Sunday 6 March 2016

ਕਦ ਪੂਰੀ ਹੋਵੇਗੀ ਦਰਸ਼ਨਾਂ ਦੀ ਤਾਂਘ: ਕਰਤਾਰਪੁਰ ਸਾਹਿਬ ਲਾਂਘਾ

ਕਦ ਪੂਰੀ ਹੋਵੇਗੀ ਦਰਸ਼ਨਾਂ ਦੀ ਤਾਂਘ: ਕਰਤਾਰਪੁਰ ਸਾਹਿਬ ਲਾਂਘਾ     

Friday, 06 August 2010
- ਤਲਵਿੰਦਰ ਸਿੰਘ ਬੁੱਟਰ
(ਧੰਨਵਾਦ ਸਾਹਿਤ: http://www.parvasinewspaper.com/) 
ਜਿਸ ਦਿਨ ਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡ ਦੀ ਦੀਵਾਰ ਖੜ੍ਹੀ ਹੋਈ ਹੈ, ਉਸ ਦਿਨ ਤੋਂ ਗੁਰੂ ਨਾਨਕ ਨਾਮ ਲੇਵਾ ਉਡੀਕ ਕਰ ਰਹੇ ਹਨ ਕਿ ਕਦੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹੇਗਾ। ਇਸ ਲੰਬੀ ਜੱਦੋਜਹਿਦ ਦੀ ਦਿਲ ਨੂੰ ਟੁੰਬ ਜਾਣ ਵਾਲੀ ਹਕੀਕੀ ਕਹਾਣੀ ਨੂੰ ਬਿਆਨ ਕਰਦੀ ਪਰਵਾਸੀ ਦੀ ਇਹ ਖਾਸ ਰਿਪੋਰਟ।
ਹਰ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਰੋਜ਼ਾਨਾ ਅਰਦਾਸ ਕਰਦਾ ਹੈ, ''ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।'' 1947 ਦੀ ਭਾਰਤ-ਪਾਕਿ ਵੰਡ ਨੇ ਸਿੱਖ ਕੌਮ ਤੋਂ ਬਹੁਤ ਸਾਰੇ ਇਤਿਹਾਸਕ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਚਰਨਛੋਹ ਪ੍ਰਾਪਤ ਗੁਰਧਾਮ ਖੋਹ ਲਏ। ਦੋ ਦੇਸ਼ਾਂ ਵਿਚਾਲੇ ਕੰਡਿਆਲੀ ਤਾਰ ਸਿੱਖ ਪੰਥ ਨੂੰ ਇਨ੍ਹਾਂ ਗੁਰਧਾਮਾਂ ਤੋਂ ਵਿਛੋੜਦੀ ਹੈ। ਇਸੇ ਕਰਕੇ ਸਿੱਖ ਕੌਮ 1947 ਤੋਂ ਹੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਤਰਸਦੀ ਆ ਰਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਸਮੇਤ ਗੁਰੂ ਪਾਤਸ਼ਾਹੀਆਂ ਅਤੇ ਲਾਮਿਸਾਲ ਸਿੱਖ ਸ਼ਹਾਦਤਾਂ ਦੀਆਂ ਸਦੀਵੀ ਯਾਦਾਂ ਨੂੰ ਤਾਜ਼ਾ ਕਰਦੇ ਅਨੇਕਾਂ ਇਤਿਹਾਸਕ ਗੁਰਧਾਮ ਪਾਕਿਸਤਾਨ 'ਚ ਸਥਿਤ ਹਨ। ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਦਾ ਇਕੋ-ਇਕ ਹੀਲਾ 'ਵੀਜ਼ਾ' ਪ੍ਰਾਪਤ ਕਰਨਾ ਹੈ, ਪਰ ਵੀਜ਼ਾ ਪ੍ਰਾਪਤ ਕਰਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਹਾਸਲ ਕਰਨੇ ਹਰੇਕ ਦੇ ਵੱਸ ਨਹੀਂ। ਇਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਦੀ ਆਗਿਆ ਦੇਣਾ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਹੱਥ ਹੈ। ਸਰਕਾਰ ਜਿਸ ਨੂੰ ਚਾਹੇ ਵੀਜ਼ਾ ਦੇਣ ਤੋਂ ਨਾਂਹ ਕਰ ਸਕਦੀ ਹੈ। ਕਈ ਵਾਰ ਵੀਜ਼ਾ ਦੇਣ 'ਚ ਦੋਹਾਂ ਦੇਸ਼ਾਂ ਦੀਆਂ ਕੂਟਨੀਤਕ ਨੀਤੀਆਂ ਅਤੇ ਹੋਰ ਮਜ਼ਬੂਰੀਆਂ ਵੀ ਅੜਿੱਕਾ ਬਣ ਜਾਂਦੀਆਂ ਹਨ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੋਹਾਂ ਦੇਸ਼ਾਂ ਦੀ ਅਜਿਹੀ ਭੂਗੋਲਿਕ ਵੰਡਸਾਰਣੀ 'ਚ ਸਥਿਤ ਹੈ, ਜਿਸ ਦੇ ਦਰਸ਼ਨ ਭਾਰਤ ਵਾਲੇ ਪਾਸਿਓਂ ਡੇਰਾ ਬਾਬਾ ਨਾਨਕ ਸੈਕਟਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਖੜ੍ਹੇ ਹੋ ਕੇ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖ ਧਰਮ ਦੀ ਅਕੀਦਤ ਦਾ ਬਹੁਤ ਵੱਡਾ ਕੇਂਦਰ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 17 ਸਾਲ ਗੁਜ਼ਾਰੇ ਤੇ ਹੱਥੀਂ ਖੇਤੀ ਕੀਤੀ। ਗੁਰੂ ਸਾਹਿਬ ਕਰਤਾਰਪੁਰ ਵਿਖੇ ਹੀ ਭਾਈ ਲਹਿਣੇ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਤੋਂ ਬਾਅਦ 1539 ਈਸਵੀ ਨੂੰ ਜੋਤੀ-ਜੋਤਿ ਸਮਾਏ। ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਸੈਕਟਰ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਹੈ। ਇਸੇ ਕਰਕੇ ਸਿੱਖ ਸੰਗਤਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨ੍ਹਾਂ ਵੀਜ਼ਾ ਇਕ 'ਸਾਂਝਾ ਲਾਂਘਾ' ਬਣਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਕਈ ਵਾਰ ਇਸ ਲਾਂਘੇ ਲਈ ਹਾਂ ਕਰ ਚੁੱਕੀਆਂ ਹਨ। ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਅਨੇਕਾਂ ਵਾਰ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਭਾਰਤ ਸਰਕਾਰ ਵੀ ਲਾਂਘੇ ਲਈ ਹਾਂ-ਪੱਖੀ ਹੁੰਗਾਰਾ ਭਰਦੀ ਰਹੀ ਹੈ, ਪਰ ਦੋਵਾਂ ਦੇਸ਼ਾਂ ਦਾ ਕੂਟਨੀਤਕ ਨਜ਼ਰੀਆ ਸਪੱਸ਼ਟ ਨਾ ਹੋਣ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਲਗਾਤਾਰ ਦੇਰੀ ਹੋ ਰਹੀ ਹੈ। ਉਂਝ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਦੀਆਂ ਪੀਢੀਆਂ ਗੰਢਾਂ ਦੇ ਹਾਮੀ ਵੀ ਭਾਰਤ-ਪਾਕਿ ਵਿਚਾਲੇ ਸਦੀਵੀ ਸ਼ਾਂਤੀ-ਵਿਸ਼ਵਾਸ ਬਹਾਲੀ ਲਈ 'ਕਰਤਾਰਪੁਰ ਸਾਹਿਬ ਦੇ ਵਿਸ਼ੇਸ਼ ਲਾਂਘੇ' ਦੀ ਜ਼ੋਰਦਾਰ ਤਾਈਦ ਕਰਦੇ ਹਨ, ਬਾਸ਼ਰਤੇ ਪਾਕਿਸਤਾਨ ਸਰਕਾਰ ਭਾਰਤ ਨੂੰ ਇਹ ਯਕੀਨ ਵੀ ਦੇਵੇ ਕਿ ਇਸ ਸਾਂਝੇ ਲਾਂਘੇ 'ਤੇ ਅੱਤਵਾਦੀ ਤਾਕਤਾਂ ਦਾ ਪ੍ਰਛਾਵਾਂ ਨਹੀਂ ਪੈਣ ਦਿੱਤਾ ਜਾਵੇਗਾ।
ਪਿਛਲੇ ਦਿਨੀਂ ਪਾਕਿਸਤਾਨ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘਾ ਬਣਾਉਣ ਦੀ ਇਕ ਵਾਰ ਫ਼ਿਰ ਪੇਸ਼ਕਸ਼ ਕੀਤੀ ਹੈ, ਜਿਸ ਤੋਂ ਬਾਅਦ ਸਿੱਖ ਪੰਥ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਮੁੜ ਤੀਬਰ ਮੰਗ ਉਠ ਪਈ। ਪਾਕਿਸਤਾਨ ਓਕਾਫ਼ ਬੋਰਡ ਦੇ ਮੁਖੀ ਸਈਦ ਆਸਿਫ਼ ਹਾਸ਼ਮੀ ਨੇ ਪਿਛਲੇ ਦਿਨੀਂ ਮੀਡੀਆ ਰਾਹੀਂ ਪ੍ਰਗਟਾਵਾ ਕੀਤਾ ਕਿ ਪਾਕਿਸਤਾਨ ਸਰਕਾਰ 'ਕਰਤਾਰਪੁਰ ਸਾਹਿਬ ਦੇ ਵਿਸ਼ੇਸ਼ ਲਾਂਘੇ' ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਪੰਜਾਬ ਵਿਧਾਨ ਸਭਾ ਕੇ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਇਸ ਪੇਸ਼ਕਸ਼ ਦਾ ਸਵਾਗਤ ਕਰਦਿਆਂ ਭਾਰਤ ਸਰਕਾਰ ਨਾਲ ਇਸ ਲਾਂਘੇ ਲਈ ਗੱਲਬਾਤ ਕਰਨ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਨੇ ਵੀ ਕਰਤਾਰਪੁਰ ਸਾਹਿਬ ਲਾਂਘੇ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਡੇਰਾ ਬਾਬਾ ਨਾਨਕ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਿਚਕਾਰ ਆਜ਼ਾਦ ਲਾਂਘਾ ਬਣਾਉਣ ਦੀ ਮੰਗ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਉਠਦੀ ਆ ਰਹੀ ਹੈ, ਜੋ ਅੱਜ ਅੰਤਰਰਾਸ਼ਟਰੀ ਮੁੱਦਾ ਬਣ ਚੁੱਕੀ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ 1999 'ਚ ਉਸ ਵੇਲੇ ਅੰਤਰਰਾਸ਼ਟਰੀ ਮੰਚ 'ਤੇ ਉਭਰਿਆ ਸੀ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਮੌਕੇ ਪਾਕਿਸਤਾਨ ਗਏ ਸਨ। ਉਸ ਵੇਲੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ ਤੱਕ ਦੋ ਮੀਲ ਲੰਬਾ ਲਾਂਘਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਤਾਂ ਜੋ ਸਿੱਖ ਸ਼ਰਧਾਲੂ ਪਾਸਪੋਰਟ ਅਤੇ ਵੀਜ਼ੇ ਤੋਂ ਬਿਨ੍ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਣ।
ਇਸ ਤੋਂ ਬਾਅਦ ਸਾਲ 2000 ਵਿਚ ਮੁੜ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਰਤਾਰਪੁਰ ਸਾਹਿਬ ਲਾਂਘਾ ਦੇਣ ਦੀ ਪੇਸ਼ਕਸ਼ ਕੀਤੀ। ਜਿਸ ਉਪਰੰਤ ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਿਆਸੀ ਮੁੱਦੇ ਦੇ ਰੂਪ 'ਚ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ। ਉਨ੍ਹਾਂ ਨੇ 2001 'ਚ 'ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ' ਦੀ ਸਥਾਪਨਾ ਕੀਤੀ। ਇਸੇ ਦੌਰਾਨ ਇਹ ਮੁੱਦਾ ਕਾਫ਼ੀ ਭੱਖ ਉਠਿਆ ਤੇ ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਭਾਰਨਾ ਸ਼ੁਰੂ ਕਰ ਦਿੱਤਾ।
ਜਿਸ ਸਮੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਨੂੰ ਉਠਾਉਣ ਲਈ ਕੋਈ ਵੀ ਸਿਆਸੀ ਆਗੂ ਤਿਆਰ ਨਹੀਂ ਸੀ, ਉਸ ਵੇਲੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਸਿਆਸੀ ਭਵਿੱਖ ਨੂੰ ਦਾਅ 'ਤੇ ਲਗਾ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਸਾਂਝੇ ਲਾਂਘੇ ਦੀ ਪਹਿਲੀ ਵਾਰ ਪੇਸ਼ਕਸ਼ ਕਰਨ ਤੋਂ ਬਾਅਦ ਖ਼ਾਸ ਕਰਕੇ ਅਮਰੀਕੀ ਸਿੱਖਾਂ ਨੇ ਪੰਜਾਬ ਦੇ ਸਿੱਖ ਆਗੂਆਂ ਨਾਲ ਰਾਬਤਾ ਸ਼ੁਰੂ ਕੀਤਾ ਤਾਂ ਕਿਸੇ ਵੀ ਸਿਆਸੀ ਆਗੂ ਨੇ ਇਸ ਮੁੱਦੇ ਨੂੰ ਉਠਾਉਣ ਦਾ ਹੀਆ ਨਾ ਕੀਤਾ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਦਾਦਾ ਜੀ ਬਾਬਾ ਸਤਨਾਮ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜੈਤੋਂ ਦੇ ਮੋਰਚੇ 'ਚ ਸ਼ਹੀਦ ਹੋਏ ਸਨ ਅਤੇ ਪਿਤਾ ਰਘੁਨੰਦਨ ਸਿੰਘ ਨੂੰ ਸਜ਼ਾ ਹੋਈ ਸੀ, ਇਸ ਕਰਕੇ ਜਦੋਂ ਜਥੇਦਾਰ ਵਡਾਲਾ ਨਾਲ ਸਿੱਖ ਸੰਗਤਾਂ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਨੂੰ ਪੂਰੀ ਸ਼ਿੱਦਤ ਨਾਲ ਉਠਾਉਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦਾ ਵੱਡਾ ਇਕੱਠ ਬੁਲਾਇਆ। ਇਸ ਮੌਕੇ ਇਕੱਤਰ ਹੋਈਆਂ ਸੰਗਤਾਂ ਇਕ ਜਥੇ ਦੇ ਰੂਪ 'ਚ ਕੀਰਤਨ ਕਰਦਿਆਂ ਪੈਦਲ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਗਈਆਂ ਅਤੇ ਉਥੇ ਜਾ ਕੇ ਕਰਤਾਰਪੁਰ ਸਾਹਿਬ ਵੱਲ ਮੂੰਹ ਕਰਕੇ ਲਾਂਘੇ ਲਈ ਅਰਦਾਸ ਕੀਤੀ। ਉਸ ਵੇਲੇ ਬੀ.ਐਸ.ਐਫ਼. ਅਤੇ ਪੁਲਿਸ ਨੇ ਇਸ ਜਥੇ ਨੂੰ ਸਰਹੱਦ ਦੀ ਕੰਡਿਆਲੀ ਤਾਰ ਤੱਕ ਜਾਣ ਤੋਂ ਰੋਕਣ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ, ਪਰ ਜਥੇ ਦੀ ਜ਼ਿੱਦ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ। ਜਥੇਦਾਰ ਵਡਾਲਾ ਨੇ 'ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ' ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਹਰ ਮਹੀਨੇ ਦੀ ਮੱਸਿਆ ਨੂੰ ਡੇਰਾ ਬਾਬਾ ਨਾਨਕ ਤੋਂ ਸੰਗਤਾਂ ਦੇ ਵੱਡੇ ਜਥੇ ਦੇ ਰੂਪ 'ਚ ਅੰਤਰਰਾਸ਼ਟਰੀ ਸਰਹੱਦ 'ਤੇ (ਜਿਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਤਿੰਨ ਕੁ ਕਿਲੋਮੀਟਰ ਦੂਰੋਂ ਦਰਸ਼ਨ ਹੁੰਦੇ ਹਨ) ਜਾ ਕੇ ਅਰਦਾਸ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਜਥੇਦਾਰ ਵਡਾਲਾ ਦੀ ਅਗਵਾਈ 'ਚ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਤੱਕ 113 ਸੰਗਰਾਂਦਾਂ 'ਤੇ ਅਰਦਾਸ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਇਕ ਅਮਨ ਵਰਕਰ ਬੀ.ਐਸ. ਗੁਰਾਇਆ ਦੀ ਸੰਸਥਾ 'ਕਰਤਾਰਪੁਰ ਸੰਗਤ ਲਾਂਘਾ' ਵੀ ਬੜੀ ਤਨਦੇਹੀ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਤੀ ਲਈ ਕੰਮ ਕਰ ਰਹੀ ਹੈ।
ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਅਤੇ ਕਰਤਾਰਪੁਰ ਸੰਗਤ ਲਾਂਘਾ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਨਾਲ ਪਾਕਿਸਤਾਨ ਸਰਕਾਰ ਇਸ ਗੱਲ ਲਈ ਪੂਰੀ ਤਰ੍ਹਾਂ ਰਾਜ਼ੀ ਹੋ ਗਈ ਸੀ ਕਿ ਇਸ ਲਾਂਘੇ ਦੇ ਦੋਵੇਂ ਪਾਸੇ ਕੰਡੇਦਾਰ ਵਾੜ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਉਸੇ ਦਿਨ ਮੱਥਾ ਟੇਕ ਕੇ ਵਾਪਸ ਜਾਣਾ ਹੋਵੇਗਾ। ਉਸ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਰਤ ਆਏ, ਤਾਂ ਉਨ੍ਹਾਂ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਪਹਿਲਾਂ ਹੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਲਾਂਘਾ ਬਣਾਉਣ ਲਈ ਰਾਜ਼ੀ ਹੋ ਗਈ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਭਾਰਤ ਵਾਲੇ ਪਾਸਿਓਂ ਹਾਂ-ਪੱਖੀ ਹੁੰਗਾਰਾ ਮਿਲਣ ਦੀ ਉਮੀਦ ਕਰ ਰਿਹਾ ਹੈ ਤਾਂ ਜੋ ਸਿੱਖ ਸ਼ਰਧਾਲੂ ਪਾਸਪੋਰਟ ਅਤੇ ਵੀਜ਼ੇ ਤੋਂ ਬਿਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਸਾਲ 2001 ਵਿਚ ਜਦੋਂ ਸਿੱਖ ਕੌਮ ਅੰਦਰ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣ ਲਈ ਮੰਗ ਜ਼ੋਰ ਫੜਨ ਲੱਗ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਖਲਾਕੀ ਤੌਰ 'ਤੇ ਇਸ ਜਾਇਜ਼ ਮੰਗ ਦੀ ਹਮਾਇਤ ਕਰਨ ਦੀ ਥਾਂ ਸਰਕਾਰ ਦੇ ਦਬਾਅ ਹੇਠ ਆ ਕੇ ਮਤਾ ਪਾਸ ਕਰ ਦਿੱਤਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ 'ਤੇ ਦੂਰਬੀਨਾਂ ਲਗਾ ਦਿੱਤੀਆਂ ਜਾਣ। ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਸਾਰੇ ਪਾਸਿਓਂ ਨਿੰਦਾ ਹੋਈ ਤੇ ਫ਼ਿਰ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਵਿਰੋਧ ਨੂੰ ਦੇਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਦੀ ਹਮਾਇਤ ਕਰ ਦਿੱਤੀ। ਡੇਰਾ ਬਾਬਾ ਨਾਨਕ ਕਸਬੇ ਤੋਂ ਇਕ ਕਿਲੋਮੀਟਰ ਦੀ ਵਿੱਥ 'ਤੇ ਅੰਤਰਰਾਸ਼ਟਰੀ ਸਰਹੱਦ 'ਤੇ, ਜਿਥੋਂ ਕਰਤਾਰਪੁਰ ਸਾਹਿਬ ਸਿਰਫ਼ ਤਿੰਨ ਕਿਲੋਮੀਟਰ ਦੂਰੋਂ ਸਾਫ਼ ਦਿਖਾਈ ਦਿੰਦਾ ਹੈ, ਲੋਕ ਇਸ ਜਗ੍ਹਾ ਨੂੰ ਲਾਂਘਾ ਸਥਲ ਕਹਿੰਦੇ ਹਨ ਅਤੇ ਡੇਰਾ ਬਾਬਾ ਨਾਨਕ ਤੋਂ ਇਸ ਜਗ੍ਹਾ ਨੂੰ ਮਿਲਾਉਣ ਵਾਲੀ ਸੜਕ ਨੂੰ ਵੀ ਲਾਂਘਾ ਸੜਕ ਕਿਹਾ ਜਾਂਦਾ ਹੈ। ਡੇਰਾ ਬਾਬਾ ਨਾਨਕ ਤੋਂ ਲਾਂਘਾ ਸਥਲ ਤੱਕ ਪਹਿਲਾਂ ਇਕ ਕੱਚੀ ਪਗਡੰਡੀ ਹੀ ਜਾਂਦੀ ਸੀ। ਜਦੋਂ ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਨੇ ਹਰ ਮੱਸਿਆ ਦੇ ਦਿਨ ਲਾਂਘਾ ਸਥਲ 'ਤੇ ਪਹੁੰਚ ਕੇ ਅਰਦਾਸ ਸਮਾਗਮਾਂ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਇਹ ਸਥਲ ਮੀਡੀਆ 'ਚ ਆਉਣ ਕਰਕੇ ਦੁਨੀਆ ਭਰ ਦੀਆਂ ਨਜ਼ਰਾਂ 'ਚ ਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੇਲੇ ਡੇਰਾ ਬਾਬਾ ਨਾਨਕ ਤੋਂ ਇਸ ਲਾਂਘਾ ਸਥਲ ਤੱਕ ਪੱਕੀ ਸੜਕ ਬਣਵਾਈ ਅਤੇ ਲਾਂਘਾ ਸਥਲ 'ਤੇ ਵੀ ਸਾਫ਼-ਸਫ਼ਾਈ ਕਰਵਾਈ, ਤਾਂ ਜੋ ਸ਼ਰਧਾਲੂ ਇਥੇ ਆ ਕੇ ਕਰਤਾਰਪੁਰ ਸਾਹਿਬ ਦੇ ਸਰਹੱਦ ਪਾਰੋਂ ਦਰਸ਼ਨ ਕਰ ਸਕਣ। ਇਸ ਸਥਾਨ 'ਤੇ ਆ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜੁੜਦੀ ਭੀੜ ਨੂੰ ਦੇਖਦਿਆਂ ਸਰਕਾਰ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਦਰਸ਼ਨ ਸਥਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾਈ। ਸੈਰ-ਸਪਾਟਾ ਕੇਂਦਰ ਵਿਕਸਿਤ ਕਰਨ ਲਈ ਸਰਕਾਰ ਵਲੋਂ ਸਰਹੱਦੀ ਸੁਰੱਖਿਆ ਦਲ ਬੀ.ਐਸ.ਐਫ਼. ਦੀ ਸਥਾਨਕ ਯੂਨਿਟ ਅਤੇ ਡੇਰਾ ਬਾਬਾ ਨਾਨਕ ਦੇ ਬੇਦੀ ਪਰਿਵਾਰ, ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ 'ਚੋਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਇਸ ਪਰਿਵਾਰ ਕੋਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਚੋਲਾ ਵੀ ਸ਼ੁਸ਼ੋਭਿਤ ਹੈ, ਨੂੰ ਪ੍ਰੇਰਿਆ ਗਿਆ। ਇਸ ਤਰ੍ਹਾਂ ਬੀ.ਐਸ.ਐਫ਼. ਦੀ ਨਿਗਰਾਨੀ ਹੇਠ ਉਸਾਰੀ ਦਾ ਕੰਮ ਕੀਤਾ ਗਿਆ ਅਤੇ ਕਰਤਾਰਪੁਰ ਸਾਹਿਬ ਦੇ ਦੂਰ ਤੋਂ ਦਰਸ਼ਨਾਂ ਲਈ ਇਕ ਵੱਡਾ ਪਲੇਟਫ਼ਾਰਮ ਉਸਾਰਿਆ ਗਿਆ। ਦਰਸ਼ਨ ਕਰਨ ਵਾਲੀ ਥਾਂ ਨੂੰ ਇਕ ਜੰਕਸ਼ਨ ਵਜੋਂ ਵਿਕਸਿਤ ਕਰਕੇ ਸਰਕਾਰ ਨੇ ਇਸ ਨੂੰ ਅੰਤਮ ਮੰਜ਼ਿਲ ਬਣਾ ਦਿੱਤਾ, ਜਿਸ ਦਾ ਨਾਂ 'ਦਰਸ਼ਨ ਸਥਲ' ਰੱਖਿਆ ਗਿਆ। 4 ਮਈ 2008 ਨੂੰ ਇਸ ਸਥਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੜਾ ਹੀ ਜਜ਼ਬਾਤੀ ਮਾਹੌਲ ਪੈਦਾ ਹੋ ਗਿਆ। ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਮੁੱਖ ਗ੍ਰੰਥੀ 'ਪ੍ਰਸ਼ਾਦਿ' ਲੈ ਕੇ ਆਇਆ ਅਤੇ ਉਸ ਨੇ ਕੰਡੇਦਾਰ ਵਾੜ ਦੇ ਪਰਲੇ ਪਾਸਿਓਂ ਹੀ ਪਾਕਿਸਤਾਨੀ ਰੇਂਜ਼ਰਾਂ ਦੀ ਹਾਜ਼ਰੀ 'ਚ ਪ੍ਰਸ਼ਾਦਿ ਵੰਡਿਆ ਅਤੇ ਪ੍ਰੈਸ ਵਾਲਿਆਂ ਨਾਲ ਗੱਲਬਾਤ ਵੀ ਕੀਤੀ। 2008 ਦੌਰਾਨ ਹੀ ਭਾਰਤ ਦੇ ਕੇਂਦਰੀ ਮੰਤਰੀ ਪ੍ਰਣਬ ਮੁਖਰਜੀ ਜਦੋਂ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦਾ ਉਦਘਾਟਨ ਕਰਨ ਆਏ ਤਾਂ ਉਹ ਉਚੇਚੇ ਤੌਰ 'ਤੇ ਡੇਰਾ ਬਾਬਾ ਨਾਨਕ ਸੈਕਟਰ ਦੇ ਕਰਤਾਰਪੁਰ ਸਾਹਿਬ ਲਾਂਘਾ ਸਥਲ 'ਤੇ ਵੀ ਪੁੱਜੇ, ਜਿਥੇ ਉਨ੍ਹਾਂ ਨੇ ਵੀ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਦੁਆਇਆ ਕਿ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਲਈ ਭਾਰਤ ਸਰਕਾਰ ਯਤਨਸ਼ੀਲ ਹੈ ਅਤੇ ਛੇਤੀ ਹੀ ਇਹ ਕੰਮ ਨੇਪਰੇ ਚਾੜ੍ਹ ਲਿਆ ਜਾਵੇਗਾ। ਭਾਵੇਂ ਅਜਿਹੇ ਵਾਅਦੇ ਪਹਿਲਾਂ ਵੀ ਸਿੱਖ ਭਾਈਚਾਰੇ ਨਾਲ ਕੀਤੇ ਗਏ, ਅਤੇ ਹੁਣ ਵੀ ਕੀਤੇ ਜਾ ਰਹੇ ਹਨ, ਪਰ ਜਿਸ ਤਰ੍ਹਾਂ ਚਿਰਾਂ ਤੋਂ ਉਠ ਰਹੀ ਇਸ ਮੰਗ ਨੂੰ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸੰਭਾਵਨਾ ਬੱਝਦੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ ਜਿਸ ਦਿਨ ਵਿਛੜੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਸ਼ਰਧਾਲੂਆਂ ਦੇ ਜਥੇ ਸਰਹੱਦ ਪਾਰ ਪੈਦਲ ਹੀ ਪਹੁੰਚ ਜਾਇਆ ਕਰਨਗੇ। ਪਰ ਫ਼ਿਲਹਾਲ ਭਾਰਤ ਦੀ ਸਿੱਖ ਸੰਗਤ ਨੂੰ ਹਿੰਦ-ਪਾਕਿ ਸਰਹੱਦ 'ਤੇ ਫ਼ੌਜ ਦੇ ਬਣਾਏ 'ਦਰਸ਼ਨ ਸਥਲ' ਤੋਂ ਦੂਰਬੀਨਾਂ ਨਾਲ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲੇ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਹੁਣ ਕਰਤਾਰਪੁਰ ਸਾਹਿਬ ਦਰਸ਼ਨ ਸਥਲ 'ਤੇ ਵੀ ਜ਼ਰੂਰ ਨਤਮਸਤਕ ਹੁੰਦੀਆਂ ਹਨ।
 ਧਾਰਮਿਕ ਸਹਿਹੋਂਦ ਦੀ ਅਹਿਮ ਕੜੀ ਹੋਵੇਗਾ ਕਰਤਾਰਪੁਰ ਸਾਹਿਬ ਲਾਂਘਾ
ਭਾਰਤ-ਪਾਕਿ ਸਰਹੱਦ ਦੇ ਐਨ ਨਾਲ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਸਿਰਫ਼ ਸਿੱਖਾਂ ਦਾ ਹੀ ਉਚ ਧਾਰਮਿਕ ਸਥਾਨ ਨਹੀਂ, ਬਲਕਿ ਹਿੰਦੂ, ਮੁਸਲਮਾਨਾਂ ਲਈ ਵੀ ਸਦੀਆਂ ਤੋਂ ਅਕੀਦਤ ਦਾ ਕੇਂਦਰ ਰਿਹਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਸਨ, ਜਿਥੇ ਉਨ੍ਹਾਂ ਨੇ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਬਿਨ੍ਹਾਂ ਕਿਸੇ ਵਰਣ ਵਿਤਕਰੇ ਦੇ ਪ੍ਰਮਾਰਥਕ ਗਿਆਨ ਵੰਡਿਆ ਅਤੇ ਇਸੇ ਹੀ ਮੁਕੱਦਸ ਧਰਤੀ 'ਤੇ ਗੁਰੂ ਸਾਹਿਬ ਨੇ ਖੇਤੀ ਕਰਕੇ ਮਨੁੱਖਤਾ ਨੂੰ 'ਨਾਮ ਜਪੋ, ਵੰਡ ਛਕੋ, ਕਿਰਤ ਕਰੋ' ਅਤੇ 'ਕਿਰਤ ਵਿਰਤ ਕਰ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ' ਦਾ ਰੂਹਾਨੀ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ 1522 ਈਸਵੀ 'ਚ ਕਰਤਾਰਪੁਰ ਸਾਹਿਬ ਆ ਕੇ ਵੱਸੇ ਅਤੇ ਉਨ੍ਹਾਂ ਇੱਥੇ ਰਹਿ ਕੇ ਖੇਤੀ ਕਰਨੀ ਸ਼ੁਰੂ ਕੀਤੀ। ਗੁਰੂ ਸਾਹਿਬ ਇਸ ਮੁਕੱਦਸ ਧਰਤੀ 'ਤੇ 17 ਸਾਲ 5 ਮਹੀਨੇ 9 ਦਿਨ ਤੱਕ ਰਹੇ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਥੇ ਹੀ ਭਾਈ ਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵ ਬਣਾ ਕੇ ਸਿੱਖਾਂ ਦੇ ਦੂਜੇ ਗੁਰੂ ਦੀ ਗੁਰਗੱਦੀ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।
ਕਰਤਾਰਪੁਰ ਸਾਹਿਬ ਇਸ ਉਪ-ਮਹਾਂਦੀਪ ਦੇ ਬਹੁਪੱਖੀ ਸਭਿਆਚਾਰ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਜਦ 1539 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ-ਜੋਤਿ ਸਮਾਏ ਤਾਂ ਹਿੰਦੂ ਅਤੇ ਮੁਸਲਮਾਨ ਦੋਵਾਂ ਨੇ ਗੁਰੂ ਸਾਹਿਬ ਦੀ ਦੇਹ ਦੀਆਂ ਅੰਤਮ ਰਸਮਾਂ ਆਪਣੀ-ਆਪਣੀ ਮਰਿਆਦਾ ਅਨੁਸਾਰ ਪੂਰੀਆਂ ਕਰਨ ਦੇ ਦਾਅਵੇ ਰੱਖੇ। ਅਗਲੀ ਸਵੇਰ ਨੂੰ ਜਦੋਂ ਦੋਹਾਂ ਧਿਰਾਂ ਨੇ ਚਾਦਰ ਚੁੱਕ ਕੇ ਵੇਖਿਆ ਤਾਂ ਗੁਰੂ ਸਾਹਿਬ ਦਾ ਸਰੀਰ ਅਲੋਪ ਸੀ। ਦੋਹਾਂ ਭਾਈਚਾਰਿਆਂ ਨੇ ਅਖੀਰ ਗੁਰੂ ਸਾਹਿਬ ਦੀ ਚਾਦਰ ਦੇ ਹੀ ਦੋ ਹਿੱਸੇ ਕਰ ਲਏ। ਮੁਸਲਮਾਨਾਂ ਨੇ ਇਸ ਨੂੰ ਦਫ਼ਨਾ ਦਿੱਤਾ ਤੇ ਹਿੰਦੂਆਂ ਨੇ ਸਸਕਾਰ ਕਰ ਦਿੱਤਾ। ਇਸ ਲਈ ਉਥੇ ਕਬਰ ਅਤੇ ਸਮਾਧ ਦੋਵੇਂ ਹੀ ਮੌਜੂਦ ਹਨ।
1947 ਈਸਵੀ ਵਿਚ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਵੇਲੇ ਹੱਦਬੰਦੀ ਮਿਥਣ ਵਾਲਾ ਅੰਗਰੇਜ਼ ਅਧਿਕਾਰੀ ਸਰ ਸਾਈਰਲ ਰਡੈਲਿਫ਼ ਉਦੋਂ ਕਰਤਾਰਪੁਰ ਦੀ ਵੰਡ ਕਰਨ 'ਚ ਅਸਮਰੱਥ ਰਿਹਾ। ਪਹਿਲਾਂ ਸਾਰਾ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਨੂੰ ਚਲਿਆ ਗਿਆ ਸੀ ਫ਼ਿਰ ਇਸ ਤਰ੍ਹਾਂ ਨਿਸ਼ਾਨਦੇਹੀ ਕੀਤੀ ਗਈ ਕਿ ਕਰਤਾਰਪੁਰ ਐਨ ਸਰਹੱਦ ਦੇ ਉਪਰ ਆ ਗਿਆ। ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਨੂੰ ਜੋੜਨ ਲਈ ਰਾਵੀ ਦਰਿਆ 'ਤੇ ਇਕ ਪੁਲ੍ਹ ਵੀ ਹੁੰਦਾ ਸੀ। ਇਹ ਪੁਲ 1965 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਬੰਬਾਰੀ ਨਾਲ ਟੁੱਟ ਗਿਆ। ਸਿੱਖ ਕੌਮ ਦੋਹਾਂ ਦੇਸ਼ਾਂ ਵਿਚਾਲੇ ਮਿੱਤਰਤਾ ਦੇ ਉਸੇ ਪੁੱਲ੍ਹ ਦੀ ਕਰਤਾਰਪੁਰ ਲਾਂਘੇ ਰਾਹੀਂ ਮੁੜ ਤਾਮੀਰ ਕਰਨੀ ਚਾਹੁੰਦੀ ਹੈ। ਸਿੱਖ ਪੰਥ ਚਾਹੁੰਦਾ ਹੈ ਕਿ ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਅਜਿਹਾ ਲਾਂਘਾ ਹੋਵੇ, ਜਿਸ ਰਾਹੀਂ ਸ਼ਰਧਾਲੂ ਪਾਕਿਸਤਾਨ ਵਿਚ ਸਰਹੱਦ ਦੇ ਨੇੜੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬਿਨ੍ਹਾਂ ਵੀਜ਼ੇ ਤੋਂ ਜਾ ਸਕਣ। ਹੁਣ ਜੇਕਰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਵੇਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਹੈ ਅਤੇ ਕਈ ਦਿਨਾਂ ਦੀ ਯਾਤਰਾ ਕਰਨੀ ਪੈਂਦੀ ਹੈ। ਸਿੱਖ ਭਾਈਚਾਰੇ ਦੀ ਤਮੰਨਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜੋ, ਅੰਤਰਰਾਸ਼ਟਰੀ ਸਰਹੱਦ ਤੋਂ ਕੇਵਲ 3 ਕਿਲੋਮੀਟਰ ਦੀ ਵਿੱਥ 'ਤੇ ਹੈ, ਵਿਖੇ ਅਜਿਹਾ ਸਾਂਝਾ ਲਾਂਘਾ ਹੋਵੇ, ਜਿਸ ਰਾਹੀਂ ਸ਼ਰਧਾਲੂ ਸਵੇਰੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਤੇ ਸ਼ਾਮ ਨੂੰ ਘਰ ਮੁੜ ਆਉਣ।
ਭਾਰਤ-ਪਾਕਿਸਤਾਨ ਵਿਚਾਲੇ ਦੋਸਤੀ ਵਧਾਉਣ ਦੀਆਂ ਮੁੱਦਈ ਧਿਰਾਂ ਵੀ ਸਮਝਦੀਆਂ ਹਨ ਕਿ ਇਸ ਤਰ੍ਹਾਂ ਦਾ ਵਿਸ਼ੇਸ਼ ਲਾਂਘਾ ਭਾਰਤ-ਪਾਕਿ ਵਿਚਾਲੇ ਵਿਸ਼ਵਾਸ ਦੇ ਰਿਸ਼ਤੇ ਨੂੰ ਹੋਰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ ਦੀ ਅਵਾਮ ਨੂੰ ਇਕ-ਦੂਜੇ ਦੇ ਨੇੜੇ ਕਰਨ 'ਚ ਵੱਡੀ ਭੂਮਿਕਾ ਨਿਭਾਵੇਗਾ। ਇਸ ਦੇ ਨਾਲ ਹੀ ਇਹ ਲਾਂਘਾ ਧਾਰਮਿਕ ਸਹਿਹੋਂਦ ਦੇ ਸਿੱਖੀ ਦੇ ਬੁਨਿਆਦੀ ਦ੍ਰਿਸ਼ਟੀਕੋਣ ਤੋਂ ਏਸ਼ੀਆ ਦੇ ਦੋ ਅਹਿਮ ਰਾਸ਼ਟਰਾਂ ਵਿਚਕਾਰ ਇਕ ਅਹਿਮ ਕੜੀ ਬਣ ਸਕਦਾ ਹੈ।

 ਲਾਂਘੇ ਲਈ ਪਰਵਾਸੀ ਸਿੱਖਾਂ ਦੀ ਭੂਮਿਕਾ
ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਉਣ 'ਚ ਅਮਰੀਕਾ ਦੀਆਂ ਸਿੱਖ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੇਰੀ ਸਿੱਖੀ ਸੰਸਥਾ ਕੈਲੀਫ਼ੋਰਨੀਆ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਅਤੇ ਲਗਾਤਾਰ ਉਹ ਇਸ ਲਾਂਘੇ ਦੀ ਸਥਾਪਤੀ ਲਈ ਯਤਨਸ਼ੀਲ ਹਨ। ਤੇਰੀ ਸਿੱਖੀ ਸੰਸਥਾ ਕੈਲੀਫ਼ੋਰਨੀਆ ਵਲੋਂ 7 ਨਵੰਬਰ 2009 ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘਾ ਸਥਲ 'ਤੇ ਕਰਤਾਰਪੁਰ ਸਾਹਿਬ ਲਾਂਘਾ ਦਿਵਸ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ। ਇਸ ਦਿਵਸ ਮੌਕੇ ਨਿਹੰਗ ਸਿੰਘ ਸੰਪਰਦਾ ਤਰਨਾ ਦਲ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਉਥੋਂ ਪਵਿੱਤਰ ਇਤਿਹਾਸਕ ਖੂਹ 'ਚੋਂ ਜਲ ਭਰ ਕੇ ਲਿਆਂਦਾ ਅਤੇ ਲਾਂਘਾ ਸਥਲ 'ਤੇ ਉਸ ਜਲ ਨਾਲ ਲੰਗਰ ਤਿਆਰ ਕੀਤਾ ਗਿਆ। ਇਸ ਮੌਕੇ ਵੀ ਕਰਤਾਰਪੁਰ ਸਾਹਿਬ ਤੋਂ ਪ੍ਰਸ਼ਾਦਿ ਲਿਆ ਕੇ ਵਰਤਾਇਆ ਗਿਆ।
ਅਮਰੀਕਨ ਸਿੱਖਾਂ ਦੇ ਨਾਲ-ਨਾਲ ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ਨੂੰ ਉਭਾਰਨ ਲਈ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੀਆਂ ਅਮਰੀਕਾ ਫ਼ੇਰੀਆਂ ਮੌਕੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਵਿਚਲੀ ਸਿੱਖਾਂ ਦੀ ਅਮੀਰ ਵਿਰਾਸਤ ਅਤੇ ਸਿੱਖ ਗੁਰਧਾਮਾਂ ਦੀ ਹਾਲਤ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਅਮਰੀਕਨ ਸਿੱਖਾਂ ਦੇ ਹਿਰਦਿਆਂ ਅੰਦਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਅਤੇ ਕਰਤਾਰਪੁਰ ਸਾਹਿਬ ਦੇ ਸਾਂਝੇ ਲਾਂਘੇ ਲਈ ਤਾਂਘ ਪੈਦਾ ਹੋਈ। ਇਲਿਆਸ ਘੁੰਮਣ ਅਮਰੀਕਾ ਦੇ ਗੁਰੂ-ਘਰਾਂ 'ਚ ਸੰਬੋਧਨ ਕਰਦਿਆਂ ਕਈ ਵਾਰ ਇੰਨੇ ਜਜ਼ਬਾਤੀ ਹੋ ਜਾਂਦੇ ਸਨ ਕਿ ਖੁਦ ਉਨ੍ਹਾਂ ਦੀਆਂ ਅਤੇ ਸੰਗਤ ਦੀਆਂ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਸਨ। ਇਸੇ ਦੌਰਾਨ ਹੀ ਇਸ ਸਿਦਕੀ ਸਿੱਖ ਦੇ ਦਿਲ 'ਚ ਪਾਕਿਸਤਾਨ ਦੇ ਗੁਰਧਾਮਾਂ ਲਈ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਇਆ। ਜੰਗਬਹਾਦਰ ਸਿੰਘ ਨਾਂ ਦੇ ਇਸ ਸਿੱਖ ਨੇ ਪਾਕਿਸਤਾਨ ਜਾ ਕੇ ਗੁਰਧਾਮਾਂ ਦੀ ਸੇਵਾ ਕਰਨ ਦਾ ਪ੍ਰਣ ਕੀਤਾ। ਉਹ ਪਾਕਿਸਤਾਨ ਗਏ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਸ਼ੁਰੂ ਕਰਵਾਈ ਅਤੇ ਆਸੇ-ਪਾਸੇ ਸਫ਼ਾਈ ਕਰਵਾਈ। ਗੁਰਦੁਆਰੇ ਦੇ ਚਾਰੇ ਪਾਸੇ ਬਣੇ ਚਾਰ ਗੁੰਬਦਾਂ ਵਿਚੋਂ ਦੋ ਗੁੰਬਦ ਢਹਿ ਚੁੱਕੇ ਸਨ, ਜਿਨ੍ਹਾਂ ਦੀ ਮੁੜ ਉਸਾਰੀ ਕਰਵਾਈ। ਪਾਕਿਸਤਾਨ ਰੇਂਜਰਜ਼ ਦੀ ਇਕ ਚੌਕੀ ਵੀ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਇਮਾਰਤ ਵਿਚ ਹੀ ਬਣੀ ਹੋਈ ਸੀ, ਸਰਕਾਰ ਨਾਲ ਗੱਲ ਕਰਕੇ ਉਹ ਵੀ ਹਟਵਾਈ ਗਈ। ਇਸ ਅਸਥਾਨ ਤੱਕ ਪਹੁੰਚਣ ਲਈ ਪਾਕਿਸਤਾਨ ਵਿਚਲਾ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਲੱਗਦਾ ਹੈ, ਜੋ ਲਾਹੌਰ-ਨਾਰੋਵਾਲ ਰੇਲਵੇ ਲਾਈਨ 'ਤੇ ਹੈ। ਇਥੋਂ ਕੋਈ ਚਾਰ ਕੁ ਕਿਲੋਮੀਟਰ ਪੂਰਬ ਵੱਲ ਰਾਵੀ ਦਰਿਆ ਦੇ ਕਿਨਾਰੇ ਇਸ ਪਾਵਨ ਅਸਥਾਨ ਤੱਕ ਪੈਦਲ ਜਾਣਾ ਪੈਂਦਾ ਸੀ, ਪਰ ਹੁਣ ਪਾਕਿਸਤਾਨ ਦੀ ਸਰਕਾਰ ਨੇ ਮਜ਼ਬੂਤ ਸੜਕ ਬਣਾ ਦਿੱਤੀ ਹੈ। ਅਜੋਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਸੀ। ਪਹਿਲਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਕਾਰ ਵਲੋਂ ਬਣਾਈ ਉਸ ਸੂਚੀ ਵਿਚ ਸ਼ਾਮਲ ਨਹੀਂ ਸੀ, ਜੋ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਦੇ ਦਰਸ਼ਨ ਕਰਨ ਵਾਲੇ ਗੁਰਦੁਆਰਿਆਂ ਦੀ ਬਣਾਈ ਹੋਈ ਸੀ, ਪਰ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਲੇ ਗੁਰਦੁਆਰਿਆਂ ਦੀ ਸਰਕਾਰੀ ਸੂਚੀ ਵਿਚ ਦਰਜ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ 1999 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਤਿਆਰ ਹੈ, ਬਸ਼ਰਤੇ ਭਾਰਤ ਸਰਕਾਰ ਵੀ ਇਸ ਨਾਲ ਸਹਿਮਤ ਹੋਵੇ। ਅੰਤਰਰਾਸ਼ਟਰੀ ਸਰਹੱਦ ਹੋਣ ਕਰਕੇ ਦੋ ਸਰਕਾਰਾਂ ਦੀ ਸਹਿਮਤੀ ਨਾਲ ਹੀ ਇਹ ਲਾਂਘਾ ਹੋਂਦ ਵਿਚ ਆ ਸਕਦਾ ਹੈ।
ਸੰਨ 2000 ਵਿਚ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਲਿਆਂਦੀ ਸੀ। ਸੰਨ 2001 ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਵਟਾਉਣਾ ਸ਼ੁਰੂ ਕੀਤਾ ਸੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਸ਼ੁਰੂ ਤੋਂ ਹੀ ਲਗਾਤਾਰ ਪਾਕਿਸਤਾਨ ਆ-ਜਾ ਰਹੇ ਸਨ ਅਤੇ ਹਰ ਵਾਰ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਨਾਲ ਲਾਂਘੇ ਦੀ ਪ੍ਰਾਪਤੀ ਬਾਰੇ ਵਿਸ਼ੇਸ਼ ਤੌਰ 'ਤੇ ਜ਼ੋਰ ਪਾਉਂਦੇ ਆ ਰਹੇ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2004 ਵਿਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ, ਪਾਕਿਸਤਾਨ ਦੇ ਵਕਫ਼ ਬੋਰਡ ਦੇ ਉਚ ਅਫ਼ਸਰਾਂ ਨਾਲ ਮਿਲ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮਨਾਇਆ, ਜਿਸ ਵਿਚ ਅਮਰੀਕਨ ਸਰਕਾਰ ਦੇ ਉਚ ਅਫ਼ਸਰ ਵੀ ਸ਼ਾਮਲ ਹੋਏ। 500 ਸਾਲਾ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿਚ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਸਾਹਿਬ ਵਿਚ ਹੋਏ ਇਸ ਵੱਡੇ ਸਮਾਗਮ ਵਿਚ ਗੁਰਮੁਖੀ ਲਿੱਪੀ ਵਿਚ ਪੰਜਾਬੀ ਦਾ ਪਹਿਲਾ ਕੰਪਿਊਟਰ ਕੀ-ਬੋਰਡ ਵੀ ਜਾਰੀ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਨਾਲ ਸਬੰਧਤ ਵੱਡਾ ਸਮਾਗਮ ਵੀ ਇਸੇ ਦੌਰਾਨ ਪਾਕਿਸਤਾਨ ਤੇ ਅਮਰੀਕਨ ਉਚ ਅਫ਼ਸਰਾਂ ਨੇ ਆਪਸੀ ਸਹਿਯੋਗ ਨਾਲ ਕਰਤਾਰਪੁਰ ਸਾਹਿਬ ਵਿਖੇ ਕਰਵਾਇਆ। ਇਸ ਤੋਂ ਇਲਾਵਾ ਫ਼ਰਾਂਸ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਦੇ ਸਿੱਖਾਂ ਦਾ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਵਿਚ ਵੱਡਾ ਯੋਗਦਾਨ ਹੈ। ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਲਈ ਦਸਤਖ਼ਤ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਰਹੀਆਂ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਤੀ ਲਈ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਕਈ ਵਾਰ ਦਸਤਖ਼ਤੀ ਮੁਹਿੰਮ ਰਾਹੀਂ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾ ਚੁੱਕੀਆਂ ਹਨ। ਸਮੁੱਚੇ ਵਿਸ਼ਵ ਵਿਚ ਵੱਖ-ਵੱਖ ਦਸਤਖ਼ਤ ਮੁਹਿੰਮਾਂ ਤਹਿਤ 20 ਮਿਲੀਅਨ ਸਿੱਖ ਭਾਈਚਾਰੇ ਦੇ ਮੈਂਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਲਈ ਦਸਤਖ਼ਤ ਕਰ ਚੁੱਕੇ ਹਨ। ਇਸ ਮੁਹਿੰਮ ਦੀ ਸਭ ਤੋਂ ਪਹਿਲਾਂ ਆਰੰਭਤਾ ਅਮਰੀਕਾ ਵਿਚ 'ਕਰਤਾਰਪੁਰ ਸਾਹਿਬ ਮਾਰਗ' ਸੰਸਥਾ ਨੇ ਕੀਤੀ। ਇਸ ਤੋਂ ਪ੍ਰੇਰਨਾ ਲੈ ਕੇ ਤੇਰੀ ਸਿੱਖੀ ਡਾਟ ਕਾਮ ਨੇ ਦਸਤਖ਼ਤ ਮੁਹਿੰਮ ਨੂੰ ਵਿਆਪਕ ਪੱਧਰ 'ਤੇ ਆਰੰਭ ਕੀਤਾ, ਜਿਸ ਤਹਿਤ 2 ਕਰੋੜ ਲੋਕਾਂ ਦੇ ਦਸਤਖ਼ਤ ਕਰਵਾਏ ਗਏ।
ਇਸ ਦੇ ਨਾਲ ਹੀ ਉਤਰੀ ਕੈਲੇਫ਼ੋਰਨੀਆ ਵਿਚ ਤੇਰੀ ਸਿੱਖੀ ਸੰਸਥਾ ਦੇ ਜਸਪਾਲ ਸਿੰਘ ਸੰਧੂ ਨੇ ਸਾਰੀਆਂ ਰਾਜਨੀਤਕ, ਧਾਰਮਿਕ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 15 ਹਜ਼ਾਰ ਤੋਂ ਵੱਧ ਪਟੀਸ਼ਨਾਂ ਰਾਹੀਂ ਆਨਲਾਈਨ ਸਾਈਨ ਕਰਵਾਉਣ ਵਿਚ ਹਿੱਸਾ ਪਾਇਆ। ਜਸਪਾਲ ਸਿੰਘ ਸੰਧੂ ਵਲੋਂ ਇਕ ਟਾਕ ਸ਼ੋਅ ਰੇਡੀਓ ਗੀਤ-ਸੰਗੀਤ 'ਤੇ ਕੀਤਾ ਗਿਆ, ਜਿਸ ਰਾਹੀਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕੀਤੀ ਗਈ।
ਹੁਣ ਪਿਛਲੇ ਦਿਨੀਂ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਸਈਦ ਆਸਿਫ਼ ਹਾਸ਼ਮੀ ਵਲੋਂ ਇਕ ਵਾਰ ਫ਼ਿਰ ਕਰਤਾਰਪੁਰ ਲਾਂਘੇ ਦੀ ਭਾਰਤ ਨੂੰ ਪੇਸ਼ਕਸ਼ ਕਰਨ ਤੋਂ ਬਾਅਦ ਵਿਦੇਸ਼ਾਂ ਵਿਚਲੇ ਸਿੱਖ ਮੁੜ ਸਰਗਰਮ ਹੋ ਗਏ ਹਨ। ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਭਾਈਚਾਰੇ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਤੇਰੀ ਸਿੱਖੀ ਸੰਸਥਾ ਨੇ ਹਾਲ ਹੀ 'ਚ ਸੈਨਹੋਜੇ 'ਚ ਇਕ ਸਮਾਗਮ ਕੀਤਾ ਅਤੇ ਪਾਕਿਸਤਾਨ ਓਕਾਫ਼ ਬੋਰਡ ਦੇ ਮੈਂਬਰ ਅਜ਼ਹਰ ਸ਼ੇਖ਼ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇਰੀ ਸਿੱਖੀ ਸੰਸਥਾ ਵਲੋਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਲਿਖਤੀ ਪੇਸ਼ਕਸ਼ ਕਰੇ। ਤੇਰੀ ਸਿੱਖੀ ਸੰਸਥਾ ਦੇ ਹੋਸਟ ਜਸਪਾਲ ਸਿੰਘ ਸੰਧੂ ਨੇ ਸੰਸਥਾ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸੰਸਥਾ ਨੇ ਥੋੜ੍ਹੇ ਸਮੇਂ ਵਿਚ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਆਂਦਾ ਹੈ।

ਲਾਂਘੇ ਲਈ ਦੋਵਾਂ ਦੇਸ਼ਾਂ ਦੀ ਪਹੁੰਚ ਹਾਂ-ਪੱਖੀ ਪਰ ਕੂਟਨੀਤਕ ਮਜ਼ਬੂਰੀਆਂ ਬਣੀਆਂ ਰੁਕਾਵਟ : ਜਥੇਦਾਰ ਵਡਾਲਾ
ਸਾਲ 2001 ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਯਤਨਸ਼ੀਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਪੂਰੇ ਆਸਵੰਦ ਹਨ ਕਿ ਭਾਰਤ-ਪਾਕਿ ਸਰਕਾਰਾਂ ਕਰਤਾਰਪੁਰ ਸਾਹਿਬ ਲਾਂਘਾ ਜਲਦ ਹੀ ਬਣਾ ਦੇਣਗੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਕੁਝ ਕੂਟਨੀਤਕ ਰੁਕਾਵਟਾਂ ਆ ਰਹੀਆਂ ਹਨ। ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਮੁਖੀ ਜਥੇਦਾਰ ਵਡਾਲਾ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਾਂਘਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਪਰ ਦੋਹਾਂ ਦੇਸ਼ਾਂ ਦੇ ਕੂਟਨੀਤਕ ਚੈਨਲ ਹਾਲੇ ਕਲੀਅਰ ਨਹੀਂ ਹੋ ਰਹੇ। ਉਨ੍ਹਾਂ ਦੱਸਿਆ ਕਿ 2004 'ਚ ਤਰਨਤਾਰਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਪੁਰਬ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸਪੱਸ਼ਟ ਤੌਰ 'ਤੇ ਹਾਮੀ ਭਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਲਾਂਘੇ ਲਈ ਤਿਆਰ ਹਨ। ਲਾਂਘੇ ਲਈ ਆਪਣੇ ਪਿਛਲੇ ਸੰਘਰਸ਼ ਨੂੰ ਯਾਦ ਕਰਦਿਆਂ ਜਥੇਦਾਰ ਵਡਾਲਾ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਦੇ ਮੁੱਦੇ 'ਤੇ ਲਾਮਬੰਦੀ ਸ਼ੁਰੂ ਕੀਤੀ ਸੀ ਤਾਂ ਕਈ ਸਿਆਸੀ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਬਹੁਤੇ ਲੋਕ ਸਮਝਦੇ ਸਨ ਕਿ ਇਹ ਮੁੱਦਾ ਬਹੁਤਾ ਵਜ਼ਨਦਾਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 6 ਵਾਰ ਪਾਕਿਸਤਾਨ ਯਾਤਰਾ 'ਤੇ ਜਾ ਕੇ ਉਥੋਂ ਦੀ ਸਰਕਾਰ ਨਾਲ ਹਰ ਵਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਗੱਲਬਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ 'ਤੇ ਬਣੇ ਲਾਂਘਾ ਦਰਸ਼ਨ ਸਥਲ ਤੱਕ ਪੱਕੀ ਸੜਕ ਬਣਾਈ ਗਈ, ਜੋ ਪਹਿਲਾਂ ਇਕ ਕੱਚੀ ਪਗਡੰਡੀ ਹੀ ਹੁੰਦੀ ਸੀ। ਜਥੇਦਾਰ ਵਡਾਲਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿ ਸਰਕਾਰਾਂ ਲਾਂਘੇ ਲਈ ਸੰਜੀਦਾ ਪਹੁੰਚ ਅਪਣਾ ਰਹੀਆਂ ਹਨ, ਪਰ ਦੋਵਾਂ ਦੇਸ਼ਾਂ ਦਾ ਕੂਟਨੀਤਕ ਨਜ਼ਰੀਆ ਸਪੱਸ਼ਟ ਨਾ ਹੋਣ ਕਰਕੇ ਲਾਂਘੇ ਦੀ ਉਸਾਰੀ 'ਚ ਦੇਰੀ ਹੋ ਰਹੀ ਹੈ
ਲਾਂਘਾ ਬਣੇ, ਪਰ ਦਹਿਸ਼ਤਵਾਦੀ ਤੱਤਾਂ ਨੂੰ ਇਸ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ : ਸਤਨਾਮ ਸਿੰਘ ਮਾਣਕ
ਕਰਤਾਰਪੁਰ ਸਾਹਿਬ ਲਾਂਘੇ ਨੂੰ ਸਿਰਫ਼ ਧਾਰਮਿਕ ਪੱਖ ਤੋਂ ਹੀ ਨਹੀਂ, ਸਗੋਂ ਕੂਟਨੀਤਕ ਪੱਖ ਤੋਂ ਵੀ ਭਾਰਤ-ਪਾਕਿ ਵਿਚਾਲੇ ਸਦੀਵੀ ਸੁਖਾਵੇਂ ਸਬੰਧਾਂ ਲਈ ਪੁਲ ਵਜੋਂ ਦੇਖਿਆ ਜਾਂਦਾ ਹੈ। ਭਾਰਤ-ਪਾਕਿ ਵਿਚਾਲੇ ਮਿੱਤਰਤਾ ਦੇ ਮੁੱਦਈ ਇਸ ਲਾਂਘੇ ਦੀ ਸਿਧਾਂਤਕ ਤੌਰ 'ਤੇ ਪੁਰਜ਼ੋਰ ਹਮਾਇਤ ਕਰਦੇ ਹਨ। ਹਿੰਦ-ਪਾਕਿ ਦੋਸਤੀ ਮੰਚ ਦੇ ਸੀਨੀਅਰ ਅਹੁਦੇਦਾਰ ਅਤੇ ਪੱਤਰਕਾਰ ਸਤਨਾਮ ਸਿੰਘ ਮਾਣਕ ਕਹਿੰਦੇ ਹਨ ਕਿ ਭਾਰਤ-ਪਾਕਿ ਵਿਚਾਲੇ ਸਦੀਵੀ ਮਿੱਤਰਤਾ ਕਾਇਮ ਕਰਨ ਲਈ ਸਭਿਆਚਾਰਕ ਸੈਰ-ਸਪਾਟਾ, ਵਪਾਰਕ ਅਦਾਨ-ਪ੍ਰਦਾਨ ਅਤੇ ਧਾਰਮਿਕ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਇਸ ਨਾਲ ਭਾਰਤ-ਪਾਕਿ ਦੀ ਅਵਾਮ ਨੂੰ ਇਕ-ਦੂਜੇ ਦੇ ਨੇੜੇ ਹੋਣ ਅਤੇ ਸਰਕਾਰਾਂ ਦਾ ਵਿਸ਼ਵਾਸ ਵਧਾਉਣ 'ਚ ਸਹਾਇਤਾ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦ-ਪਾਕਿ ਦੋਸਤੀ ਮੰਚ ਤਾਂ ਭਾਰਤ-ਪਾਕਿ ਵਿਚਾਲੇ ਵੱਧ ਤੋਂ ਵੱਧ ਅਦਾਨ-ਪ੍ਰਦਾਨ ਅਤੇ ਆਵਾਜਾਈ ਨੂੰ ਉਤਸ਼ਾਹਿਤ ਕਰਨ ਦਾ ਹਾਮੀ ਹੈ, ਪਰ ਅਜਿਹੀ ਆਵਾਜਾਈ ਤਾਂ ਹੀ ਸਾਰਥਿਕ ਹੋ ਸਕਦੀ ਹੈ, ਜੇਕਰ ਮੂਲਵਾਦੀ, ਵੱਖਵਾਦੀ, ਦਹਿਸ਼ਤਵਾਦੀ ਅਤੇ ਜਹਾਦੀ ਤੱਤਾਂ ਨੂੰ ਅਜਿਹੇ ਫ਼ਰੰਟਾਂ ਦੀ ਆਪਣੇ ਮਕਸਦ ਲਈ ਵਰਤੋਂ ਕਰਨ ਤੋਂ ਦੂਰ ਰੱਖਿਆ ਜਾ ਸਕੇ। ਸ. ਸਤਨਾਮ ਸਿੰਘ ਮਾਣਕ ਨੇ ਹਾਲ ਹੀ ਦੌਰਾਨ ਅਮਰੀਕਾ 'ਚ ਲੀਕ ਹੋਏ ਦਸਤਾਵੇਜ਼ਾਂ ਦੇ ਉਸ ਖੁਲਾਸੇ ਕਿ ਪਾਕਿਸਤਾਨੀ ਫ਼ੌਜ 'ਤੇ ਆਈ.ਐਸ.ਆਈ. ਏਜੰਸੀ ਦਾ ਪੂਰਾ ਦਬਦਬਾ ਹੈ ਅਤੇ ਆਈ.ਐਸ.ਆਈ. ਆਪਣੇ ਗੁਆਂਢੀ ਦੇਸ਼ਾਂ 'ਚ ਦਹਿਸ਼ਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਭਾਰਤ-ਪਾਕਿ ਦੇ ਅਦਾਨ-ਪ੍ਰਦਾਨ ਅਤੇ ਸੈਰ-ਸਪਾਟਾ ਲਾਂਘਿਆਂ ਦੀ ਭਾਰਤ 'ਚ ਅਸ਼ਾਂਤੀ ਪੈਦਾ ਕਰਨ ਲਈ ਵਰਤੋਂ ਕਰਨਗੀਆਂ ਤਾਂ ਇਸ ਨਾਲ ਦੋਵਾਂ ਦੇਸ਼ਾਂ 'ਚ ਮਿੱਤਰਤਾ ਦੀ ਥਾਂ ਬੇਵਿਸ਼ਵਾਸੀ ਅਤੇ ਦੁਸ਼ਮਣੀ ਵਧੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ 'ਚ ਮੂਲਵਾਦੀ ਤਾਕਤਾਂ ਨੂੰ ਰੁਕਾਵਟ ਬਣਨ ਤੋਂ ਸੁਹਿਰਦਤਾ ਨਾਲ ਰੋਕਣਾ ਚਾਹੀਦਾ ਹੈ। ਜੇਕਰ ਪਾਕਿਸਤਾਨ ਸਰਕਾਰ ਭਾਰਤ ਨੂੰ ਗਾਰੰਟੀ ਦੇਵੇ ਕਿ ਮੂਲਵਾਦੀ, ਦਹਿਸ਼ਤਵਾਦੀ ਅਤੇ ਹਿੰਸਕ ਤੱਤਾਂ ਨੂੰ ਅਜਿਹੇ ਲਾਂਘਿਆਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ, ਤਾਂ ਧਾਰਮਿਕ ਸੈਰ-ਸਪਾਟੇ ਦੇ ਪੱਖ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਇਕ-ਦੂਜੇ ਦੇ ਨੇੜੇ ਹੋਣ ਲਈ ਬਹੁਤ ਵੱਡੀ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ-ਪਾਕਿ ਦੀਆਂ ਸਰਕਾਰਾਂ ਵਲੋਂ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' ਤਹਿਤ ਲਿਖਤੀ ਸਮਝੌਤਾ ਕੀਤਾ ਜਾਵੇ।

No comments:

Post a Comment