Friday 27 January 2017

ਮੇਮ ਪੁੱਛਦੀ ਛੋਟੀ ਜਾਤ ਵਾਲੇ ਦੀ ਪਛਾਣ ਕੀ ਹੁੰਦੀ ਆ?

ਮੇਮ ਪੁੱਛਦੀ ਛੋਟੀ ਜਾਤ ਵਾਲੇ ਦੀ ਪਛਾਣ ਕੀ ਹੁੰਦੀ ਆ?
HOW DO YOU KNOW SOME ONE IS FROM LOW CASTE

ਜਿਵੇ ਸ਼ਾਇਦ ਜਾਣਦੇ ਹੋਵੋ ਕਿ ਦਾਸ ਅੱਜ ਕਲ ਅਸਟ੍ਰੇਲੀਆ ਆਇਆ ਹੋਇਆ ਹੈ। ਵਿਹਲੇ ਆ ਮੌਕਾ ਮਿਲਿਆ ਸਰੀਰ ਨੂੰ ਥੋੜਾ ਤਿਖਾ ਕਰਨ ਦਾ। ਸੋ ਰੋਜ ਸੈਰ ਤੇ ਨਿਕਲੀਦਾ। ਪਾਰਕ ਵਿਚ ਜਿੱਮ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਨੇ। ਮੁਖਤ ਵਿਚ ਕਸਰਤ ਵੀ ਕਰ ਲਈ ਦੀ ਹੈ। ਨਾਲ ਦੀਆਂ ਮਸ਼ੀਨਾਂ ਤੇ ਹੋਰ ਲੋਕ ਵੀ ਲੱਗੇ ਹੁੰਦੇ ਨੇ। ਇਨ੍ਹਾਂ ਵਿਚ ਜਿਆਦਾ ਸਾਡੇ ਵਰਗੇ ਬਜੁਰਗ ਜਾਂ ਜਨਾਨੀਆਂ ਹੀ ਹੁੰਦੀਆ ਹਨ। ਜਵਾਨ ਮਰਦ ਘੱਟ ਹੀ ਪਾਰਕ ਵਿਚ ਸਵੇਰੇ ਆਉਦੇ ਹਨ ਕਿਉਕਿ ਕੰਮ ਤੇ ਗਏ ਹੁੰਦੇ  ਨੇ। ਫਿਰ ਛੁੱਟੀ ਵਾਲੇ ਦਿਨ ਉਹ “ਜਿਉਂਦੇ ਨੇ।”
ਤੁਸੀ ਕਹੋਗੇ ਆ ਜਿਉਦੇ ਕੀ? ਕੀ ਬਾਕੀ ਦਿਨ ਉਹ ਮਰੇ ਹੁੰਦੇ ਨੇ? ਜੀ ਹਾਂ ਗੋਰੇ ਕੁਝ ਇਸ ਤਰਾਂ ਹੀ ਸਮਝਦੇ ਹਨ। ਉਹ ਹਫਤੇ ਵਿਚ ਸਿਰਫ ਦੋ ਦਿਨ ਹੀ ਜਿਉਂਦੇ ਨੇ। ਬਾਕੀ ਦਿਨ ਉਨਾਂ ਨੂੰ ਕੋਈ ਹੋਸ਼ ਹਵਾਸ ਨਹੀ ਹੁੰਦੀ।
ਸ਼ਨਿਛਰ ਐਤ ਨੂੰ ਸਵੇਰੇ ਸੜ੍ਹਕਾਂ ਖਾਲੀ ਪਈ ਹੁੰਦੀਆਂ ਨੇ। ਫਿਰ 8 ਕੁ ਵਜੇ ਤਾਂ ਇਕ ਦਮ ਤੂਫਾਨ ਹੀ ਆ ਜਾਂਦਾ। ਗੋਰੇ ਇਧਰ ਉਧਰ ਦੌੜ ਰਹੇ ਹੁੰਦੇ ਨੇ। ਜੀ ਅੱਜ ‘ਹੋਲੀਡੇ’ ਆ। ਫਿਰ ਕਿਤੇ ਵੀ ਕਿਸੇ ਬੀਚ ਜਾਂ ਹੋਰ ਮਨੋਰੰਜਨ ਪਾਰਕ ਵਿਚ ਸਮਾ ਬਿਤਾਉਦੇ ਨੇ। ਖਾਂਦੇ ਨੇ। ਪੀਂਦੇ ਨੇ। ਮਸਤੀ ਕਰਦੇ ਨੇ। ਕਦੀ ਰਾਤ ਬਾਹਰ ਹੀ ਰਹਿ ਜਾਂਦੇ ਨੇ। ਐਤਵਾਰ ਸ਼ਾਮ ਨੂੰ ਜਾ ਕੇ ਇਨਾਂ ਨੂੰ ਹੋਸ਼ ਆਉਦੀ ਹੈ ਜਦੋਂ ਬਟੂਆ ਖਾਲੀ ਦਿਸਦੈ। ਕਰੇਡਿਟ ਕਾਰਡ ਵਾਰਨਿੰਗ ਦੇ ਰਿਹਾ ਹੁੰਦੈ। ਫਿਰ ਵਾਪਸ ਘਰ ਨੂੰ ਦੌੜਦੇ ਨੇ। ਹਾਂ ਇਨਾਂ ਵਿਚੋਂ ਜਿੰਨਾਂ ਨੂੰ ਜਿਆਦਾ ਹੀ ਚੜ੍ਹ ਜਾਏ ਫਿਰ ਹੂਰੋ ਮੁੱਕੀ ਹੋ ਰਾਤ ਠਾਣੇ ‘ਚ ਕੱਢਦੇ ਨੇ। ਸੋਮਵਾਰ ਸਵੇਰੇ ਫਿਰ ਇਹ ਚੈੱਕ ਕਰਦੇ ਨੇ ਕਿ ਕਿੰਨਾ ਕੁ ਕਰਜਾ ਚੜ੍ਹ ਗਿਐ।
ਖੈਰ ਮੇਰੀ ਗਲ ਬਾਹਰ ਨਿਕਲ ਗਈ। ਮੈਂ ਤਾਂ ਪਾਰਕ ਬਾਰੇ ਗਲ ਕਰ ਰਿਹਾ ਸੀ।ਸੋ ਜਿਆਦਾ ਬਜੁਰਗ ਤੇ ਬੀਬੀਆਂ ਹੀ ਹੁੰਦੀਆਂ ਹਨ। ਹੋਲੀ ਹੋਲੀ ਸਾਡੇ ਨਾਲ ਵੀ ਗਲ ਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ। ਇਕ ਇਨਾਂ ਦੀ ਆਦਤ ਵੇਖੀ ਹੈ। ਸਵੇਰੇ ਸੈਰ ਕਰਦੇ ਵਕਤ ਹਰ ਕਿਸੇ ਨੂੰ ਗੁੱਡ ਮੌਰਨਿੰਗ ਕਹਿਣਾ। ਦਿਨ ਭਰ ਵੀ ਜਦੋਂ ਕਿਸੇ ਦੇ ਲਾਗੋਂ ਦੀ ਨੰਘਣਾਂ ਮੁਸਕਰਾ ਕੇ ਜਾਣਾ। ਅਮੂਮਨ ਤਾਂ ਇਹ ‘ਹਾਇ’ ਕਹਿ ਦਿੰਦੇ ਨੇ। ਇਸ ਗੱਲੋਂ ਇਹ ਗੋਰੇ ਲੋਕ ਬਹੁਤ ਅੱਗੇ ਨੇ ਭਾਵ ਨਿਮ੍ਰਤਾ ਤੇ ਸਲੀਕਾ। ਕਾਰ ਚਲਾਉਦੇ ਵਕਤ ਵੀ ਇਕ ਦੂਜੇ ਨੂੰ ਲੰਘਣ ਲਈ ਰਸਤਾ ਦਿੰਦੇ ਨੇ। ਅਗਲਾ ਫਿਰ ਸ਼ੁਕਰੀਏ ਵਜੋ ਹੱਥ ਹਲਾਉਦੈ। ਤੇ ਜੇ ਕਿਸੇ ਨੇ ਹੱਥ ਨਹੀ ਹਲਾਇਆ ਤਾਂ ਇਹ ਐਨੇ ਬੇਸ਼ਰਮ ਹੁੰਦੇ ਨੇ ਅਗਲੇ ਨੂੰ ਕਹਿ ਦਿੰਦੇ ਨੇ: “ਯੂ ਓ ਮੀ ਥੈਂਕਸ” ਕਿ ਤੇਰਾ ਬਣਦਾ ਸੀ ਸ਼ੁਕਰੀਆ ਕਹਿਣਾ। ਸੜ੍ਹਕ ਤੇ ਤੁਹਾਨੂੰ ਕਦੀ ਹਾਰਨ ਵਜਦਾ ਨਹੀ ਸੁਣੇਗਾ। ਹਾਰਨ ਓਦੋਂ ਮਾਰਿਆ ਜਾਂਦਾ ਹੈ ਜਦੋਂ ਕਿਸੇ ਨੂੰ ਕਹਿਣਾ ਹੋਵੇ ਕਿ ਤੂ ਮਹਾਂ ਮੂਰਖ ਆ। ਭਾਵ ਹਾਰਨ ਗਾਲ ਹੈ।
ਫਿਰ ਗਲ ਬਾਹਰ ਨਿਕਲਦੀ ਜਾਦੀ ਆ। ਸੌਰੀ। (ਹਾ ਹਾ)
ਪਾਰਕ ਵਿਚ ਸਾਡੀ ਵੀ ‘ਗੁਡ ਮੋਰਨੀ’ ਸ਼ੁਰੂ ਹੋ ਗਈ। ਇਕ ਗੋਰੀ ਕਹਿੰਦੀ, “ਵੇਅਰ ਯੂ ਫਰੌਮ?” ਭਈ ਤੂ ਕਿਥੋ ਆਇਓ। ਮੈ ਕਿਹਾ ਜੀ ਪੰਜਾਬ। ਕਹਿੰਦੀ ਇਹ ਕਿਥੇ ਆ? ਮੈਂ ਕਿਹਾ ਇੰਡੀਆ ਦੇ ਪਹਾੜ ਵਿਚ। ਕਹਿੰਦੀ ‘ਅੱਛਾ’।
ਮੈਨੂੰ ਕਹਿੰਦੀ, “ਤੂ ਟੈਕਸੀ ਚਲਾਉਂਦਾ?” ਮੈਂ ਕਿਹਾ ਨਹੀ। ਮੈਂ ਛੋਟਾ ਜਿਹਾ ਲਿਖਾਰੀ ਆਂ। ਜਿਵੇਂ ਹੀ ਲਿਖਾਰੀ ਕਿਹਾ ਉਹ ਤਾਂ ਇਕ ਦਮ ਖਿੱੜ ਉਠੀ, ‘ਵਾਓ’।
ਮੇਰੀ ਪੱਗ ਬਾਰੇ ਸਵਾਲ ਪੁਛਿਆ। ਕਹਿੰਦੀ ਹਾਂ ਮੈਨੂੰ ਪਤਾ ਤੁਸੀ ਸਿੱਖ ਵਾਲ ਨਹੀ ਕਟਦੇ।
 ਮੈਂ ਉਨੂੰ ਸਾਰਾ ਦੱਸਿਆ ਕਿ ਪੁਰਾਤਨ ਹਿੰਦੂ ਤੇ ਮੁਸਲਿਮ ਧਰਮਾਂ ਵਿਚ ਵਾਲ ਕੱਟਣ ਤੇ ਮਨਾਹੀ ਸੀ। ਪੁਛਦੀ ਫਿਰ ਹਿੰਦੂ ਕਿਓ ਵਾਲ ਕੱਟਦੇ ਨੇ? ਮੈਂ ਕਿਹਾ ਜੀ ਇਹ ਕੌਮ ਜਿਆਦਾ ਗੁਲਾਮ ਹੀ ਰਹੀ ਹੈ। ਮੁਗਲਾਂ ਦੇ ਦੌਰ ਵਿਚ ਦੋ ਤਿੰਨ ਵਾਰੀ ਹੁਕਮ ਚਾੜੇ ਗਏ ਸਨ ਕਿ ਸਭ ਹਿੰਦੂ ਵਾਲ ਕੱਟਣ। ਮੈਂ ਦੱਸਿਆ ਕਿ ਤੁਹਾਡੇ ਅੰਗਰੇਜਾਂ ਦੇ ਰਾਜ ਤਕ ਇਹ ਬਹੁਤੇ ਪੱਗ ਬੰਨਦੇ ਤੇ ਕਿਤੇ ਕਿਤੇ ਕੇਸ ਰਖਦੇ ਸਨ। ਹਾਂ ਅੱਜ ਕਲ ਇਨਾਂ ਦੇ ਸਾਧੂ ਸੰਤ ਹੀ ਕੇਸ ਰਖਦੇ ਨੇ।ਇਹ ਲੋਕ ਵਾਲ ਓਦੋਂ ਕੱਟਦੇ ਸਨ ਜਦੋ ਇਨਾਂ ਦਾ ਕੋਈ ਗੁਜਰ ਜਾਂਦਾ ਸੀ। ਕਹਿੰਦੀ ਫਿਰ ਅਜ ਕਲ ਇਹ ਲੋਕ ਆਪਣੇ ਪਿਤਾ ਦੇ ਮਰਨ ਤੇ ਵਾਲ ਨਹੀ ਕੱਟਦੇ? ਮੈ ਕਿਹਾ ਜੀ ਅੱਜ ਕਲ ਪਹਿਲਾਂ ਹੀ ਕੀਤੀ ਹੋਈ ਹੇਰ-ਕੱਟ ਤੇ ਉਸਤਰਾ ਫਿਰਵਾ ਕੇ ਪੂਰੀ ਟਿੰਡ ਕਰ ਦਿਤੀ ਜਾਂਦੀ ਹੈ। 
ਇਹ ਗਲ ਸੁਣ ਕੇ ਸਾਰੇ ਛੇ ਸੱਤੇ ਲੋਕ ਖਿੜ ਖਿੜਾ ਕੇ ਹੱਸ ਪੈਂਦੇ ਨੇ। ਓਥੇ ਇਕ ਮੁਸਲਮਾਨੀ ਬੀਬੀ ਸੀ। ਕਹਿੰਦੇ ਇਨਾਂ ਦਾ ਸੁਣਾਓ। ਮੈਂ ਕਿਹਾ ਇਨਾਂ ਦਾ ਵੀ  ਇਹੋ ਹਾਲ ਹੈ। ਉਸ ਨੇ ਝੱਟ ਮੈਨੂੰ ਚੈਲੈਂਜ ਕਰ ਦਿਤਾ। ਕਹਿੰਦੀ ਸਾਡੇ ਇਸ ਤਰਾਂ ਨਹੀ ਹੁੰਦਾ ਸਾਡੇ ਵਾਲ ਰਖਣਾ ਜਰੂਰੀ ਨਹੀ। ਮੈਂ ਕਿਹਾ ਝੂਠ ਨਾਂ ਬੋਲ। ਮੈਂ ਕਿਹਾ ਤੂ ਕੋਈ ਮੌਲਾਣਾ ਵੇਖਿਆ ਬਿਨਾਂ ਦਾਹੜੀ ਦੇ? ਵਿਚਾਰੀ ਨੂੰ ਕੋਈ  ਗਲ ਨਾਂ ਆਈ ਤੇ ਗੋਰੇ ਗੋਰੀਆਂ ਹੱਸ ਪਏ।
ਮੈਨੂੰ ਕਹਿਣ ਲਗੇ ਕਿ ਜੇ ਹਿੰਦੂਆਂ ਵੀ ਵਾਲ ਕੱਟਣੇ ਬੰਦ ਕਰ ਦਿਤੇ ਮੁਸਲਮਾਨਾਂ ਵੀ ਤੇ ਤੂ ਕਿਓ ਆਹ ਵਾਧੂ ਭਾਰ ਚੁੱਕੀ ਫਿਰਦੈ? ਮੈਂ ਕਿਹਾ ਕਿ ਸਾਡੇ ਗੁਰੂ ਨੇ ਮਨੁੱਖੀ ਹੱਕਾਂ ਦੀ ਰਾਖੀ ਕਾਰਨ ਜਦੋਂ ਜਬਰਦਸਤੀ ਹਿੰਦੂਆਂ ਦੇ ਵਾਲ ਕੱਟੇ ਜਾ ਰਹੇ ਸਨ ਤਾਂ ਸਾਡੇ ਵਾਸਤੇ ਵਾਲ ਰਖਣੇ ਲਾਜਮੀ ਕਰ ਦਿਤੇ ਸਨ। ਵੈਸੇ ਤਾਂ ਓਦੋਂ ਹਰ ਕੋਈ ਵਾਲ ਰਖਦਾ ਹੀ ਸੀ। ਪਰ ਸਾਨੂੰ ਭੱਦਣ ਜਾਂ ਮੁੰਡਣ ਕਰਾਉਣ ਤੋਂ ਮਨਾ ਕਰ ਦਿਤਾ ਸੀ। ਮੈਂ ਕਿਹਾ ਵਾਲ ਸਾਡੀ ਡਿਗਨਿਟੀ ਜਾਂ ਅਣਖ ਦੀ ਨਿਸ਼ਾਨੀ ਹੈ।
ਓਥੇ ਮਜਬੂਰਨ ਮੈਂਨੂੰ ਹਿੰਦੂ ਕਲਚਰ ਦੀ ਸਿਫਤ ਵੀ ਕਰਨੀ ਪਈ ਕਿਉਕਿ ਕਿਤੇ ਕਿਤੇ ਸਾਡਾ ਕਲਚਰ ਇਨਾਂ ਨਾਲ ਓਵਰਲੈਪ ਕਰਦਾ ਹੈ। ਮੈਂ ਦੱਸਿਆ ਕਿ ਮੂਲ ਵਿਚ ਇਹ ਅਮਨ ਪਸੰਦ ਲੋਕ ਨੇ ਪਰ ਅੱਜ ਹਕੂਮਤ ਹੱਥ ਵਿਚ ਆਉਣ ਕਰਕੇ ਇਹ ਭੂਤਰ ਗਏ ਨੇ।
ਗੋਰੀ ਕਹਿੰਦੀ ਕਿ ਸਾਨੂੰ ਜਾਤ ਪਾਤਾਂ ਬਾਰੇ ਦੱਸੋ। ਕਾਸਟਸਿਸਟਮ ਦੀ ਜਦੋਂ ਮੈਂ ਗਲ ਸ਼ੁਰੂ ਕੀਤੀ ਸਾਰਿਆਂ ਨੇ ਐਕਸਰਸਾਈਜ ਰੋਕ ਦਿਤੀ। ਇਹ ਲੋਕ ਅਗਲੇ ਦੀ ਦੁਖਦੀ ਤੇ ਹੱਥ ਰੱਖ ਕੇ ਇਲਾਜ ਕਰਨ ਵਿਚ ਅਨੰਦ ਲੈਂਦੇ ਨੇ।
ਮੈਂ ਦੱਸਿਆ ਕਿ ਹਿੰਦੁਸਤਾਨ ਸਮਾਜ ਨੂੰ ਬ੍ਰਾਹਮਣਾਂ ਨੇ ਮੁੱਖ ਤੌਰ ਤੇ ਚਾਰ ਹਿਸਿਆਂ ਵਿਚ ਵੰਡਿਆ ਸੀ। ਕਿਉਕਿ ਹਿੰਦੁਸਤਾਨ ਵਿਚ ਹਜਾਰਾਂ ਦੀ ਗਿਣਤੀ ਵਿਚ ਕਬੀਲੇ ਸਨ ਬ੍ਰਾਹਮਣਾ ਨੇ ਉਨਾਂ ਕਬੀਲਿਆ ਨੂੰ ਯਥਾਸ਼ਕਤ ਵਰਗ ਅਲਾਟ ਕੀਤਾ। ਇਸ ਪ੍ਰਕਾਰ ਬ੍ਰਾਹਮਣ ਨੇ ਹਜ਼ਾਰਾਂ ਦੀ ਗਿਣਤੀ ਵਿਚ ਜਾਤਾਂ ਘੜ ਦਿਤੀਆਂ। ਫਿਰ ਇਕ ਜਾਤ ਦੂਸਰੀ ਨਾਲ ਸਮਾਜਕ ਮਿਲਣ ਵਰਤਣ ਵੀ ਨਹੀ ਸੀ ਕਰ ਸਕਦੀ।
ਮੈਂ ਦੱਸਿਆ ਕਿ ਇਸ ਚਾਰ ਵਰਗੀ ਸ਼ਰੇਣੀ ਵਿਚ ਇਕ ਇਹੋ ਜਿਹੀ ਸ਼੍ਰੇਣੀ ਵੀ ਹੈਗੀ ਆ ਜਿਹੜੀ ਵਰਨ-ਆਸ਼ਰਮ ਤੋਂ ਬਾਹਰ ਆ। ਗੋਰੀ ਫਿਰ ਹੈਰਾਨ ਹੋ ਗਈ। ਕਹਿੰਦੀ ਉਹ ਕਿਵੇ? ਮੈਂ ਕਿਹਾ ਉਨਾਂ ਨੂੰ ਅਛੂਤ ਕਿਹਾ ਜਾਂਦਾ ਹੈ। ਮਤਲਬ ਜੇ ਤੁਸੀ ਉਨਾਂ ਨੂੰ ਛੂਹ ਲਿਆ ਤਾਂ ਤੁਸੀ ਭ੍ਰਿਸ਼ਟ ਹੋ ਗਏ। ਫਿਰ ਤੁਹਾਨੂੰ ਗੰਗਾ ਅਸ਼ਨਾਨ ਕਰਨਾਂ ਪਵੇਗਾ ਤਾਂ ਤੁਸੀ ਸਮਾਜ ਵਿਚ ਵਿਚਰ ਸਕਦੇ ਹੋ। ਇਹ ਗਲ ਸੁਣ ਕੇ ਸਾਰਿਆਂ , “ਮਾਈ ਗਾਡ” “ਮਾਈ ਗਾਡ” ਕਹਿਣਾ ਸ਼ੁਰੂ ਕਰ ਦਿਤਾ।
ਮੇਮ ਕਹਿਣ ਲੱਗੀ ਕਿ ਇਹਦਾ ਮਤਲਬ ਬ੍ਰਾਹਮਣ ਲੋਕ ਮਨੁੱਖਤਾ ਵਿਰੋਧੀ ਹਨ? ਮੈਂ ਕਿਹਾ ਨਹੀ। ਓਹ ਸੋਚ ਮਨੁੱਖਤਾ ਵਿਰੋਧੀ ਸੀ। ਅੱਜ ਅਨੇਕਾਂ ਬ੍ਰਾਹਮਣਾਂ ਨੇ ਜਾਤ ਪਾਤ ਦੀ ਖੰਡਣਾਂ ਕੀਤੀ।
ਮੈਨੂੰ ਪੁਛਦੀ ਕਿ ਮੰਨ ਲਓ ਕਿ ਤੁਸੀ ਬਾਹਰ ਫਿਰ ਤੁਰ ਰਹੇ ਹੋ ਤੁਹਾਨੂੰ ਕਿਵੇ ਪਤਾ ਲਗੇਗਾ ਕਿ ਕਿਹੜਾ ਬੰਦਾ ਛੋਟੀ ਜਾਤ ਦਾ ਹੈ। ਮੇਰਾ ਵੀ ਦਿਮਾਗ ਇਕ ਦਮ ਠਣਕ ਗਿਆ। ਮੈਨੂੰ ਝੱਟ ਆਪਣਾ ਕੜਾ ਯਾਦ ਆ ਗਿਆ। ਮੈਂ ਉਨੂੰ ਕਿਹਾ ਕਿ ਛੋਟੀ ਜਾਤ ਵਾਲੇ ਐਹੋ ਜਿਹਾ ਲੋਹੇ ਦਾ ਕੜਾ ਪਾਉਂਦੇ ਨੇ। ਉਨਾਂ ਮੇਰਾ ਕੜਾ ਵੇਖਿਆ। ਮੈਂ ਦੱਸਿਆ ਕਿ ਸੋਨੇ ਚਾਂਦੀ ਤੇ ਤਾਂਬੇ ਦੇ ਕੜੇ ਸਿਰਫ ਉਚੀ ਜਾਤ ਦੇ ਪਾ ਸਕਦੇ ਹਨ।
ਮੈਨੂੰ ਕਹਿੰਦੀ ਕਿ ਇਹਦਾ ਮਤਲਬ ਤੂ ਛੋਟੀ ਜਾਤ ਦਾ ਵਾਂ? 
ਮੈਂ ਕਿਹਾ ਹਾਂ। 
ਮੈਂ ਉਨੂੰ ਦੱਸਿਆ ਕਿ ਗੁਰੂ ਦਾ ਹਰ ਸਿੱਖ ਛੋਟੀ ਜਾਤ ਦਾ ਹੈ।
ਮੈਂ ਉਨੂੰ ਸਾਰੀ ਗਲ ਦੱਸੀ ਕਿ ਸਾਡੇ ਗੁਰੂ ਸਾਹਿਬ ਨੇ ਜਾਤ ਪਾਤ ਦੇ ਸਿਸਟਮ ਖਿਲਾਫ ਬਗਾਵਤ ਕਰ ਦਿਤੀ ਸੀ। ਗੁਰੂ ਨੇ ਏਕੇ ਦਾ ਪਾਠ ਪੜਾ ਦਿਤਾ। ਕਿ ਸਾਡੇ ਸਭ ਦਾ ਬੀਅ ਇਕ ਹੈ। ਅਸੀ ਉਨੂੰ ਦੱਸਿਆ ਕਿ ਸਿੱਖ ਧਰਮ ਦਾ ਨਿਸ਼ਾਨ (ਐਮਬਲਮ) ਇਕ (1) ਹੈ।
ਅਸਾਂ ਦੱਸਿਆ ਕਿ ਸ਼ੂਦਰ ਦੀ ਪਛਾਣ ਇਕ ਹੋਰ ਵੀ ਹੈ। ਉਹ ਵਿਚਾਰਾ ਸਿਰਫ ਨੀਲਾ ਕਪੜਾ ਪਾ ਸਕਦਾ ਹੈ। ਸਾਡੇ ਗੁਰੂ ਨੇ ਸਾਡੀਆਂ ਫੌਜਾਂ ਦੀ ਵਰਦੀ ਨੀਲੀ ਹੀ ਕਰ ਦਿਤੀ ਸੀ। ਸ਼ੂਦਰ ਨੂੰ ਘੋੜੇ ਤੇ ਚੜ੍ਹਨ ਤੇ ਹਥਿਆਰ ਰੱਖਣ ਦੀ ਮਨਾਹੀ ਸੀ। ਸਾਡੇ ਗੁਰੂ ਨੇ ਕਿਹਾ ਤੁਸੀ ਘੜੱਲੇ ਨਾਲ ਹਥਿਆਰ ਤੇ ਘੋੜੇ ਰੱਖੋ।
ਕਹਿੰਦੀ ਤੁਹਾਡੇ ਪੈਗੰਬਰ ਦਾ ਨਾਂ ਕੀ ਸੀ?
ਮੈਂ ਕਿਹਾ ਸਾਡਾ ਪੈਗੰਬਰ ਨਹੀ ਸੀ। ਨਿਰੰਕਾਰ ਨਾਲ ਇਕ ਮਿੱਕ ਸਦਾ ਅਨੰਦ ਵਿਚ ਰਹਿਣ ਵਾਲੇ ਸਾਡੇ ਬਾਨੀ ਨੇ ਕਿਹਾ ਸੀ ਕਿ ਮੈਂ ਵੀ ਇਨਸਾਨ ਹਾਂ। ਪਰ ਮੈਨੂੰ ਗਿਆਨ ਹੈ। ਅਸੀ ਉਨੂੰ ਟੀਚਰ ਕਹਿੰਦੇ ਹਾਂ ਗੁਰੂ।
ਕਹਿੰਦੀ ਤੁਹਾਡੇ ਟੀਚਰ ਦਾ ਨਾਂ ਕੀ ਸੀ?
ਮੈਂ ਕਿਹਾ ‘ਗੁਰੂ ਨਾਨਕ’। 

3 comments:

 1. Bai ajj de loka jaatan pattan ch fase hoe ne, koi ni manda guruan di diti sikhya nu. Bas sare mathe taken joge ne. Amal koi virla hi karda.

  ReplyDelete
 2. Jo sikh kehde aa k asi jatt paat ch vishawas ni karde ta ohna nu kde puchna k tusi apne bacchea da veyah kise hor neewi caste de sikh nal krao, ta sab paasa watt jande a. Lok sirf dooje nu sikhi dasan joge rehde, jdo apne te sikhi audi ta sab galan to mukar jandde eh pakandi sikh.

  ReplyDelete
 3. ਵੀਰ ਜਸ਼ਨ ਜੀ। ਵਿਆਹ ਸ਼ਾਦੀ ਮੌਕੇ ਬਰਾਬਰ ਦਾ ਰਿਸ਼ਤਾ ਵੇਖਿਆ ਜਾਂਦਾ ਹੈ। ਜਿਥੇ ਮੰਨ ਮਿਲੇ। ਅੱਜ ਦੇ ਪੜ੍ਹੇ ਲਿਖੇ ਸਿੱਖ ਬੱਚੇ ਬਿਲਕੁਲ ਪ੍ਰਵਾਹ ਨਹੀ ਕਰਦੇ। ਪਿਛੇ ਦੋ ਤਿੰਨ ਰਿਸ਼ਤੇ ਕਰਾਉਣ ਵੇਲੇ ਮੇਰੀ ਖੁੱਦ ਦੀ ਮਦਦ ਲਈ ਗਈ ਸੀ। ਅਸੀ ਅਖਬਾਰਾਂ ਵਿਚ ਜੋ ਇਸ਼ਤਿਹਾਰ ਦਿਤੇ ਉਸ ਵਿਚ ਸ਼ਰਤ ਹਰ ਵਾਰੀ ਸਿਰਫ ਇਹੋ ਰੱਖੀ ਸੀ ਕਿ ਅਗਲਾ ਪੰਜਾਬੀ ਹੋਵੇ। ਜੱਟਾਂ/ਜੱਟੀਆਂ ਦੇ ਵਿਆਹ ਰਾਮਗੜੀਆਂ, ਰੋੜਿਆਂ, ਖੱਤਰੀਆਂ ਵਿਚ ਹੋਏ ਹਨ। ਸਾਨੂੰ ਰਵੀਦਾਸੀਆਂ ਦੇ ਵੀ ਰਿਸ਼ਤੇ ਆਏ ਸੀ। ਪਰ ਬਦਕਿਸਮਤੀ ਨਾਲ ਬੱਚਿਆਂ ਦੀ ਸੋਚ ਦਾ ਪੱਧਰ ਵੱਖਰਾ ਸੀ।
  ਵੀਰ ਜੀ ਤੁਹਾਨੂੰ ਵੱਡਾ ਗਿਲਾ ਹੈ। ਕਦੀ ਤੁਸੀ ਖੁੱਦ ਵੀ ਆਪਣੇ ਤੋਂ ਅਖੌਤੀ ਨੀਵੀਂ ਜਾਤ ਵਲ ਰਿਸ਼ਤਾ ਕਰਨ ਦਾ ਸੋਚਿਆ ਹੈ?
  ਤੁਹਾਨੂੰ ਸਿੱਖਾਂ ਤੇ ਵੱਡਾ ਗਿਲਾ ਹੈ। ਜਾਤ ਪਾਤ ਵੇਖਣੀ ਹੈ ਤਾਂ ਗਾਂਧੀ ਦੇ ਗੁਜਰਾਤ ਵਿਚ ਜਾ ਕੇ ਵੇਖੋ। ਜਿਥੇ ਅੱਜ ਵੀ ਛੂਆ ਛੁਤ ਹੈ। ਦੱਖਣ ਵਿਚ ਦੇਖੋ ਜਿਥੇ ਅੱਜ ਵੀ ਦਲਿਤ ਦਾ ਖੂਹ ਵਖਰਾ ਤੇ ਅਖੌਤੀ ਨੀਵੀ ਜਾਤ ਦਾ ਵੱਖਰਾ। ਜਿਆਦਾ ਦੂਰ ਨਾ ਜਾਓ ਬੇਸ਼ੱਕ ਗਵਾਂਢ ਯੂ ਪੀ ਵਿਚ ਹੀ ਵੇਖ ਲਓ। ਹਿਮਾਚਲ ਦਾ ਵੀ ਕਦੀ ਸਵਾਦ ਚੱਖਣਾ।
  ਇਥੇ ਗੁਰੂ ਨਾਨਕ ਦੇ ਲੰਗਰ ਵਿਚ ਕਿਸੇ ਦੀ ਜਾਤ ਨਹੀ ਪੁਛੀ ਜਾਂਦੀ। ਦਰ ਅਸਲ ਜਸ਼ਨ ਤੁਸਾਂ ਜਾਤ ਦਾ ਪ੍ਰਕੋਪ ਚੱਖਿਆ ਹੀ ਨਹੀ, ਤਾਂ ਹੀ ਤੁਹਾਨੂੰ ਗੱਲਾਂ ਆਉਦੀਆਂ ਨੇ। ਇਹ ਸਿੱਖੀ ਦਾ ਹੀ ਚਮਤਕਾਰ ਹੈ ਜਿਥੇ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਦਲਿਤ (ਮੌਜੂਦਾ ਬਡੂੰਗਰ) ਬਣ ਸਕਦਾ ਹੈ ਤੇ ਕੌਮ ਦਾ ਜਥੇਦਾਰ ਪੂਰਨ ਸਿੰਘ ਬਣ ਸਕਦਾ ਹੈ।

  ReplyDelete