Tuesday 28 February 2017

ਜਦੋਂ ਗਿਆਨੀ ਜੀ ਬੋਲੇ, “ਬੀਬੇ ਬਣੋ, ਇਸ ਸੈਕੂਲਰ ਮੁਲਕ ਵਿਚ ਬਰਾਬਰ ਦੇ ਸ਼ਹਿਰੀ ਕਹਾਓਗੇ।”

ਜਦੋਂ ਗਿਆਨੀ ਜੀ ਬੋਲੇ, “ਬੀਬੇ ਬਣੋ, ਇਸ ਸੈਕੂਲਰ ਮੁਲਕ ਵਿਚ ਬਰਾਬਰ ਦੇ ਸ਼ਹਿਰੀ ਕਹਾਓਗੇ।” 

When Giani ji said, "Behave Yourself and You will be an Equal Citizen in this Secular Country,"

ਇਕ ਵੇਰਾਂ ਸ਼੍ਰੋਮਣੀ ਕਮੇਟੀ ਦੇ ਇਕ ਬਹੁਤ ਹੀ ਸੀਨੀਅਰ ਪ੍ਰਚਾਰਕ ਜੋ ਅੱਜ ਕਲ ਸ਼ਾਇਦ ਅਸਟ੍ਰੇਲੀਆ ‘ਚ ਪ੍ਰਚਾਰ ਕਰ ਰਿਹਾ ਹੈ, ਦੀ ਸਾਡੇ ਨਾਲ ਗਲ ਬਾਤ ਹੋ ਗਈ। ਉਨਾਂ ਕਿਹਾ ਕਿ ਜਿਸ ਤਰੀਕੇ ਸਿੱਖ ਰਾਜਨੀਤਕ ਤੌਰ ਤੇ ਵਿਚਰ ਰਹੇ ਹਨ ਇਨਾਂ ਦੀ ਤਬਾਹੀ ਸਾਫ ਨਜਰ ਆ ਰਹੀ ਹੈ। ਉਨਾਂ ਦੱਸਿਆ ਕਿ ਹਕੂਮਤ ਨਾਲ ਪੰਗਾ ਲੈਣ ਤੇ ਕੌਮਾਂ ਰੁਲ ਜਾਂਦੀਆਂ ਨੇ। ਅਸੀ ਉਨਾਂ ਦੀ ਇਸ ਗਲ ਨਾਲ ਸਹਿਮਤੀ ਜ਼ਾਹਿਰ ਕੀਤੀ। 

ਉਨਾਂ ਅੱਗੇ ਸਲਾਹ ਦਿਤੀ ਕਿ ਸਾਰੇ ਝਗੜੇ ਝੇੜੇ ਛੱਡੋ ਤੇ ਇਸ ਸੈਕੂਲਰ ਮੁਲਕ ਵਿਚ ਬੀਬੇ ਬਣਕੇ ਰਹੋ ਤੁਹਾਨੂੰ ਪੂਰਾ ਇਨਸਾਫ ਮਿਲੇਗਾ।ਅਸਾਂ ਕਿਹਾਂ ਗਿਆਨੀ ਜੀ ਕਿਹਦਾ ਜੀ ਕਰਦਾ ਆਪਣੇ ਬਾਲ ਬੱਚੇ ਮਰਵਾਉਣ ਨੂੰ। ਸਾਡੇ ਲੀਡਰਾਂ ਤਾਂ ਬਿਨਾਂ ਸ਼ਰਤ ਹੀ ਭਾਰਤ ਨਾਲ ਆਪਣੀ ਹੋਣੀ ਜੋੜ ਦਿਤੀ ਸੀ। ਨਹਿਰੂ ਦੇ ਕਹਿਣ ਤੇ  ਅਕਾਲੀ ਦਲ ਵੀ ਭੰਗ ਕਰ ਦਿਤਾ ਸੀ ਤਾਂ ਕਿ ਕਿਸੇ ਤਰਾਂ ਬਣ ਆਏ। ‘ਪਰ ਗਿਆਨੀ ਜੀ ਡੁੱਬੀ ਹੀ ਤਾਂ ਜੇ ਸਾਹ ਨਾਂ ਆਇਆ।‘ ਤੁਸੀ ਛੇਤੀ ਦੱਸੋ ਬੀਬੇ ਕਿਸ ਤਰਾਂ ਬਣੀਦੈ?

ਕਹਿਣ ਲਗੇ ਬਸ ਆਪਣੇ ਤੌਰ ਤਰੀਕੇ ਬਦਲੋ। ਕਦੀ ਸੰਘੀ ਢਾਂਚੇ ਦਾ ਨਾਹਰਾ ਦਿੰਦੇ ਹੋ ਕਦੀ ਕੋਈ ਤੇ ਕਦੀ ਕੋਈ। ਤੁਸੀ ਰੋਜ ਹੀ ਝੰਡਾ ਤੇ ਡੰਡਾ ਚੁੱਕੀ ਰਖਦੇ ਹੋ। ਅਮਨ ਅਮਾਨ ਨਾਲ ਵੀ ਕਦੀ ਰਿਹਾ ਕਰੋ। ਅਸੀ ਕਿਹਾ ਕਿ ਗਲ ਤੁਹਾਡੀ ਵਜ਼ਨਦਾਰ ਹੈ। ਅਸੀ ਉਨਾਂ ਕੋਲੋ ਪੁਛਿਆ ਕਿ ਕੀ ਅਕਾਲੀ ਦਲ ਦਾ ਭੋਗ ਪਾ ਦੇਣਾ ਚਾਹੀਦਾ ਹੈ? 

ਅਸਾਂ ਕਿਹਾ ਕਿ ਤੁਹਾਡਾ ਮਤਲਬ ਹੈ ਕਿ ਅਸੀ ਲਗ ਪਗ ਪੰਜਾਬ ਕਾਂਗਰਸ ਵਾਲੀ ਪਾਲਿਸੀ ਮੁਤਾਬਿਕ ਚਲੀਏ? ਉਨਾਂ ਨੇ ਇਕ ਤਰਾਂ ਨਾਲ ਹਾਂ ਕਰ ਦਿਤੀ। ਅਸਾਂ ਕਿਹਾ ਕਿ ਠੀਕ ਹੈ ਜਨਾਬ! ਪੰਜਾਬ ਕਾਂਗਰਸ ਅੱਜ ਤਕ ਪੂਰੀ ਵਫਾਦਾਰੀ ਨਾਲ ਚੱਲੀ ਹੈ ਜਿਸ ਨੂੰ ਦੇਸ਼ ਭਗਤੀ ਵੀ ਕਹਿ ਸਕਦੇ ਹੋ। ਸਾਡਾ ਸਵਾਲ ਹੈ ਕਿ ਕੀ ਕੇਂਦਰ ਨੇ ਕਦੀ ਪੰਜਾਬ-ਕਾਂਗਰਸ ਦੇ ਹੱਥ ਮਜਬੂਤ ਕੀਤੇ ਹਨ? ਪੰਜਾਬ ਵਿਚ ਲੰਮਾ ਸਮਾਂ ਕਾਂਗਰਸ ਸਰਕਾਰਾਂ ਰਹੀਆਂ ਹਨ ਕੀ ਤੁਸੀ ਪੰਜਾਬ ਕਾਂਗਰਸ ਦੀ ਕੋਈ ਪ੍ਰਾਪਤੀ ਗਿਣਾ ਸਕਦੇ ਹੋ? ਮੰਨ ਲਓ ਜੇ ਕੇਂਦਰ ਅਜਿਹੀ ਵਫਾਦਾਰੀ ਦੀ ਉਮੀਦ ਕਰਦਾ ਹੁੰਦਾ ਤਾਂ ਉਹ ਕਾਂਗਰਸ ਰਾਂਹੀ ਪੰਜਾਬ ਨੂੰ ਕੋਈ ਚੰਡੀਗੜ੍ਹ ਦੁਆ ਦਿੰਦੇ। ਜਾਂ ਕੋਈ ਹੋਰ ਰਿਆਇਤ ਦੇ ਦਿੰਦੇ। ਅਸੀ ਕਿਹਾ ਕਿ ਹੋ ਸਕਦਾ ਸਾਡੇ ਦਿਮਾਗ ਵਿਚ ਨਾਂ ਹੋਵੇ ਕਿਰਪਾ ਕਰਕੇ ਤੁਸੀ ਹੀ ਦੱਸ ਦਿਓ ਕਿ ਪੰਜਾਬ ਕਾਂਗਰਸ ਦੇ ਹੱਥ ਕੇਂਦਰ ਨੇ ਕਦੋਂ ਤੇ ਕਿਵੇ ਮਜਬੂਤ ਕੀਤੇ? ਸਾਡੇ ਗਿਆਨੀ ਜੀ ਚੁੱਪ ਹੋ ਗਏ। (ਹੋ ਸਕਦੈ ਉਸ ਵੇਲੇ ਗਿਆਨੀ ਜੀ ਨੂੰ ਕੋਈ ਜਵਾਬ ਨਾਂ ਔੜਿਆ ਹੋਵੇ। ਇਸ ਕਰਕੇ ਅਸੀ ਪਾਠਕਾਂ ਨੂੰ ਵੀ ਮੌਕਾ ਦਿੰਨੇ ਆ ਕਿ ਜੇ ਹੋਰ ਕਿਸੇ ਨੂੰ ਵੀ ਜਵਾਬ ਆਉਦਾ ਹੋਵੇ ਤਾਂ ਦੱਸ ਸਕਦਾ ਹੈ)

ਪਿਆਰਿਓ ਸਵਾਲ ਵਫਾਦਾਰੀ ਜਾਂ ਗੱਦਾਰੀ ਦਾ ਨਹੀ ਹੈ। ਸਵਾਲ ਸ਼ਰੀਕੇਬਾਜੀ ਦਾ ਹੁੰਦਾ ਹੈ: ਸ਼ਰੀਕ ਦਾ ਹੈ। ਅਗਲੇ ਤੁਹਾਨੂੰ ਆਪਣਾ ਸ਼ਰੀਕ ਸਮਝਦੇ ਹਨ। ਪਾਣੀਆਂ ਦੇ ਮੁੱਦੇ ਤੇ ਆ ਕੇ ਤੁਸੀ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਤੌਰ ਤਰੀਕੇ ਵਲ ਗੌਰ ਕਰੋ।  ਕੀ ਤੁਸੀ ਇਨਸਾਫ ਦੀ ਉਮੀਦ ਕਰ ਸਕਦੇ ਹੋ? ਦੁਨੀਆ ਦਾ ਸਰਬ ਪ੍ਰਵਾਨਤ ਅਸੂਲ ਹੈ ਕਿ ਜਿਸ ਇਲਾਕੇ ਵਿਚ ਦੀ ਕੋਈ ਦਰਿਆ ਜਾਂ ਨਾਲ੍ਹਾ ਵਹਿੰਦਾ ਹੈ; ਜਿਥੇ ਉਹ ਹੜ੍ਹਾਂ ਵੇਲੇ ਬਰਬਾਦੀ ਕਰਦਾ ਹੈ, ਉਸੇ ਹੀ ਇਲਾਕੇ ਨੂੰ ਉਸ ਨਦੀ ਨਾਲੇ ਦਾ ਪਾਣੀ ਵਰਤਣ ਦਾ ਹੱਕ ਹੈ। ਫਿਰ ਹੋਰ ਦੱਸੋ ਕੀ ਕੋਈ ਬੋਲੀ ਕੋਈ ਭਾਸ਼ਾ ਵੀ ਕੱਟੜਵਾਦੀ ਹੋ ਸਕਦੀ ਹੈ? ਕੀ ਪੰਜਾਬੀ ਨੂੰ ਪੰਜਾਬ ਵਿਚ ਉਹ ਦਰਜਾ ਹਾਸਲ ਹੈ ਜੋ ਗੁਜਰਾਤ ਵਿਚ ਗੁਜਰਾਤੀ ਤੇ ਬੰਗਾਲ ਵਿਚ ਬੰਗਾਲੀ ਨੂੰ?

ਪਿਆਰਿਓ ਸ਼ਰੀਕੇ ਦੀ ਜੜ੍ਹ ਉਹ ਹੈ ਜਿੰਨੂੰ ਤੁਸੀ 'ਦਸਵਾਂ ਗੁਰੂ' ਕਹਿੰਦੇ ਹੋ। ਜਿਸ ਨੇ ਵਸਾਖੀ ਵਾਲੇ ਦਿਨ 1699 ਨੂੰ ਸ਼ੂਦਰ ਨੂੰ ਵੀ ਘੋੜੇ ਤੇ ਚੜ੍ਹਾ ਦਿਤਾ ਸੀ। (ਕਿਉਕਿ ਚਾਨਿਕੀਆ ਨੀਤੀ ਅਨੁਸਾਰ ਸ਼ੂਦਰ ਦੀ ਥਾਂ ਸਿਰਫ ਪੈਰਾਂ ਵਿਚ ਹੈ।ਹਾਂ ਸ਼ੂਦਰ ਸਵਾਰੀ ਕਰ ਸਕਦਾ ਹੈ: ਖੋਤੇ ਦੀ ਸਿਰਫ। ਹੱਥ ਵਿਚ ਤਲਵਾਰ ਨਹੀ ਡੰਡਾ ਤਾਂ ਰੱਖ ਸਕਦਾ ਹੈ।) ਦੂਸਰਾ ਨਾਂ ਮੰਨਣ ਵਾਲੇ ਨੂੰ ਕਾਫਿਰ ਕਹਿ ਕੇ ਮਾਰਨ ਤੱਕ ਦਾ ਫੁਰਮਾਨ ਜਾਰੀ ਕਰ ਦਿੰਦਾ ਹੈ। ਸੋ ਪੰਗਾ ਤਾਂ ਦਸਵੇ ਨੇ ਪਾ ਦਿਤਾ ਸੀ ਜਦੋਂ ਉਸ ਐਲਾਨ ਕਰ ਦਿਤਾ:-

ਦੂਹੂੰ ਪੰਥ ਮੇਂ ਕਪਟੁ ਵਿਦਿਆ ਚਲਾਨੀ॥
ਬਹੁਰ   ਤੀਸਰ   ਪੰਥ   ਕੀਜੈ  ਪ੍ਰਧਾਨੀ॥

ਤੁਸੀ ਬੀਬੇ ਤਾਂ ਹੀ ਕਹਾ ਸਕਦੇ ਹੋ ਜੇ ਤੁਸੀ ਦਸਵੇਂ ਤੋਂ ਨਾਹ ਕਰ ਦਿਓ। ਮੁਨੱਕਰ (ਡਿਸਆਉਨ) ਹੋ ਜਾਓ। ਕਿ ਅਸੀ ਨਹੀ ਦਸਵੇਂ ਨੂੰ ਮੰਨਦੇ। ਤੁਸੀ ਪੰਜਾਬੀ ਹਿੰਦੂ ਕੋਲੋ ਸਿੱਖੋ ਜਿਵੇ ਉਹਨੇ ਕਹਿ ਦਿਤਾ ਹੈ ਕਿ ਅਸੀ ਪੰਜਾਬੀ ਨਹੀ ਬੋਲਦੇ। ਸੋ ਕਹਿ ਦਿਓ ਕਿ ਦਸਵੇ ਨੂੰ ਨਹੀ ਮੰਨਦੇ ਉਹਦੀ ਬਾਣੀ ਵੀ ਅਸ਼ਲੀਲ ਹੈ।ਕਿਉਕਿ ਉਹ ਕਹਿੰਦੀ ਹੈ:-

ਮੈਂ  ਨਾ ਗਣੇਸ਼ਹਿ ਪ੍ਰਿਥਮ  ਮਨਾਊ॥
ਕਿਸ਼ਨ ਬਿਸ਼ਨ ਕਬਹੂ ਨ ਧਿਆਊ॥

ਉਂਜ ਅਗਲੇ ਸਟੈਪ ਬਾਈ ਸਟੈਪ ਚਲਨਾ ਚਾਹੁੰਦੇ ਹਨ। ਉਨਾਂ ਨੂੰ ਸਾਰਾ ਪਤਾ ਹੈ ਕਿ ਅਸਲੀ ਸੱਪ ਤਾਂ ਉਹ ਹੈ ਜਿੰਨੂ ਏਨਾਂ ਨੇ ਗੁਰਦੁਆਰਿਆਂ ਦੇ ਐਨ ਕੇਂਦਰ ਵਿਚ ਪ੍ਰਕਾਸ਼ਤ ਕੀਤਾ ਹੁੰਦਾ ਹੈ। ਜਿਹਦੇ ਤੇ ਛੱਤਰ ਝੁੱਲਦਾ ਹੈ। ਚੌਰ ਵੀ ਕੀਤੀ ਜਾਂਦੀ ਹੈ। ਜਿਹਦੇ ਵਿਚ ਜਿਕਰ ਹੈ:-

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥

ਸੋ ਪਹਿਲਾਂ ਦਸਵੇਂ ਤੋਂ ਮੁਨੱਕਰ ਹੋ ਜਾਓ। ਫਿਰ ਅਗਲੇ ਉਪਦੇਸ਼ ਦੀ ਉਡੀਕ ਕਰੋ। ਫਿਰ ਤਾਂ ਅਗਲਾ ਵੀਚਾਰ ਸਕਦਾ ਹੈ ਕਿ ਤੁਸੀ ਬੀਬੇ ਹੋ। ਨਹੀ ਤਾਂ ਨਹੀ।
ਸੋ ਦੱਸੋ ਬਣ ਜਾਓਗੇ ਬੀਬੇ?

No comments:

Post a Comment