Wednesday 9 March 2022

ਬਾਦਲਕਿਆਂ ਇਕ ਹੋਰ ਚੰਨ ਚਾੜਿਆ- ਮਹਾਰਾਜਾ ਰਣਜੀਤ ਸਿੰਘ ਵਾਲੀ ਸੁਨਿਹਰੀ ਪਾਲਕੀ ਕੀਤੀ ਗਾਇਬ

 ਬਾਦਲਕਿਆਂ ਇਕ ਹੋਰ ਚੰਨ ਚਾੜਿਆ- ਮਹਾਰਾਜਾ ਰਣਜੀਤ ਸਿੰਘ ਵਾਲੀ ਸੁਨਿਹਰੀ ਪਾਲਕੀ ਕੀਤੀ ਗਾਇਬ

ਜਦੋਂ ਸੰਨ 2018 ਵਿਚ ਕਰਤਾਰਪੁਰ ਲਾਂਘਾ ਖੁੱਲਣ ਦੇ ਆਸਾਰ ਬਣੇ ਸਨ ਤਾਂ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਡੇਰਾ ਬਾਬਾ ਨਾਨਕ ਵਾਲੇ ਚੰਗੇ ਭਲੇ ਖੂਬਸੂਰਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਕਾਰ ਸੇਵਾ ਵਾਸਤੇ ਢਾਹੁੰਣ ਦਾ ਪ੍ਰੋਗਰਾਮ ਬਣਾ ਬੈਠੀ। ਓਦੋਂ ਅਸਾਂ ਕਾਰਸੇਵਾ ਦੇ ਖਿਲਾਫ ਬਹੁਤ ਦੁਹਾਈ ਦਿੱਤੀ ਸੀ ਪਰ ਨਗਾਰਖਾਨੇ ਵਿਚ ਤੂਤੀ ਦੀ ਆਵਾਜ਼ ਕੌਣ ਸੁਣਦੈ। ਕਿਉਕਿ ਮਸਲਾ ਕਾਰਸੇਵਾ ਰਾਂਹੀ ਕ੍ਰੋੜਾਂ ਰੁਪਏ ਕਮਾਉਣ ਦਾ ਹੁੰਦੈ, ਕੌਣ ਕਰਦਾ ਪੁਰਾਤਤਵ ਦੀ ਪ੍ਰਵਾਹ। ਇਮਾਰਤ ਢਾਹ ਦਿੱਤੀ ਗਈ ਜਿਥੇ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਤੀਸਰੀ ਸਮਾਧ ਸੀ। (ਇਕ ਸਮਾਧ ਅਤੇ ਕਬਰ ਕਰਤਾਰਪੁਰ ਪਾਕਿਸਤਾਨ ਵਿਚ ਹੈ) ਖੈਰ ਕਾਰਸੇਵਾ ਵਾਲਿਆਂ ਹੁਣ 23 ਫਰਵਰੀ ਨੂੰ ਨਵੀ ਬਣਾਈ ਇਮਾਰਤ ਦਾ ਉਦਘਾਟਨ ਕਰ ਦਿੱਤੈ ਤੇ ਵੇਖ ਕੇ ਹਰ ਕਿਸੇ ਨੂੰ ਝਟਕਾ ਲੱਗੈ ਕਿ ਨਹੀ ਇਮਾਰਤ ਵਿਚ ਇਤਹਾਸਿਕ ਪਾਲਕੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਚੜਾਈ ਸੀ ਉਹ ਨਹੀ ਜੜੀ ਅਤੇ ਇਕ ਨਵੀ ਪਾਲਕੀ ਲਾ ਦਿੱਤੀ ਗਈ ਹੈ। ਯਾਦ ਰਹੇ ਮਹਾਰਾਜੇ ਵਾਲੀ  ਸੁਨਿਹਰੀ ਪਾਲਕੀ ਦੁਨੀਆਂ ਦੀਆਂ ਸਭ ਪਾਲਕੀਆਂ ਵਿਚੋਂ ਖੂਬਸੂਰਤ ਗਿਣੀ ਜਾਂਦੀ ਹੈ। ਮਹਾਰਾਜੇ ਨੇ ਆਪਣੇ ਜਰਨੈਲ ਸੁੱਧ ਸਿੰਘ ਦੋਦੇ ਰਾਂਹੀ ਸੰਮਤ 1884 ਨੂੰ ਚੜਾਈ ਸੀ। (ਪਾਲਕੀ ਬਾਰੇ ਵਿਸਥਾਰ ਵਿਚ ਕਰਤਾਰਪੁਰ ਡਾਟ ਕਾਮ ਤੇ ਕਲ੍ਹ ਨੂੰ ਪੜ੍ਹ ਸਕਦੇ ਹੋ।) ਇਥੋਂ ਦੀ ਸੇਵਾ ਖਡੂਰ ਸਾਹਿਬ ਵਾਲੇ ਬਾਬੇ ਕੋਲ ਸੀ।

ਸੱਚ ਗਲ ਤਾਂ ਇਹ ਹੈ ਅੱਜ ਸ਼੍ਰੋਮਣੀ ਕਮੇਟੀ ਨੇ ਲੱਕ ਬੰਨ ਲਿਆ ਹੈ ਸਾਡੇ ਇਤਹਾਸ ਦਾ ਖੁਰਾ ਖੋਜ ਮਿਟਾਉਣ ਦਾ। ਅਸਾਂ ਅਜੇ ਪਿੱਛੇ ਹੀ ਦੁਹਾਈ ਦਿੱਤੀ ਸੀ ਕਿ ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਦੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਨਾਲ ਹੀ ਸ਼ਹੀਦ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਸਮਾਧ ਤੇ ਬਹੁਤ ਹੀ ਖੂਬਸੂਰਤ ਛੋਟਾ ਜਿਹਾ ਗੁਰਦੁਆਰਾ ਸੀ ਉਸ ਨੂੰ ਬਿਨਾਂ ਕਾਰਨ ਢਾਹ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਅਕਾਲ ਤਖਤ ਦੇ ਪਿੱਛੇ ਮੌਜੂਦ ਬਾਬਾ ਗੁਰਬਖਸ ਸਿੰਘ ਸ਼ਹੀਦ ਦੀ ਯਾਦਗਾਰ ਮਿਟਾਈ ਸੀ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕੀਤਾ ਸੀ।

ਇਹ ਸਭ ਕੁਝ ਸ਼੍ਰੋਮਣੀ ਕਮੇਟੀ ਬਾਕਾਇਦਾ ਮਤਾ ਪਾਸ ਕਰਕੇ ਕਰ ਰਹੀ ਹੈ। ਕਿਉਕਿ ਕਾਰ ਸੇਵਾ ਵਾਲੇ ਬਾਬੇ ਸੇਵਾ ਮਿਲਣ ਤੇ ਬਾਦਲਾਂ ਨੂੰ ਕ੍ਰੋੜਾਂ ਰੁਪਏ ਚੜਾਉਦੇ ਹਨ। ਬਕਾਇਦਾ ਗੁਪਤ ਬੋਲੀ ਲਗਦੀ ਹੈ ਜਿਹੜਾ ਬਾਬਾ ਫਿਰ ਵੱਡੀ ਬੋਲੀ ਦੇਵੇ ਸੇਵਾ ਉਸ ਨੂੰ ਮਿਲਦੀ ਹੈ।

ਕੁਝ ਸਾਲ ਪਹਿਲਾ ਸਿੱਖ ਧਰਮ ਦਾ ਇਤਹਾਸਿਕ ਕਿਲ੍ਹਾ ਲੋਹਗੜ੍ਹ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਕਰ ਕਮਲਾਂ ਨਾਲ ਬਣਿਆ ਸੀ ਜਿਥੇ ਉਹਨਾਂ ਲਕੜ੍ਹ ਦੀ ਤੋਪ ਚਲਵਾਈ ਸੀ,  ਕਮੇਟੀ ਨੇ ਉਸ ਪਵਿਤਰ ਕੰਧ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਇਹ ਕਰਤੂਤ ਅਖੌਤੀ ਬਾਬੇ ਜਗਤਾਰ ਸਿੰਘ ਕਾਰਸੇਵਾ ਵਾਲੇ ਰਾਂਹੀ ਕਰਵਾਈ ਸੀ।

ਸਾਡੀ ਇਤਿਹਾਸਕ ਚਮਕੌਰ ਦੀ ਕੱਚੀ ਗੜੀ ਇਹਨਾਂ ਢਾਹੀ ਜਿਸ ਦੀ ਇਮਾਰਤ ਵੀ ਬਹੁਤ ਖੂਬਸੂਰਤ ਸੀ।

ਫਤਹਿਗੜ੍ਹ ਸਾਹਿਬ ਦਾ ਠੰਡਾ ਬੁਰਜ ਇਹਨਾਂ ਜ਼ਾਲਮਾਂ ਨੇ ਢਾਹਿਆ। ਇਥੋਂ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਮਿਟਾ ਦਿੱਤੀਆਂ ਗਈਆਂ ਹਨ।

ਬੇਬੇ ਨਾਨਕੀ ਦਾ ਘਰ ਅਤੇ ਮਸੀਤ ਜਿੱਥੇ ਗੁਰੂ ਸਾਹਿਬ ਨੇ ਨਮਾਜ ਪੜੀ, ਸੁਲਤਾਨਪੁਰ ਲੋਧੀ

ਕਾਰਸੇਵਾ ਵਾਲੇ ਬੁਰਛੇ ਕਦੀ ਕਦੀ ਤਾਂ ਬਹੁਤ ਹਾਸੋ ਹੀਣੇ ਕੰਮ ਵੀ ਕਰ ਦਿੰਦੇ ਹਨ। ਪਿੰਡ ਬਾਸਰਕੇ ਗਿੱਲਾਂ ਜਿਥੇ ਗੁਰੂ ਅਮਰਦਾਸ ਸਾਹਿਬ ਦਾ ਸੰਨ ਸਾਹਿਬ ਗੁਰਦੁਆਰਾ ਹੈ। ਇਥੇ ਛੋਟੀ ਇੱਟ ਦੇ ਬਣੇ ਕਮਰੇ ਦੀ ਕੰਧ ਵਿਚ ਸੰਨ (ਮੋਰੀ) ਹੁੰਦੀ ਸੀ। ਕਾਰਸੇਵਾ ਵਾਲਿਆਂ ਉਹ ਇਮਾਰਤ ਢਾਹ ਦਿੱਤੀ ਤੇ ਨਵੀ ਜਦੋਂ ਇਮਾਰਤ ਬਣਾਈ ਤਾਂ ਕੰਧ ਵਿਚ ਸੰਗਮਰਮਰ ਦੀ ਸਿੱਲ ਲਾਕੇ ਵਿਚ ਮੋਰੀ ਕਰ ਦਿੱਤੀ। ਇਸ ਗੱਲ ਦੀ ਸੰਗਤ ਵਿਚ ਵਿਰੋਧਤਾ ਨੂੰ ਵੇਖਦੇ ਹੋਏ ਕਾਰਸੇਵਾ ਲਈ ਉਗਰਾਹੀ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਗੁਰਦਾਸਪੁਰ ਸ਼ਹਿਰ ਵਿਚ ਝੂਲਣੇ ਮਹਿਲ ਅਸਥਾਨ ਹੈ ਅਤੇ ਪੂਰੇ ਇਲਾਕੇ ਵਿਚ ਇਸ ਦੀ ਮਸ਼ਹੂਰੀ ਸੀ। ਹਰ ਬੱਚਾ ਇਕ ਵੇਰ ਉਸ ਦੀਵਾਰ ਤੇ ਜਰੂਰ ਝੂਲ ਆਉਦਾ ਸੀ। ਇਹਨਾਂ ਭ੍ਰਿਸ਼ਟ ਕਮੇਟੀ ਮੈਂਬਰਾਂ ਨੇ ਉਸ ਦੀਵਾਰ ਲਾਗੇ ਇਕ ਇਮਾਰਤ ਬਣਾਉਣ ਦੀ ਇਜਾਜਤ ਦੇ ਦਿੱਤੀ ਜਿਸ ਕਰਕੇ ਉਹ ਝੂਲਦੀ ਦੀਵਾਰ ਹੁਣ ਬੰਨੀ ਗਈ ਹੈ। ਇਹਨਾਂ ਦੀਆਂ ਕਰਤੂਤਾਂ ਵਲ ਧਿਆਨ ਜਾਂਦਿਆਂ ਦੁੱਖ ਹੁੰਦੈ।

ਇਹ ਕਾਰਸੇਵਾ ਵਾਲੇ ਇਥੇ ਹੀ ਨਹੀ ਖਲੋਤੇ ਇਹ ਪਾਕਿਸਤਾਨ ਵਿਚ ਵੀ ਆਪਣੀ ਨਾਪਾਕ ਸੇਵਾ ਕਰ ਰਹੇ।

ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗੁਰਦੁਆਰਾ ਚੂਨਾ ਮੰਡੀ ਲਹੌਰ ਜਿੱਥੇ ਚੌਥੇ ਪਾਤਸ਼ਾਹ ਦਾ ਜਨਮ ਹੋਇਆ ਸੀ ਉਸ ਇਤਹਾਸਿਕ ਗੁਰਦੁਆਰੇ ਨੂੰ ਢਾਹ ਕੇ ਸੰਗਮਰਮਰੀ ਬਣਾ ਦਿੱਤਾ ਗਿਆ ਹੈ। ਇਹ ਵੀ ਜਗਤਾਰ ਬਾਬੇ ਦੀ ਕਰਤੂਤ ਸੀ।

ਗੁਰਦੁਆਰਾ ਡੇਰਾ ਸਾਹਿਬ ਜਿਥੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸ਼ਹੀਦ ਹੋਏ ਸਨ ਓਥੇ ਮਹਾਰਾਜੇ ਦੁਆਰਾ ਬਣਵਾਈ ਬਹੁਤ ਹੀ ਖੂਬਸੂਰਤ ਇਮਾਰਤ ਸੀ। ਉਸ ਦੀ ਬਣਤਰ ਕੁਝ ਅਜਿਹੀ ਸੀ ਕਿ ਇਊ ਲਗਦਾ ਸੀ ਜਿਵੇ ਇਤਹਾਸ ਵਿਚ ਆ ਗਏ ਹਾਂ। ਉਹ ਵੀ ਢਾਹ ਦਿੱਤੀ ਗਈ ਹੈ।

ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਦੀ ਪਿਆਰੀ ਜਿਹੀ ਇਤਹਾਸਿਕ ਇਮਾਰਤ ਢਾਹ ਦਿੱਤੀ ਗਈ ਹੈ।

ਸਾਡਾ ਕਹਿਣਾ ਹੈ ਕਿ ਜੇ ਜਰੂਰਤ ਹੋਵੇ ਤਾਂ ਲਾਗੇ ਨਵੀ ਇਮਾਰਤ ਬਣਾ ਲਓ ਪਰ ਇਹਤਾਸਿਕ ਇਮਾਰਤ ਨੂੰ  ਬਚਾ ਕੇ ਰੱਖੋ।ਖੈਰ ਹੁਣ ਤਾਂ ਬਹੁਤਾ ਕੁਝ ਬਰਬਾਦ ਹੋ ਚੁੱਕਾ ਹੈ।

ਪੰਜਾਬ ਦੇ ਪੁਰਾਤਤ ਨੂੰ ਬਰਬਾਦ ਕਰਨ ਦੀ ਇਹ ਕਾਰਸੇਵਾ ਨਿਰੰਤਰ ਚਲ ਰਹੀ ਹੈ ਅਤੇ ਚਲਦੀ ਰਹੇਗੀ ਜਿੰਨਾਂ ਚਿਰ ਸਾਡਾ ਪੜ੍ਹਿਆ ਲਿਖਿਆ ਤਬਕਾ ਅੱਗੇ ਨਹੀ ਆਉਦਾ ਅਤੇ ਆਪਣੇ ਆਪਣੇ ਇਲਾਕੇ ਦੇ ਕਮੇਟੀ ਦੇ ਮੈਂਬਰਾਂ ਕੋਲੋ ਪੁੱਛ ਪੜ੍ਹਤਾਲ ਨਹੀ ਕਰਦਾ। ਪਰ ਨਾਲ ਹੀ ਅਸੀ ਬੇਨਤੀ ਕਰਾਂਗੇ ਕਿ ਕਨੂੰਨ ਹੱਥ ਵਿਚ ਨਹੀ ਲੈਣਾ। ਸ਼ਾਂਤਮਈ ਤਰੀਕੇ ਨਾਲ ਪੁੱਛੋ ਕਿ ਸਾਡੀ ਵਿਰਾਸਤ ਕਿਓ ਢਾਹੀ ਜਾ ਰਹੀ ਹੈ। ਇਥੇ ਨਾਲ ਹੀ ਅਸੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਾਰਸੇਵਾ ਦਾ ਸਿਧਾਂਤ ਤਾਂ ਬਹੁਤ ਵਧੀਆ ਅਤੇ ਪਵਿਤ੍ਰ ਹੈ ਜੋ ਕਿ ਸਿੱਖ ਧਰਮ ਦੀ ਖੂਬਸੂਰਤੀ ਦਾ  ਵਿਲੱਖਣ ਹਿੱਸਾ ਹੈ ਪਰ ਇਸ ਵੇਲੇ ਹਊਮੈਧਾਰੀ ਮਾਇਆ ਮੋਹ ‘ਚ ਗ੍ਰਸੇ ਲੋਕ ਅੱਗੇ ਆ ਗਏ ਹਨ ਜਿੰਨਾਂ ਇਸ ਸਿਧਾਂਤ ਨੂੰ ਅਗਵਾਹ ਕਰਕੇ ਬਦਨਾਮ ਕਰਕੇ ਰੱਖ ਦਿੱਤਾ ਹੈ।-ਭਬੀਸ਼ਨ ਸਿੰਘ ਗੁਰਾਇਆ, ਕਰਤਾਰਪੁਰ ਲਾਂਘਾ ਸੇਵਕ।--ਪਾਲਕੀ ਤੇ ਲਿਖਤ--

ੴਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ॥ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ॥ ਸੰਮਤ 1884 ਟਹਿਲ ਮਹਾਰਾਜਾ ਰਣਜੀਤ ਸਿੰਘ ਸਿੱਖ ਗੁਰੂ ਨਾਨਕ ਜੀ ਕਾ


No comments:

Post a Comment