ਪਰ ਬਾਪੂ ਧਰਮ ਸਿੰਘ ਨੂੰ ਕੌਣ ਪੁਛਦੈ?
ਪੱਛਮੀ ਤੇ ਪੂਰਬੀ ਪੰਜਾਬ ਦੇ ਬਸ਼ਿੰਦਿਆਂ ਲਈ ਇਕ ਅਹਿਮ ਦੌਰਜੇ ਮੁਸ਼ੱਰਫ ਨੂੰ ਨਹਿਰ ਵਾਲੀ ਹਵੇਲੀ ਯਾਦ ਆਉਦੀ ਐ ਤਾਂ ਬਾਪੂ ਧਰਮ ਸਿੰਘ ਨੂੰ ਤੂਤਾਂ ਵਾਲੇ
ਖੂਹ ਦੀ ਯਾਦ ਖਾਈ ਜਾ ਰਹੀ ਏ। ਪਰ ਵਿਚਾਰੇ ਬਾਪੂ ਦੇ ਜ਼ਜ਼ਬਾਤਾਂ ਦੀ ਕੌਣ ਕਦਰ ਕਰਦਾ ਏ?
ਜੇ ਮੁਸ਼ੱਰਫ ਨੂੰ ਨਹਿਰ ਵਾਲੀ ਹਵੇਲੀ ਯਾਦ ਆਉਦੀ ਹੈ, ਨਵਾਜ ਸ਼ਰੀਫ ਨੂੰ ਤਰਨ ਤਾਰਨ ਨੇੜਲਾ ਪਿੰਡ ਜਾਤੀ ਓਮਰਾਅ, ਮਨਮੋਹਨ ਸਿੰਘ ਨੂੰ ਪਿੰਡ ਗਾਹ ਵਾਲੇ ਹਸਨੇ ਮੋਚੀ ਦੀ ਯਾਦ ਆਉਦੀ ਹੈ, ਪਾਕਿਸਤਾਨ ਸੁਪਰੀਮ ਕੋਰਟ ਦੇ ਜੱਜ ਨੂੰ ਨਵਾ ਸ਼ਹਿਰ ਦਾ ਪਿੰਡ ਅਜਿਹਾ ਯਾਦ ਆਇਆ ਕਿ ਲੱਖ ਰੁਪਿਆ ਸਕੂਲ ਨੂੰ ਹੀ ਦੇ ਜਾਂਦਾ ਹੈ। ਅਜਿਹੀਆਂ ਯਾਦਾਂ ਸਿਰਫ ਤਾਕਤਵਰ ਤੇ ਹੁਕਮਰਾਨ ਬੰਦਿਆਂ ਨੂੰ ਹੀ ਨਹੀ ਆਉਦੀਆਂ ਸਗੋਂ ਇਕ ਆਮ ਜਜਬਾਤੀ ਇਨਸਾਨ ਨੂੰ ਇਹ ਅਕਸਰ ਝੰਝੋੜਦੀਆਂ ਰਹਿੰਦੀਆਂ ਹਨ। ਭਾਰਤ ਇਕ ਲੋਕਤੰਤਰੀ ਮੁਲਕ ਹੈ। ਜਰੂਰਤ ਹੈ ਸਰਕਾਰ ਲੋਕਾਂ ਦੇ ਜਜਬਾਤਾਂ ਦੀ ਕਦਰ ਕਰੇ। ਦੋਨਾਂ ਮੁਲਕਾਂ ਵਿਚ ਆਉਣ ਜਾਣ ਦੀ ਖੁਲ ਹੋਵੇ। ।
ਸੰਨ 1947 'ਚ ਲੀਡਰਾਂ ਦੇ ਭੜਕਾਉਣ 'ਚ ਆ ਕੇ ਪੰਜਾਬੀ ਲੋਕ ਜਾਨਵਰ ਬਣ ਚੁੱਕੇ ਸਨ। 10 ਲੱਖ ਲੋਕ ਕਤਲ ਕਰ ਦਿਤੇ ਗਏ। ਓਦੋਂ ਇਤਹਾਸਿਕ ਤੌਰ ਤੇ ਦੁਨੀਆਂ ਦੀ ਸਭ ਤੋਂ ਵੱਡੀ ਇਨਸਾਨੀ ਹਿਜਰਤ ਹੋਈ। ਧਰਮ ਜੋ ਇਨਸਾਨੀਅਤ ਦੇ ਕਲਿਆਣ ਦਾ ਰਾਹ ਦੱਸਦਾ ਹੈ, ਦਰਿੰਦਿਆਂ ਨੇ ਓਸੇ ਦਾ ਆਸਰਾ ਲੈ ਕੇ ਪੰਜਾਬੀ ਲੋਕਾਂ ਨੂੰ ਉਕਸਾਇਆ ਤੇ ਸਮਾਜ ਲੱਕੋਂ ਵੱਢ ਦਿੱਤਾ। ਓਹੋ ਲੋਕ ਜੋ ਹਜਾਰਾਂ ਸਾਲਾ ਤੋਂ ਇਕੱਠੇ ਰਹਿ ਰਹੇ ਸਨ ਇਕ ਦੂਸਰੇ ਦੇ ਪੂਰਕ ਸਨ ਦੁਸ਼ਮਣ ਬਣਾ ਦਿਤੇ ਗਏ।
ਯਾਦ ਰਹੇ ਪਾਕਿਸਤਾਨੀ ਮੁਸਲਮਾਨ ਵੀ ਸਾਡੇ ਵਿਚੋ ਹਨ। ਸਾਡਾ ਤੇ ਉਨਾਂ ਦਾ ਖੂਨ ਇਕ ਹੈ।ਸਿਵਾਏ ਧਰਮ ਦੇ ਸਾਡਾ ਸਭ ਕੁਝ ਭਾਵ ਸਭਿਆਚਾਰ ਸਾਂਝਾ ਹੈ।ਵਕਤ ਪਾ ਕੇ ਉਹ ਮੁਸਲਮਾਨ ਬਣ ਗਏ।ਲੋਕਾਂ ਕਦੀ ਸੋਚਿਆ ਵੀ ਨਹੀ ਸੀ ਕਿ ਇਸ ਤਰਾਂ ਦਾ ਵਖਰੇਵਾਂ ਹੋਵੇਗਾ। ਸਦੀਆਂ ਪਹਿਲਾਂ ਸੂਫੀ ਪੀਰਾਂ ਫਕੀਰਾਂ ਤੇ ਸਰਵਰੀਆਂ ਆਦਿ ਨੇ ਪ੍ਰੇਮ ਮੁਹੱਬਤ ਨਾਲ ਲੋਕਾਂ ਨੂੰ ਇਸਲਾਮ ਵਿਚ ਸ਼ਾਮਲ ਕੀਤਾ ਸੀ। ਇਤਹਾਸਿਕ ਤੌਰ ਤੇ ਓਹ ਲੋਕ ਗਲਤ ਹਨ ਜੋ ਕਹਿਦੇ ਹਨ ਕਿ ਫਲਾਨੇ ਬਾਦਸ਼ਾਹ ਨੇ ਲੋਕਾਂ ਨੂੰ ਡੰਡੇ ਨਾਲ ਮੁਸਲਮਾਨ ਬਣਾਇਆ।
ਇਹ ਠੀਕ ਇਸ ਤਰਾਂ ਹੋਇਆ ਜਿਵੇ ਅਸੀ ਅੱਜ ਰਾਧਾ ਸੁਆਮੀ ਜਾਂ ਆਸ਼ੂਤੋਸ਼ ਜਾਂ ਸਿਰਸਾ ਡੇਰੇ ਦੇ ਸ਼ਰਧਾਲੂ ਬਣ ਜਾਈਏ ਤੇ ਬਾਦ ਵਿਚ ਇਹ ਡੇਰੇਦਾਰ ਕਹਿ ਦੇਣ ਕਿ ਮੇਰੇ ਸ਼ਰਧਾਲੂ ਤਾਂ ਹਿੰਦੂ ਹਨ। ਕਹਿਣ ਤੋਂ ਭਾਵ ਪਹਿਲਾਂ ਸਭ ਇਕ ਸਨ, ਮਿਲਦੇ ਵਰਤਦੇ ਪ੍ਰੇਮ ਮੁਹੱਬਤ ਨਾਲ ਇਕੋਂ ਥਾਂ ਰਹਿਦੇ ਸਨ।
ਉਸ ਤੋਂ ਬਾਦ ਜੋ 1947 ਦਾ ਭੁਚਾਲ ਆਇਆ ਉਸ ਨੇ ਭਰਾਵਾਂ-ਭਰਾਵਾਂ ਨੂੰ, ਭੈਣਾ-ਭਰਾਵਾਂ ਨੂੰ ਮਾਸੀਆਂ-ਮਾਮਿਆ ਨੂੰ ਵਿਛੋੜ ਕੇ ਰੱਖ ਦਿਤਾ।ਸਾਡੇ ਬਜੁਰਗ ਜਦੋਂ ਸਾਨੂੰ ਗਵਾਂਢੀ ਮੁਸਲਮਾਨਾਂ ਦੀਆਂ ਮੇਲ ਮਿਲਾਪ ਵਾਲੀਆਂ ਗਲਾਂ ਦੱਸਦੇ ਹਨ, ਮਨ ਵਿਚ ਉਸ ਮਾਹੌਲ ਨੂੰ ਵੇਖਣ ਦੀ ਹੂਕ ਉਠਦੀ ਹੈ। ਜਿਨਾਂ ਗਲੀਆਂ ਕੂਚਿਆਂ 'ਚ ਸਾਡੇ ਬਜੁਰਗ ਜੰਮੇ ਪਲੇ ਸਨ ਉਨਾਂ ਨੂੰ ਵੇਖਣ ਨੂੰ ਮਨ ਤਰਸ ਉਠਦਾ ਹੈ। ਸਾਡਾ ਹਜਾਰਾਂ ਸਾਲ ਪੁਰਾਣਾ ਸਭਿਆਚਾਰ ਉਥੇ ਪਿਆ ਹੈ। ਸਾਡਾ ਪੂਰਨ ਦਾ ਖੂਹ ਓਥੇ, ਸਾਡੇ ਰਾਂਝਨ ਦਾ ਹਜਾਰਾ ਓਥੇ, ਸਾਡਾ ਨਨਕਾਣਾ, ਸਾਡਾ ਬੁਲੇ ਸ਼ਾਹ, ਕਿਹੜੀਆਂ ਕਿਹੜੀਆਂ ਮਿਸਾਲਾਂ ਦਿਤੀਆਂ ਜਾਣ। ਮੁਲਕਾਂ ਦੀ ਲੀਕ ਪੈ ਗਈ ਹੈ। ਦੋਨੋਂ ਮੁਲਕ ਸਲਾਮਤ ਰਹਿਣ। ਪਰ ਸਾਡਾ ਪੁਰਾਣਾ ਸਮਾਜਕ ਸਬੰਧ ਕਿਸੇ ਤਰਾਂ ਬਹਾਲ ਹੋਵੇ।ਇਹੋ ਰੱਬ ਅੱਗੇ ਫਰਿਆਦ ਹੈ।
ਇਹ ਸਬੰਧ ਤਾਂ ਹੀ ਸੁਰਜੀਤ ਹੋ ਸਕਦਾ ਹੈ ਜੇ ਅਮਨ ਅੱਜ ਦੇ ਦਿਨਾਂ ਵਿਚ ਹੀ ਹੋ ਜਾਵੇ ਤਾਂ। ਕਿਉੁਕਿ ਜੋ ਸੰਨ 1947 'ਚ 12 ਸਾਲਾਂ ਦੇ ਸਨ ਅੱਜ 70 ਸਾਲਾਂ ਦੇ ਹੋ ਗਏ ਨੇ। ਸੋ ਜੇ 10 ਸਾਲ ਦੀ ਹੋਰ ਦੇਰੀ ਹੋ ਗਈ ਤਾਂ ਸਾਡਾ ਸੂਤਰ ਟੁਟ ਜਾਣਾ ਏ। ਪ੍ਰੇਮ ਮੁਹੱਬਤ ਦੀ ਵੱਸੋਂ ਦੇ ਗਵਾਹ ਖਤਮ ਹੋ ਜਾਣੇ ਹਨ।ਤੇ ਆਉਣ ਵਾਲੀਆਂ ਨਸਲਾਂ ਨੇ ਸਮਝਣਾ ਹੈ ਕਿ ਪੂਰਬੀ ਤੇ ਪੱਛਮੀ ਪੰਜਾਬ ਦੀ ਕਹਾਣੀ ਬਸ 1947 ਵਾਲੀ ਹੀ ਸੀ।
ਇਸਦਾ ਇਕੋ ਇਕ ਹੱਲ ਹੈ ਕਿ ਅਸੀ ਆਪਣੇ ਹੁਕਮਰਾਨ ਨੂੰ ਮਜਬੂਰ ਕਰੀਏ ਕਿ ਉਹ ਅਮਨ ਦੀ ਗਲ ਕਰੇ। ਆਓ ਅਸੀ ਆਪਣੀ ਵਾਗਡੋਰ ਕੱਟੜਵਾਦੀ ਲੋਕਾਂ ਹੱਥੋਂ ਖੋਹ ਲਈਏ। ਖੁਸ਼ਕਿਸਮਤੀ ਨਾਲ ਪੰਜਾਬ ਵਿਚ ਵੋਟਾਂ ਦਾ ਮਹੌਲ ਬਣ ਰਿਹਾ ਹੈ। ਅਸੀ ਚੋਣਾ ਵਿਚ ਅਮਨ ਇਕ ਮੁੱਦਾ ਬਣਾ ਦਈਏ। ਅਸੀ ਉਸ ਪਾਰਟੀ ਨੂੰ ਵੋਟ ਪਾਈਏ ਜਿਹੜੀ ਪ੍ਰੇਮ ਤੇ ਅਮਨ ਦੀ ਗਲ ਕਰੇ। ਯਾਦ ਰੱਖੋ ਕਟੜਵਾਦੀ ਲੋਕ ਬਹੁਤ ਥੋੜੇ ਹੀ ੍ਦੇ ਹਨ। ਜਿੱਤ ਅਵੱਸ਼ ਸਾਡੀ ਹੋਵੇਗੀ।
No comments:
Post a Comment