Friday 30 November 2018

THOSE WHO CONTRIBUTED TO MAKE CORRIDOR A REALITY - PART-1

ਸ਼ੁਕਰਾਨਾ - ਲਾਂਘਾ ਲਹਿਰ ਵਿਚ ਹਿੱਸਾ ਪਾਉਣ ਲਈ (ਭਾਗ -1)

ਹੁਸਨਲ ਚਰਾਗ

ਹਰ ਪਾਸੇ ਵਿਰੋਧਤਾ ਦੇ ਬਾਵਜੂਦ ਕਰਤਾਰਪੁਰ ਸਾਹਿਬ ਦਾ ਲਾਂਘਾ ਮਨਜੂਰ ਹੋ ਚੁੱਕਾ ਹੈ। ਕਿਉਕਿ ਸਰਕਾਰਾਂ ਨੂੰ ਸਮਝ ਆ ਚੁੱਕੀ ਸੀ ਕਿ ਪੰਜਾਬੀ ਲੋਕ ਗੁਰੂ ਨਾਨਕ ਦੇ ਅੰਤਮ ਅਸਥਾਨ ਦੇ ਦਰਸ਼ਨ ਚਾਹੁੰਦੇ ਹਨ ਅਤੇ 1947 ਦੀਆਂ ਨਫਰਤਾਂ ਭੁੱਲ ਕੇ ਦੂਜਿਆਂ ਨੂੰ ਗਲ ਲਾਉਣਾ ਲੋਚਦੇ ਹਨ। ਪਿਛਲੇ 18 ਸਾਲਾਂ ਤੋਂ ਰੋਜ ਹਜਾਰਾਂ ਲੋਕ ਡੇਰਾ ਬਾਬਾ ਨਾਨਕ ਸਰਹੱਦ ਤੇ ਪਹੁੰਚ ਰਹੇ ਹਨ। ਮਾਰਚ ਵਿਚ ਲਗਦੇ ਚੋਲਾ ਸਾਹਿਬ ਮੇਲੇ ਵਿਚ ਸੰਗਤਾਂ ਦੀ ਗਿਣਤੀ 20 ਲੱਖ ਟੱਪ ਜਾਂਦੀ ਹੈ। ਕਹਿਣ ਤੋਂ ਮਤਲਬ ਲਾਂਘਾ ਵੱਡੀ ਲਹਿਰ ਬਣ ਚੁੱਕਾ ਹੈ।
ਇਸ ਲਹਿਰ ਦੀ ਸਿਰਜਨਾ ਵਾਸਤੇ ਹਜਾਰਾਂ ਪੰਜਾਬੀਆਂ ਨੇ ਆਪਣੀ ਆਪਣੀ ਸਮੱਰਥਾ ਅਨੁਸਾਰ ਯੋਗਦਾਨ ਪਾਇਆ ਹੈ। ਅਸੀ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਜਿਆਦਾ ਤੋਂ ਜਿਆਦਾ ਅਜਿਹੇ ਵੀਰਾਂ ਦੇ ਨਾਂ ਉਜਾਗਰ ਕਰਨ ਦੀ ਜਿੰਨਾਂ ਨੇ ਨਿਰਸਵਾਰਥ ਸੇਵਾ ਕੀਤੀ ਹੈ। (ਯਾਦ ਰਹੇ ਅਸੀ ਆਪਣੇ ਬਾਰੇ ਪਹਿਲਾਂ ਹੀ ਬਾਰ ਬਾਰ ਲਿਖ ਚੁੱਕੇ ਹਾਂ ਕਿ ਸਾਡੀ ਹੈਸੀਅਤ ਇਸ ਲਹਿਰ ਵਿਚ ਸੈਕਟਰੀ ਵਾਲੀ ਰਹੀ ਹੈ ਕਿਉਕਿ ਏਸੇ ਲਹਿਰ ਤੋਂ ਹੀ ਸਾਡਾ ਰੁਜਗਾਰ ਚਲਦਾ ਆਇਆ ਹੈ।)

ਅਸੀ ਸਮਝਦੇ ਹਾਂ ਕਿ ਕਿਸੇ ਵੀ ਲਹਿਰ ਦੀ ਰੀੜ ਦੀ ਹੱਡੀ ਉਸ ਦੇ ਪਿਛੇ ਦੀ ਵੀਚਾਰਧਾਰਾ, ਪਰਸੰਗਕਤਾ ਅਤੇ ਜਰੂਰਤ ਦੇ ਸਬੂਤਾਂ ਦੀ ਹੁੰਦੀ ਹੈ। ਇਹ ਲੋੜ ਸਿਰਫ ਵਿਦਵਾਨ ਲੋਕ ਪੂਰੀ ਕਰਦੇ ਹਨ। ਏਸੇ ਦੇ ਅਧਾਰ ਤੇ ਫਿਰ ਪ੍ਰਚਾਰ ਕੀਤਾ ਜਾਂਦਾ ਹੈ।
ਕਰਤਾਰਪੁਰ ਸਾਹਿਬ ਦੇ ਦਰਸ਼ਨ ਸੰਗਤਾਂ ਮੰਗਦੀਆਂ ਹਨ ਇਸ ਤੱਥ ਨੂੰ ਸਾਬਤ ਕਰਨ ਦੀ ਤਾਂ ਜਰੂਰਤ ਹੀ ਨਹੀ। ਬਾਕੀ ਗਲ ਸੀ ਕਿ ਕੀ ਕੌਮਾਂਤਰੀ ਕਨੂੰਨਾਂ ਜਾਂ ਅਸੂਲਾਂ ਮੁਤਾਬਿਕ ਸੰਗਤਾਂ ਸਰਹੱਦੋਂ ਪਾਰ ਜਾ ਸਕਦੀਆ ਹਨ? ਇਸ ਮਸਲੇ ਨੂੰ ਹੱਲ ਕਰਨ ਲਈ ਸੰਨ 2004 ਵਿਚ ਇਕ ਵਿਦਵਾਨ ਪ੍ਰਕਾਸ਼ ਸਿੰਘ ਭੱਟੀ (ਉਰਫ ਹੁਸਨਲ ਚਰਾਗ) ਨੇ ਬਹੁਤ ਹੀ ਦਲੀਲ ਭਰਪੂਰ, ਠੰਡੇ ਦਿਮਾਗ ਨਾਲ ਕਿਤਾਬਚਾ ਆਪਣੇ ਖਰਚੇ ਤੇ ਛਾਪਿਆ ਜਿਸ ਵਿਚ ਉਨਾਂ ਦੁਨੀਆ ਭਰ ਦੇ ਅਜਿਹੇ ਕੇਸ ਪੇਸ਼ ਕੀਤੇ ਜਿਥੇ ਸ਼ਰਧਾਵਾਨ ਲੋਕ ਯਾਤਰਾ ਕਰਨ ਲਈ ਸਰਹੱਦਾਂ ਟੱਪਦੇ ਹਨ। ਇਸ ਕਿਤਾਬਚੇ ਨਾਲ ਸਾਨੂੰ ਆਪਣਾ ਕੇਸ ਪੇਸ਼ ਕਰਨ ਵਿਚ ਬਹੁਤ ਮਦਦ ਮਿਲੀ। ਵਿਰੋਧੀਆਂ ਦੇ ਮੂੰਹ ਬੰਦ ਹੋ ਗਏ।
'ਬਗਾਨੇ ਮੁਲਕਾਂ ਵਿਚ ਧਾਰਮਿਕ ਅਸਥਾਨਾਂ ਦੀ ਯਾਤਰਾ' ਦੇ ਇਨਾਂ ਅਸੂਲਾਂ ਨੂੰ ਫਿਰ ਅਸਾਂ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਕੋਈ ਤਿੰਨ ਚਾਰ ਵਾਰੀ ਛਾਪ ਕੇ ਸੰਗਤਾਂ ਵਿਚ ਵੰਡਿਆ (5-5 ਰੁਪਏ ਵਿਚ ਵੇਚਿਆ।- ਕੁਲ ਗਿਣਤੀ ਕੋਈ ਦੋ ਲੱਖ ਵੀਹ ਹਜਾਰ ਕਾਪੀਆਂ) ਭੱਟੀ ਸਾਡੀ ਮਾਇਕ ਹਾਲਤ ਸਮਝਦੇ ਸਨ ਇਸ ਕਰਕੇ ਇਨਾਂ ਨੇ ਕਦੀ ਵੀ ਆਪਣੀ ਲਿਖਤ ਦੀ ਰਾਇਲਟੀ ਸਾਡੇ ਕੋਲੋ ਨਹੀ ਮੰਗੀ।
ਲਾਂਘੇ ਦਾ ਐਲਾਨ ਹੋਣ ਤੇ ਅਸੀ ਇਨਾਂ ਨੂੰ ਧੰਨਵਾਦ ਕਹਿੰਦੇ ਹਾਂ। ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਤੇ ਪ੍ਰਵਾਰ ਵਿਚ ਸੁਖ ਸ਼ਾਂਤੀ ਖੁਸ਼ਹਾਲੀ ਬਣੀ ਰਹੇ।- ਬੀ. ਐਸ. ਗੁਰਾਇਆ।
(ਚਰਾਗ ਸਾਬ ਦੀ ਫੋਟੋ ਅਤੇ ਕਿਤਾਬਚਾ ਅਸੀ ਵੈਬਸਾਈਟ ਤੇ ਦੁਬਾਰਾ ਪਾ ਦਿਤਾ ਤਾਂ ਕਿ ਕੋਈ ਪੜ੍ਹਨਾ ਚਾਹੇ ਤਾਂ ਪੜ੍ਹ ਲਏ)
















No comments:

Post a Comment