Monday 24 October 2016

ਹਾਏ! ਇਹ ਜਾਲਮ ਫੋਟੋ।

ਹਾਏ! ਇਹ ਜਾਲਮ ਫੋਟੋ
AH! THIS CRUEL SCENE


 ਪਾਕਿਸਤਾਨ ਦੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਵਿਚ ਛਪੀ ਇਸ ਜਾਲਮ ਫੋਟੋ ਨੇ ਥਾਪੀ  ਯਾਦ ਦਿਵਾ ਦਿਤੀ। ਬਿਲਕੁਲ ਕੁਝ ਅਜਿਹਾ ਹੀ ਸੀਨ ਸੀ। ਸੰਨ 1965 ਦੀ ਗਲ ਹੈ। ਪਾਕਿਸਤਾਨ ਨਾਲ ਲੜਾਈ ਹੋ ਕੇ ਹਟੀ ਸੀ। ਝੋਨੇ ਦੀ ਫੰਡਾਈ ਚਲ ਰਹੀ ਸੀ। ਬੇਬੇ ਜੀ ਨੇ ਭਾਈਆਂ ਜੀ ਦੀ ਰੋਟੀ ਦੇ ਕੇ ਭੇਜਿਆ। ਘਰੋਂ ਨਿਕਲਿਆ ਹੀ ਸੀ ਕਿ ਬਾਹਰ ਹਵੇਲੀ ਲਾਗੇ ਮਦਾਰੀ ਨੇ ਆਪਣਾ ਮਜਮਾ ਜਮਾਇਆ ਹੋਇਆ ਸੀ। ਓਹ ਤੇ ਕਮਾਲ ਕਰੀ ਜਾ ਰਿਹਾ ਸੀ। ਨੱਕ ਵਿਚੋਂ ਪੁਰਲ ਪੁਰਲ ਜੰਗਾਲੇ ਹੋਏ ਕਿੱਲ ਕੱਢੀ ਜਾਵੇ। ਕਦੀ ਬਾਂਟੇ ਕੱਢੇ। ਕਦੀ ਖਾਲੀ ਝੋਲੇ ਵਿਚੋ ਕਬੂਤਰ ਕੱਢ ਦਏ।ਬਹੁਤ ਕੁਝ ਉਸ ਨੇ ਵਖਾਇਆ।
 ਫਿਰ ਦੁਹਾਈ ਦੇ ਦਿਤੀ ਕਿ ਉਸ ਦਾ ਚਾਂਦੀ ਦਾ ਦਮੜਾ ਕਿਸੇ ਨੇ ਫੜ ਲਿਆ ਹੈ। ਸਾਰੇ ਇਕ ਦੂਸਰੇ ਦੇ ਮੂੰਹ ਵਲ ਵੇਖਣ। ਸ਼ਿੱਗਾ ਈਸਾਈ ਫੁੱਟ ਕੁ ਉਚੀ ਕੰਧ ਤੇ ਬੈਠਾ ਸੀ। ਹੱਥ ਅਗਾਹ ਨੂੰ ਕੀਤੇ ਹੋਏ ਸੀ। ਮਦਾਰੀ ਨੇ ਸ਼ਿੱਗੇ ਦੇ ਹੱਥ ਤੇ ਹੱਥ ਮਾਰਿਆ। ਚਾਂਦੀ ਦਾ ਰੁਪਿਆ ਛੰਨ ਕਰਕੇ ਭੁੰਜੇ ਜਾ ਡਿੱਗਾ। ਭੋਲਾ ਜਿਹਾ ਸ਼ਿੱਗਾ ਹੈਰਾਨ ਹੋ ਕੇ ਦੁਹਾਈ ਦੇ ਰਿਹਾ ਸੀ।ਨਹੀ ਮੈਂ ਨਹੀ ਚੁੱਕਿਆ ਰੁਪਿਆ। ਹਰ ਕਿਸੇ ਦੇ ਹੱਸ ਹੱਸ ਕੇ ਢਿੱਡ ਵਿਚ ਪੀੜ ਪੈ ਰਹੀ ਸੀ, ਸ਼ਿੱਗੇ ਦੇ ਕਹਿਣ ਦਾ ਅੰਦਾਜ਼ ਹੀ ਏਨਾ ਭੋਲਾ ਸੀ। 
ਅੰਤ ਵਿਚ ਮਦਾਰੀ ਨੇ ਕਿਹਾ ਕਿ ਕੋਈ ਪੈਸਾ ਟਕਾ ਦਿਓ। ਮੈਂ ਰੋਟੀ ਵਾਪਸ ਘਰ ਲੈ ਗਿਆ ਤੇ ਬੇਬੇ ਜੀ ਨੂੰ ਕਿਹਾ ਕਿ ਮੈਂਨੂੰ ਦਵਾਨੀ ਦਿਓ ਮੈਂ ਮਦਾਰੀ ਨੂੰ ਦੇਣੀ ਹੈ। ਬੇਬੇ ਨੇ ਮੈਨੂੰ ਦਸ ਪੈਸੇ ਦਿਤੇ ਤੇ ਜਿਵੇ ਹੀ ਉਹਨੇ ਵੇਖਿਆ ਕਿ ਭਾਈਏ ਦੀ ਰੋਟੀ ਤਾਂ ਅਜੇ ਮੇਰੇ ਹੱਥ ਵਿਚ ਹੀ ਹੈ ਤਾਂ ਉਸ ਕੁਝ ਨਹੀ ਬੋਲਿਆ ਤੇ ਹੌਲੀ ਜਿਹੀ ਥਾਪੀ ਚੁੱਕੀ ਤੇ ਮੇਰੇ ਪਿਛੇ ਦੋ ਤਿੰਨ ਜੜ੍ਹ ਦਿਤੀਆਂ। “ਮਰ ਗਿਆ ਅਜੇ ਤਕ ਤੂੰ ਪਿੰਡ ਹੀ ਫਿਰਨ ਡਿਹੈ, ਪਿਓ ਤੇਰਾ ਸਵੇਰ ਦਾ ਭੁੱਖਾ ਭਾਣਾਂ।” ਪੈਲੀ ‘ਚ ਡਰਦਾ ਡਰਦਾ ਪਹੁੰਚਿਆ। ਜਿਵੇਂ ਹੀ ਮੈਂ ਝੋਨੇ ਦੇ ਬੋਹਲ ਲਾਗੇ ਗਿਆ ਉੱਤੋ ਮਿੱਗ ਜਹਾਜ ਨਿਕਲਿਆ। ਐਨੀ ਗੂੰਜ ਸੀ ਕਿ ਸਾਰਾ ਇਲਾਕਾ ਕੰਬਣ ਲਗ ਪਿਆ। ਉਸ ਸ਼ੋਰ ਸ਼ਰਾਬੇ ਵਿਚ ਪਿਤਾ ਮੇਰੇ ਕੋਲੋ ਪੁੱਛਣਾ ਹੀ ਭੁੱਲ ਗਿਆ ਕਿ ਰੋਟੀ ‘ਚ ਦੇਰੀ ਕਿਓ ਹੋਈ ਹੈ। ਉਹ ਜਹਾਜ਼ ਹੀ ਮੇਰੇ ਵਾਸਤੇ ਦੇਵਤਾ ਬਣ ਨਿਕਲਿਆ।

No comments:

Post a Comment