ਹਰਮੰਦਰ ਤੇ ਹਮਲੇ ਦੀ ਸਾਜਿਸ਼ ਢਾਈ ਸਾਲ ਪਹਿਲਾਂ ਘੜੀ ਗਈ ਸੀ
CONSPIRACY TO ATTACK GOLDEN TEMPLE WAS HATCHED TWO AND HALF YEAR AGO
ਇੰਦਰਾ ਸਰਕਾਰ ਨੇ ਢਾਈ ਸਾਲ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਹਰਮੰਦਰ ਸਾਹਿਬ ਢਾਹੁਣਾ ਹੈ ਤੇ ਡੇਢ ਸਾਲ ਪਹਿਲਾਂ ਫਿਰ ਫੌਜ ਨੂੰ ਹੁਕਮ ਦੇ ਦਿਤਾ ਕਿ ਤਿਆਰੀ ਕਰੋ।
 |
The Sikh devotees arrested from the Golden Temple complex immediately after invasion. These were later killed by army in cold blood |
ਹਰਮੰਦਰ ਸਾਹਿਬ ਸਿੱਖਾਂ ਦਾ ਧੁਰਾ ਹੈ। ਜਿਸ ਕਾਰਨ ਅਕਾਲ ਤਖਤ ਤੋਂ ਆਏ ਹਰ ਹੁਕਮ ਤੇ ਸਿੱਖ ਸੀਸ ਝੁਕਾਉਂਦਾ ਹੈ। ਸਰਬਤ ਦਾ ਭਲਾ ਮੰਗਣ ਵਾਲੇ ਅਕਾਲ ਤਖਤ ਤੋਂ ਨਿਕਲਿਆ ਕੋਈ ਵੀ ਹੁਕਮਨਾਮਾਂ ਕਦੀ ਮਨੁੱਖਤਾ ਖਿਲਾਫ ਨਹੀ ਹੁੰਦਾ। ਸਹਿਣਸ਼ੀਲ ਹੁਕਮਰਾਨ ਇਸ ਤੋਂ ਇਸ਼ਾਰਾ ਪਾ ਕੇ ਸਰਕਾਰ ਦੀਆਂ ਖਾਮੀਆਂ ਨੂੰ ਸੁਧਾਰ ਲੈਂਦੇ ਹਨ। ਜਦੋਂ ਕਿ ਡਿਕਟੇਟਰ ਕਿਸਮ ਦੇ ਹਊਮੇਧਾਰੀ ਤੇ ਜਾਲਮ ਹੁਕਮਰਾਨ ਇਸ ਕੇਂਦਰ ਨੂੰ ਹਕੂਮਤ ਦਾ ਵੱਖਰਾ ਕੇਂਦਰ ਸਮਝ ਕੇ ਟਕਰਾਅ ਵਿਚ ਆ ਜਾਂਦੇ ਨੇ।
ਕਿਉਕਿ ਸਿੱਖ ਆਦਤਨ ਲੋਕਤੰਤਰੀ ਕਦਰਾਂ ਕੀਮਤਾਂ ਦਾ ਆਦਰ ਕਰਦੇ ਹਨ, ਜਿਸ ਕਾਰਨ 1975 ਵਿਚ ਇੰਦਰਾਂ ਨੇ ਜਦੋਂ ਐਮਰਜੈਂਸੀ ਲਾ ਕੇ ਲੋਕਤੰਤਰੀ ਰਵਾਇਤਾਂ ਦਾ ਘਾਣ ਕੀਤਾ ਤਾਂ ਸਿੱਖਾਂ ਨੇ ਡੱਟ ਕੇ ਸ਼ਾਂਤਮਈ ਤਰੀਕੇ ਨਾਲ ਇੰਦਰਾ ਦੀ ਮੁਖਾਲਫਤ ਕੀਤੀ।ਇਸ ਤੇ ਇੰਦਰਾ ਨੂੰ ਬੜਾ ਵੱਟ ਚੜਿਆ ਕਿ ਵੇਖੋ ਪੂਰਾ ਹਿੰਦੁਸਤਾਨ ਉਸ ਅੱਗੇ ਕੁਸਕ ਨਹੀ ਰਿਹਾ ਤੇ ਇਹ ਛੋਟੀ ਜਿਹੀ 1% ਕੌਮ ਨੇ ਉਸ ਦੀਆਂ ਨਾਸਾਂ ਵਿਚ ਦਮ ਕੀਤਾ ਹੋਇਆ ਹੈ। ਓਦੋਂ ਹੀ ਫਿਰ ਇੰਦਰਾ ਨੇ ਮਨ ਬਣਾ ਲਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਂਵਾਗੀ।
ਨਵੇਂ ਉਠੇ ਸੰਤ ਭਿੰਡਰਾਂਵਾਲੇ ਨੂੰ ਗਿਆਨੀ ਜੈਲ ਸਿੰਘ ਦੇ ਰਾਂਹੀ ਖੂਬ ਉਭਾਰ ਦਿਤਾ ਗਿਆ। ਸੰਤ ਦੀ ਗੁਪਤ ਮਦਦ ਲਈ ਅਜੈਂਸੀਆਂ ਦੇ ਬੰਦੇ ਸੰਤ ਨਾਲ ਤੋਰ ਦਿਤੇ ਗਏ। ਸਰਕਾਰ ਸਮਝਦੀ ਸੀ ਕਿ ਸੰਤ ਹੀ ਅਕਾਲੀਆਂ ਨੂੰ ਟੱਕਰ ਦੇ ਸਕਦਾ ਹੈ। 35 ਸਾਲਾਂ ਤੋਂ ਚਲਦੇ ਆ ਰਹੇ ਲੋਕਤੰਤਰੀ ਸਿੱਖ ਅੰਦੋਲਨ ਵਿਚ ਹੌਲੀ ਹੌਲੀ ਮਾਰਧਾੜ ਨੂੰ ਉਤਸ਼ਾਹ ਦੇਣਾ ਸ਼ੁਰੂ ਕਰ ਦਿਤਾ ਗਿਆ। ਸਿੱਖਾਂ ਵਿਚ ਹਰ ਪਾਸੇ ਸੰਤਾਂ ਦੀ ਜੈ ਜੈ ਕਾਰ ਹੋ ਰਹੀ ਸੀ। ਜਰੂਰਤ ਅਨੁਸਾਰ ਕਦੀ ਸਰਕਾਰ ਸੰਤਾਂ ਦੇ ਹੱਕ ਵਿਚ ਵੀ ਬਿਆਨ ਦੇ ਦਿੰਦੀ ਸੀ (ਵੇਖੋ ਰਾਜੀਵ ਗਾਂਧੀ ਦਾ ਬਿਆਨ ਕਿ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਮਹਾਂਪੁਰਖ ਹਨ)
ਜਦੋਂ ਤਕ ਇਸ ਮਾਇਆ ਜਾਲ ਵਲ ਸੰਤਾਂ ਦਾ ਧਿਆਨ ਜਾਂਦਾ ਉਹ ਹਰਮੰਦਰ ਸਾਹਿਬ ਕੰਮਪਲੈਕਸ ਵਿਚ ਘਿਰ ਚੁੱਕੇ ਸਨ। ਐਨ ਇੰਦਰਾ ਦੀ ਸੋਚ ਅਨੁਸਾਰ ਸਭ ਕੁਝ ਹੋ ਰਿਹਾ ਸੀ। ਸੰਤਾਂ ਨੂੰ ਬਾਹਰ ਆਉਣ ਵਾਸਤੇ ਮਨਾਉਣ ਲਈ ਕੋਈ ਵੀ ਗੰਭੀਰ ਉਪਰਾਲਾ ਨਾਂ ਕੀਤਾ ਗਿਆ। ਹਾਂ ਇਕ ਦੋ ਵਾਰੀ ਕੋਈ ਜੈਨ ਸੰਤ ਜਾਂ ਕੋਈ ਹੋਰ ਸਰਕਾਰੀ ਸੰਤ ਭੇਜਿਆ ਗਿਆ ਜਿਸ ਨੇ ਅਸਿਧੇ ਤੌਰ ਤੇ ਸੰਤਾਂ ਸਾਹਮਣੇ ਉਨਾਂ ਦੀ ਪਹੁੰਚ ਨੂੰ ਹੀ ਸਹੀ ਕਰਾਰ ਦੇ ਕੇ ਉਨਾਂ ਨੂੰ ਹੋਰ ਉਤਸ਼ਾਹ ਦਿਤਾ।
ਪਰ ਇੰਦਰਾ ਨੂੰ ਇਹ ਨਾਂ ਸਮਝ ਆਇਆ ਕਿ ਸੰਤ ਭਿੰਡਰਾਂਵਾਲੇ ਸ਼ਰਧਾਵਾਨ ਸਿੱਖ ਹੈ ਜਿਸ ਦੇ ਮਨ ਵਿਚ ਡੂੰਗਾ ਰੋਸ ਹੈ ਕਿ ਕਾਂਗਰਸ ਸਿੱਖਾਂ ਨਾਲ ਕਦਮ ਕਦਮ ਤੇ ਧੱਕਾ ਕਰ ਰਹੀ ਹੈ ਤੇ ਇਸ ਨੇ 1947 ਤੋਂ ਪਹਿਲਾਂ ਦੇ ਕੀਤੇ ਵਾਇਦੇ ਵੀ ਨਹੀ ਨਿਭਾਏ। ਸੰਤਾਂ ਨੇ ਜੂਨ 1984 ‘ਚ ਵੱਡੀ ਸੂਰਮਤਾਈ ਵਿਖਾਈ ਤੇ ਧਾੜਵੀਆਂ ਦੇ 16000 ਫੌਜੀ ਮਾਰ ਦਿਤੇ (ਵੇਖੋ ਜਨਰਲ ਆਰ ਐਸ ਬਰਾੜ ਦੀ ਕਿਤਾਬ) ਭਾਰਤੀ ਫੌਜ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਤੌਰ ਤੇ ਸਿਰਫ 83 ਸਿਪਾਹੀਆਂ (ਸਰਕਾਰ ਦਾ ਵਾਈਟ ਪੇਪਰ ਵੇਖੋ) ਦੀ ਮੌਤ ਦੱਸੀ ਗਈ। ਏਸੇ ਕੜੀ ਦੀਆਂ ਕੁਝ ਸਚਾਈਆਂ ਬਿਆਨ ਕਰਦੀ ਜਨਰਲ ਸਿਨਹਾ ਦੇ ਹਵਾਲੇ ਨਾਲ ਨੈੱਟ ਤੇ ਪੋਸਟ ਵੇਖੀ ਹੈ ਜੋ ਹੇਠਾਂ ਪੇਸ਼ ਕਰਕੇ ਸੰਗਤਾਂ ਦੀ ਖੁਸ਼ੀ ਲੈ ਰਹੇ ਹਾਂ:-
----------------------------
ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ
ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ, ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੀਨੈਂਟ ਜਨਰਲ ਐਸ. ਕੇ. ਸਿਨਹਾ ਨੇ ਕੀਤਾ। ਇਹ ਲੈਫ. ਜਨਰਲ ਐਸ. ਕੇ. ਸਿਨਹਾ ਉਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ਼ ਨਹੀਂ ਬਣਾਇਆ ਗਿਆ ਸੀ। ਇਹਨਾਂ ਦੀ ਥਾਂ 'ਤੇ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ਼ ਬਣਾਇਆ ਗਿਆ ਸੀ।
''ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮੰਨਵਾਉਣਾ ਚਾਹੁੰਦੀ ਹੈ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ।'' ਜਨਰਲ ਸਿਨਹਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਸਨ ਤਾਂ ਉਹਨਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫੋਨ 'ਤੇ ਇਹ ਦੱਸਿਆ ਗਿਆ ਕਿ ਸਰਕਾਰ ਨੇ ਇਹ ਉੱਚ ਪੱਧਰ 'ਤੇ ਫੈਸਲਾ ਕਰ ਲਿਆ ਹੈ ਕਿ ਫੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਦਾ ਕੰਮ ਸੌਂਪ ਦਿੱਤਾ ਜਾਏ। ਪਰ ਜਦੋਂ ਜਨਰਲ ਸਿਨਹਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਇਸ ਤੋਂ ਬਾਅਦ ਇਹੋ ਜਿਹੇ ਕੋਈ ਆਦੇਸ਼ ਨਹੀਂ ਮਿਲੇ। ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਇਹ ਗੱਲ ਤਹਿ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਜਾ ਚੁੱਕਾ ਸੀ, ਜਿਸ ਨੂੰ ਅਮਲੀ ਜਾਮਾ ਜੂਨ, 1984 ਵਿਚ ਪਹਿਨਾਇਆ ਗਿਆ।''
''ਫੇਰ ਜਦੋਂ ਸੰਤ ਜਰਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇਕ ਵਾਰ ਫੇਰ ਫੌਜ ਤੋਂ Armoured Personnel Carriers (PAC) ਦੀ ਮੰਗ ਕੀਤੀ ਗਈ ਤਾਂ ਜੋ ਪੁਲਿਸ ਨੂੰ ਇਹ ਸੰਤ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਵਿਚ ਸਹਾਈ ਹੋ ਸਕਣ। ਇਹ ਗੱਲ ਅਕਾਲੀਆਂ ਦੇ ਧਰਮ-ਯੁੱਧ ਮੋਰਚੇ ਦੇ ਸ਼ੁਰੂ ਹੋਣ ਤੋਂ (ਅਗਸਤ 1982) ਕਈ ਚਿਰ ਪਹਿਲਾਂ ਦੀ ਹੈ। ਮੋਰਚਾ ਲੱਗਣ ਤੋਂ ਥੋੜ੍ਹਾ ਚਿਰ ਬਾਅਦ ਹੀ ਦੂਨ ਵਾਦੀ ਨੇੜੇ ਚਕਰਾਤਾ ਛਾਉਣੀ ਵਿਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇਕ ਮਾਡਲ ਵੀ ਤਿਆਰ ਕਰ ਲਿਆ ਸੀ।
''ਇਕ ਹੋਰ ਸਿਖਲਾਈ ਕੇਂਦਰ ਸਰਸਾਵਾ ਨੇੜੇ ਸ਼ੁਰੂ ਕਰਨ ਦੀ ਤਜਵੀਜ਼ ਪਹਿਲਾਂ ਅਗਸਤ, 1983 ਤੇ ਫੇਰ ਅਪ੍ਰੈਲ 1984 ਵਿਚ ਬਣਾਈ ਗਈ, ਪਰ ਇਸ ਦਾ ਭੇਤ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਲੱਗਣ ਕਾਰਨ, ਇਸ ਨੂੰ ਵਿਚੇ ਹੀ ਛੱਡ ਦਿੱਤਾ ਗਿਆ।''
''ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ 'ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ।
''ਦੂਸਰੇ ਤੁਹਾਨੂੰ ਮੁਕਾਬਲਾ ਲਈ ਦੁਸ਼ਮਣਾਂ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜ਼ਰੂਰਤ ਹੈ। ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਸੰਤ ਭਿੰਡਰਾਂਵਾਲੇ ਪਿਛਲੇ ਇਕ ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਹਨ। ਪਰ ਇਹ ਉਸ ਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਕਾਫੀ ਚਿਰ ਬਾਅਦ ਵਿਚ ਸ਼ੁਰੂ ਹੋਇਆ।
''ਦਸੰਬਰ, 1983 ਵਿਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦੋ ਸੁਰੰਗਾਂ ਖੋਦੀਆਂ ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਤੇ ਇਹ ਸੁਰੰਗਾਂ ਬੰਦ ਕਰ ਦਿੱਤੀਆਂ ਗਈਆਂ। ਸੋ ਇਸ ਤੋਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਦਸੰਬਰ, 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਬੰਦ ਲੜਾਈ ਲਈ ਤਿਆਰ ਨਹੀਂ ਸੀ।
''ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਮੁਤਾਬਕ ਗੋਲਡਨ ਟੈਂਪਲ ਕੰਪਲੈਕਸ ਦੀ ਮੋਰਚਾਬੰਦੀ 17 ਫਰਵਰੀ, 1984 ਨੂੰ ਸ਼ੁਰੂ ਹੋਈ। ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ ਸੀ. ਆਰ. ਪੀ. ਐਫ. ਤੇ ਬੀ. ਐਸ. ਐਫ. ਦੇ ਨੀਮ ਫੌਜੀ ਦਸਤਿਆਂ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿਚ ਲੈ ਕੇ ਉਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਬਿਨਾਂ ਕਿਸੇ ਕਾਰਨ ਹਰਿਮੰਦਰ ਸਾਹਿਬ ਵੱਲ ਰੁਕ ਰੁਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਨੂੰ ਮੋਰਚਾਬੰਦੀ ਦੇ ਲਈ ਉਕਸਾਇਆ। ਫੇਰ ਮਈ ਦੇ ਅਖੀਰ ਵਿਚ ਸੀ.ਆਰ.ਪੀ.ਐਫ. ਤੇ ਬੀ.ਐਸ.ਐਫ. ਨੇ ਹਰ ਰੋਜ਼ 10,000 ਗੋਲੀਆਂ ਦੀ ਬੁਛਾੜ ਗੋਲਡਨ ਟੈਂਪਲ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਮੁੱਖ ਮੰਤਵ ਸੀ ਕਿ ਜਦੋਂ ਇਸ ਦੇ ਜਵਾਬ ਵਿਚ ਗੋਲੀ ਚੱਲੇ ਤਾਂ ਪਤਾ ਲੱਗ ਸਕੇ ਸੰਤ ਜਰਨੈਲ ਸਿੰਘ ਨੇ ਉਹਨਾਂ ਦੇ ਸਾਥੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਤੇ ਉਹਨਾਂ ਨੇ ਮੋਰਚੇ ਕਿਸ ਕਿਸ ਪਾਸੇ ਹਨ। ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣਬੁਝ ਕੇ ਭੜਕਾਉਣਾ ਸੀ।
''ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਵੱਲ ਵੱਧਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਹ ਹਰ ਸਿੱਖ ਦਾ ਇਖਲਾਕੀ ਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਹਰਿਮੰਦਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਭਿੰਡਰਾਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜੁਝਾਰੂ ਸੂਰਬੀਰਾਂ ਦੀ ਪ੍ਰੰਪਰਾ ਦਾ ਪਾਲਣ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸੁਆਸ ਤੱਕ ਲੜਾਈ ਕੀਤੀ। ਇਹੋ ਹੀ ਕਾਰਨਾਂ ਕਰਕੇ ਆਦਮੀ, ਔਰਤਾਂ ਤੇ ਬੱਚੇ ਜੋ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਨੇ ਵੀ ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ।''
No comments:
Post a Comment