OLD MAN YOU SHOULD BE ASHAMED OF SITTING ON FACEBOOK RIGHT IN THE EARLY MORNING
B.S.GORAYA |
ਇਕ ਦਿਨ ਸਵੇਰੇ 9 ਕੁ ਵਜੇ ਦਾ ਸਮਾਂ ਸੀ। ਇਕ ਨਾਵਾਕਫ ਸੱਜਣ ਭੁਪਿੰਦਰ ਸਿੰਘ ਫੇਸਬੁੱਕ ਤੇ ਔਨਲਾਈਨ ਹੋ ਗਏ। ਕਹਿਣ ਲਗੇ ਤੁਹਾਡੇ ਨਾਲ ਗਲ ਕਰਨੀ ਆ "ਵੋਇਸ ਚੈਟ ਕਰੀਏ।" ਤੇ ਜੀ ਭੁਪਿੰਦਰ ਸਿੰਘ ਸ਼ੁਰੂ ਹੋ ਗਏ।
ਭੁਪਿੰਦਰ ਸਿੰਘ- ਵੀਰ ਜੀ ਇਕ ਗਲ ਕਹਾਂ, ਬੁਰਾ ਤਾਂ ਨਹੀ ਮਨਾਓਗੇ।
ਬੀ.ਐਸ.ਗੁਰਾਇਆ- ਵੀਰ ਜੀ ਮੈਂ ਸਾਧੂ ਸੰਤ ਤਾਂ ਨਹੀ ਹਾਂ ਕਿ ਤੁਸੀ ਗਾਲ ਕੱਢੋ ਤੇ ਮੈਂ ਪ੍ਰਸੰਨ ਹੋਵਾਂ।
ਭੁਪਿੰਦਰ ਸਿੰਘ- ਵਾਹਿਗੁਰੂ ਵਾਹਿਗੁਰੂ। ਮੈਂ ਤੁਹਾਨੂੰ ਗਾਲ ਕਿਓ ਕਢਣੀ ਆਂ। ਮੰਨ ਦੇ ਵਿਚਾਰ ਹੀ ਸਾਂਝੇ ਕਰਨੇ ਨੇ।
ਬੀ.ਐਸ.ਗੁਰਾਇਆ- ਚਲੋ ਕਰ ਲਓ ਜੀ ਮਨ ਹੌਲਾ। ਮੈਂ ਨਹੀ ਬੁਰਾ ਮਨਾਵਾਂਗਾ।
ਭੁਪਿੰਦਰ ਸਿੰਘ- ਮੈਂ ਘੰਟੇ ਭਰ ਤੋਂ ਵੇਖ ਰਿਹਾ ਹਾਂ ਤੁਸੀ ਫੇਸਬੁੱਕ ਤੇ ਬੈਠੇ ਹੋ। ਵੀਰ ਜੀ ਧੌਲੀ ਤੁਹਾਡੀ ਦਾੜੀ ਹੈ ਕੁਝ ਤਾਂ ਅੱਗੇ ਦਾ ਵਕਤ ਵੀਚਾਰੋ। ਕਿੰਨੀ ਕੁ ਬੰਦੇ ਦੀ ਉਮਰ ਹੁੰਦੀ ਹੈ। ਕੁਝ ਅੱਗਾ ਵੀ ਸਵਾਰ ਲਓ। ਅੰਮ੍ਰਿਤ ਵੇਲਾ ਹੈ ਰੱਬ ਦਾ ਨਾਂ ਲਿਆ ਕਰੋ।
ਬੀ.ਐਸ.ਗੁਰਾਇਆ- ਜੀ ਮੈਂ ਅੱਜ ਕਲ ਅਸਟ੍ਰੇਲੀਆ ਵਿਚ ਹਾਂ ਇਥੇ ਸਵੇਰ ਦੇ 9 ਵੱਜ ਚੁੱਕੇ ਨੇ।
ਭੁਪਿੰਦਰ ਸਿੰਘ- ਓਹ ਸੌਅਰੀ ਜੀ। ਰੀਆਲੀ ਸੌਰੀ।
ਬੀ.ਐਸ.ਗੁਰਾਇਆ- ਕੋਈ ਗਲ ਨਹੀ ਜੀ। ਤੁਸੀ ਤਾਂ ਸੁਚੇਤ ਹੀ ਕਰ ਰਹੇ ਸੀ। ਮੇਰੇ ਭਲੇ ਦੀ ਹੀ ਗਲ ਕਰ ਰਹੇ ਸੋ।
ਭੁਪਿੰਦਰ ਸਿੰਘ- ਉਂਜ ਬੜੇ ਚਿਰ ਦਾ ਮੰਨ ਵਿਚ ਸੀ ਕਿ ਤੁਹਾਡੇ ਨਾਲ ਗਲ ਕਰਾਂ। ਮੈਂ ਅੱਜ ਤਕ ਜਦੋਂ ਫੇਸਬੁੱਕ ਖੋਲੀ ਹੈ ਤੁਹਾਨੂੰ ਹਮੇਸ਼ਾਂ ਔਨਲਾਈਨ ਹੀ ਵੇਖੀਦਾ ਹੈ।
ਬੀ.ਐਸ.ਗੁਰਾਇਆ- ਜੀ ਮੈਂ ਛੋਟਾ ਜਿਹਾ ਲਿਖਾਰੀ ਹਾਂ। ਆਪਣੀ ਲਿਖਤ ਬਾਰੇ ਆਈਆਂ ਟਿਪਣੀਆ ਪੜਦਾ ਹਾਂ ਤੇ ਹੋਰ ਵੀ ਜਾਣਕਾਰੀ ਹਾਸਲ ਕਰਦਾ ਹਾਂ। ਕਈ ਮੁੰਡੇ ਕੁੜੀਆਂ ਬੜੀ ਚੰਗੀਆਂ ਜਾਣਕਾਰੀਆਂ ਭੇਜਦੇ ਹਨ।
ਭੁਪਿੰਦਰ ਸਿੰਘ- ਤੁਸੀ ਤਾਂ ਫਿਰ ਸਿਮਰਨ ਤੋਂ ਬਹੁਤ ਪਹਿਲਾਂ ਵੇਹਲੇ ਹੋ ਗਏ ਹੋਵੋਗੇ?
ਬੀ.ਐਸ.ਗੁਰਾਇਆ- ਜੀ ਹਾਂ। ਦਾਸ ਨੇ ਸਵੇਰੇ 5 ਵਜੇ ਨਾਲੇ ਸੈਰ ਕੀਤੀ ਨਾਲੇ ਨਿਤਨੇਮ ਕਰ ਲਿਆ।
ਭੁਪਿੰਦਰ ਸਿੰਘ- ਵਾਹਿਗੁਰੂ ਵਾਹਿਗੁਰੂ । ਗੁਰਬਾਣੀ ਦੀ ਬੇਅਦਬੀ ਕੀਤੀ ਤੁਸਾਂ।
ਬੀ.ਐਸ.ਗੁਰਾਇਆ- ਓਹ ਕਿਵੇ?
ਭੁਪਿੰਦਰ ਸਿੰਘ- ਬਾਣੀ ਸਤਿਕਾਰ ਨਾਲ ਪੜ੍ਹਨੀ ਹੁੰਦੀ ਹੈ ਤੁਸੀ ਤੁਰਦੇ ਫਿਰਦੇ ਹੀ ਕਰ ਲਈ। ਜੁੱਤੀ ਵੀ ਓਦੋਂ ਪਾਈ ਹੋਣੀ ਆ।
ਬੀ.ਐਸ.ਗੁਰਾਇਆ- ਜੀ ਗੁਰਮਤ ਵਿਚ ਬਹਿੰਦਿਆਂ ਉਠਦਿਆਂ ਕੰਮ ਕਰਦਿਆਂ ਬਾਣੀ ਪੜ੍ਹਨ ਦੀ ਨਿਰੀ ਇਜਾਜਤ ਹੀ ਨਹੀ ਸਗੋਂ ਇਨੂੰ ਉਤਸ਼ਾਹ ਦਿਤਾ ਹੈ।
"ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥"
ਜੀ ਜੁੱਤੀ ਪਾ ਕੇ ਬਾਣੀ ਪੜ੍ਹਨੀ ਮਨਾ ਨਹੀ ਹੈ। ਤੁਹਾਨੂੰ ਪਤਾ ਨਹੀ ਕਿ ਪਹਿਲਾਂ ਗੁਟਕਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਵੀ ਚਮੜੇ ਦੀ ਹੁੰਦੀ ਸੀ।
ਭੁਪਿੰਦਰ ਸਿੰਘ- ਇਹ ਦੱਸੋ ਰੱਬ ਦਾ ਸਿਮਰਨ ਕਦੋਂ ਕੀਤਾ?
ਬੀ.ਐਸ.ਗੁਰਾਇਆ- ਜੀ ਗੁਰਬਾਣੀ ਪਾਠ ਹੀ ਸਿਮਰਨ ਹੈ।
ਭੁਪਿੰਦਰ ਸਿੰਘ- ਨਾਂ ਨਾਂ ਜੀ ਨਾਂ। ਕਿਥੇ ਲਿਖਿਆ ਹੈ ਕਿ ਗੁਰਬਾਣੀ ਹੀ ਸਿਮਰਨ ਹੈ? ਮਾਲਕ ਦਾ ਨਾਂ ਵੀ ਜਪਣਾ ਚਾਹੀਦਾ ਹੈ ਸਾਨੂੰ।
ਬੀ.ਐਸ.ਗੁਰਾਇਆ- ਮੈਂ ਜੀ ਖੰਡੇ ਦੀ ਪਾਹੁਲ ਲਈ ਹੋਈ ਹੈ ਹੈ। ਓਦੋਂ ਗੁਰੂ ਨੇ ਹੁਕਮ ਕੀਤਾ ਸੀ ਸੁਭਾ ਸ਼ਾਮ ਨਿਤਨੇਮ ਕਰਨ ਦਾ।
ਭੁਪਿੰਦਰ ਸਿੰਘ- ਕਿਹੜਾ ਗੁਰੂ ਜੀ? ਆਹ ਟਕੇ ਟਕੇ ਦੇ ਪੰਜ ਛੇ ਗ੍ਰੰਥੀ ਹੁੰਦੇ ਨੇ ਜਿੰਨਾਂ ਤੁਹਾਨੂੰ ਹੁਕਮ ਕਰ ਦਿਤਾ ਤੇ ਤੁਸੀ ਮੰਨ ਗਏ। ਇਹ ਨਹੀ ਵੇਖਿਆ ਕਿ ਗੁਰਬਾਣੀ ਕੀ ਕਹਿੰਦੀ ਹੈ।
ਬੀ.ਐਸ.ਗੁਰਾਇਆ- ਜੀ ਪੰਜ ਪਿਆਰੇ ਓਹੋ ਹੁਕਮ ਦੁਹਰਾਉਦੇ ਨੇ ਜਿਹੜਾ ਗੁਰੂ ਸਾਹਿਬ ਨੇ ਕੀਤਾ ਸੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ।
ਭੁਪਿੰਦਰ ਸਿੰਘ- ਵਾਹ ਜੀ ਵਾਹ ਤੁਹਾਨੂੰ ਕਿਵੇ ਪਤਾ ਕਿ ਇਹ ਓਹੋ ਗਲ ਕਹਿੰਦੇ ਨੇ ਜੋ ਗੁਰੂ ਸਾਹਿਬ ਨੇ ਕਹੀ ਸੀ?
ਬੀ.ਐਸ.ਗੁਰਾਇਆ- ਜੀ ਇਹਦਾ ਸਬੂਤ ਪ੍ਰੰਪਰਾ ਹੈ। ਜਿਵੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੜਦਾਦਾ ਜੀ ਦਾ ਕੀ ਨਾਂ ਮੋਹਨ ਸਿੰਘ ਸੀ ਕਿਉਕਿ ਤੁਹਾਡੇ ਪਿਤਾ ਜਾਂ ਦਾਦਾ ਜੀ ਨੇ ਤੁਹਾਨੂੰ ਦੱਸਿਆ ਸੀ। ਇਹ ਗਲ ਜਿਹੜੀ ਸੀਨਾ ਬਸੀਨਾ ਚਲਦੀ ਹੈ ਉਨੂੰ ਪ੍ਰੰਪਰਾ ਕਿਹਾ ਜਾਂਦਾ ਹੈ। ਇਸ ਵਿਚ ਜਦੋਂ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਦੁਹਾਈ ਪੈ ਜਾਏਗੀ।
ਮਨ ਲਓ ਤੁਹਾਡਾ ਚਚੇਰਾ ਭਰਾ ਕਹੇ ਕਿ ਤੁਹਾਡੇ ਦਾਦਾ ਜੀ ਦਾ ਨਾਂ ਮਨੋਹਰ ਸਿੰਘ ਹੈ ਤੁਸੀ ਝੱਟ ਦੁਹਾਈ ਦੇ ਦਿਓਗੇ "ਨਹੀ ਉਹ ਮੋਹਨ ਸਿੰਘ ਹੋਏ ਨੇ।"
ਨਾਲੇ ਵੀਰ ਜੀ ਇਤਹਾਸ ਦਾ ਅਸੂਲ ਹੈ ਕਿ ਪ੍ਰੰਪਰਾ ਹਮੇਸ਼ਾਂ ਸੱਚੀ ਹੁੰਦੀ ਹੈ ਜਦੋਂ ਤਕ ਤੁਸੀ ਉਸ ਨੂੰ ਝੂਠੀ ਸਾਬਤ ਨਾਂ ਕਰ ਦਿਓ।
ਭੁਪਿੰਦਰ ਸਿੰਘ- ਚਲੋ ਇਕ ਮਿੰਟ ਵਾਸਤੇ ਮੈਂ ਮੰਨ ਲੈਨਾ ਕਿ ਪ੍ਰੰਪਰਾ ਵਾਲੀ ਗਲ ਸੱਚੀ ਹੈ ਪਰ ਗੁਰਬਾਣੀ ਵਿਚ ਤਾਂ ਥਾਂ ਥਾਂ, ਹਜਾਰਾਂ ਵਾਰੀ ਨਾਮ ਜੱਪਣ ਦੀ ਗਲ ਕਹੀ ਹੈ।
ਬੀ.ਐਸ.ਗੁਰਾਇਆ- ਵੀਰ ਤੁਸੀ ਠੀਕ ਕਹਿ ਰਹੇ ਹੋ। ਪਰ ਨਾਲ ਹੀ ਥਾਂ ਥਾਂ ਇਹ ਵੀ ਲਿਖਿਆ ਹੈ ਕਿ ਨਾਮ ਕੀ ਹੈ।
ਭੁਪਿੰਦਰ ਸਿੰਘ- ਕੀ ਹੈ ਨਾਮ?
ਬੀ.ਐਸ.ਗੁਰਾਇਆ- ਜੀ ਨਾਮ ਦਾ ਮਤਲਬ ਹੁੰਦਾ ਕਿਸੇ ਦਾ ਗੁਣ। ਜਿਵੇ ਨਿੰਬੂ ਦਾ ਗੁਣ ਹੈ ਕਿ ਉਹ ਖੱਟਾ ਹੁੰਦਾ ਹੈ। ਪੱਕੇ ਅੰਬ ਦਾ ਗੁਣ ਹੈ ਕਿ ਉਹ ਮਿੱਠਾ ਹੁੰਦਾ ਹੈ। ਅਮੂਮਨ ਚੀਜਾਂ ਦੇ ਨਾਂ ਉਨਾਂ ਦੇ ਗੁਣਾਂ ਅਨੁਸਾਰ ਹੀ ਹੁੰਦੇ ਹਨ। ਪੁਰਾਣੇ ਜਮਾਨੇ ਵਿਚ ਤਾਂ ਬੰਦੇ ਦਾ ਨਾ ਵੀ ਉਹਦੇ ਗੁਣਾਂ ਅਨੁਸਾਰ ਹੁੰਦਾ ਸੀ। ਜਿਹੜਾ ਕੋਈ ਕਾਣਾ ਹੋਣਾ ਉਹਦਾ ਨਾਂ ਵੀ ਕਾਣਾ। ਜਿਹੜਾ ਕੱਦ ਲੰਮਾ ਹੋਣਾ ਉਹਦਾ ਨਾਂ ਲੰਮਾ। ਏਸੇ ਕਰਕੇ ਕਿਤੇ ਸੋਹਨ, ਮੋਹਨ, ਤੋਤਾ, ਮੱਲਾ (ਭਲਵਾਨ), ਬੂਟਾ, ਮੋਦੀ, ਤੇਲੀ, ਮੋਚੀ ਅਨੇਕਾਂ ਨਾਂ ਅਗਲੇ ਦੀ ਸਿਫਤ (ਯੋਗਤਾ) ਜਾਂ ਗੁਣ ਅਨੁਸਾਰ ਪਾਏ ਜਾਂਦੇ ਸਨ। ਸੋ ਨਾਮ ਦਾ ਮਤਲਬ ਹੈ ਕਿਸੇ ਦਾ ਗੁਣ, ਸਿਫਤ, ਯੋਗਤਾ, ਕੁਆਲੀਫਿਕੇਸ਼ਨ, ਕੁਆਲਿਟੀ ਆਦਿ।
ਸੋ ਨਿਰੰਕਾਰ ਦਾ ਜੱਸ ਗਾਉਣਾ, ਉਹਦੀ ਸਿਫਤ ਸਾਲਾਹ ਕਰਨੀ, ਉਹਦੇ ਗੁਣਾਂ ਬਾਰੇ ਵਿਚਾਰਾਂ ਕਰਨੀਆ, ਖੋਜ ਕਰਨੀ ਸਭ ਨਾਮ ਹੀ ਹੈ।
ਭੁਪਿੰਦਰ ਸਿੰਘ- ਇਹ ਤਾਂ ਤੁਹਾਡੇ ਵਿਚਾਰ ਹਨ। ਮਹੱਤਵਪੂਰਨ ਤਾਂ ਇਹ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ?
ਬੀ.ਐਸ.ਗੁਰਾਇਆ- ਜੀ ਇਹ ਮੇਰੇ ਵਿਚਾਰ ਨਹੀ। ਗੁਰਬਾਣੀ ਇਹੋ ਕਹਿੰਦੀ ਹੈ। (ਮੈਨੂੰ ਇਕ ਮਿੰਟ ਦਿਓ ਮੈਂ ਗੁਰਬਾਣੀ ਵਿਚੋਂ ਤੁਹਾਨੂੰ ਸਬੰਧਤ ਤੁਕਾਂ ਦਸਦਾ ਵਾਂ)
ਭੁਪਿੰਦਰ ਸਿੰਘ- ਤੁਸੀ ਪੂਰਾ ਦਿਨ ਲੈ ਲਓ। ਅੰਤ ਨੂੰ ਤੁਹਾਨੂੰ ਮੰਨਣਾ ਪੈਣਾ ਹੈ ਕਿ ਗਲ ਸਿਮਰਨ ਤੇ ਮੁਕਦੀ ਹੈ। ਬਾਕੀ ਸਭ ਪੜ੍ਹ ਪੜ੍ਹ ਗੱਡੀਆ ਲੱਦਣ ਵਾਲੀ ਗਲ ਹੈ।ਤੁਸੀ ਵੀ ਲੱਦੀ ਜਾਓ।
(ਅਗਲੇ ਦਿਨ)
ਭੁਪਿੰਦਰ ਸਿੰਘ- ਹਾਂ ਜੀ ਆ ਜਾਓ। ਦੱਸੋ ਕਿਥੇ ਲਿਖਿਆ ਕਿ ਗੁਰਬਾਣੀ ਹੀ ਨਾਮ ਹੈ?
ਬੀ.ਐਸ.ਗੁਰਾਇਆ- ਲਓ ਜੀ ਸੁਣ ਲਓ ਗੁਰਬਾਣੀ ਕਹਿ ਰਹੀ ਹੈ ਕਿ ਨਿਰੰਕਾਰ ਦੇ ਗੁਣ ਗਾਉਣੇ, ਸਿਫਤ ਸਲਾਹ ਕਰਨਾਂ, ਜਸ ਗਾਉਣਾ, ਕੀਰਤੀ ਕਰਨਾਂ ਨਾਮ ਹੈ:-
- ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥
- ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥ ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
- ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥
- ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥
- ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥
- ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥
- ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥ ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
- ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥(ਗੁਰਬਾਣੀ ਵਿਚ ਅਜਿਹੀਆਂ ਲੱਖਾਂ ਉਦਾਹਰਣਾਂ ਹਨ)
ਭੁਪਿੰਦਰ ਸਿੰਘ - ਹਾਂ ਠੀਕ ਹੈ ਭਈ ਉਹਦਾ ਜਸ ਗਾਉਣਾ ਹੀ ਨਾਮ ਹੈ। ਪਰ ਇਹ ਕਿਥੇ ਲਿਖਿਆ ਕਿ ਗੁਰਬਾਣੀ ਹੀ ਨਾਮ ਹੋ ਗਈ?
ਬੀ.ਐਸ.ਗੁਰਾਇਆ- ਲਓ ਸੁਣ ਪੜ ਲਓ ਜੀ। ਗੁਰਬਾਣੀ ਹੀ ਨਾਮ ਹੈ:-
- ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥(1239)
- ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥
- ਗੁਣ ਗਾਵਾ ਗੁਣ ਬੋਲੀ ਬਾਣੀ ॥ 367),
- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥(ਪੰ-982)
- ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥-545
- ਨਿਰਮਲ ਸਬਦੁ ਨਿਰਮਲ ਹੈ ਬਾਣੀ ॥
- ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥-1259
- ਗੁਰ ਕੀ ਬਾਣੀ ਸਬਦਿ ਸੁਣਾਏ ॥-1277
- ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥
ਭੁਪਿੰਦਰ ਸਿੰਘ- ਚਲੋ ਠੀਕ ਹੈ ਇਕ ਮਿੰਟ ਵਾਸਤੇ ਮੈਂ ਮੰਨ ਲੈਨਾ ਕਿ ਗੁਰਬਾਣੀ ਹੀ ਨਾਮ ਹੈ ਗੁਣ ਗਾਉਣਾ, ਜਸ ਗਾਉਣਾ, ਸਿਫਤ ਸਾਲਾਹ ਨਾਮ ਹੈ ਪਰ ਕੀ ਵਾਹਿਗੁਰੂ ਵਾਹਿਗੁਰੂ ਕਹਿਣਾ ਨਾਮ ਨਹੀ ਹੈ?
ਬੀ.ਐਸ.ਗੁਰਾਇਆ- ਵੀਰ ਜੀ ਮੈਂ ਕਿਥੇ ਕਿਹਾ ਕਿ ਵਾਹਿਗੁਰੂ ਵਾਹਿਗੁਰੂ ਕਹਿਣਾ ਨਾਮ ਨਹੀ ਹੈ। ਇਹ ਤਾਂ ਸਗੋਂ ਉਤਮ ਨਾਮ ਹੈ। ਇਹ ਵੀ ਜਸ ਹੈ। ਮੁਖ ਫੋਕਸ ਗੁਰੂ ਤੇ ਹੈ। ਸਿੱਖੀ ਪਰੰਪਰਾ ਵਿਚ ਸਤਿਨਾਮ ਵਾਹਿਗੁਰੂ ਤੇ ਫੋਕਸ ਹੈ।
ਭੁਪਿੰਦਰ ਸਿੰਘ- ਵੇਖੋ ਖੁੱਦ ਭਾਈ ਗੁਰਦਾਸ ਨੇ ਕਿਹਾ ਵਾਹਿਗੁਰੂ ਗੁਰ ਮੰਤਰ ਹੈ।
ਬੀ.ਐਸ.ਗੁਰਾਇਆ- ਜੀ ਬਿਲਕੁਲ ਠੀਕ ਪਰ ਭਾਈ ਸਾਹਿਬ ਨੇ ਵਾਰਾਂ ਦੀ ਸ਼ੁਰੂਆਤ ਸਤਿਨਾਮ ਤੋਂ ਕੀਤੀ ਹੈ। ਸਤਿਨਾਮ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ। ਥਾਂਈ ਥਾਂਈ ਭਾਈ ਸਾਹਿਬ ਨੇ ਸਤਿਨਾਮ ਦੀ ਮਹਿਮਾ ਗਾਈ ਹੈ।
ਸੋ ਇਕੱਲੇ ਵਾਹਿਗੁਰੂ ਦੀ ਰੱਟ ਪਬਲਿਕ ਵਿਚ ਲਾਉਣਾ ਸਿੱਖੀ ਦਾ ਆਈਡੀਅਲ ਸਿਧਾਂਤ ਨਹੀ।
ਭੁਪਿੰਦਰ ਸਿੰਘ- ਹੈਂ, ਇਹ ਕੀ ਬੋਲ ਰਹੇ ਹੋ? ਚੰਗੇ ਤੁਸੀ ਪ੍ਰਚਾਰਕ ਹੋ।
ਬੀ.ਐਸ.ਗੁਰਾਇਆ- ਵੀਰ ਜੀ ਇਹ ਡੂੰਗੀ ਗਲ ਹੈ। ਤੁਹਾਨੂੰ ਪਤਾ ਸਿੱਖੀ ਦੇ ਮੂਲ ਮੰਤਰ ਵਿਚ 'ਅਜੂੰਨੀ' ਦਾ ਸਿਧਾਂਤ ਦਿਤਾ ਹੈ ਕਿ ਨਿਰੰਕਾਰ ਜੰਮਦਾ ਮਰਦਾ ਨਹੀ ਹੈ। ਪਰ ਹਿੰਦੂਮਤ ਅਨੁਸਾਰ ਉਹ ਜਨਮ ਲੈਂਦਾ ਹੈ। ਅਵਤਾਰ ਧਾਰਦਾ ਹੈ। ਸਿੱਖੀ ਵਿਚ ਇਸ ਗਲ ਦਾ ਸਖਤ ਖੰਡਨ ਹੈ। ਗੁਰੂ ਸਾਹਿਬ ਤਾਂ ਇਥੋਂ ਤਕ ਕਹਿ ਦਿੰਦੇ ਨੇ:-
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥
ਸੋ ਜਦੋਂ ਤੁਸੀ ਵਾਹਿਗੁਰੂ ਵਾਹਿਗੁਰੂ ਤੇ ਜਿਆਦਾ ਫੋਕਸ ਕਰਦੇ ਹੋ ਓਦੋਂ ਤੁਸੀ ਵੈਸ਼ਨਵ ਮਤ ਦੇ ਨੇੜੇ ਹੋ ਜਾਂਦੇ ਹੋ। ਸਿੱਖੀ ਦੇ ਅਲੌਕਿਕ ਸਿਧਾਂਤ ਤੋਂ ਦੂਰ।
ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਜਿਆਦਾ ਨਿੱਜੀ ਹੈ। ਇਹ ਓਦੋਂ ਜਰੂਰੀ ਹੈ ਜਦੋਂ ਤੁਸੀ ਕਾਰ ਵਿਹਾਰ ਕਰ ਰਹੇ ਹੋ ਤੁਸੀ ਪੂਰੀ ਤਰਾਂ ਗੁਰਬਾਣੀ ਤੇ ਫੋਕਸ ਨਹੀ ਕਰ ਪਾਉਦੇ। ਸੰਗਤ ਵਿਚ ਬਹਿਕੇ ਗੁਰਬਾਣੀ ਹੀ ਪੜ੍ਹਨੀ ਗਾਉਣੀ ਹੈ। ਨਿਰਾ ਵਾਹਿਗੁਰੂ ਵਾਹਿਗੁਰੂ ਕਰੋਗੇ ਤਾਂ ਧਿਆਨ ਵੀ ਨਹੀ ਲਗੇਗਾ। ਗੁਰਬਾਣੀ ਗਾਉਣ ਨਾਲ ਧਿਆਨ ਬੱਝਦਾ ਹੈ।
ਸੋ ਵਾਹਿਗੁਰੂ ਦੇ ਨਾਲ ਨਾਲ ਸਤਿਨਾਮ ਕਹਿਣਾ ਨਹੀ ਭੁਲਣਾ। ਫਿਰ ਗੁਰਮੁਖ ਪਿਆਰਿਓ ਤੁਸੀ 'ਨਿਰੰਕਾਰ' ਲਫਜ ਕਿਓ ਵਿਸਾਰ ਦਿਤਾ। ਭਾਈ ਮਰਦਾਨੇ ਦੀ ਤਾਂ ਰਬਾਬ ਵੀ 'ਸਤਿ-ਕਰਤਾਰ' ਗਾਉਂਦੀ ਸੀ। ਉਹ ਤੁਸੀ ਸਭ ਭੁਲਦੇ ਜਾ ਰਹੇ ਹੋ। ਨਿਰੰਕਾਰ ਕਹਿਣਾ ਹਿੰਦੂ ਨੂੰ ਮਾਫਕ ਨਹੀ ਇਸ ਕਰਕੇ ਅਗਲੇ ਨੇ ਛੁਡਾ ਦਿਤਾ। ਹੁਣ ਸਿੱਖ ਜਦੋਂ ਪਬਲਕ ਵਿਚ ਕੋਈ ਧੰਨ ਨਿਰੰਕਾਰ ਕਹਿੰਦਾ ਹੈ ਤਾਂ ਅਗਲਾ ਸਮਝ ਲੈਂਦਾ ਹੈ ਕਿ ਇਹ ਤਾਂ ਕੋਈ ਨਕਲੀ ਨਿਰੰਕਾਰੀ ਹੈ। ਸੋ ਅਗਲੇ ਦੀ ਸਾਜਿਸ਼ ਕਾਮਯਾਬ ਹੋ ਗਈ ਹੈ। ਇਸ ਗਲ ਨੂੰ ਚੰਗੀ ਤਰਾਂ ਚਿਥੋ। ਜਦੋਂ ਤੁਸੀ ਨਿਰੰਕਾਰ ਕਹਿੰਦੇ ਹੋ ਤੁਹਾਡਾ ਧਰਮ ਸੁਤੰਤਰ ਹੋ ਜਾਂਦਾ ਹੈ।
ਸੋ ਗਾਇਆ ਕਰੋ। ਵਾਧੂ ਗਾਇਆ ਕਰੋ:
ਸਤਿਨਾਮ ਵਾਹਿਗੁਰੂ ।ਸਤਿਨਾਮ ਵਾਹਿਗੁਰੂ । ਸਤਿਕਰਤਾਰ। ਧੰਨ ਨਿਰੰਕਾਰ।
ਭੁਪਿੰਦਰ ਸਿੰਘ- ਚਲੋ ਭਾ ਜੀ ਠੀਕ ਹੈ। ਤੁਹਾਡੀ ਗਲ ਵਿਚ ਦਮ ਲਗਦਾ। ਵੀਚਾਰ ਕਰਾਂਗੇ। ਪਰ ਕੀ ਕਿਤੇ ਗੁਰੂ ਗ੍ਰੰਥ ਸਾਹਿਬ ਵਿਚ ਨਿਤਨੇਮ ਕਰਨ ਵਾਸਤੇ ਵੀ ਹੁਕਮ ਆਇਆ ਹੈ।
ਬੀ.ਐਸ.ਗੁਰਾਇਆ- ਜੀ ਪੂਰੀ ਗੁਰਬਾਣੀ ਵਿਚ ਬਾਰ ਬਾਰ ਅਨੇਕ ਵਾਰ ਨਿਰੰਕਾਰ ਦਾ ਨਾਮ ਜੱਪਣ ਤੇ ਜੋਰ ਦਿਤਾ ਗਿਆ ਹੈ।
ਭੁਪਿੰਦਰ ਸਿੰਘ- ਮੇਰਾ ਸਵਾਲ ਇਹ ਨਹੀ। ਮੈਂ ਪੁਛਦਾ ਵਾਂ ਕਿ ਕਿਥੇ ਲਿਖਿਆ ਕਿ ਜਪੁਜੀ ਸਾਹਿਬ ਜਾਂ ਰਹਿਰਾਸ ਦਾ ਪਾਠ ਕਰੋ?
ਬੀ.ਐਸ.ਗੁਰਾਇਆ- ਵੀਰ ਜੀ ਤੁਹਾਨੂੰ ਪਤਾ ਹੋਵੇਗਾ ਕਿ ਬਾਣੀ ਰਾਗਾਂ ਵਿਚ ਹੈ। ਤੁਸੀ ਸੁਣ ਕੇ ਹੈਰਾਨ ਹੋਵੋਗੇ ਕਿ ਨਿਤਨੇਮ ਦੀਆਂ ਬਾਣੀਆਂ ਗੁਰੂ ਸਾਹਿਬ ਨੇ ਸ਼ੁਰੂ ਵਿਚ ਵੱਖਰੀਆਂ ਹੀ ਦੇ ਦਿਤੀਆਂ ਹਨ। ਕਿਉਕਿ ਰਹਿਰਾਸ ਤੇ ਕੀਰਤਨ ਸੋਹਿਲੇ ਦੇ ਸ਼ਬਦ ਸਬੰਧਤ ਰਾਗਾਂ ਵਿਚੋਂ ਚੁੱਕੇ ਇਸ ਕਰਕੇ ਉਹ ਦੁਬਾਰਾ ਸਬੰਧਤ ਰਾਗਾਂ ਵਿਚ ਵੀ ਮਿਲਦੇ ਹਨ। ਇਸਤੋ ਵੱਡਾ ਸਬੂਤ ਤੁਹਾਨੂੰ ਕੀ ਚਾਹੀਦੇ?
ਫਿਰ ਹੋਰ ਵੇਖੋ ਜਪੁਜੀ ਸਾਹਿਬ ਦੇ ਪਾਠ ਬਾਰੇ ਤਾਂ ਕਈ ਥਾਂਈ ਗੁਰਬਾਣੀ 'ਚ ਆ ਜਾਂਦਾ ਹੈ ਕਿ ਜਿਵੇਂ "ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥"
ਮਤਲਬ ਗੁਰੂ ਸਾਹਿਬ ਦਾ ਹੁਕਮ ਹੈ ਕਿ ਗੁਰਸਿੱਖ ਨਿਰੰਕਾਰ ਦਾ ਜਪੁਜੀ ਸਾਹਿਬ ਦਾ ਜਾਪ ਕਰੇ। ਫਿਰ ਸਾਰੀਆਂ ਦੁਖ ਤਕਲੀਫਾਂ ਦੂਰ ਹੋ ਜਾਣਗੀਆਂ ਤੇ ਬੰਦਾ ਚੜ੍ਹਦੀ ਕਲਾ ਵਿਚ ਹੋਵੇਗਾ।
ਭੁਪਿੰਦਰ ਸਿੰਘ- ਜੀ ਠੀਕ ਹੈ।
ਬੀ.ਐਸ.ਗੁਰਾਇਆ- ਜੀ ਹੁਣ ਮੈਂ ਕੁਝ ਗੱਲਾਂ ਤੁਹਾਡੇ ਕੋਲੋ ਪੁਛਣਾ ਚਾਹੁੰਨਾ, ਦੱਸੋਗੇ?
ਭੁਪਿੰਦਰ ਸਿੰਘ- ਜੀ ਕਿਓ ਨਹੀ।
ਬੀ.ਐਸ.ਗੁਰਾਇਆ- ਤੁਸੀ ਕਿਸੇ ਡੇਰੇ ਤੋਂ ਨਾਮ ਲਿਆ ਹੋਇਆ ਹੈ?
ਭੁਪਿੰਦਰ ਸਿੰਘ- ਨਹੀ ਜੀ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ। ਹਾਂ ਸਾਨੂੰ ਮੋਗੇ ਲਾਗਲੇ ਇਕ ਗੁਰਮੁਖ ਸੱਜਣ ਨੇ ਸੋਝੀ ਬਖਸ਼ੀ ਸੀ। (ਡੇਰੇਦਾਰ ਦਾ ਨਾਂ ਇਥੇ ਅਸੀ ਨਹੀ ਦੇ ਰਹੇ)
ਬੀ.ਐਸ.ਗੁਰਾਇਆ- ਵੀਰ ਜੀ ਓਹ ਕੋਈ ਡੇਰੇਦਾਰ ਹੀ ਹੋਵੇਗਾ। ਇਹੋ ਤੇ ਹੈਗੇ ਨੇ ਡੇਰੇਦਾਰ ਲੋਕ। ਹੋਰ ਡੇਰੇਦਾਰਾਂ ਦੇ ਸਿਰਾਂ ਤੇ ਕੋਈ ਸਿੰਗ ਥੋੜੇ ਹੁੰਦੇ ਨੇ। ਬਸ ਉਹ ਤੁਹਾਡਾ ਰਿਸਤਾ ਗੁਰਬਾਣੀ ਨਾਲੋ ਤੋੜਦੇ ਨੇ ਤੇ ਆਪਣੇ ਡੇਰੇ ਨਾਲ ਜੋੜਦੇ ਨੇ।
ਬੀ.ਐਸ.ਗੁਰਾਇਆ- ਸੱਚ ਸੱਚ ਦੱਸਿਓ ਉਹ ਨਾਮ ਜੱਪਣ ਕਿਸ ਨੂੰ ਕਹਿੰਦੇ ਨੇ?
ਭੁਪਿੰਦਰ ਸਿੰਘ- ਜੀ ਉਹ ਤਾਂ ਕਹਿੰਦੇ ਨੇ ਕਿ ਸਵੇਰੇ ਉਠੋ ਵਾਹਿਗੁਰੂ ਦਾ ਜਾਪ ਕਰੋ। ਫਿਰ ਜਾਪ ਛੱਡ ਕੇ ਤ੍ਰਿਕੁਟੀ (ਮੱਥੇ) ਤੇ ਧਿਆਨ ਲਾਓ। ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ।
ਬੀ.ਐਸ.ਗੁਰਾਇਆ- ਵੀਰ ਜੀ ਇਹ ਜੋਗੀਆ ਦੇ ਪੰਥ ਦੀ ਗਲ ਹੈ। ਇਹ ਲੋਕ ਸਰੀਰਕ ਕ੍ਰਿਆ ਨੂੰ ਹੀ ਰੱਬ ਸਮਝ ਲੈਂਦੇ ਨੇ। ਔਪਟਿਕ ਨਰਵ ਦੇ ਮੈਸੇਜ ਨੂੰ ਜੋਤ ਤੇ ਦਿੱਲ ਆਦਿ ਦੀ ਧੜਕਣ ਨੂੰ ਨਾਦ। ਪੂਰੀ ਗੁਰਬਾਣੀ ਇਸੇ ਸਿਧਾਂਤ ਦਾ ਖੰਡਨ ਕਰਦੀ ਹੈ ਜਿਹੜੇ ਲੋਕ ਆਹ ਚੌਕੜੀਆਂ ਮਾਰ ਮਾਰ ਧਿਆਨ ਲਾਉਦੇ ਹਨ। ਗੁਰਬਾਣੀ ਭਰੀ ਪਈ ਹੈ। ਫਿਰ ਵੀ ਗੁਰੂ ਸਾਹਿਬ ਨੇ ਤਾਂ ਸ਼ੁਰੂ ਵਿਚ ਜਪੁਜੀ ਸਾਹਿਬ ਵਿਚ ਹੀ ਇਸ ਦਾ ਖੰਡਨ ਕਰ ਦਿਤਾ ਹੈ ਤੇ ਕਿਹਾ ਕਿ ਨਾਮ ਸੁਣਨ ਗਾਉਣ ਨਾਲ ਸਰੀਰਕ ਭੇਦ ਵੀ ਖੁੱਲ ਜਾਣਗੇ ਜਿੰਨਾਂ ਵਾਸਤੇ ਤੁਸੀ ਜਿੰਦਗੀ ਲਾ ਦਿੰਦੇ ਹੋ: "ਸੁਣਿਐ ਜੋਗ ਜੁਗਤਿ ਤਨਿ ਭੇਦ॥" ਸੋ ਇਹ ਜੋਗੀ ਲੋਕ ਜੋ ਕੁਝ ਕਰਦੇ ਉਹ ਸਰੀਰਕ ਕ੍ਰਿਆਵਾ ਨੇ ਜਿੰਨਾਂ ਨੂੰ ਵੇਖ ਵੇਖ ਖੁਸ਼ ਹੋਈ ਜਾਂਦੇ। ਗੁਰੂ ਸਾਹਿਬ ਨੇ ਕਿਹਾ ਹੈ, "ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ॥"
ਫਿਰ ਕਦੀ ਟਾਈਮ ਲੱਗਾ ਤਾਂ ਤੁਹਾਨੂੰ ਇਨਾਂ ਦੀ ਨਾਦ ਜੋਤ ਦੀ ਸਾਰੀ ਗਲ ਵਿਸਥਾਰ ਵਿਚ ਦੱਸਾਂਗੇ।
ਭੁਪਿੰਦਰ ਸਿੰਘ- ਸੌਅਰੀ ਜੀ ਮੈਂ ਤੁਹਾਨੂੰ ਰੁੱਖਾ ਬੋਲਿਆ ਸੀ ਸ਼ਰੁੂ ਵਿਚ।
ਬੀ.ਐਸ.ਗੁਰਾਇਆ- ਕੋਈ ਗਲ ਨਹੀ ਵੀਰ ਜੀ ਤੁਹਾਡਾ ਇਰਾਦਾ ਨੇਕ ਸੀ। ਤੁਸੀ ਤਾਂ ਅਗਲੇ ਦਾ ਭਲਾ ਹੀ ਕਰ ਰਹੇ ਸੋ। ਸੋ ਸਾਅਰੀ ਵਾਅਰੀ ਦੀ ਜਰੂਰਤ ਨਹੀ।
(ਬੁੱਢੇ ਬੰਦੇ ਦਾ ਫੇਸਬੁੱਕ ਤੇ ਕੀ ਕੰਮ?)
ਬਾਕੀ ਵੀਰ ਜੀ ਪ੍ਰਚਾਰਕ ਮੌਕੇ ਦੀ ਤਲਾਸ਼ ਵਿਚ ਹੁੰਦਾ ਹੈ ਜਿਥੇ ਕੋਈ ਭੀੜ ਹੋਵੇ, ਕੋਈ ਮੇਲਾ ਆਦਿ ਹੋਵੇ ਓਥੇ ਪ੍ਰਚਾਰਕ ਨੇ ਪਹੁੰਚਣਾ ਹੁੰਦਾ ਹੈ। ਫੇਸਬੁਕ ਜਾਂ ਟਵਿਟਰ ਆਦਿ ਚੰਗਾ ਮੌਕਾ ਦੇ ਰਹੇ ਨੇ।
(ਬੁੱਢੇ ਬੰਦੇ ਦਾ ਫੇਸਬੁੱਕ ਤੇ ਕੀ ਕੰਮ?)
ਬਾਕੀ ਵੀਰ ਜੀ ਪ੍ਰਚਾਰਕ ਮੌਕੇ ਦੀ ਤਲਾਸ਼ ਵਿਚ ਹੁੰਦਾ ਹੈ ਜਿਥੇ ਕੋਈ ਭੀੜ ਹੋਵੇ, ਕੋਈ ਮੇਲਾ ਆਦਿ ਹੋਵੇ ਓਥੇ ਪ੍ਰਚਾਰਕ ਨੇ ਪਹੁੰਚਣਾ ਹੁੰਦਾ ਹੈ। ਫੇਸਬੁਕ ਜਾਂ ਟਵਿਟਰ ਆਦਿ ਚੰਗਾ ਮੌਕਾ ਦੇ ਰਹੇ ਨੇ।
ਸ਼ੁਕਰੀਆ ਜੀ । ਜੀਦੇ ਵਸਦੇ ਰਵੋ।
(ਬੁੱਢੇ ਬੰਦੇ ਦਾ ਫੇਸਬੁੱਕ ਤੇ ਕੀ ਕੰਮ?)Budhe Bande Da Facebook Te Ki Kum...?
ReplyDeleteBuhat Vadiya Veer Ji.......Sanu V Thoda Time Dio Hun Kise Din.....Aahooooooooo
MERE KAI SAWALA DA JAWAB ETHE MIL GAYA. HAI...THANX VEER...
ReplyDelete