits-of-dragon-fruit/
ਭੂਤਨਾ- Its pulp : The Dragon Fruit
ਭੂਤਨਾ- The Dragon Fruit: A potted cultivation can bring rich dividends
ਭੂਤਨਾ- The Dragon Fruit: A potted cultivation can bring rich dividends
ਭੂਤਨਾ- The Dragon Fruit: A potted cultivation can bring rich dividends
ਭੂਤਨਾ- The Dragon Fruit: When it flowers insects become mad
ਭੂਤਨਾ- The Dragon Fruit
------------------------------------------

ਮੈਂ ਤਾਂ ਪਹਿਲਾਂ ਇਨੂੰ ਭੂਤ-ਫਲ ਹੀ ਲਿਖਿਆ ਸੀ।ਪਰ ਵੀਰ ਗੁਰਦੀਪ ਸਿੰਘ ਨੇ ਮੈਸਜ ਕਰਕੇ ਕਿਹਾ ਹੈ ਕਿ ਪੰਜਾਬੀ 'ਚ ਨਾਂ 'ਭੂਤਨਾ' ਜਿਆਦਾ ਜਚਦਾ ਹੈ। ਜੀ ਬਿਲਕੁਲ ਠੀਕ ਵੀਰ ਜੀ। 'ਭੂਤਨਾ' ਕਰ ਦਿਤਾ ਅਸਾਂ। ਸ਼ੁਕਰੀਆ ਵੀਰ ਜੀ। ਆਓ ਰਲ ਮਿਲ ਕੇ ਆਪਣੀ ਮਾਂ ਬੋਲੀ ਦੀ ਅਮੀਰੀ ਨੂੰ ਹੋਰ ਵੀ ਸ਼ਿੰਗਾਰੀਏ। ਮੈਨੂੰ ਇਸ ਤਰਾਂ ਹਰ ਕੋਈ ਟੋਕ ਦਿਆ ਕਰੋ। ਮੇਰੀ ਮਜਬੂਰੀ, ਜਿੰਦਗੀ ਦੇ 20 ਸਾਲ ਪੰਜਾਬੋਂ ਬਾਹਰ ਬਿਤਾਏ ਨੇ ਇਸ ਕਰਕੇ ਮੇਰੀ ਪੰਜਾਬੀ ਤੇ ਹਿੰਦੁਸਤਾਨੀ ਦਾ ਵੱਡਾ ਅਸਰ ਹੈ।- ਬੀ.ਐਸ.ਗੁਰਾਇਆ।

No comments:

Post a Comment