Friday 24 April 2020

ਇਹ ਛੇਤੀ ਜਾਣ ਵਾਲੀ ਨਹੀ ਜੇ -ਕਰੋਨਾ ਵਾਇਰਸ ਤੇ ਮੈਂ

---<>ਕਰੋਨਾ ਵਾਇਰਸ ਤੇ ਮੈਂ<>---
ਇਹ ਛੇਤੀ ਜਾਣ ਵਾਲੀ ਨਹੀ ਜੇ
  ਜਿਵੇ ਇਹ ਨਾਮੁਰਾਦ ਮਹਾਮਾਰੀ ਦਾ ਪ੍ਰਕੋਪ ਵਧਿਐ ਮੇਰੇ ਰਿਸਤੇਦਾਰਾਂ, ਦੋਸਤਾਂ, ਮਿਤ੍ਰਾਂ ਨੇ ਮੈਨੂੰ ਚੁਕੰਨਿਆ ਕੀਤੈ, ਕਿ ਬਚ ਜਾ, ਬੁੱਢਿਆਂ ਨੂੰ ਖਤਰਾ ਜਿਆਦਾ ਹੁੰਦਾ ਹੈ।ਉਂਜ ਗੁਰੂ ਦੀ ਕਿਰਪਾ ਨਾਲ ਮੇਰਾ ਮੌਤ ਦਾ ਡਰ ਤਾਂ ਮੁੱਕ ਚੁੱਕਾ ਹੈ। ਮੈਂ ਖੁਸ਼ੀ ਖੁਸ਼ੀ ਜਾਵਾਂਗਾ। ਮੇਰੇ ਕੋਈ ਗਿਲੇ ਰਹਿ ਨਹੀ ਗਏ। ਪਰ ਮੈਂ ਖਾਹ ਮਖਾਹ ਵੀ ਮਰਨਾਂ ਨਹੀ ਚਾਹੁੰਦਾ। ਅਕਾਲ ਪੁਰਖ ਦੀ ਰਚਨਾ ਮੈਨੂੰ ਬਹੁਤ ਹਸੀਨ ਦਿਸਦੀ ਹੈ। ਮੈਨੂੰ ਕਾਦਰ ਦੀ ਕੁਦਰਤ ਨਾਲ ਪਿਆਰ ਹੈ।
ਨਾਲੇ ਮੈਂ ਸਮਝਦਾ ਹਾਂ ਲਿਖਾਰੀਆਂ ਜਿਹੇ ਲੋਕ ਚਾਹੇ ਉਹ ਸੋਸ਼ਮ ਮੀਡੀਏ ਤੇ ਹੀ ਲੋਕ ਹਿੱਤ ਵਿਚ ਪੋਸਟਾਂ ਪਾ ਰਹੇ ਹੋਣ ਉਹਨਾਂ ਵਿਚੋਂ ਕਿਸੇ ਦੇ ਚਲੇ ਜਾਣ ਨਾਲ ਸਬੰਧਿਤ ਕੌਮ ਦਾ ਨੁਕਸਾਨ ਹੁੰਦਾ ਹੈ। (ਬਸ਼ਰਤੇ ਕਿ ਅਜਿਹਾ ਲਿਖਾਰੀ ਆਪਣੇ ਨਿੱਜ ਨੂੰ ਹੀ ਮੁੱਖ ਰਖ ਕੇ ਨਾਂ ਲਿਖ ਰਿਹਾ ਹੋਵੇ। ਇਸ ਅਸੂਲ ਤਹਿਤ ਮੇਰੇ ਵਰਗੇ ਬੁੱਢੇ ਦਾ ਰਹਿਣਾ ਕੌਮ ਹਿੱਤ ਵਿਚ ਹੈ।)
ਇਹਨਾਂ ਹਾਲਾਤਾਂ ਦੇ ਮੱਦੇ ਨਜਰ ਪੜੋ ਮੈਂ ਆਪਣੇ ਆਪ ਨੂੰ ਬਚਾਉਣ ਦੀ ਕਿਵੇਂ ਕੋਸ਼ਿਸ਼ ਕਰ ਰਿਹਾ ਹਾਂ:

ਮੈਂ ਸਮਝਦਾ ਹਾਂ ਕਰੋਨਾ ਤੋਂ ਬਚਣ ਦਾ ਸਭ ਤੋਂ ਕਾਰਗਰ ਉਪਾਅ ਹੋਣਾ ਚਾਹੀਦਾ ਹੈ ਆਪਣੇ ਸਰੀਰ ਨੂੰ ਮਜਬੂਤ ਕਰਨਾਂ ਭਾਵ ਇਹਦੀ ਇਮਿਊਨਿਟੀ ਨੂੰ ਤਾਕਤ ਬਖਸ਼ਣਾਂ। ਕਿਉਕਿ ਸਾਡਾ ਸੰਪਰਕ 100% ਸਮਾਜ ਨਾਲੋਂ ਨਹੀ ਟੁੱਟ ਸਕਦਾ। ਹੋਰ ਤੇ ਛੱਡੋ, ਤੁਸੀ ਕੁਝ ਨਾਂ ਕੁਝ, ਜਦੋਂ ਖਰੀਦਿਆ ਤਾਂ ਨੋਟਾਂ ਰਾਂਹੀ ਵਾਇਰਸ ਵੀ ਆ ਸਕਦਾ ਹੈ।
ਇਮਿਊਨਿਟੀ ਨੂੰ ਤਾਕਤ ਬਖਸ਼ਣ ਲਈ:-
ਮੈਂ ਸਵੇਰੇ ਉਠਦਿਆਂ ਗਰਮ ਪਾਣੀ ਵਿਚ ਨਿੰਬੂ ਨਿਚੋੜ ਕੇ ਪੀਂਦਾ ਹਾਂ। ਵਿਟਾਮਿਨ ਸੀ ਅਤੇ ਬੀ ਕੰਪਲੈਸ ਗੋਲੀਆਂ ਦਿਨ ਵਿਚ ਲੈਂਦਾ ਹਾਂ।
ਪਹਿਲਾਂ ਕੋਫੀ ਖੂਬ ਪੀਂਦਾ ਸੀ ਉਹ ਛੱਡ ਦਿੱਤੀ ਹੈ। ਦਿਨ ਵਿਚ ਦੋ ਵਾਰ ਚਾਹ ਪੀਂਦਾ ਹਾਂ। ਮੈਨੂੰ ਪਤਾ ਹੈ ਕਿ ਜੇ ਮੈਂ ਜੁਕਾਮ ਤੋਂ ਬਚਿਆ ਰਹਾਂਗਾ ਤਾਂ ਕਰੋਨਾ ਮੇਰਾ ਕੁਝ ਨਹੀ ਵਿਗਾੜ ਸਕਦਾ। ਜੁਕਾਮ ਜਾਂ ਫਲੂ ਤੋਂ ਬਚਣ ਲਈ ਆਪਣੀ ਖੁਰਾਕ ਦਾ ਧਿਆਨ ਰਖਦਾ ਹਾਂ। ਜਿਆਦਾ ਗਰਮ ਜਾਂ ਸਰਦ ਚੀਜ਼ਾਂ ਨਹੀ ਲੈਂਦਾ। ਪੱਖਾ ਵੀ ਹਿਸਾਬ ਦਾ ਹੀ ਵਰਤਦਾ ਹਾਂ।
ਸਰੀਰਕ ਕਸਰਤ ਯੋਗਾ ਆਦਿ ਕਰਦਾ ਹਾਂ।
ਮੈਨੂੰ ਪੂਰਾ ਗੁਰਬਾਣੀ ਨਿਤਨੇਮ ਜਬਾਨੀ ਯਾਦ ਹੈ। ਨਾਲੇ ਮੈਂ ਛੱਤ ਤੇ ਸੈਰ ਕਰਦਾ ਹਾਂ ਨਾਲੇ ਨਿਤਨੇਮ ਕਰ ਲੈਂਦਾ ਹਾਂ। ਇਸ ਪ੍ਰਕਾਰ 24 ਘੰਟਿਆਂ ਵਿਚ ਮੈਂ ਕੋਈ ਡੇਢ ਘੰਟਾ ਕਸਰਤ ਵਲ ਲਾਉਦਾ ਹਾਂ।
ਦਿਨ ਵਿਚ ਦੋ ਵਾਰੀ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹਾਂ। ਨਾਲ ਨਾਲ ਆਪਣੀ ਚੜ੍ਹਦੀ ਕਲ੍ਹਾ ਵੀ ਮੰਗਦਾ ਹਾਂ। ਕਿਉਕਿ ਗੁਰੂ ਸਾਹਿਬ ਤੇ ਲਿਖੀ ਕਿਤਾਬ 'ਜਿੰਦਗੀਨਾਮਾ ਗੁਰੂ ਨਾਨਕ' ਦੇ ਘਰ ਵਿਚ ਅੰਬਾਰ ਲਗੇ ਪਏ ਨੇ। ਮੈਨੂੰ ਪਤਾ ਹੈ ਜੇ ਮੈਂ ਚਲਾ ਗਿਆ ਤਾਂ ਪਤਨੀ ਨੇ ਸਾਰੀ ਰੱਦੀ ਵਿਚ ਵੇਚ ਦੇਣੀ ਹੈ। ਸੋ ਇਹ ਵੀ ਅਰਦਾਸ ਕਰਦਾ ਹਾਂ ਕਿ ਬਾਬਾ ਜੀ ਕਿਰਪਾ ਕਰੋ ਤੁਹਾਡੇ ਤੇ ਲਿਖੀ ਜੀਵਨੀ ਮੈਂ ਘਰੀਂ ਪਹੁੰਚਾ ਸਕਾ।
ਮੈਂ ਤਲੀਆਂ ਚੀਜ਼ਾਂ ਖਾਣੀਆਂ ਬਿਲਕੁਲ ਬੰਦ ਕਰ ਦਿੱਤੀਆਂ ਹਨ। ਬਦਾਮ ਦਾ ਸੇਵਨ ਅਜੇ ਵੀ ਭਾਂਡਾ ਬਣਾ ਕੇ ਕਰ ਰਿਹਾ ਹਾਂ।
ਡਾਕਟਰੀ ਅਸੂਲ ਅਨੁਸਾਰ ਜੇ ਆਪਾਂ ਮਿੱਠਾ ਘੱਟ ਖਾਵਾਂਗੇ ਤਾਂ ਸਰੀਰ ਦੀ ਇਮਿਊਨਿਟੀ ਓਨੀ ਹੀ ਜਿਆਦਾ ਹੋਵੇਗੀ। ਪਰ ਮੈਂ ਮਿੱਠਾ ਨਹੀ ਛੱਡ ਪਾਇਆ। ਮੈਂ ਵੇਖਿਆ ਹੈ ਕਈ ਗੋਰੇ ਮਿੱਠਾ ਬਿਲਕੁਲ ਨਹੀ ਖਾਂਦੇ ਤੇ ਸਰੀਰ ਉਹਨਾਂ ਦੇ ਘੋੜੇ ਵਰਗੇ ਹਨ। ਮੈਂ ਤੁਹਾਨੂੰ ਵੀ ਸਲਾਹ ਦਿੰਦਾ ਹਾਂ ਕਿ ਮਿੱਠੇ ਦਾ ਸੇਵਨ ਘੱਟ ਕਰੋ। ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ ਵਧਾਉ।
ਮੇਰਾ ਹਾਜਮਾ ਕੁਝ ਕਬਜ਼ ਕਰਦਾ ਹੈ। ਅੱਜ ਕਲ੍ਹ ਖੀਰਾ ਬਹੁਤ ਸਸਤਾ ਆ ਰਿਹਾ ਹੈ, ਦਿਨ ਵਿਚ ਅੱਧਾ ਕਿਲੋ ਖੀਰਾ ਖਾਂਦਾ ਹਾਂ। ਭੁੰਨ ਕੇ ਲਸਣ ਦੀਆਂ ਚਾਰ ਪੰਜ ਤੁਰੀਆਂ ਲੈ ਲੈਂਦਾ ਹਾਂ।
ਰਾਤ 6 ਘੰਟੇ ਸੌਂਦਾ ਹਾਂ। ਦਿਨੇ ਵੀ ਦਾਅ ਲਾ ਲੈਂਦਾ ਹਾਂ।
ਮੈਂ ਘਰੋਂ ਬਾਹਰ ਬਿਲਕੁਲ ਨਹੀ ਨਿਕਲ ਰਿਹਾ। ਪਤਨੀ ਹੀ ਸਬਜੀ ਵਗੈਰਾ ਖਰੀਦਦੀ ਹੈ। ਘਰ ਵੜਦੀ ਵਸਤੂ ਨੂੰ ਉਹ ਗਰਮ ਪਾਣੀ ਨਾਲ ਧੋਂਦੀ ਹੈ ਨਾਲੇ ਆਪਣੇ ਹੱਥ।
ਉਂਜ ਮੈਂ ਮਾਸਕ ਨਹੀ ਲਾਈ। ਕਿਉਕਿ ਮੈਂ ਸਮਝਦਾ ਹਾਂ ਮਾਸਕ ਉਹਨਾਂ ਵਾਸਤੇ ਜਰੂਰੀ ਹੈ ਜਿੰਨਾਂ ਨੂੰ ਇਹਦੇ ਲੱਛਣ ਆ ਚੁੱਕੇ ਹੋਣ। ਮੈਂ ਸਮਝਦਾ ਹਾਂ ਦੂਰੀ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ।
ਵੀਰੋ ਮੈਂ ਕੋਈ ਡਾਕਟਰ ਨਹੀ ਹਾਂ। ਇਹ ਮੇਰੀ ਦਿਨਚਰਯਾ ਅਤੇ ਮੇਰੀ ਪਹੁੰਚ ਹੈ। ਤੁਸੀ ਸਿਆਣਿਆਂ ਦੇ ਕਹੇ ਅਨੁਸਾਰ ਹੀ ਚਲਣਾ ਹੈ। ਸੋ ਆਪਣੇ ਆਪ ਨੂੰ ਬਚਾਓ ਖਾਸ ਕਰਕੇ ਬਜੁਰਗਾਂ ਨੂੰ।
ਬਾਕੀ ਇਸ ਕਰੋਨਾ ਦਾ ਨਾਸ ਇਕ ਦਮ ਨਹੀ ਜੇ ਹੋਣਾ। ਹੋ ਸਕਦਾ ਇਹ ਖਤਰਾ ਸਾਲ ਤੋਂ ਵੱਧ ਚਲੇ। ਸਾਨੂੰ ਪ੍ਰਹੇਜ ਅਪਨਾਉਣੇ ਪੈਣਗੇ। ਸਾਨੂੰ ਕਰੋਨਾ ਦੀ ਹੋਂਦ ਵਿਚ ਜੀਣ ਦੇ ਤਰੀਕੇ ਲੱਭਣੇ ਪੈਣਗੇ। ਬਾਕੀ ਆਂਢ ਗਵਾਂਢ ਰਹਿੰਦੇ ਗਰੀਬ ਪ੍ਰਵਾਰਾਂ ਨੂੰ ਸਲਾਹ ਦਿਓ ਕਿ ਘੱਟੋ ਘੱਟ ਸਾਲ ਵਾਸਤੇ ਕਣਕ ਪਾ ਲੈਣ। ਹਰ ਉਹ ਚੀਜ ਮਹਿੰਗੀ ਹੋ ਜਾਏਗੀ ਜਿਹੜੀ ਕਾਰਖਾਨੇ ਵਿਚ ਬਣਦੀ ਹੈ। ਆਉਣ ਵਾਲੇ ਸਮੇਂ ਵਿਚ ਕਿਰਸਾਨ ਦੀ ਉਪਜ ਦੇ ਭਾਅ ਹੋਰ ਡਿੱਗ ਜਾਣਗੇ। ਇਹੋ ਹਾਲ ਪੈਟਰੋਲੀਅਮ ਵਸਤਾਂ ਦਾ ਹੋਵੇਗਾ। ਸੇਵਾਵਾਂ ਸਸਤੀਆਂ ਹੋ ਜਾਣਗੀਆਂ। ਮਿਸਾਲ ਦੇ ਤੌਰ ਤੇ ਸਕੂਲਾਂ ਦੀ ਫੀਸ ਘੱਟ ਜਾਏਗੀ। ਇਸ ਦੌਰ ਵਿਚ ਮਿੱਡਲ ਕਲਾਸ ਨੂੰ ਜਿਆਦਾ ਤਕਲੀਫ ਹੋਵੇਗੀ। ਚਾਹੇ ਕੋਈ ਸਰਕਾਰ ਕਿੰਨੀ ਵੀ ਤਾਕਤਵਰ ਕਿਓ ਨਾਂ ਹੋਵੇ ਪੂਰੀ ਦੁਨੀਆ ਵਿਚ ਰਾਜਨੀਤਕ ਉਥਲ ਪੁਥੱਲ ਹੋਵੇਗੀ। ਰਾਜਨੀਤਕ ਨਕਸ਼ੇ ਬਦਲ ਜਾਣਗੇ। ਚੋਰ ਬਜਾਰੀ ਤੇ ਜਖੀਰਾਬਾਜੀ ਵਧੇਗੀ। ਮਾਹਮਾਰੀ ਤੋਂ ਦੁੱਖੀ ਹੋਏ ਲੋਕਾਂ ਦਾ ਗੁੱਸਾ ਸਰਕਾਰਾਂ ਤੇ ਨਿਕਲੇਗਾ।  ਸਰਕਾਰਾਂ ਨੇ ਜਿਹੜੀ ਸਨਅੱਤ ਬੰਦ ਕਰ ਰੱਖੀ ਹੈ ਇਹ ਸਰਕਾਰਾਂ ਦੀ ਖੁਦਕਸ਼ੀ ਹੈ। ਸਨਅੱਤ ਨੂੰ ਸੁਚਾਰੂ ਰੱਖਣ ਲਈ ਤਰੀਕੇ ਲੱਭਣੇ ਪੈਣਗੇ। ਪਰ ਮੈਨੂੰ ਪਤਾ ਹੈ ਉਹ ਸਭ ਤਰੀਕੇ ਫੇਲ ਹਨ ਜਿੰਨਾ ਚਿਰ ਮੁਲਕ ਵਿਚ ਝੂਠ ਅਤੇ ਰਿਸ਼ਵਤਖੋਰੀ ਦਾ ਬੋਲ ਬਾਲਾ ਹੈ। ਵਾਹਿਗੁਰੂ ਤੁਹਾਨੂੰ ਸਭ ਨੂੰ ਇਸ ਆਫਤ ਨਾਲ ਸਿੱਝਣ ਦੀ ਤਾਕਤ ਬਖਸ਼ੇ।
ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥

IMAGE OF SARS VIRUS THE SISTER OF CORONA
-ਭਬੀਸ਼ਨ ਸਿੰਘ ਗੁਰਾਇਆ

No comments:

Post a Comment