ਸਿੱਖ ਮੁਸਲਿਮ ਸਬੰਧਾਂ ਦੇ ਪ੍ਰਤੀਕ: ਕੁਝ ਕੁ ਥਾਂਵ ਤੇ ਨਾਂਵ
ਗੁਰਚਰਨ ਸਿੰਘ ਗਿਆਨੀ, ਮੁਕਤਸਰ
(Part of booklet on Kartarpur)
(Part of booklet on Kartarpur)
ਤਲਵੰਡੀ ਦਾ ਹਾਕਮ ਰਾਏ ਬੁਲਾਰ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਰਿਹਾ ਤੇ ਮਰਦਾਨਾ ਜੀਵਨ ਭਰ ਵਿਸ਼ਵਾਸ ਪਾਤਰ ਸਾਥੀ।
ਗੁਰਦੁਆਰਾ ਪੰਜਾ ਸਾਹਿਬ ਦਾ ਤਲਾਉ ਖਵਾਜਾ ਸ਼ਮਸਉਦੀਨ ਨੇ ਪੱਕਾ ਕਰਵਾਇਆ। ਜਿਵੇਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ।
ਕੀਰਤਪੁਰ ਵਿਖੇ ਪੀਰ ਬੁੱਢਣ ਸ਼ਾਹ ਦਾ ਮਜ਼ਾਰ ਬਾਬਾ ਗੁਰਦਿੱਤਾ ਜੀ ਦਾ ਦੇਹੁਰਾ, ਥੜ੍ਹਾ ਸਾਹਿਬ, ਅੰਮ੍ਰਿਤਸਰ ਇਸ ਥਾਂ ਤੇ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਬਾਦਸ਼ਾਹ ਦੇ ਇਕ ਉਚੇ ਅਧਿਕਾਰੀ ਵਜ਼ੀਰ ਖਾਂ ਦਾ ਜਲੋਧਰ ਰੋਗ ਦੂਰ ਕੀਤਾ। ਉਹ ਸਾਰੀ ਉਮਰ ਗੁਰੂ ਘਰ ਦਾ ਸ਼ਰਧਾਲੂ ਰਿਹਾ।
ਸੰਨ 1589 ਈ: ਵਿਚ ਅੰਮ੍ਰਿਤਸਰ ਦੀ ਨੀਂਹ ਮੀਆਂ ਮੀਰ ਜੀ ਤੋਂ ਰੱਖਵਾਈ ਗਈ।
ਕੌਲਸਰ- ਅੰਮਿਤਸਰ, ਮਾਤਾ ਕੌਲਾ ਜੀ ਦਾ ਅਸਥਾਨ ਤੇ ਸਰੋਵਰ ਅਤੇ ਇਸ ਦੇ ਨੇੜੇ ਹੀ ਪੈਂਦੇ ਖਾਂ ਨੂੰ ਘਰ ਬਣਾ ਕੇ ਦਿਤਾ, ਜਿਸ ਨੂੰ ਯਤੀਮ ਜਾਣ ਕੇ ਗੁਰੂ ਹਰਿਗੋਬਿੰਦ ਜੀ ਨੇ ਪਾਲਿਆ ਪੋਸਿਆ ਤੇ ਉਸ ਦੀ ਮੌਤ ਸਮੇਂ ਉਸ ਦੀ ਲੋਥ ਤੇ ਆਪਣੀ ਢਾਲ ਦੀ ਛਾਂ ਕੀਤੀ। ਮਾਤਾ ਕੌਲਾਂ ਤੇ ਪੈਂਦੇ ਖਾਂ ਦੀਆਂ ਕਬਰਾਂ ਭੀ ਗੁਰਦੁਆਰਾ ਗੰਗ ਸਰ ਕਰਤਾਰ ਪੁਰ(ਦੁਆਬਾ) ਦੇ ਨੇੜੇ ਹਨ।
ਬੀੜ ਬਾਬਾ ਬੁੱਢਾ ਜੀ- ਸ਼ਹਿਨਸ਼ਾਹ ਅਕਬਰ ਵਲੋਂ ਭੇਟਾਂ ਹੋਈ ਜ਼ਮੀਨ ਜਿਸ ਵਿਚ ਬਾਬਾ ਬੁੱਢਾ ਜੀ ਨਿਵਾਸ ਰੱਖਦੇ ਸਨ।
ਸ੍ਰੀ ਹਰਿਗੋਬਿੰਦਪੁਰ- ਗੁਰੂ ਹਰਿਗੋਬਿੰਦ ਜੀ ਨੇ ਇਸ ਨਗਰ ਨੂੰ ਵਸਾਉਣ ਸਮੇਂ ਧਰਮਸ਼ਾਲਾ ਦੇ ਨਾਲ ਹੀ ਮੁਸਲਮਾਨਾਂ ਵਾਸਤੇ ਇਕ ਮਸੀਤ ਦੀ ਉਸਾਰੀ ਕਰਵਾਈ।
ਗੁਰੂ ਕਾ ਬਾਗ, ਪਟਨਾ ਸਾਹਿਬ- ਸੰਨ 1666 ਈ: ਵਿਚ ਨਵਾਬ ਕਰੀਮ ਬਖਸ਼ ਤੇ ਰਹੀਮ ਬਖਸ਼ ਨੇ ਗੁਰੂ ਤੇਗ਼ ਬਹਾਦਰ ਜੀ ਦੀ ਭੇਟਾ ਕੀਤਾ।
ਸੇਫਾਬਾਦ (ਬਹਾਦਰ ਗੜ੍ਹ) ਇਥੋਂ ਦੇ ਮਾਲਕ ਸੈਫ ਖਾਂ ਨੇ ਬਹੁਤ ਦਿਨ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੇ ਪਾਸ ਰੱਖ ਕੇ ਚੰਗੀ ਸੇਵਾ ਕੀਤੀ। ਜਵਾਨੀ ਦੀ ਉਮਰ ਵਿਚ ਇਹ ਅਲਾਹਾਬਾਦ ਆਦਿ ਦਾ ਗਵਰਨਰ ਰਹਿ ਚੁਕਿਆ ਸੀ, ਔਰੰਗਜ਼ੇਬ ਉਸ ਦਾ ਰਿਸ਼ਤੇਦਾਰ ਭੀ ਸੀ ਪਰ ਇਸ ਦੇ ਖਿਆਲ ਫਕੀਰਾਂ ਵਾਲੇ ਸਨ।
ਗੜ੍ਹੀ ਸਾਹਿਬ, ਸਮਾਣਾ- ਇਥੋਂ ਦੇ ਪਠਾਣ ਰਈਸ ਜਮਾਲ ਖਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਗੜ੍ਹੀ ਵਿਚ ਰਖਿਆ ਜਦੋਂ ਕਿ ਮੁਗਲ ਹਾਕਮ ਗੁਰੂ ਜੀ ਦੀ ਖੋਜ ਵਿਚ ਫਿਰ ਰਹੇ ਸਨ।
ਕੋਟਲਾ ਨਿਹੰਗ ਖਾਂ (ਰੋਪੜ)- ਇਥੋਂ ਦਾ ਮਾਲਕ ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਰਿਹਾ ਤੇ ਉਸ ਦੇ ਵੰਸ਼ਜ ਬਲਵੰਤ ਖਾਂ ਪਠਾਣ ਨੇ ਦਸਮੇਸ਼ ਜੀ ਨੂੰ ਚਮਕੌਰ ਪੁੱਜਣ ਤੋਂ ਪਹਿਲਾਂ ਆਪਣੇ ਘਰ ਦੇ ਜ਼ਨਾਨ ਖਾਨੇ ਵਿਚ ਰਖਿਆ। ਤਲਾਸ਼ੀ ਲੈਣ ਆਏ ਹਾਕਮਾਂ ਨੂੰ ਗੁਰੂ ਸਾਹਿਬ ਤਕ ਨਹੀਂ ਪਹੁੰਚਣ ਦਿਤਾ।
ਗੁਰਦੁਆਰਾ ਨਾਡਾ ਸਾਹਿਬ (ਚੰਡੀਗੜ੍ਹ ਤੋਂ ਦਸ ਮੀਲ)- ਭਾਈ ਜੈਤਾ ਜੀ ਜਦੋਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਨੂੰ ਜਾ ਰਹੇ ਸਨ ਤਾਂ ਇਸ ਅਸਥਾਨ ਤੇ ਫਕੀਰ ਦਰਗਾਹੀ ਸ਼ਾਹ ਪਾਸ ਇਕ ਰਾਤ ਠਹਿਰੇ ਸਨ।
ਮਾਛੀ ਵਾੜਾ- ਚਮਕੌਰ ਦੇ ਯੁੱਧ ਪਿਛੋਂ ਇਥੇ ਪਹੁੰਚਣ ਪਰ ਸਯਦ ਹਸਨ ਅਲੀ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਗ਼ਨੀ ਖਾਂ, ਨਬੀ ਖਾਂ ਪਠਾਣਾਂ ਨੇ ਗੁਰੂ ਸਾਹਿਬ ਨੂੰ ਪਲੰਘ ਤੇ ਸਵਾਰ ਕਰਾ ਸ਼ਾਹੀ ਲਸ਼ਕਰ ਦੇ ਘੇਰੇ ਵਿਚੋਂ ਲੰਘਾਇਆ ਤੇ ਕੋਹਾਂ ਤੱਕ ਪਲੰਘ ਨੂੰ ਆਪਣੇ ਸਿਰਾਂ ਤੇ ਚੁੱਕ ਕੇ ਦਸਮੇਸ਼ ਜੀ ਨੂੰ ਸੁਰਖਿਅਤ ਥਾਂ ਤੇ ਪੁਚਾਇਆ।
ਸੀਲੋਆਣੀ- ਇਸ ਥਾਂ ਤੇ ਰਾਇ ਕੋਟ ਦਾ ਰਾਇ ਕਲ੍ਹਾ ਦਸਮੇਸ਼ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਆਪਣਾ ਹਲਕਾਰਾ ਭੇਜ ਕੇ ਸਰਹੰਦ ਤੋਂ ਮਾਤਾ ਜੀ ਤੇ ਸਾਹਬਿਜਾਦਿਆਂ ਦੀ ਸ਼ਹੀਦੀ ਦੇ ਸਮਾਚਾਰ ਮੰਗਵਾਏ।
ਲਖਨੌਰ ਸਾਹਿਬ- ਏਥੇ ਹੀ ਘੁੰੜਾਮ ਵਾਲੇ ਪੀਰ ਸਯਦ ਭੀਖਣ ਸ਼ਾਹ ਤੇ ਆਰਫਦੀਨ ਫਕੀਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪਟਨਾ ਹਾਜ਼ਰ ਹੋਏ ਸਨ, ਜਦੋਂ ਆਪ ਅਜੇ ਸਾਹਿਬਜ਼ਾਦਾ ਦੇ ਰੂਪ ਵਿਚ ਹੀ ਸਨ।
ਭੰਗਾਣੀ ਸਾਹਿਬ- ਇਥੇ 18 ਸਤੰਬਰ, 1688 ਨੂੰ ਹੋਏ ਜੰਗ ਵਿਚ (ਜਦੋਂ ਹਿੰਦੂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ) ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਆਪਣੇ ਪੁਤਰਾਂ ਤੇ ਮੁਰੀਦਾਂ ਸਮੇਤ ਦਸਮੇਸ਼ ਜੀ ਦੀ ਫੌਜ ਦੀ ਸਹਾਇਤਾ ਲਈ ਪਹੁੰਚੇ ਤੇ ਪੁੱਤਰ ਕੁਰਬਾਨ ਕੀਤੇ।
ਛੱਤੇਆਣਾ- ਇਸ ਅਸਥਾਨ ਤੇ ਰਹਿ ਰਹੇ ਪ੍ਰਸਿੱਧ ਵਾਹਮੀ ਪੀਰ ਨੇ ਕਲਗੀਧਰ ਜੀ ਦੀ ਸੇਵਾ ਕੀਤੀ।
ਗੁਰੂ ਹਰਿ ਰਾਏ ਸਾਹਿਬ ਨੇ ਸ਼ਾਹਜਹਾਨ ਦੀ ਬੇਨਤੀ ਮੰਨ ਕੇ ਆਪਣੇ ਤੋਸ਼ੇਖਾਨੇ ਵਿਚੋਂ ਦੁਰਲੱਭ ਹਰੜ ਤੇ ਲੌਂਗ ਦਿਤੇ। ਜਿਨ੍ਹਾਂ ਦੇ ਵਰਤਣ ਨਾਲ ਸ਼ਾਹਿਜ਼ਾਦਾ ਦਾਰਾ ਸ਼ਕੋਹ ਦੀ ਬੀਮਾਰੀ ਦੂਰ ਹੋਈ।
ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਾਹਿਬ ਜੀ ਵਿਚ ਬਾਬਾ ਫਰੀਦ ਜੀ ਆਦਿ ਮੁਸਲਮਾਨ ਭਗਤਾਂ ਦੀ ਬਾਣੀ ਦਰਜ ਕੀਤੀ।
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਦੇਸ਼ ਦੀ ਵੰਡ ਹੋਣ ਤੱਕ ਮੁਸਲਮਾਨ ਰਬਾਬੀ ਤੇ ਢਾਡੀ ਗੁਰੂ ਘਰ ਵਿਚ ਕੀਰਤਨ ਤੇ ਗੁਰੂ ਜਸ ਕਰਨ ਦੀ ਸੇਵਾ ਕਰਦੇ ਰਹੇ।
ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿਚ ਫਕੀਰ ਅਜ਼ੀਜ਼ਉਦੀਨ ਆਦਿ ਅਤੇ ਪਟਿਆਲਾ ਰਿਆਸਤ ਵਿਖੇ ਖਲੀਫਾ ਖਾਨਦਾਨ ਦੇ ਰੁਕਨ ਤੇ ਸਰ ਲਿਆਕਤ ਹਿਆਤ ਖਾਨ ਆਦਿ ਵੱਡੇ ਵਜ਼ੀਰ ਦੇ ਅਹੁਦਿਆਂ ਤੇ ਰਹੇ। ਇਸ ਤੋਂ ਬਿਨਾਂ ਬਾਕੀ ਸਿੱਖ ਰਿਆਸਤਾਂ ਜਿਹਾ ਕਿ ਨਾਭਾ, ਸੰਗਰੂਰ, ਕਪੂਰਥਲਾ, ਫਰੀਦਕੋਟ ਆਦਿ ਵਿਚ ਭੀ ਉੱਚੀਆਂ ਤੋਂ ਉਚੀਆਂ ਪੱਦਵੀਆਂ ਤੇ ਮੁਸਲਮਾਨ ਨਿਯੁਕਤ ਹੁੰਦੇ ਰਹੇ।
ਕਪੂਰਥਲੇ ਦੀ ਮਸਜਿਦ ਦੀ ਵਿਸ਼ਾਲ ਇਮਾਰਤ ਦੀ ਉਸਾਰੀ ਮਹਾਰਾਜਾ ਕਪੂਰਥਲਾ ਨੇ ਮਰਾਕਸ਼ ਸ਼ਿਲਪ ਕਲਾ ਅਨੁਸਾਰ ਕਰਵਾਈ।
1947 ਦੇ ਕਤਲਾਮ ਸਮੇਂ ਕਈ ਮੁਸਲਮ ਪ੍ਰਵਾਰਾਂ ਨੂੰ ਸਿੱਖਾਂ ਨੇ ਅਤੇ ਸਿੱਖ ਪ੍ਰਵਾਰਾਂ ਨੂੰ ਮੁਸਲਮਾਨਾਂ ਨੇ ਮੌਤ ਤੋਂ ਬਚਾ ਕੇ ਰੱਖਿਆ ਤੇ ਆਪਣੇ ਹਮ ਮਜ਼੍ਹਬ ਭਰਾਵਾਂ ਦੀ ਨਰਾਜ਼ਗੀ ਮੁੱਲ ਲਈ।
No comments:
Post a Comment