Wednesday 3 January 2018

ਬੁਝਾਰਤ - 'ਜੀਤ' ਅਤੇ 'ਜੀ' ਦਾ ਕੀ ਮਤਲਬ

ANSWER OF QUIZ  ਬੁਝਾਰਤ ਦਾ ਜਵਾਬ
WHAT IS THE ROOT OF NAMES SUFFIX 'JEET' AND SALUTATION 'JI'
ਬੁਝਾਰਤ - 'ਜੀਤ' ਅਤੇ 'ਜੀ' ਦਾ ਕੀ ਮਤਲਬ


ਕਲ੍ਹ ਅਸੀਂ ਜਵਾਨ ਪਾਠਕਾਂ ਕੋਲੋ ਸਵਾਲ ਪੁਛਿਆ ਸੀ ਕਿ ਪੰਜਾਬੀ ਨਾਵਾਂ ਦੇ ਅੰਤ ਵਿਚ ਜਿਹੜਾ 'ਜੀਤ' ਆਉਦਾ ਹੈ, ਜਿਵੇ ਸਰਬਜੀਤ, ਇੰਦਰਜੀਤ, ਸੁਖਜੀਤ, ਗੁਰਜੀਤ ਆਦਿ ਇਹਦਾ ਕੀ ਮਤਲਬ?

ਬਹੁਤੇ ਵੀਰਾਂ ਨੇ ਇਸ ਬਾਬਤ ਇਹੋ ਜਵਾਬ ਦਿਤਾ ਕਿ 'ਜੀਤ' ਸਾਡੀ ਚੜ੍ਹਦੀ ਕਲ੍ਹਾ ਦਾ ਪ੍ਰਤੀਕ ਹੈ, ਜੀਤ ਮਾਇਨੇ 'ਜਿੱਤ'। ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਵਿਚਰਨ ਵਾਲੀ ਕੌਮ ਵਾਸਤੇ ਇਹ ਫਖਰ ਵਾਲੀ ਗਲ ਹੈ ਕਿ ਇਹ 'ਜੀਤ' ਪਿਛੇਤ੍ਰ ਦੇ ਮਾਇਨੇ ਜਿੱਤ ਵਜੋਂ ਲੈਂਦੇ ਹਨ। ਅੱਜ ਕਲ ਜਦੋਂ ਵੀ ਇਹ ਆਪਣੇ ਨਵ-ਜੰਮੇ ਬੱਚੇ ਨੂੰ ਨਾਂ ਦਿੰਦੇ ਹਨ ਤਾਂ ਪਿਛੇਤ੍ਰ ਜੀਤ ਤੋਂ ਮਤਲਬ ਜਿਤ ਗਿਣਕੇ ਹੀ ਦਿੰਦੇ ਹਨ। ਹਾਲਾਂ ਜਦੋਂ ਇਹ ਨਾਮ-ਪਿਛੇਤ੍ਰ ਸ਼ੁਰੂ ਹੋਇਆ ਸੀ ਉਦੋਂ ਇਹਦੇ ਮਾਇਨੇ ਕੁਝ ਹੋਰ ਸਨ।
ਦਰ ਅਸਲ ਇਹ ਸਵਾਲ ਇਤਹਾਸ ਦਾ ਹੈ। ਭਾਰਤੀ ਇਤਹਾਸ 'ਚ ਲਗਪਗ ਹਰ ਖਾਨਦਾਨ ਦੇ ਰਾਜੇ ਅਮੂਮਨ ਆਪਣੇ ਤਖੱਲਸ ਸੂਰਜ ਜਾਂ ਚੰਦਰਮਾਂ ਦੇ ਨਾਂ ਨਾਲ ਰਖਦੇ ਸਨ। ਮਿਸਾਲ ਵਜੋ ਰਾਜਾ ਵਿਕਰਮਾ ਦਿਤਿਆ (ਵਿਕਰਮ- ਜਿੱਤ, ਦਿੱਤਯ- ਸੂਰਜ) ਵਜਿੰਦਰ ਦਿਤਿਆ, ਗੰਧਾਰਾ ਦਿਤਿਆ (950-957 ਈ. ਰਾਸ਼ਟ੍ਰਕੂਤ) ਵਿਨੇ ਦਿਤਿਆ (978-981 ਈ. ਉੜੀਸਾ) ਜਯੋਤਿਰ-ਦਿਤਿਆ ਸਿੰਧੀਆ (ਮੌਜੂਦਾ) ਆਦਿ ਆਦਿ। ਦਰ ਅਸਲ ਅੱਜ ਤੋਂ ਕੋਈ ਦੋ ਢਾਈ ਹਜਾਰ ਵਰ੍ਹੇ ਪਹਿਲਾਂ ਭਾਰਤ ਵਿਚ ਇਕ ਰਾਜਾ ਵਿਕਰਮਾਦਿਤਿਆ ਹੋਇਆ ਜੋ ਬਹੁਤ ਹੀ ਇਨਸਾਫ ਪਸੰਦ ਸੀ। ਉਹ ਏਨਾਂ ਮਸ਼ਹੂਰ ਹੋ ਗਿਆ ਕਿ ਬਾਦ ਵਿਚ ਰਾਜਿਆਂ ਨੇ ਆਪਣੇ ਤਖੱਲਸ ਹੀ ਉਹਦੇ ਨਾਂ ਤੇ ਰਖਣੇ ਸ਼ੁਰੂ ਕਰ ਦਿਤੇ: ਮਹਾਰਾਜ ਧੀਰਾਜ ਮਹਿੰਦਰ ਵਿਕਰਮਾਦਿਤਿਆ। ਮਹਾਰਾਜ ਸੁਧ੍ਰਸੈਨ ਵਿਕਰਮਾਦਿਤਿਆ। ਉਹ ਤਾਂ ਹਰ ਥਾਂ ਹੀਰੋ ਬਣ ਗਿਆ ਜਾਂ ਕਿੱਸਾ ਬਣ ਗਿਆ।
ਭਾਈ ਜੇ ਰਾਜੇ ਆਪਣੇ ਨਾਂ ਨਾਲ ਦਿਤਿਆ ਲਾ ਸਕਦੇ ਨੇ ਆਮ ਬੰਦਾ ਕਿਓ ਨਹੀ। ਆਮ ਲੋਕਾਂ ਨੇ ਵੀ ਨਾਵਾਂ ਨਾਲ ਦਿਤਿਆ ਲਾਉਣਾ ਸ਼ੁਰੂ ਕਰ ਦਿਤਾ। ਪਰ ਜਦੋ ਲੋਕ ਪ੍ਰਵਾਹ ਚਲਦਾ ਹੈ ਤਾਂ ਫਿਰ ਵਿਆਕਰਨ ਵਗੈਰਾ ਦੇ ਅਸੂਲਾਂ ਨੂੰ ਹੜ੍ਹ ਵਾਗੂ ਨਾਲ ਵਹਾ ਕੇ ਲੈ ਜਾਂਦਾ ਹੈ। ਵਿਕਰਮਾ ਦਿਤਿਆ ਬਣ ਜਾਂਦਾ ਹੈ ਵਿਕਰਮ ਜੀਤ। ਲੋਕਾਂ ਨੇ ਤਾਂ ਉਹ ਲਫਜ ਵਰਤਿਆ ਜੋ ਸੌਖ ਨਾਲ ਮੂੰਹ ਤੇ ਚੜ੍ਹ ਜਾਵੇ। ਜਿਵੇ ਅੰਗਰੇਜਾਂ ਵੇਲੇ ਸੈਕਰੇਟਰੀ ਦਾ ਸਕੱਤਰ ਬਣ ਜਾਂਦਾ ਹੈ। ਲਾਰਡ ਦਾ ਲਾਟ ਬਣ ਜਾਂਦਾ (ਟੁੰਡੀ ਲਾਟ)। ਜਿਵੇ ਸਾਡੇ ਮਲਵੱਈ ਭਰਾ 'ਬ' ਤੇ 'ਵ' ਦੀ ਅਵਾਜ ਵਿਚ ਫਰਕ ਨਹੀ ਦੱਸ ਸਕਦੇ। ਜਿਵੇ ਪੰਜਾਬ ਵਿਚ ਕਸ਼ੱਤਰੀਆ ਦਾ ਅਗਲੇ ਖੱਤਰੀ ਬਣਾ ਲੈਂਦੇ ਨੇ। ਇਹ ਸਿਰਫ ਪੰਜਾਬੀ ਦਾ ਹੀ ਨਹੀ ਹਰ ਕੌਮ ਵਿਚ ਥੋੜਾ ਬਹੁਤ ਇਹ  ਤੱਤ ਤਾਂ ਰਹਿੰਦਾ ਹੈ। ਪਿਛੇ ਅਸੀ ਤੁਹਾਨੂੰ ਇਤਹਾਸ 'ਚੋਂ ਦੱਸਿਆ ਕਿ ਕਿਵੇ ਚੀਨਾ ਦਾ ਛੀਨਾ ਬਣ ਜਾਂਦਾ ਹੈ। ਮੁਲਤਾਨੀ ਦਾ ਮੱਲ੍ਹੀ ਬਣ ਜਾਂਦਾ ਹੈ। ਖੁਰਾਸਾਨੀ ਦਾ ਖੁਰਾਨਾ ਬਣ ਜਾਂਦਾ ਹੈ।
ਠੀਕ ਹੈ ਅੱਜ ਆਪਾਂ ਜੀਤ ਤੋਂ ਮਤਲਬ ਜਿੱਤ ਜਾਂ ਫਤਹਿ ਲੈਂਦੇ ਹਾਂ ਪਰ ਇਹਦੀ ਸ਼ੁਰੂਆਤ ਦਿਤਿਆ ਤੋਂ ਹੋਈ ਸੀ। ਸੋ ਜਿਹੜੇ ਜਿਹੜੇ ਆਪਣੇ ਨਾਂ ਨਾਲ ਜੀਤ ਲਾਈ ਫਿਰਦੇ ਹੋ ਤੁਸੀ ਆਪਣੇ ਆਪ ਨੂੰ ਰਾਜਾ ਬਿਕਰਮਜੀਤ ਨਾਲ ਜੋੜ ਰਹੇ ਹੁੰਦੇ ਹੋ।
ਹੁਣ ਆਓ 'ਜੀ' ਤੇ।
ਭਾਈ ਗਲ ਸਿੱਧੀ ਜਿਹੀ ਹੈ ਪੁਰਾਤਨ ਸਮਿਆਂ ਵਿਚ ਜਦੋਂ ਕਿਸੇ ਨੂੰ ਸਤਿਕਾਰ ਦਿਤਾ ਜਾਂਦਾ ਸੀ ਤਾਂ ਸ਼੍ਰੀ ਨਾਲ ਲਾ ਲਿਆ ਜਾਂਦਾ ਸੀ। 'ਪਿਤਾ ਸ਼੍ਰੀ ਮੈਂ ਹਸਤਨਾਪੁਰ ਚਲਾ ਜਾਵਾਂ।' 'ਮੇਰੇ ਮਾਤਾ ਸ਼੍ਰੀ 2012 ਵਿਚ ਗੁਜਰ ਗਏ ਸਨ'। ਸੋ ਹੁਣ ਗਲ ਸਮਝ ਆ ਗਈ ਨਾ,  'ਜੀ' ਦਾ ਮਤਲਬ ਹੁੰਦਾ 'ਸ਼੍ਰੀ'। (ਉਚਾਰਨ: ਸਿਰੀ) ਆਪਾਂ ਫਿਰ ਠਹਿਰੇ ਮਸਤ ਮੌਲੇ ਪੰਜਾਬੀ ਲੋਕ ਸ਼੍ਰੀ ਦਾ ਬਣਾ ਦਿਤਾ ਸਿੱਧਾ ਹੀ 'ਜੀ'। …ਕਿਓ ਜੀ.. ਹਾਂ ਜੀ.. ਦੱਸੋ ਜੀ। ਪੰਜਾਬੀਆਂ ਨੂੰ ਵੇਖ ਫਿਰ ਬਾਕੀ ਦੇ ਹਿੰਦੁਸਤਾਨੀ ਨੇ ਵੀ ਰੰਗ ਫੜ੍ਹ ਲਿਆ।
ਪੁਰਾਣੇ ਜਮਾਨੇ ਵਿਚ ਜਦੋਂ ਕਿਸੇ ਵਾਸਤੇ ਖੁਸ਼ਹਾਲੀ ਜਾਂ ਬਰਕਤ ਦੀ ਕਾਮਨਾਂ ਕਰਦੇ ਸਨ ਤਾਂ ਨਾ ਨਾਲ ਸ੍ਰੀ ਲਾ ਦਿੰਦੇ ਸਨ। ਭਾਵ ਸ੍ਰੀ ਮੂਲ ਵਿਚ ਬਰਕਤ ਦਾ ਚਿੰਨ ਹੈ।
(ਨਾਲ ਲਗਦੀ ਫੁਕਰੇ ਲੋਕਾਂ ਦੀ ਗਲ ਕਰਦਾ ਜਾਂਵਾ। ਅਜਕਲ ਆ ਜਿਹੜੇ ਮਿਸ਼ਨਰੀ ਜਾਂ ਮਸ਼ੀਨਰੀ ਨੇ ਇਹ ਕਹਿੰਦੇ ਨੇ ਕਿ ਗੁਰਬਾਣੀ ਉਚਾਰਨ ਵੇਲੇ ਜਿਥੇ ਸ੍ਰੀ ਆ ਜਾਵੇ ਉਹਦਾ ਉਚਾਰਨ 'ਸ਼ਰੀ' ਕਰਨਾਂ ਹੈ। ਹਾਲਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਈ ਸਾਹਿਬਾਨ ਨੇ ਸਾਫ ਹੀ ਸ਼ਬਦ ਜੋੜ ਕੁਝ ਇਸ ਤਰਾਂ ਲਿਖ ਦਿਤੇ ਹਨ: 'ਸਿਰੀ ਰਾਗ'। ਪਰ ਕੌਣ ਮੰਨਾਏ ਫੁਕਰਿਆਂ ਨੂੰ। ਮੇਰਾ ਕਹਿਣ ਦਾ ਮਤਲਬ ਹੈ ਆਪਾਂ 'ਸਿਰੀ' ਬੋਲਣਾ ਹੈ। ਸਤਿ ਸ੍ਰੀ ਅਕਾਲ ਕਹਿਣਾ ਹੈ। ਨਾ ਕੇ ਫੁਕਰਿਆਂ ਦੇ ਆਖੇ ਲਗ ਕੇ ਸਤਿ ਸ਼ਰੀ ਅਕਾਲ ਬੋਲਣਾ। ਬਾਕੀ ਵੀਰੋ ਅੱਜ ਤੋਂ 100 ਸਾਲ ਪਹਿਲਾਂ ਤਕ ਉਤਰੀ ਭਾਰਤ ਵਿਚ 'ਸ਼' ਨਾਂ ਦੀ ਧੁੰਨ ਪ੍ਰਚਲਤ ਹੀ ਨਹੀ ਸੀ। ਬਿਲਕੁਲ ਹੀ ਨਹੀ ਸੀ ਬੋਲੀ ਜਾਦੀ। ਅਸੀ ਦੇਸੀ ਘਿਓ ਕਹਿਨੇ ਆ ਦੇਸ਼ੀ ਘਿਓ ਨਹੀ। ਆਸਾ ਸਿੰਘ ਕਹੀਦਾ ਆਸ਼ਾ ਸਿੰਘ ਨਹੀ।)
ਬਾਕੀ ਵੀਰੋ ਵਿਰਸਾ ਦੋ ਕੌਮਾਂ ਦਾ ਸਾਂਝਾ ਹੋ ਸਕਦਾ ਹੈ। ਇਸ ਗਲ ਨੂੰ ਸਵੀਕਾਰ ਕਰਨ ਵਿਚ ਸਾਨੂੰ ਕੋਈ ਮੁਸ਼ਕਲ ਨਹੀ। ਮੈਨੂੰ ਇਹ ਕਹਿਣ 'ਚ ਕੋਈ ਮੁਸ਼ਕਲ ਨਹੀ ਆਉਦੀ ਕਿ ਰਿੱਗਵੇਦ ਸਾਡੇ ਹੀ ਪੰਜਾਬੀ ਬਜੁਰਗਾਂ ਨੇ ਰਚਿਆ ਸੀ। ਪਰ ਅਸੀ ਹਮੇਸ਼ਾਂ ਇਤਹਾਸ ਨੂੰ ਹੀ ਜੱਫੀ ਨਹੀ ਪਾਈ ਰੱਖ ਸਕਦੇ। ਗਿਆਨ ਦਿਨੋ ਦਿਨ ਤਰੱਕੀ ਕਰ ਰਿਹਾ ਹੈ। ਗੁਰੂ ਸਾਹਿਬ ਨੇ ਵੇਦਾਂ/ਪੁਰਾਣਾਂ ਦੀ ਸੋਚ ਨੂੰ ਨਕਾਰ ਦਿਤਾ ਸੀ ਜਿਨਾਂ ਅਨੁਸਾਰ ਮਨੁੱਖ ਮਨੁੱਖ ਵਿਚ ਜਾਤਾਂ ਪਾਤਾਂ ਦੇ ਨਾਂ ਤੇ ਵੰਡੀਆਂ ਪਾਈਆਂ ਹੋਈਆਂ ਸਨ। ਗੁਰੂ ਸਾਹਿਬ ਦੀ ਸੋਚ ਨੇ ਨਵਾਂ ਇਨਕਲਾਬ ਖੜਾ ਕੀਤਾ ਸੀ ਕਿ ਹਰ ਜੀਅ ਓਸੇ ਅਕਾਲ ਪੁਰਖ ਦੀ ਰਚਨਾ ਹੈ ਤੇ ਉਹ ਨਿਰੰਕਾਰ ਰੱਬ ਆਪਣੇ ਜੀਵਾਂ ਰਾਂਹੀ ਸਰਗੁਨ ਰੂਪ ਵਿਚ ਆਉਦਾ ਹੈ।
ਬਾਕੀ ਆ ਜਿਹੜੇ ਆਰ ਐਸ ਐਸ ਵਾਲੇ ਸੁਫਨਾ ਲੈ ਰਹੇ ਨੇ ਸਿੱਖੀ ਨੂੰ ਆਪਣੇ ਵਿਚ ਜ਼ਜ਼ਬ ਕਰਨ ਦਾ ਇਹ ਬੜੇ ਵੱਡੇ ਭੁਲੇਖੇ ਵਿਚ ਹਨ। ਸਿੱਖ ਧਰਮ ਬੁਧ ਧਰਮ ਨਹੀ ਹੈ। ਅਜ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦੁਨੀਆ ਦੇ ਹਰ ਕੋਨੇ ਵਿਚ ਪਹੁੰਚ ਚੁੱਕਾ ਹੈ। ਜਦੋਂ ਕਿ ਬੋਧੀਆਂ ਕੋਲ ਮਹਾਤਮਾ ਬੁੱਧ ਦੀ ਇਕ ਵੀ ਨਿਰੋਲ ਰਚਨਾ ਨਹੀ ਹੈ। ਦਰ ਅਸਲ ਖਤਰਾ ਅੱਜ ਖੁੱਦ ਹਿੰਦੂ ਧਰਮ ਨੂੰ ਹੈ। 21 ਵੀ ਸਦੀ ਚੜ੍ਹਨ ਦੇ ਬਾਵਜੂਦ ਇਹ ਲੋਕ ਅੱਜ ਵੀ ਮੰਨਣ ਨੂੰ ਤਿਆਰ ਨਹੀ ਹਨ ਕਿ ਜਾਤ ਪਾਤ ਦਾ ਸਿਧਾਂਤ ਗਲਤ ਸੀ। ਮੇਰੀ ਇਕ ਸੰਘੀ ਨਾਲ ਗਲ ਹੋਈ। ਉਸ ਨੂੰ ਮੈਂ ਕਿਹਾ ਤੁਸੀ ਇਹ ਸਿਧਾਂਤਕ ਤੌਰ ਤੇ ਨੱਕਾਰ ਕਿਓ ਨਹੀ ਦਿੰਦੇ। ਉਹ ਕਹਿਣ ਲੱਗਾ ਸਾਡੇ ਸਾਰੇ ਗ੍ਰੰਥ ਹੀ ਫਿਰ ਗੈਰਪ੍ਰਸੰਗਕ ਹੋ ਜਾਂਦੇ ਨੇ।
ਬਾਕੀ ਵੀਰੋ ਇਸਲਾਮ, ਈਸਾਈਮਤ 'ਚੋਂ ਨਿਕਲਿਆ ਹੈ। ਆਦਿ ਕਾਲ ਤੋਂ ਈਸਾਈਆਂ ਤੇ ਮੁਸਲਮਾਨਾਂ ਵਿਚ ਸਾਂਝੇ ਸਮਾਜਕ ਰੀਤੀ ਰਿਵਾਜ ਰਹੇ ਨੇ। ਅਮੂਮਨ ਰਿਸਤੇ ਨਾਤੇ ਹੁੰਦੇ ਆਏ ਹਨ। ਸ਼ੁਰੂ 'ਚ ਈਸਾਈਮਤ ਦੀ ਵੀ ਇਹੋ ਕੋਸ਼ਿਸ਼ ਰਹੀ ਸੀ ਕਿ ਇਸਲਾਮ ਨੂੰ ਜ਼ਜ਼ਬ ਕਰ ਲਿਆ ਜਾਵੇ।
ਬਾਕੀ ਕੱਟੜਵਾਦੀ ਜਿਹੜੀ ਗੁਰਬਾਣੀ ਦੀ ਬੇਅਦਬੀ ਕਰਾ ਰਹੇ ਹਨ ਉਹਨਾਂ ਦਾ ਮਕਸਦ ਹੈ ਸਿੱਖਾਂ ਵਿਚ ਨਿਰਾਸ਼ਾ ਭਰਨਾਂ। ਇਹ ਉਹਨਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਤੁਹਾਨੂੰ ਦੱਸਾਂ ਕਿ 1949 ਵਿਚ ਸਾਡੇ ਇਕ ਸਿੱਖ ਲੀਡਰ (ਜਥੇਦਾਰ ਊਧਮ ਸਿੰਘ ਨਾਗੋਕੇ) ਦੀ ਸਰਦਾਰ ਪਟੇਲ ਨਾਲ ਗਲ ਹੋ ਰਹੀ ਸੀ। ਨਾਗੋਕੇ ਨੇ ਪਟੇਲ ਨਾਲ ਗਿਲਾ ਕੀਤਾ ਕਿ "ਸ਼੍ਰੀ ਮਾਨ ਜੀ ਐਨੀ ਕਤਲੋਗਾਰਤ ਹੋਈ ਹੈ ਤੁਸੀ ਫਿਰ ਵੱਡੀ ਗਿਣਤੀ ਵਿਚ ਮੁਸਲਮਾਨਾਂ ਨੂੰ ਭਾਰਤ ਵਿਚ ਰੱਖ ਲਿਆ ਹੈ।" ਉਦੋਂ ਜੋ ਸਰਦਾਰ ਪਟੇਲ ਨੇ ਕਿਹਾ ਉਹ ਕੁਝ ਇਸ ਤਰਾਂ ਸੀ, "ਸਰਦਾਰ ਸਾਹਿਬ ਆਪ ਦੇਖਤੇ ਰਹੀਯੇ, ਯਹ ਮੀਆਂ ਲੋਕ 30 ਸਾਲੋਂ ਮੇਂ ਸੰਸਕ੍ਰਿਤ ਸ਼ਲੋਕ ਪੜ੍ਹਨੇ ਸ਼ੁਰੂ ਕਰ ਦੇਂਗੇ।" ਇਸ ਗਲ ਤੇ ਨਾਗੋਕੇ ਤ੍ਰਬਕ ਉਠਿਆ ਤੇ ਕਹਿਣ ਲਗਾ , "ਸ਼੍ਰੀ ਮਾਨ ਜੀ ਮੁਸਲਮਾਨੋਂ ਕੇ ਲਈ ਆਪ ਨੇ 30 ਸਾਲ ਤਹਿ ਕੀਏ ਹੈਂ ਸਿੱਖੋਂ ਕਾ ਕਾਮ ਤਮਾਮ ਕਿਤਨੇ ਸਾਲੋਂ ਮੇਂ ਹੋਗਾ?" ਅੱਗੋ ਸ਼ਰਮਿੰਦਾ ਹੋਇਆ ਪਟੇਲ ਬੋਲਿਆ, "ਨਹੀ ਸਰਦਾਰ ਸਾਹਿਬ, ਸਿੱਖ ਤੋਂ ਹਮਾਰੀ ਖੜਗ ਭੁਜਾ ਹੈ। ਇਨਕੋ ਹਮ ਤਰਾਹ ਸੇ ਪ੍ਰੋਤਸਾਹਾਨ ਦੇਂਗੇ।"
ਵੀਰੋ 70 ਸਾਲ ਹੋ ਗਏ ਨੇ। ਤੁਸੀ ਆਪੇ ਅੰਦਾਜ਼ਾ ਲਾ ਲਓ ਕਿੰਨੇ ਕੁ ਮੁਸਲਮਾਨ ਹਿੰਦੂ ਬਣੇ ਨੇ?
ਇਹ ਬੇਅਦਬੀਆਂ ਆਦਿ ਇਨਾਂ ਦੀ ਬੁਖਲਾਹਟ ਦਾ ਨਤੀਜਾ ਹੈ। ਹਰ ਗੁਰਸਿੱਖ ਹਰ ਸੰਭਵ ਥਾਂ ਤੇ ਇਸ ਦਾ ਵਿਰੋਧ ਕਰੋ। 


No comments:

Post a Comment