Sunday 27 May 2018

ਕੌਮਾਂ ਦੀ ਤਕਦੀਰ

DESTINY OF A NATION
ਸਿੱਖਾਂ ਦੀ ਤਕਦੀਰ

ਪਸੰਦ ਹਰ ਬੰਦੇ ਦੀ ਆਪਣੀ ਵੱਖਰੀ ਹੀ ਹੁੰਦੀ ਹੈ। ਅਸੀ ਦੋਵੇ ਜੀਅ ਕਦੀ ਇਕੱਠੇ ਬਹਿ ਕੇ ਟੀ ਵੀ ਨਹੀ ਵੇਖਦੇ। ਮਿਸਿਜ ਨੂੰ ਸਟੇਜ ਸ਼ੋਅ ਪਸੰਦ ਨੇ ਤੇ ਮੈਨੂੰ ਡਿਸਕਵਰੀ (ਬੀ.ਬੀ.ਸੀ ਦੇ) ਚੈਨਲ।
 ਪਿਛੇ ਭੈਣ ਜੀ ਘਰ ਆਏ ਤਾਂ ਮਿਸਿਜ਼ ਨੇ ਭੈਣ ਕੋਲ ਆਪਣਾ ਵਿਰੋਧ ਜਿਤਾ ਹੀ ਦਿਤਾ। ਮੈਂ ਓਸ ਵੇਲੇ ਹਿਸਟਰੀ ਚੈਨਲ ਤੇ ਪ੍ਰੋਗਰਾਮ 'ਫੋਰਜਿਡ ਇਨ ਫਾਇਰ' (ਅਹਿਰਣ ਦੇ ਉਤੇ ਤੇ ਵਦਾਣ ਦੀ ਸੱਟ ਤੇ) ਵੇਖ ਰਿਹਾ ਸੀ।
ਭੈਣ ਕਹਿਣ ਲੱਗੀ ਕਿ ਇਹ ਲੁਹਾਰਾ ਪ੍ਰੋਗਰਾਮ ਕਿਓ ਵੇਖ ਰਿਹਾ ਏ? ਮੈਂ ਕਿਹਾ ਭੈਣ ਜੀ ਇਹ ਪ੍ਰਗਰਾਮ ਹੈ ਕਿ ਪੁਰਾਤਨ ਹਥਿਆਰ ਕਿਹੋ ਜਿਹੇ ਹੁੰਦੇ ਸਨ ਤੇ ਅੱਜ ਉਨਾਂ ਨੂੰ ਬਣਾਉਣ ਦਾ ਮੁਕਾਬਲਾ ਹੈ। ਜਿਹੜਾ ਲੁਹਾਰ ਜਿੱਤ ਜਾਂਦਾ ਹੈ ਉਨੂੰ 10000 ਡਾਲਰ (ਪੌਣੇ ਸੱਤ ਲੱਖ ਰੁਪਏ) ਦਾ ਇਨਾਮ ਮਿਲਦਾ ਹੈ। ਮੈਂ ਦੱਸਿਆ ਕਿ ਇਸ ਮੁਕਾਬਲੇ ਵਿਚ ਕਦੀ ਭਾਰਤੀ ਹਥਿਆਰ ਵੀ ਬਣਾਏ ਜਾਂਦੇ ਹਨ। ਕਿਰਪਾਨ, ਖੰਡਾ, ਚੱਕਰ, ਕਟਾਰ, ਕਰਦ, ਕੁਹਾੜੀ, ਖੰਜਰ, ਖੁਖਰੀ ਆਦਿ ਘੜਦੇ ਵੇਖਣ ਵਿਚ ਮੈਨੂੰ ਮਜਾ ਆਉਦਾ ਹੈ। 'ਫੋਰਜਿਡ ਇਨ ਫਾਇਰ' ਵਿਚ ਹਾਲਾਂ ਸਾਰੇ ਮੁਲਕਾਂ ਦੇ ਹਥਿਆਰ ਘੜਨ ਦੇ ਮੁਕਾਬਲੇ ਦਿਖਾਉਦਾ ਹੈ।

ਮੈਂਨੂੰ ਇਹ ਸੁਣ ਕੇ ਚੰਗਾ ਲਗਦਾ ਹੈ ਜਦੋਂ ਮੁਕਾਬਲੇ ਦਾ ਜੱਜ ਡੋ ਮੈਕੈਂਡਾ ਕਿਸੇ ਹਥਿਆਰ ਬਾਰੇ ਟਿੱਪਣੀ ਕਰਦਾ ਹੈ, "ਇਟ ਵਿਲ ਕੱਟ (ਹਾਂ ਇਹ ਤਾਂ ਆਹੂ ਲਾ ਦਉਗਾ)"
ਘਰ ਦੀ ਨੇ ਕਿਹਾ "ਵੇਖਿਆ, ਇਨਾਂ ਹਥਿਆਰ ਘੜ ਕੇ ਕੀ ਕਰਨਾਂ? ਸਾਰਾ ਦਿਨ ਕੁੱਤੇ ਬਿਲੇ, ਬਘਿਆੜ ਹੀ ਵੇਹਦਾ ਭਰਾ ਤੁਹਾਡਾ।"
ਭੈਣ ਚੁੱਪ ਰਹੀ।
ਮੈਨੂੰ ਵੀ ਮੌਕਾ ਮਿਲ ਗਿਆ। ਮੈਂ ਕਿਹਾ ਇਹ ਸਾਰਾ ਦਿਨ ਲੋਕਾਂ ਨੂੰ ਨੱਚਦੇ ਟੱਪਦੇ ਤੇ ਗਾਉਦੇ ਹੀ ਵੇਹਦੀ ਹੈ। ਦੱਸ, ਇਸ ਉਮਰੇ ਇਨੇ ਕੀ ਨਚਣਾ ਹੈ?
ਘਰ ਦੀ ਦਾ ਗੁੱਸਾ ਲੱਗਾ ਸਤਵੇ ਅਸਮਾਨ ਤੇ ਚੜ੍ਹਨ, ਬੋਲੀ;
"ਵੇਖੋ, ਜਿੰਨੇ ਪੰਜਾਬੀ ਚੈਨਲ ਨੇ ਸਭ ਵਧੀਆ ਨੱਚਣ ਗਾਉਣ ਵਾਲੇ ਪ੍ਰੋਗਰਾਮ ਦਿੰਦੇ ਨੇ। ਇਨਾਂ ਨੂੰ ਲੋਕੀ ਪਸੰਦ ਕਰਦੇ ਨੇ ਤਾਂ ਹੀ ਤਾਂ ਅਗਲੇ ਦਿੰਦੇ ਨੇ। ਪਰ ਇਹ ਵੱਡੇ ਅੰਗਰੇਜ ਬਣਦੇ ਨੇ ਡਿਸਕਵਰੀ ਚੈਨਲ ਤੋਂ ਬਗੈਰ ਇਨਾਂ ਨੂੰ ਹੋਰ ਕੋਈ ਪ੍ਰੋਗਰਾਮ ਚੰਗਾ ਹੀ ਨਹੀ ਲਗਦਾ। ਭੈਣ ਜੀ ਤੁਹਾਡਾ ਭਰਾ ਨਾਰਮਲ ਇਨਸਾਨ ਨਹੀ।"ਭੈਣ ਵੀ ਆਖਿਰ ਬੋਲ ਉਠੀ;
"ਵੀਰਾ, ਭਰਜਾਈ ਠੀਕ ਆਖ ਰਹੀ ਹੈ। ਬੰਦਾ ਮਨੋਰੰਜਨ ਲਈ ਟੀ ਵੀ ਵੇਖਦਾ ਹੈ ਤਾਂ ਹੀ ਤੇ ਅਗਲੇ ਨੱਚਣ, ਗਾਉਣ, ਹਾਸੇ ਮਜਾਕ ਵਾਲੇ ਪ੍ਰੋਗਰਾਮ ਦਿੰਦੇ ਨੇ।"
ਫੈਸਲਾ ਆ ਗਿਆ ਸੀ। ਮੈਂ ਚੁੱਪ।
ਮੈ ਸੋਚ ਰਿਹਾ ਸੀ ਪੰਜਾਬ ਕਿੱਧਰ ਜਾ ਰਿਹਾ ਹੈ। ਇਥੋਂ ਦੇ ਟੀ ਵੀ ਚੈਨਲਾਂ ਨੇ ਕਦੀ ਜੀ. ਕੇ ਕਨਟੈਸਟ ਨਹੀ ਵਿਖਾਇਆ, ਇਥੇ ਕਦੀ ਅਬਸਟੇਕਲ ਰੇਸ ਮੁਕਾਬਲਾ ਨਹੀ ਹੁੰਦਾ, ਕਦੀ ਕਿਸੇ ਚੈਨਲ ਨੇ ਅੱਜ ਤਕ ਖੇਡ ਮੁਕਾਬਲਾ ਨਹੀ ਕਰਵਾਇਆ। ਇਥੋ ਦੇ ਟੀ ਵੀ ਨਹੀ ਵਿਖਾਉਣਗੇ ਜੁੱਤੀ ਬਣਾਉਣ ਦਾ ਮੁਕਾਬਲਾ, ਪੁਰਾਣੀ ਖੱਟਾਰਾ ਕਾਰ ਨੂੰ ਨਵੀ ਨਕੋਰ ਬਣਾਉਣਾ, ਪੁਰਾਣੀਆਂ ਵਸਤਾਂ ਇਕੱਠੀਆਂ ਕਰਨਾਂ, ਜਾਨਵਰਾਂ ਕੋਲੋ ਅਲੌਕਿਕ ਕੰਮ ਕਰਾਉਣੇ, ਕਦੀ ਬ੍ਰਿਹਮੰਡ, ਤਾਰਿਆਂ ਬਾਰੇ ਵੀ ਸੋਚਣਾ, ਤਸਵੀਰ ਬਣਾਉਣਾ, ਫਟੋਗ੍ਰਾਫੀ, ਸੈਰ ਸਪਾਟਾ, ਆਦਿ ਆਦਿ।
ਹਾਂ ਇਹ ਕੁਕਰੀ ਦਾ ਮੁਕਾਬਲਾ ਤਾਂ ਵਿਖਾ ਸਕਦੇ ਹਨ ਪਰ ਮੁਸ਼ਕਲ ਇਹ ਹੈ ਕਿ ਸੁਰ-ਤਾਲ ਤੋਂ ਵਿਹਲ ਹੀ ਨਹੀ ਮਿਲਦਾ।
ਦੁਨੀਆ ਦੀ ਸੂਰਬੀਰ ਪੰਜਾਬੀ ਤੇ ਖਾਸ ਕਰਕੇ ਸਿੱਖ ਕੌਮ ਦਾ ਭਵਿਖ ਮੈਨੂੰ ਨਜਰ ਆ ਰਿਹਾ ਸੀ। ਕਿਉਕਿ ਕੌਮਾਂ ਦੇ ਰੁਝਾਨ ਤੋਂ ਉਨਾਂ ਦੀ ਤਕਦੀਰ ਭਾਵ ਕਿਸਮਤ ਜਾਂ ਭਵਿਖ ਦਾ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿਹੜੀ ਕੌਮ ਸੰਘਰਸ਼ ਕਰ ਰਹੀ ਹੁੰਦੀ ਹੈ ਭਵਿਖ ਉਹਦਾ ਹੁੰਦਾ ਹੈ।ਪਰ ਜਿਹੜੀ ਕੌਮ ਐਸ਼ੋ ਅਰਾਮ ਵਿਚ ਪੈ ਜਾਂਦੀ ਹੈ ਉਹਦਾ ਵਜੂਦ ਖਤਮ ਹੋ ਜਾਂਦਾ ਹੈ। ਦੁਨੀਆਂ ਵਿਚ ਹਜ਼ਾਰਾਂ ਨਹੀ, ਲੱਖਾਂ ਕੌਮਾਂ ਐਸ ਵਿਚ ਪੈ ਕੇ ਗਰਕ ਚੁੱਕੀਆਂ ਹਨ, ਉਨਾਂ ਦਾ ਨਾਮੋ ਨਿਸ਼ਾਨ ਮਿੱਟ ਚੱਕਾ ਹੈ। ਅੰਗਰੇਜ ਐਸ਼ੋ ਅਰਾਮ ਵੀ ਕਰਦੇ ਨੇ ਪਰ ਆਪਣੀਆਂ ਸੰਘਰਸ਼ੀਲ ਕਾਰਵਾਈਆਂ ਨਾਲੋ ਨਾਲ ਜਾਰੀ ਰੱਖਦੇ ਨੇ। ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਓਨਾਂ ਜਥੇਬੰਦੀਆਂ ਨੂੰ ਅੰਦਰਖਾਤੇ ਮਦਦ ਦਈ ਜਾਣ ਜੋ ਸੰਘਰਸ਼ ਕਰ ਰਹੀਆਂ ਨੇ।
ਅੱਜ ਮੁਹੰਮਦ ਇਕਬਾਲ ਦਾ ਸ਼ੇਅਰ ਯਾਦ ਕਰਦਾ ਹਾਂ:
ਮੈਂ ਤੁਝ ਕੋ ਬਤਾਤਾ ਹੂੰ।
ਤਕਦੀਰ ਇ ਉਮਾਂ ਕਿਆ ਹੈ।
ਸ਼ਮਸ਼ੀਰ ਓ ਸਨਾਅ ਅੱਵਲ।
ਤਾਉਸ ਓ ਰਬਾਬ ਆਖਿਰ।
(ਸਿੱਧੇ ਲਫਜਾਂ 'ਚ :- ਕੌਮਾਂ ਦੀ ਤਕਦੀਰ। ਗੱਲ ਸਿਰਫ ਦੋ ਲਾਈਨਾਂ ਦੀ ਹੈ। ਭਈ, ਕੌਮ ਉਠਦੀ ਹੈ ਡਾਂਗ ਦੇ ਸਿਰ ਤੇ ਅਤੇ ਫਿਰ ਘੁੰਗਰੂ ਤੇ ਢੋਲਕੀ ਤੇ ਆ ਕੇ ਬਸ ਹੋ ਜਾਂਦੀ ਹੈ। ਭਾਵ ਜਿਹੜੀ ਕੌਮ ਜੱਦੋਜਹਿਦ ਕਰਦੀ ਹੈ ਉਹ ਜੀਂਦੀ ਹੈ ਤੇ ਜਿਹੜੀ ਅਯਾਸ਼ੀ ਵਿਚ ਪੈ ਜਾਵੇ ਉਹ ਮੁੱਕ ਜਾਂਦੀ ਹੈ।)
(ਵੀਰੋ ਪੋਸਟ ਸ਼ੇਅਰ ਕਰਨ ਦੀ ਆਦਤ ਪਾਓ। ਇਸ ਵਿਚ ਸ਼ਰਮ ਵਾਲੀ ਕੋਈ ਗਲ ਨਹੀ)
No comments:

Post a Comment