Sunday 20 September 2015

'ਕਰਤਾਰ ਪੁਰੋਂ ਤੁਹਾਡੀ ਭੈਣ ਮੁਹੱਬਤਾਂ ਵੰਡਣ ਆਈ ਏ' - ਰਿੱਫਤ ਕਾਹਲੋਂ

 'ਕਰਤਾਰ ਪੁਰੋਂ ਤੁਹਾਡੀ ਭੈਣ ਮੁਹੱਬਤਾਂ ਵੰਡਣ ਆਈ ਏ' -  ਰਿੱਫਤ ਕਾਹਲੋਂ
ਬਟਾਲਾ ਨਿਵਾਸੀ ਗੁਰਿੰਦਰ ਸਿੰਘ ਬਾਜਵਾ ਜੋ ਜਲੰਧਰ ਦੇ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾਂ ਦੇ ਉਪ ਲੀਡਰ ਹਨ, ਨੇ 30 ਨਵੰਬਰ 2005 ਨੂੰ ਕਾਹਲੀ ਨਾਲ ਇਕ ਸ਼ਾਮ ਦੀ ਦਾਅਵਤ ਸੱਦੀ ਜੋ ਇਤਹਾਸਿਕ ਹੋ ਨਿਬੜੀ। 
ਹੋਇਆ ਕੁਝ ਇਸ ਤਰ੍ਹਾਂ ਕਿ ਨਾਰੋਵਾਲ (ਪਾਕਿਸਤਾਨ) ਦੀ ਪਾਕਿਸਤਾਨ ਕੌਮੀ ਅਸੈਂਬਲੀ ਦੀ ਮੈਂਬਰ ਰਿਫੱਤ ਕਾਹਲੋਂ ਆਪਣੇ ਪਤੀ ਰਿਟਾਇਡ ਕਰਨਲ ਜਾਵੇਦ ਕਾਹਲੋਂ ਨਾਲ ਭਾਰਤ ਆਈ। ਕਿਉਂਕਿ ਕਰਤਾਰ ਪੁਰ ਸਾਹਿਬ ਨਾਰੋਵਾਲ ਦੇ ਹਲਕੇ ਅੰਦਰ ਸਥਿਤ ਹੈ, ਰਿਫਤ ਕਾਹਲੋਂ ਦੀ ਆਮਦ ਸੁਣ ਕੇ ਕਰਤਾਰ ਪੁਰ ਦੇ ਦਰਸ਼ਨ ਅਭਿਲਾਖੀ ਬਾਗੋ ਬਾਗ ਹੋ ਗਏ। ਤਾਂ ਹੀ ਤਾਂ ਬਾਜਵਾ ਨੇ ਝੱਟ ਬੀਬੀ ਜੀ ਨੂੰ ਸ਼ਾਮ ਦੇ ਖਾਣੇ ਦਾ ਸੱਦਾ ਦੇ ਦਿੱਤਾ। ਬਾਜਵਾ ਨੇ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨੂੰ ਵੀ ਨਿਔਤਾ ਦਿੱਤਾ ਕਿ ਉਹ ਵੀ ਬੀਬੀ ਕਾਹਲੋਂ ਨੂੰ ਮਿਲ ਲੈਣ। ਅਜਿਹੀ ਰੌਣਕ ਬਣੀ ਕਿ ਰਾਤ 9 ਵਜੇ ਤੱਕ ਕੋਈ ਸੱਤ ਅੱਠ ਸੌ ਬੰਦਾ ਇਕੱਠਾ ਹੋ ਗਿਆ। ਪ੍ਰੋਗਰਾਮ ਵੀ ਜੰਞਘਰ ਵਿੱਚ ਸੀ। ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਜਦੋਂ ਦੇਖਿਆ ਕਿ ਖਾਣੇ ਵਿਚ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਅਵਤਾਰ ਸਿੰਘ ਵੀ ਹਾਜ਼ਰ ਹੋ ਗਏ, ਜੱਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਤਾਂ ਆਉਣਾ ਹੀ ਸੀ। ਸ: ਸੇਵਾ ਸਿੰਘ ਸੇਖਵਾਂ ਸਾਬਕਾ ਵਜ਼ੀਰ, ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ, ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ, ਪੰਜਾਬ ਸਰਕਾਰ ਦੇ ਦੋ ਸੰਸਦੀ ਸਕੱਤਰ ਸ: ਸੁਖਜਿੰਦਰ ਸਿੰਘ ਰੰਧਾਵਾ ਐਮ ਐਲ ਏ ਤੇ ਸ਼੍ਰੀ ਅਸ਼ਵਨੀ ਸੇਖੜੀ ਐਮ ਐਲ ਏ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁਖੀ ਪਲੂਸ਼ਨ ਕੰਟਰੋਲ ਬੋਰਡ, ਸ: ਜਸਬੀਰ ਸਿੰਘ ਜਫਰਵਾਲ, ਸ: ਸੁਖਦੇਵ ਸਿੰਘ ਰੰਧਾਵਾ ਸਾਬਕਾ ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ, ਭਾਈ ਸਵਰਨ ਸਿੰਘ ਸ਼੍ਰੋਮਣੀ ਖਾਲਸਾ ਦਲ, ਮਹੰਤ ਗੁਰਦਿਆਲ ਸਿੰਘ, ਜੱਥੇਦਾਰ ਸੁਰਿੰਦਰ ਸਿੰਘ ਮੱਲੀ ਆਦਿ ਪਤਵੰਤੇ ਸੱਜਣਾਂ ਨੇ ਇਕ ਸੁਰ ਨਾਲ ਭੈਣ ਕਾਹਲੋਂ ਨੂੰ ਜੀ ਆਇਆ ਕਿਹਾ। ਤੇ ਦੁੱਖ ਜ਼ਾਹਰ ਕੀਤਾ ਕਿ ਸਰਕਾਰਾਂ ਕਰਤਾਰ ਪੁਰ ਸਾਹਿਬ ਦੇ ਖੁੱਲੇ ਲਾਂਘੇ ਵਿੱਚ ਕਿਓਂ ਅੜਚਣ ਬਣੀਆਂ ਖੜੀਆਂ ਹਨ। ਤਕਰੀਰਾਂ ਰਾਤ ਬਾਰਾਂ ਵਜੇ ਤਕ ਚਲਦੀਆਂ ਰਹੀਆਂ। ਅੰਤ ਵਿਚ ਬੀਬੀ ਜੀ ਨੇ ਜੋ ਹੇਠ ਲਿਖੀ ਜਜਬਾਤੀ ਤਕਰੀਰ ਕੀਤੀ ਉਸ ਸਦਕਾ ਬਹੁਤਿਆਂ ਦੀਆਂ ਅੱਖਾਂ ਨਮ ਹੋ ਗਈਆਂ।
''ਕਰਤਾਰ ਪੁਰੋਂ ਤੁਹਾਡੀ ਭੈਣ ਮੁਹੱਬਤਾਂ ਵੰਡਣ ਆਈ ਏ''  ਰਿੱਫਤ ਕਾਹਲੋਂ 
"ਵੀਰ ਗੁਰਿੰਦਰ ਸਿੰਘ ਬਾਜਵਾ ਨੇ ਅੱਜ ਸੋਹਣੀ ਮਹਿਫਲ ਸਜਾਈ ਏ । ਅਸੀਂ ਸਿਆਸਤ ਦੇ ਲੋਕ ਅਕਸਰ ਜਲਸੇ ਜਲੂਸਾਂ 'ਚ ਸ਼ਾਮਲ ਹੁੰਦੇ ਹਾਂ। ਪਰ ਅੱਜ ਮੈਨੂੰ ਗਲ ਕੁਝ ਮੁਖਤਲਿਫ ਲਗ ਰਹੀ ਏ। ਮੇਰੇ ਤੋਂ ਪਹਿਲਾਂ ਜੋ ਤਕਰੀਰਾਂ ਹੋਈਆਂ ਦਿਲ ਨੂੰ ਛੂਹ ਗਈਆਂ ਨੇ। ਮੇਰੇ ਵਾਸਤੇ ਜੋ ਤੁਸਾਂ ਲੰਮਾ ਸਮਾਂ ਇੰਤਜਾਰ ਕੀਤੈ, ਇਹ ਤੁਹਾਡੀ ਮੁਹੱਬਤ ਹੀ ਹੈ। ਮੈਂ ਦਿੱਲੀ, ਆਗਰਾ ਤੇ ਅਜਮੇਰ ਵਗੈਰਾ ਕਈ ਥਾਵਾਂ ਤੇ ਗਈ ਹਾਂ। ਪਰ ਇਥੋਂ ਦੀ ਗੱਲ ਮੈਨੂੰ ਅੱਲਗ ਨਜ਼ਰ ਆਉਂਦੀ ਹੈ। ਕਹਿੰਦੇ ਨੇ ਮੁਹੱਬਤ ਦੀ ਜੁਬਾਨ ਨਹੀਂ ਹੁੰਦੀ, ਮੁਹੱਬਤ ਅੱਖਾਂ ਵਿਚ ੍‍ਦੀ ਏ, ਸਚਮੁਚ ਮੈਨੂੰ ਅੱਜ ਇਸ ਦਾ ਅਹਿਸਾਸ ਹੋ ਰਿਹਾ ਹੈ। 
ਮੈਨੂੰ ਪਤਾ ਲੱਗਾ ਹੈ ਕਿ ਚੜਦੇ ਪੰਜਾਬ ਦੀਆਂ ਮੁੱਖਤਲਿਫ ਪਾਰਟੀਆਂ ਅੱਜ ਇਥੇ ਹਾਜ਼ਰ ਹਨ। ਇਹ ਤਾਂ ਹੋਣਾ ਹੀ ਸੀ। ਤੁਹਾਨੂੰ ਪਤਾ ਹੈ ਅਸੀਂ ਇਕੱਠੇ ਹੋਏ ਹਾਂ ਕਰਤਾਰ ਪੁਰ ਸਾਹਿਬ ਦੀ ਖਾਤਰ ਜੋ ਸਭਦਾ ਸਾਝਾਂ ਹੈ। ਏਥੇ ਜੋ ਏਕਾ ਦੇਖਣ ਨੂੰ ਮਿਲ ਰਿਹਾ ਹੈ ਇਹ ਉਸ ਮੁਕੱਦਸ ਮੁਕਾਮ ਕਰਕੇ ਹੈ। 
ਮੈਂ ਨਾਰੋਵਾਲ ਤੋਂ ਪਾਕਿਸਤਾਨ ਕੌਮੀ ਅਸੈਂਬਲੀ ਦਾ ਰੁਕਨ (ਮੈਂਬਰ) ਹੋਣ ਨਾਤੇ ਸਟੈਂਡਿੰਗ ਕਮੇਟੀ ਅਕਲੀਅਤਾਂ (ਘੱਟ ਗਿਣਤੀਆਂ) ਦੀ ਵੀ ਰੁਕਨ  ਹਾਂ। ਇਸ ਕਮੇਟੀ ਵਿੱਚ ਮੈਂ ਇਕੱਲੀ ਮੁਸਲਮਾਨ ਹਾਂ। ਬਾਕੀ ਸਭ ਕੋਈ ਈਸਾਈ ਕੋਈ ਸਿੱਖ ਤੇ ਕੋਈ ਹਿੰਦੂ। ਮੈਨੂੰ ਇਸ ਕਰਕੇ ੳਸ ਕਮੇਟੀ ਵਿੱਚ ਲਿਆ ਗਿਆ ਹੈ ਕਿਉਂਕਿ ਮੇਰੇ ਹਲਕੇ ਅੰਦਰ ਉਹ ਮੁਕੱਦਸ ਮੁਕਾਮ ਪੈਦਾ ਹੈ ਜਿਸ ਵਾਸਤੇ ਤੁਸੀਂ ਏਥੇ ਹਾਜ਼ਰ ਹੈ। ਤੁਸੀਂ ਮੇਰੇ ਲਈ ਦੁਆ ਕਰੋ ਕਿ ਖੁਦਾ ਮੈਨੂੰ ਤੌਫੀਕ ਬਖਸ਼ੇ ਕਿ ਮੈਂ ਤੁਹਾਡੀ ਖਿਦਮਤ ਕਰ ਸਕਾਂ ਤੇ ਉਹ ਕੋਰੀਡੋਰ ਖੁਲਵਾ ਸਕਾਂ ਜਿਸ ਖਾਤਰ ਤੁਸੀਂ ਏਥੇ ਹਾਜ਼ਰ ਹੋਏ ਹੋ। ਮੈਂ ਤੁਹਾਡੀ ਅਵਾਜ ਪਾਕਿਸਤਾਨ ਦੀ ਉੱਚੀ ਸਰਕਾਰ ਤੱਕ ਪਹੁੰਚਾ ਸਕਾਂ। ਤੇ ਜੇ ਉਸ ਤੋਂ ਵੀ ਉਪਰ ਕੋਈ ਸਥਾਨ ਹੈ ਤਾਂ ਮੈਂ ਤੁਹਾਡੀ ਅਵਾਜ ਉਥੇ ਵੀ ਪਹੁੰਚਾਵਾਂਗੀ। 
ਮੈਂ ਆਪਣੇ ਖੁਦਾਵੰਦ ਨੂੰ ਮੁਹੱਬਤ ਕਰਦੀ ਹਾਂ। ਕਹਿੰਦੇ ਨੇ ਜਿਹੜਾ ਮੁਹੱਬਤ ਕਰਦਾ ਹੈ ਉਹ ਹੀ ਕਿਸੇ ਦੂਸਰੇ ਦੀ ਮੁਹੱਬਤ ਦੀ ਵੀ ਕਦਰ ਕਰ ਸਕਦਾ ਹੈ। ਮੈਂ ਤੁਹਾਡੀ ਉਸ ਉਚ ਮੁਕਾਮ ਲਈ ਮੁਹੱਬਤ ਦੀ ਕਦਰ ਕਰਦੀ ਆਂ। 
ਮੈਂ ਤਾਂ ਚਾਹਾਂਗੀ ਕਿ ਕੋਰੀਡੋਰ (ਲਾਂਘੇ) ਦਾ ਇਹ ਕੰਮ ਮੇਰੀ ਐਸੇ ਟੲਨੁਰੲ ਵਿੱਚ ਮੁਕੰਮਲ ਹੋ ਜਾਵੇ। ਪਰ ਮੈਂ ਇਸ ਵਾਸਤੇ ਲਗਾਤਾਰ ਜੂਝਦੀ ਰਹਾਂਗੀ। ਅਜਿਹੇ ਕੰਮਾਂ ਨੂੰ ਵਕਤ ਲਗ ਜਾਂਦੈ। ਅਸੀਂ ਪਿਛਲੇ 50 ਸਾਲ ਲੜੇ ਹਾਂ। ਤੁਸੀਂ ਵੀ ਲੜੇ। ਅਸੀਂ ਵੀ ਲੜੇ। ਹੁਣ ਹਾਲਾਤ ਬਦਲ ਰਹੇ ਨੇ। ਥੋੜਾ ਟਾਈਮ ਲਗ ਸਕਦੈ। ਪਰ ਯਾਦ ਰਹੇ ਅਮਨ ਦੀ ਹਵਾ ਲਕੀਰ ਦੇ ਦੂਸਰੇ ਪਾਸਿਓਂ ਚਲ ਪਈ ਏ। ਇਹ ਪਿਛੇ ਮੁੜਨ ਵਾਲੀ ਨਹੀਂ। 
ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਵਿੱਚ ਬੜੇ ਖੁੱਲੇ ਦਿਲ ਨਾਲ ਸੋਚਦੇ ਹਾਂ (ੋਪੲਨ ਮਨਿਦੲਦ) ਹਾਂ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਸਿੱਖਾਂ ਨੂੰ ਬਹੁਤ ਮੁਹੱਬਤ ਕਰਦੇ ਹਨ। ਉਹ ਹਰ ਤਰਾਂ ਨਾਲ ਮਦਦ ਕਰਨਾ ਚਾਹੁੰਦੇ ਹਨ। ਪਰ ਬਾਜ਼ ਵਕਤ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਦੇਖਣ ਨੂੰ ਬੜੀ ਆਸਾਨ ਲਗਦੀਆਂ ਹਨ ਪਰ ਉਨਾਂ ਪਿਛੇ ਪੇਚੀਦਗੀਆਂ ਹੁੰਦੀਆਂ ਹਨ। ਪਰ ਸਾਡੀ ਇਛਾ 'ਚ ਤਾਕਤ ਹੋਣੀ ਚਾਹੀਦੀ ਐ। ਅੱਜ ਯੂਰਪ ਦੀ ਯੂਨੀਅਨ ਬਣ ਚੁਕੀ ਹੈ। ਜਿਹੜੇ ਮੁਲਕ ਮਰਜ਼ੀ ਆਓ ਜਾਓ ਕੋਈ ਨਹੀਂ ਪੁਛਦਾ ਕੋਈ ਵੀਜੇ ਲੈਣ ਦੀ ਜਰੂਰਤ ਨਹੀ ਪੈਂਦੀ। 
ਅੱਧੀ ਸਦੀ ਤੋਂ ਅਸੀ ਅਲੱਗ ਹੋਏ ਪਏ ਹਾਂ। ਬੜਾ ਲੰਮਾਂ ਅਰਸਾ ਹੋ ਗਿਐ ਏ। ਮੇਰੇ ਬੱਚਿਆਂ ਹਿੰਦੂਸਤਾਨ ਦਾ ਕੀ ਦੇਖਿਐ ? ਓਹੋ ਜੋ ਸਟਾਰ ਪਲੱਸ ਤੇ ਜੀ ਟੀ ਵੀ ਦਿਖਾਇਆ। (ਉਹਨਾਂ ਦੇ ਕਹਿਣ ਤੋਂ ਭਾਵ ਕੀ ਪਾਕਿਸਤਾਨ ਨਾਲ ਨਫਰਤ ਹੀ ਦੇਖੀ ਏ।) 
ਆਓ ਕੋਸਿਸ਼ ਕਰੀਏ ਕਿ ਮੁਹੱਬਤ ਦਾ ਕਾਫਲਾ ਵੱਧਦਾ ਹੀ ਜਾਵੇ। ਮੁਸ਼ਕਲਾਂ ਜਰੂਰ ਹਨ। ਪਰ ਮੈਨੂੰ ਉਮੀਦ ਹੈ ਇਕ ਜਰੂਰ ਇਕ ਦਿਨ ਡੇਰਾ ਬਾਬਾ ਨਾਨਕ ਤੋਂ ਸਿੱਖ ਵੀਰਾਂ ਦਾ ਜੱਥਾ ਸਿੱਧਾ ਹੀ ਕਰਤਾਰ ਪੁਰ ਜਾਵੇਗਾ ਤੇ ਮੱਥਾ ਟੇਕ ਕੇ ਅੱਧੇ ਘੰਟੇ 'ਚ ਵਾਪਸ ਆ ਜਾਏਗਾ। ਪਰ ਇਹ ਓਦੋਂ ਹੋਣੈ ਜਦੋਂ ਸੁਹਣੇ ਰੱਬ ਨੇ ਚਾਹੁੰਣੇ। ਤਾਂ ਆਓ ਉਹਦੇ ਅੱਗੇ ਦੁਆ ਕਰੀਏ। ਆਓ ਅਮਨ ਤੇ ਦੋਸਤੀ ਦੀ ਗੱਲ ਅੱਗੇ ਤੋਰਦੇ ਰਹੀਏ। ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਨਹੀਂ ਤਾਂ ਸਾਨੂੰ ਮਾਫ ਨਹੀਂ ਕਰਨਾ। 
ਅੱਲਾ ਤਾਲਾ ਤੁਹਾਨੂੰ ਸਭ ਨੂੰ ਸਲਾਮਤ ਰੱਖੇ। ਖੈਰੀ ਆਓ ਤੇ ਖੈਰੀ ਜਾਓ। ਏਸੇ ਤਰ੍ਹਾਂ ਮੁਹੱਬਤ ਨਾਲ ਮਿਲਦੇ ਗਿਲਦੇ ਰਹੀਏ ਕਿਉਂਕਿ ਕਰਤਾਰ ਪੁਰ ਦੀ ਜ਼ਮੀਨ ਮੁਹੱਬਤ ਸਿਖਾਂਦੀ ਏ।
--------------------------

No comments:

Post a Comment