Sunday 11 February 2018

ਗੱਲਾਂ ਨਾਂ ਰਹੀਆਂ। ਓਹ ਬਾਤਾਂ ਨਾਂ ਰਹੀਆ।

OH GALLAN NA RAHIA OH BATAN NA RAHIAN

ਕੱਛ ਵਿਚ ਜੁੱਤੀ ਤੇ ਲੰਮੀਆਂ ਉਡਾਰਾਂ।

ਕਿਸੇ ਪਾਕਿਸਤਾਨੀ ਸ਼ਾਇਰ ਨੇ 'ਗੱਲਾਂ ਨਾਂ ਰਹੀਆਂ, ਉਹ ਬਾਤਾਂ ਨਾਂ ਰਹੀਆਂ' ਦੇ ਨਾਂ ਹੇਠ ਪੁਰਾਣੇ ਪੰਜਾਬ ਦੀ ਤਸਵੀਰ ਬਹੁਤ ਹੀ ਖੂਬਸੂਰਤੀ ਨਾਲ ਖਿੱਚੀ ਹੈ।ਜਿੰਨਾਂ ਨੇ 1950-60 ਦਹਾਕੇ ਵੇਖੇ ਨੇ ਪੜ੍ਹ ਕੇ ਉਹ ਗਦ ਗਦ ਕਰ ਉਠਣਗੇ।ਅਸਾਂ ਇਸ ਕੁਤਕੁਤਾਰੀ ਤੇ ਮੁਸਕਰਾਹਟ ਨੂੰ ਗੁਰਮੁਖੀ ਵਿਚ ਟਾਈਪ ਕਰ ਦਿਤਾ ਹੈ।ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।
ਓਹ ਮੇਲੇ ਓਹ ਘੋਲਾਂ।
ਓਹ ਕੌਡੀ ਓਹ ਪਾਣੀ।
ਓਹ ਵੀਣੀ ਉਹ ਫੜਨੀ।
ਓਹ ਬੁਕਰ ਦੀ ਟਾਹਣੀ।
ਓਹ ਭੰਗੜਾ ਪਾਣਾਂ।
ਤੇ ਬਾਂਸਰੀ ਵਜਾਣੀ।
ਸਵਾਰਾਂ ਦੇ ਨੇਜ਼ੇ।
ਤੇ ਘੋੜੀ ਭਜਾਣੀ।
ਮੁੰਡਿਆਂ ਨੇ ਅਖਾੜੇ 'ਚ
ਤਾਕਤ ਅਜਮਾਣੀ।
ਦੇਸੀ ਖੁਰਾਕਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਉਹ ਮੂੰਜੀ ਦੀ ਫਸਲ।
ਵੱਢਣੀ ਤੇ ਫੰਡਣੀ।
ਬੋਹਲ 'ਚੋਂ ਜੁਆਕਾਂ ਨੂੰ
ਰੇੜੀ ਵੀ ਵੰਡਣੀ।
ਪੱਗ ਲਾ ਕੇ ਸਿਰ ਤੋਂ
ਕਿੱਲੀ ਤੇ ਟੰਗਣੀ।
ਕੁਹਾੜੀ ਤੇ ਰੰਭੀ
ਘਰ ਵਿਚ ਹੀ ਚੰਡਣੀ।
ਉਹ ਬੁੱਢਾ ਓਹ ਬਾਬਾ
ਬੰਨ ਕੇ ਮੜਾਸਾ।
ਪਿਆ ਫੇਰੇ ਤਰੰਗਲ
ਕਵਾਸਾ ਕਵਾਸਾ।
ਮਾਝਾ ਓਹ ਗਾਮਾ।
ਕਰਤਾਰਾ ਵਸਾਖਾ।
ਪੱਠਿਆਂ ਦੇ ਪੂਲੇ ਨੂੰ
ਫੇਰੇ ਗੰਡਾਸਾ।
ਓਹ ਅੱਖੀਆਂ 'ਚ ਸੁਰਮਾ
ਤੇ ਬੁੱਲੀਆਂ 'ਚ ਹਾਸਾ
ਹੋਠਾਂ ਤੇ ਮਲਣਾ
ਸੱਕ ਦਾ ਗੰਡਾਸਾ।
ਓਹ ਛੰਨੇ ਓਹ ਥਾਲ
ਪਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਨਾਂ ਪਉਡਰ ਨਾਂ ਸੁਰਖੀ
ਨਾਂ ਲਾਲੀ ਹੀ ਲਾਣਾ।
ਲਾਲ ਸੂਹਾ ਜੋੜਾ
ਵਹੁਟੀ ਨੇ ਪਾਣਾ।
ਕਾਲੇ ਜਿਹੇ ਬੁਰਕੇ 'ਚ
ਵਹੁਟੀ ਨੇ ਜਾਣਾ।
ਵਿਛੋੜਾਂ ਨਾਂ ਸਹਿੰਦੀ
ਢਾਹਾਂ ਪਈ ਮਾਰੇ।
ਪਿੰਡ ਦੇ ਲੋਕੀ ਵੀ
ਰੋਣ ਪਏ ਸਾਰੇ।
ਉਹ ਕੰਮੀ ਉਹ ਲਾਗੀ
ਉਹ ਜਾਚਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਨਾਂ ਗਾਜਰ ਦਾ ਹਲਵਾ
ਨਾਂ ਖਿਰਨੀ ਪਕਾਣੀ।
ਜੰਞ ਨੂੰ ਜਲੇਬੀਆਂ ਤੇ
ਚਾਹ ਹੀ ਪਿਆਣੀ।
ਚਾਹ ਵਿਚ ਹੋਣਾ
ਗੁੜ ਦਾ ਮਿੱਠਾ।
ਵਹੁਟੀ ਹੋਣੀ ਲੰਮੀ
ਤੇ ਲਾੜਾ ਹੋਣਾ ਗਿੱਠਾ।
ਚੁਬਾਰੇ 'ਚ ਜੰਞ
ਰਾਤੀ ਪਈ ਟਿਕਾਣੀ।
ਕੁੜੀਆਂ ਪਏ ਘੜੇ ਤੇ
ਡੋਹਣੀ ਵਜਾਣੀ।
ਮਤ੍ਹਾਬੇ ਮਿਰਾਸੀ ਨੇ
ਹੀਰ ਪਈ ਸੁਣਾਣੀ।
ਕੁੜੀਆਂ ਪਾਉਣਾ ਗਿੱਧਾ
ਤੇ ਨਾਲ ਬੋਲੀ ਪਾਣੀ।
ਉਹ ਡੋਲੀ ਕਹਾਰ
ਤੰਬੂ ਕਨਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਪਿੰਡ ਦੇ ਸਕੂਲਾਂ ਦਾ
ਹੁੰਦਾ ਸੀ ਰੌਲਾ।
ਨਾਂ ਬੂਹਾ ਨਾਂ ਬਾਰੀ,
ਨਾਂ ਚੰਨਾ ਨਾਂ ਕੌਲਾ।
ਪੂਰੇ ਸਕੂਲ 'ਚ
ਇਕੋ ਇਕ ਟੀਚਰ।
ਨਾਂ ਚੌਕੀ ਨਾਂ ਦਰੀਆਂ
ਨਾਂ ਹੋਣਾ ਫਰਨੀਚਰ।
ਤੇਗਵਾਲੀ ਮਾਸਟਰ ਨੇ
ਡੰਡਾ ਘੁਮਾਉਣਾ।
ਸੌ ਸੌ ਨਿਆਣਿਆਂ ਨੂੰ
ਇਕੱਲਿਆਂ ਪੜਾਉਣਾ।
ਓਹ ਪੱਟੀਆਂ ਉਹ ਕਲਮਾਂ
ਦਵਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਛੱਪੜਾਂ 'ਚ ਨਾਉਣਾ
ਤੇ ਚੂਪਣੇ ਗੰਨੇ।
ਪਿੰਡ ਦੀਆਂ ਬੋਹੜਾਂ 
ਉਹ ਲੱਸੀਆਂ ਦੇ ਛੰਨੇ।
ਬੇਲੇ 'ਚ ਛੇੜੂਆਂ ਦਾ
ਮੱਝੀਆਂ ਚਰਾਉਣਾ।
ਰਾਤੀ ਪੀਣੇ ਡੋਕੇ
ਤੇ ਬਹਿਕਾਂ ਤੇ ਸੌਣਾ।
ਉਹ ਮਾਈਆਂ ਉਹ ਚਰਖੇ
ਉਹ ਕਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਸ਼ਾਦੀ ਕਰਾਣੀ, ਪੁਰਾਣਾ ਸੀ ਵੇਲਾ
ਪਿੰਡ ਵਿਚ ਜਾਪਣਾ
ਜਿਵੇ ਕੋਈ ਮੇਲਾ।
ਹਫਤਾ ਪਹਿਲਾਂ
ਪ੍ਰਾਹੁਣਿਆ ਦਾ ਆਉਣਾ।
ਬੰਦੇ ਕਹਿਣਾ ਥੋੜੇ
ਤੇ ਬਹੁਤਿਆਂ ਆ ਜਾਣਾ।
ਵਿਆਹ 'ਚ ਬੰਦਿਆਂ ਨੇ
ਰੁੱਸ ਰੁੱਸ ਜਾਣਾ
ਪੈਰੀ ਹੱਥੀ ਪੈ ਪੈ
ਉਨਾਂ ਨੂੰ ਮਨਾਉਣਾ।
ਰਾਤੀ ਬਹਿ ਕੇ ਦਰਜੀ ਤੋ
ਕਪੜੇ ਸੁਵਾਉਣੇ।
ਬੀੜੇ ਜਾ ਕੇ ਸ਼ਹਿਰੋਂ
ਆਪੇ ਲਿਆਉਣੇ।
ਪ੍ਰਾਣੀ ਤੇ ਖਵਾਣੀ
ਬਲੀਮੇ ਵਾਲੀ ਰੋਟੀ
ਸ਼ੋਰਬਾ ਹੋਣਾ ਬਹੁਤਾ
ਤੇ ਇਕੋ ਇਕ ਬੋਟੀ।
ਰੋਟੀ ਖਾ ਕੇ ਦੇਣਾ
ਮੁਛਾਂ ਨੂੰ ਵੱਟ।
ਕਰਨੀਆਂ ਗੱਲਾਂ ਕਿ
ਰੱਜਿਆ ਜੇ ਜੱਟ।
ਉਹ ਲਾੜੇ ਉਹ ਡੋਲੀ
ਬਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਨਾਂ ਬਲੱਡ ਪ੍ਰੈਸ਼ਰ
ਨਾਂ ਗਿਟਿਆਂ 'ਚ ਪੀੜਾਂ।
ਦੇਸੀ ਦਵਾਵਾਂ
ਮੁਰੱਬੇ ਹਰੀੜਾਂ।
ਬੁੱਢਿਆਂ ਨੇ ਸਿਰ ਤੇ
ਮਹਿੰਦੀ ਲਵਾਣੀ।
ਸੱਸਾਂ ਨੇ ਨਹੁੰਆਂ ਤੋ
ਗੁੱਤ ਸ਼ੁੱਤ ਕਰਾਣੀ।
ਪੀਣੇ ਅਧਰਿੜਕੇ
ਸਵੇਰੇ ਸਵੇਰੇ।
ਜੋਅ ਲੈਣੇ ਢੱਗੇ
ਹਨੇਰੇ ਹਨੇਰੇ।
ਬਾਜਰੇ ਜਵਾਰਾ
ਮਕੱਈਆਂ ਨਾਂ ਰਹੀਆਂ।
ਫੁੱਲਾਂ ਵਰਗੀਆਂ
ਉਹ ਦੇਹੀਆਂ ਨਾਂ ਰਹੀਆਂ।
ਉਹ ਰਾਂਝੇ ਉਹ ਹੀਰਾਂ
ਉਹ ਮਹੀਆਂ ਨਾਂ ਰਹੀਆਂ।
ਉਹ ਵਾਣੇ ਤਰਿੰਗਲ
ਕਹੀਆਂ ਨਾਂ ਰਹੀਆਂ।
ਖੂਹਾਂ ਦੇ ਪਾਣੀ
ਬਰਸਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਹਾਲੀਆਂ ਨੂੰ ਹਲਾਂ ਵਿਚ
ਭੱਤਾ ਪਹੁੰਚਾਣਾ।
ਸਿਰ ਤੇ ਹੋਣੀ ਰੋਟੀ
ਤੇ ਕੁਛੜ ਅੰਞਾਣਾ।
ਹਲ ਸ਼ਲ ਵਾਣੇ
ਉਹ ਢੱਗਿਆਂ ਦੀ ਜੋੜੀ।
ਉਹ ਅਲਸੀ ਦੀ ਪਿੰਨੀ।
ਉਹ ਗੁੜ ਵਾਲੀ ਰੋੜੀ।
ਮਕੱਈ ਦੀ ਰੋਟੀ
ਸਾਗ ਨਾਲ ਖਾਣੀ।
ਦੇਸੀ ਘਿਓ ਵਿਚ
ਸ਼ੱਕਰ ਜੁ ਪਾਣੀ।
ਬਾਜਰੇ ਦੇ ਢੋਡੇ।
ਸੁਗਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਅੱਖ ਵਿਚ ਹਯਾ
ਨਾਲੇ ਇੱਜਤ ਵੀ ਕਰਨੀ।
ਵਹੁਟੀ ਨੇ ਗਲ
ਸੱਸ ਸਹੁਰੇ ਦੀ ਜਰਨੀ।
ਸ਼ਾਹ ਵੇਲੇ ਉੱਠ ਕੇ
ਰੋਟੀ ਪਕਾਣੀ।
ਸਵੱਖਤੇ ਸਵੱਖਤੇ ਉਠ ਕੇ
ਮਧਾਣੀ ਚਲਾਣੀ।
ਮੁੰਡਿਆਂ ਨੇ ਖੇਡਣੀ
ਰਾਤਾਂ ਨੂੰ ਲੋਹੜੀ।
ਨਾਂ ਵੱਜਣਾ ਕੋਈ ਡਾਕਾ
ਨਾਂ ਹੋਣੀ ਕੋਈ ਚੋਰੀ।
ਉਹ ਚੰਗੀਆਂ ਸਵੇਰਾਂ
ਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਨਾਂ ਕੋਪਾਂ ਕਲਾਸ਼ਾਂ
ਨਾਂ ਹੋਣੇ ਕੋਈ ਠਾਣੇ।
ਪਰਿਆਂ ਪਚੈਤਾਂ ਨੇ
ਰੱਫੜ ਮਿਟਾਣੇ।
ਬੋਹੜ ਹੇਠਾਂ ਬੰਦਿਆਂ ਨੇ
ਮੰਜੇ ਚਾ ਢਾਹਣੇ।
ਜਵਾਕਾਂ ਨੇ ਇਕ ਦੂਏ ਦੇ
ਬਾਂਟੇ ਚਰਾਣੇ।ਇਕ ਮੁੱਠ ਹੋਣਾਂ
ਨਾਂ ਹੋਣਾ ਕੋਈ ਪਰਾਇਆ।
ਉਹ ਬੇਬੇ ਉਹ ਮਾਸੀ
ਉਹ ਚਾਚਾ ਉਹ ਤਾਇਆ।
ਗੱਲਾਂ 'ਚ ਖੁਸ਼ਬੂ
ਉਹ ਮਿਠਾਸਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਖੇਡਾਂ 'ਚ ਗੁੱਡੀਆਂ
ਪਟੋਲੇ ਸ਼ਟਾਪੂ।
ਨਾਂ ਹੋਣਾਂ ਕੋਈ ਫੈਸ਼ਨ
ਨਾਂ ਕੁੜੀਆਂ ਚਲਾਕੂ।
ਨਾਂ ਮੋੜੇ ਕੋਈ ਬੇਬੇ
ਨਾਂ ਝਿੜਕੇ ਬਾਪੂ।
ਉਹ ਗੁੱਲੀਆਂ ਡੰਡੇ
ਛਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਪਿੰਡ ਦੀਆਂ ਨਹੁੰਆਂ ਨੇ
ਘੁੰਡ ਸ਼ੁੰਡ ਕੱਢਣੇ।
ਨਿਆਣੇ ਵੀ ਸਾਂਭਣੇ
ਤੇ ਪੱਠੇ ਵੀ ਵੱਢਣੇ।
ਵੱਢ ਕੇ ਪੱਠੇ
ਸਿਰ ਤੇ ਲਿਆਣੇ।
ਕਰ ਕੇ ਗਤਾਵਾਂ
ਡੰਗਰਾਂ ਨੂੰ ਪਾਣੇ।
ਸੱਸ ਨਾਲ ਜਾ ਕੇ
ਤਕਲੇ 'ਚ ਪਾਣੇ।
ਛਈਂ ਛਈਂ ਮਹੀਨੀ
ਕਪੜੇ ਸਵਾਣੇਂ।
ਓਹ ਮੋਹਲਾ ਉਹ ਉਖਲੀ
ਉਹ ਚੱਕੀ ਉਹ ਦਾਣੇ।
ਵਿਆਹਾਂ ਦੀ ਭਾਜੀ
ਪਤਾਸੇ ਮਖਾਣੇ।
ਉਹ ਬੁੱਢੀਆਂ ਵੀ ਚੰਗੀਆਂ
ਤੇ ਬੰਦੇ ਵੀ ਭੋਲੇ।
ਨਾਂ ਲਹਿੰਗਾ ਨਾਂ ਕੁੜਤੀ
ਨਾਂ ਘੱਗਰੀ ਨਾਂ ਚੋਲੇ।
ਉਹ ਦਰਜੀ ਉਹ ਕੈਂਚੀ
ਉਹ ਕਾਟਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਉਹ ਖੱਡੀਆਂ ਗਲੀਚੇ
ਉਹ ਪੂਣੀ ਉਹ ਤੰਦਾਂ।
ਮਿੱਟੀ ਦੇ ਕੋਠੇ
ਤੇ ਕੱਚੀਆਂ ਕੰਧਾਂ।
ਕੰਧਾਂ ਤੇ ਵਾਉਣੇ
ਮਾਈਆਂ ਨੇ ਬੂਟੇ।
ਉਹ ਪਰਾਲੀ ਦੇ ਬਿੰਨੇ
ਹੁੱਕਿਆਂ ਦੇ ਸੂਟੇ।
ਪਿੱਪਲ ਧਰੇਕਾਂ ਤੇ
ਅੰਬਾਂ ਦੇ ਬੂਟੇ।
ਉਹ ਸ਼ਰਮਾਂ ਹਯਾਵਾਂ
ਤੇ ਪੀਘਾਂ ਦੇ ਝੂਟੇ।
ਉਹ ਤਾਅਲਕ
ਆਸਾਂ ਉਮੀਦਾਂ ਨਾਂ ਰਹੀਆਂ
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਉਹ ਕੱਚਾ ਬਰਾਂਡਾ ਤੇ
ਲਕੜੀ ਦੀ ਬਾਰੀ।
ਉਹ ਸਿਰਕੀ ਉਹ ਕਾਂਨੇ
ਕੱਚੀ ਪਸਾਰੀ।
ਪਸਾਰੀ 'ਚ ਹੋਣਾ
ਮਿੱਟੀ ਦਾ ਝੁੱਲਾ।
ਉਹ ਪਾਥੀ ਉਹ ਢਕਲੇ
ਉਹ ਧੂਂਏ ਦਾ ਬੁੱਲਾ।
ਪਸਾਰੀ ਵੀ ਖੁੱਲੀ
ਤੇ ਵਿਹੜਾ ਵੀ ਖੁੱਲਾ
ਉਹ ਮਾਝਾ ਗਾਮਾ
ਦੀਨਾ ਤੇ ਬੁੱਲ੍ਹਾ।
ਉਹ ਖੁਸ਼ੀਆਂ ਉਮੀਦਾਂ
ਸ਼ਿਵਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਨਾਂ ਮੋਟਰ ਨਾਂ ਗੱਡੀਆਂ
ਨਾਂ ਰਕਸ਼ੇ ਨਾਂ ਕਾਰਾਂ।
ਕੱਛ ਵਿਚ ਜੁੱਤੀ ਤੇ
ਲੰਮੀਆਂ ਉਡਾਰਾਂ।
ਉਹ ਖੁੱਲੀਆਂ ਹਵਾਵਾਂ
ਮੌਜਾਂ ਬਹਾਰਾਂ।
ਨਾਂ ਲੱਭਦਾ ਕੋਈ ਮੈਰਾ
ਨਾਂ ਲੱਭਦੀ  ਕੋਈ ਰੋਈ।
ਬਸੈਂਤਰ ਨਾਂ ਡਬਰਾਂ
ਨਾਂ ਛੱਪੜ ਨਾਂ ਸੋਈ।
ਉਹ ਡੇਕਾਂ ਉਹ ਪਾਣੀ
ਉਹ ਠਾਠਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਪਾਣੀ ਨੂੰ ਜਾਣੇ
ਕੁੜੀਆਂ ਦੇ ਟੋਲੇ।
ਖੇਡਣੇ ਲੁੱਕ ਕੇ
ਗੁਡੀਆਂ ਪਟੋਲੇ।
ਪਿੰਡ ਵਿਚ ਲਗਣਾ
ਪੀਰਾਂ ਦਾ ਮੇਲਾ।
ਭੇਡਾਂ ਦਾ ਇੱਜੜ
ਮੋਡੇ ਤੇ ਲੇਲਾ।
ਮੇਲੇ ਤੇ ਆਉਣੀ
ਦੂਰੋਂ ਖੁਦਾਈ।
ਉਹ ਖੇਡਾਂ ਤਮਾਸ਼ੇ
ਪੈਣੀ ਦੁਹਾਈ।
ਇੱਜੜ ਪੈਣਾ
ਤੇ ਮੰਡੇ ਪਕਾਣੇ।
???
ਲੋਕਾਂ ਨੂੰ ਖਵਾਣੇ।
ਵਾਲਾਂ ਨੂੰ ਪਾਣੇ
ਪੂਣੀਆਂ ਪਰਾਂਦੇ।
ਉਜੜ ਜਾਂਦੇ ਮਾਪੇ
ਕੁੜੀਆਂ ਵਸਾਂਦੇ।
????
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਘਰ ਆਏ ਸਹੁਰੇ ਨੇ
ਬਾਹਰੋ ਈ ਖੰਘਣਾਂ।
ਨਹੁੰਆਂ ਘੁੰਡ ਕੰਢਣੇ
ਤੇ ਸ਼ਰਮ ਨਾਲ ਸੰਗਣਾਂ।
ਉਹ ਝਿੜਕਾਂ ਉਹ ਬਾਬਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

ਅੱਜ ਉਹ ਵੇਲੇ
ਮੈਂ ਕਿਵੇ ਭੁਲਾਵਾਂ
ਪਿਛਲੀਆਂ ਯਾਦਾਂ ਦੇ
ਦੀਵੇ ਜਗਾਵਾਂ।
ਉਹ ਚਿੱਠੀਆਂ ਲਫਾਫੇ
ਡਾਕਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆ।

(ਕਿਸੇ ਪਾਕਿਸਤਾਨੀ ਸ਼ਾਇਰ ਦੀ  ਇਹ ਸ਼ਾਇਰੀ ਮੇਰਾ ਦਿੱਲ ਛੂਹ ਗਈ ਹੈ। ਬਚਪਨ ਵਿਚ (1950-60 ਵੇ ਦਹਾਕੇ ਵਿਚ) ਅਸਾਂ ਇਹੋ ਕੁਝ ਵੇਖਿਆ ਹੈ। - ਬੀ.ਐਸ.ਗੁਰਾਇਆ)No comments:

Post a Comment