Saturday 7 October 2017

ਲੰਗਾਹ ਨੂੰ ਛੇਕਣ ਦਾ ਹੁਕਮਨਾਮਾ ਅਜੈਂਸੀਆਂ ਨੇ ਜਾਰੀ ਕਰਵਾਇਆ ਹੈ

 ਅੱਜ ਸਾਡੇ ਜਥੇਦਾਰ ਨੂੰ ਵਰਤਿਆ ਜਾ ਰਿਹਾ ਹੈ।


5 ਅਕਤੂਬਰ 2017 ਨੂੰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਹਿਬਾਨ ਦਾ ਅਕਸਮਾਤ ਮੇਲ ਸੱਦ ਕੇ ਸੁੱਚਾ ਸਿੰਘ ਲੰਗਾਹ ਨੂੰ ਪੰਥ ਤੋਂ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕਰ ਦਿਤਾ ਹੈ। ਬਿਨਾਂ ਪੰਥਕ ਗੁਰਮੱਤੇ ਤੇ ਜਿਸ ਕਾਹਲ ਨਾਲ, ਬਿਨਾਂ ਅਗਲੇ ਦਾ ਪੱਖ ਸੁਣੇ ਹੁਕਮਨਾਮਾ ਜਾਰੀ ਕੀਤਾ ਹੈ ਉਸ ਤੋਂ ਸਾਫ ਜ਼ਾਹਿਰ ਹੈ ਕਿ ਜਥੇਦਾਰ ਸਾਹਿਬ ਕਿਸੇ ਦਬਾਅ ਤਹਿਤ ਕੰਮ ਕਰ ਰਹੇ ਹਨ। ਇਹ ਹੁਕਮਨਾਮਾ ਓਨਾਂ ਦਿਨਾਂ ਦੀ ਯਾਦ ਦਿਵਾਉਦਾ ਹੈ ਜਦੋਂ ਏਸੇ ਤਰਾਂ ਦੇ ਇਕ ਜਥੇਦਾਰ ਨੇ ਮਨੁੱਖਤਾ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦਿਤਾ ਸੀ। ਉਸ ਤੋ ਜਰਾ ਪਹਿਲਾਂ (1914 ਵਿਚ) ਕਲਕੱਤਾ ਬਜ਼ ਬਜ਼ ਘਾਟ ਤੇ ਅੰਗਰੇਜੀ ਫੌਜ ਵਲੋਂ ਕਾਮਾ ਗਾਟਾ ਮਾਰੂ ਦੇ ਅਜਾਦੀ ਘੁਲਾਟੀਏ ਸ਼ਹੀਦ ਕੀਤੇ ਗਏ ਤੇ ਅਕਾਲ ਤਖਤ ਜਥੇਦਾਰ ਨੇ  ਬਿਆਨ ਦਿਤਾ ਸੀ ਕਿ ਸ਼ਹੀਦ ਹੋਣ ਵਾਲੇ ਸਿੱਖ ਹੀ ਨਹੀ ਹਨ। ਫਿਰ ਸਰਕਾਰ ਦੇ ਕਹੇ ਤਹਿਤ ਹੀ ਜਥੇਦਾਰ ਵੇਦਾਂਤੀ ਨੇ ਇਕ ਵਾਰ ਹੁਕਮਨਾਮਾ ਜਾਰੀ ਕੀਤਾ ਕਿ ਸਿੱਖ ਬਿਨਾਂ ਇਜਾਜਤ ਲਏ ਕੋਈ ਨਵਾਂ ਗੁਰਦੁਆਰਾ ਨਾਂ ਬਣਾਉਣ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਨੇ ਬਾਦਲਾਂ ਦੇ ਕਹੇ ਤੇ ਹੀ ਸਿਰਸੇ ਵਾਲੇ ਬਦਮਾਸ਼ ਸਾਧ ਵਿਰੁਧ ਜਾਰੀ ਹੋਇਆ ਹੁਕਮਨਾਮਾ ਬਿਨਾਂ ਗੁਰਮੱਤੇ ਤੋਂ ਵਾਪਸ ਲੈ ਲਿਆ ਸੀ। ਏਸੇ ਤਰਾਂ ਗਿਆਨੀ ਪੂਰਨ ਸਿੰਘ ਵੀ ਸਸਤੇ ਜਥੇਦਾਰਾਂ ਵਿਚ ਆਉਦਾ ਹੈ ਜੋ ਗੁੱਨਾ (ਐਮ ਪੀ) ਦੇ ਟੈਲੀਫੂਨ ਬੂਥ ਤੋਂ ਹੀ ਹੁਕਮਨਾਮਾ ਜਾਰੀ ਕਰ ਦਿੰਦਾ ਹੈ।

ਮੈਂ ਮੰਨਦਾ ਹਾਂ ਲੰਗਾਹ ਨਹਾਇਤ ਗਲਤ ਹੈ। ਮਜਬੂਰ ਔਰਤ ਨਾਲ ਸਬੰਧ ਬਣਾਉਣੇ ਇਕ ਗਲ। ਮੇਰੇ ਹਿਸਾਬ ਉਸ ਦਾ ਵੱਡਾ ਗੁਨਾਹ ਹੈ, ਜਿਹੜਾ ਔਰਤ ਨੂੰ ਮਾਇਕ ਪੱਖੋਂ ਵੀ ਨਿਚੋੜਦਾ ਰਿਹਾ ਹੈ। ਮਸਲਾ ਪਹਿਲਾਂ ਹੀ ਕੋਰਟਾਂ ਕਚਿਹਰੀਆਂ ਵਿਚ ਪਹੁੰਚ ਚੁੱਕਾ ਹੈ।
ਅਜਿਹੇ ਕੇਸ  ਵਿਚ ਜਰੂਰਤ ਸੀ ਜਥੇਦਾਰ ਚੁੱਪ ਰਹਿੰਦੇ ਕਿਉਕਿ ਬੀਤੇ ਵਿਚ ਇਨਾਂ ਨੇ ਅਕਾਲ ਤਖਤ ਦੇ ਪਵਿਤ੍ਰ ਹੁਕਮਨਾਮੇ ਦੇ ਸਿਧਾਂਤ ਨੂੰ ਵੱਡੀ ਠੇਸ ਪਹੁੰਚਾਈ ਹੈ। ਵੇਖੋ ਨਾਂ ਇਨਾਂ ਨੇ ਸਿਰਸੇ ਵਾਲੇ ਬਦਮਾਸ਼ ਨੂੰ ਤਾਂ ਬਖਸ਼ ਦਿਤਾ ਸੀ। ਬਾਦ ਵਿਚ ਕੋਰਟ ਨੇ ਉਨੂੰ ਸੰਗੀਨ ਦੋਸ਼ੀ ਠਹਿਰਾਇਆ। ਇਨਾਂ ਨੂੰ ਕੀ ਜਰੂਰਤ ਸੀ ਲੰਘਾਹ ਦੇ ਮਸਲੇ ਵਿਚ ਪੈਣ ਦੀ।
ਅਜਿਹੇ ਹਾਲਾਤਾਂ ਵਿਚ ਜਰੂਰਤ ਹੈ ਕਿ ਅਕਾਲ ਤਖਤ ਦਾ ਜਥੇਦਾਰ ਆਪਣੀ ਤਾਕਤ ਦਾ ਘੱਟ ਤੋਂ ਘੱਟ ਇਸਤੇਮਾਲ ਕਰੇ ਤਾਂ ਕਿ ਇਨਾਂ ਕਠਿਨ ਹਾਲਾਤਾਂ ਵਿਚ ਅਹੁਮੇ ਦੀ ਇਜੱਤ ਬਣੀ ਰਹੀ। ਪਰ ਸਾਡੇ ਜਥੇਦਾਰ ਜਰਾ ਨਹੀ ਸੋਚਦੇ ਕਿ ਇਨਾਂ ਦੇ ਹੁਕਮ ਨਾਲ ਇਸ ਪਵਿਤ੍ਰ ਅਸਥਾਨ ਦੀ ਗਰਿਮਾਂ ਦਾ ਕੀ ਬਣੇਗਾ। ਸਾਨੂੰ ਪਤਾ ਲਗਾ ਹੈ ਕਿ ਸਰਕਾਰਾਂ ਇਨਾਂ ਜਥੇਦਾਰਾਂ ਨੂੰ ਬਲੈਕ ਮੇਲ ਵੀ ਕਰਦੀਆਂ ਹਨ।
ਸਿੱਖੀ ਵਿਚ ਗੁਰਮੱਤੇ ਦਾ ਸਿਧਾਂਤ ਬਹੁਤ ਅਹਿਮੀਅਤ ਰੱਖਦਾ ਹੈ। ਕਿਉਕਿ ਮੌਜੂਦਾ ਸਮੇਂ ਵਿਚ ਸਿੱਖਾਂ ਦਾ ਗੁਰੂ, ਗਰੰਥ ਸਾਹਿਬ ਹੈ ਜਿਸ ਦੀ ਵਿਆਖਿਆ ਸੰਗਤ ਕਰਦੀ ਹੈ। ਸਮੁੱਚੀ ਸੰਗਤ ਦੀ ਰੂਹ ਦੇ ਮੁਤਾਬਿਕ ਕੌਮ ਦੇ ਲੀਡਰ ਜਦੋਂ ਕੋਈ ਫੈਸਲਾ ਲੈਂਦੇ ਹਨ ਉਨੂੰ ਆਪਾਂ ਕੌਮ ਦਾ ਗੁਰਮਤਾ ਕਹਿੰਦੇ ਹਾਂ। ਗੁਰੂ ਸਾਹਿਬ ਤੇ ਭਾਈ ਗੁਰਦਾਸ ਨੇ ਥਾਂਈ ਥਾਂਈ ਲਿਖਿਆ ਹੈ ਕਿ ਸੰਗਤ ਗੁਰੂ ਤੋਂ ਵੀ ਉਪਰ ਹੈ।
ਰਾਜਨੀਤਕ ਜਾਂ ਹੋਰ ਪੇਚੀਦੀਆਂ ਜਾਂ ਤਕਨੀਕਾਂ ਹਰ ਕੋਈ ਸਮਝ ਨਹੀ ਸਕਦਾ। ਓਧਰ ਦੁਨੀਆਂ ਵਿਚ ਮਤਲਬ ਪ੍ਰਸਤ ਲੋਕ ਕਈ ਵੇਰ ਅਜਿਹੇ ਹਾਲਾਤ ਖੜੇ ਕਰ ਦਿੰਦੇ ਹਨ ਜਿਸ ਨੂੰ ਸਧਾਰਨ ਨਾਗਰਿਕ ਨਹੀ ਸਮਝ ਸਕਦਾ। ਪੰਥ ਦੇ ਲੀਡਰ ਫਿਰ ਸਬੰਧਤ ਮਾਹਿਰਾਂ ਦੀ ਰਾਇ ਲੈ ਕੇ ਪੰਥ ਨੂੰ ਸੇਧ ਦੇ ਦਿੰਦੇ ਹਨ। ਏਸੇ ਕਰਕੇ ਪੰਥ ਵਿਚ ਗੁਰਮੱਤੇ ਦਾ ਸਿਧਾਂਤ ਅਹਿਮੀਅਤ ਰਖਦਾ ਹੈ।
ਇਤਹਾਸ ਵਿਚ ਬੜੀ ਵਾਰੀ ਸੰਗਤਾਂ ਗੁਰਮੱਤੇ ਕਰਕੇ ਪੰਥ ਨੂੰ ਸੇਧ ਦਿੰਦੀਆਂ ਆਈਆਂ ਹਨ।
ਸਭ ਤੋਂ ਪਹਿਲਾ ਗੁਰੂ ਸਾਹਿਬ ਦੇ ਖਿਲਾਫ ਮੁਗਲ ਦਰਬਾਰ ਵਿਚ ਸ਼ਕਾਇਤਾਂ ਕਰਨ ਵਾਲੇ ਮੀਨਿਆਂ ਨੂੰ ਏਸੇ ਸਿਧਾਂਤ ਤਹਿਤ ਛੇਕਿਆ ਗਿਆ ਸੀ। ਵਕਤ ਪਾ ਕੇ ਉਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੀਨਾ ਸੋਚ ਖਤਮ ਹੋਈ ਤੇ ਅੱਜ ਉਨਾਂ ਦੀਆਂ ਉਲਾਦਾਂ ਪੰਥ ਦਾ ਅਹਿਮ ਤੇ ਸਤਿਕਾਰਤ ਹਿੱਸਾ ਹਨ।
ਨਕਲੀ ਨਿਰੰਕਾਰੀ ਜੋ ਸ਼੍ਰੇਆਮ ਕਿਤਾਬਾਂ ਤੇ ਰਸਾਲਿਆ ਵਿਚ ਗੁਰਬਾਣੀ ਤੇ ਹਰਮੰਦਰ ਸਾਹਿਬ ਦਾ ਮਖੌਲ ਉਡਾਉਦੇ ਸਨ ਓਨਾਂ ਖਿਲਾਫ ਹੁਕਮਨਾਮਾ ਜਾਰੀ ਹੋਇਆ। ਓਨਾਂ ਨੇ ਅਖੀਰ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ ਤੇ ਆਪਣੀ ਸਾਰੀ ਪਹੁੰਚ ਹੀ ਸੁਧਾਰ ਲਈ ਹੈ ਤੇ ਨਵੀ ਸੋਚ ਅਪਣਾ ਕੇ, ਅੱਜ ਫਿਰ ਪੰਥ ਦਾ ਹਿੱਸਾ ਹਨ।
ਇੰਦਰਾ ਗਾਂਧੀ ਦੇ ਜੁਲਮਾਂ ਦੇ ਮੁਤੱਲਕ ਓਨੀ ਦਿਨੀ ਹੁਕਮਨਾਮੇ ਜਾਰੀ ਹੋਏ। ਜਿਸ ਤੇ ਬਾਦ ਵਿਚ ਪ੍ਰਧਾਨ ਮੰਤਰੀ ਨੇ ਪੂਰੀ ਸੰਸਦ ਵਿਚ ਮਾਫੀ ਮੰਗੀ ਤੇ ਅਹਿਸਾਸ ਕੀਤਾ ਕਿ ਜੂਨ 1984 ਦਾ ਫੌਜੀ ਹਮਲਾ ਗਲਤ ਸੀ।
ਅੱਜ ਜੋ ਕੁਝ ਹੋਇਆ ਇਹ ਵੀ 16 ਅਕਤੂਬਰ 2015 ਵਾਲੇ ਸਰਸੇ ਵਾਲੇ ਬਦਮਾਸ਼ ਬਾਬਤ ਹੁਕਮਨਾਮੇ ਦੀ ਯਾਦ ਦਿਵਾਉਂਦਾ ਹੈ। ਜੋ ਬਾਦਲਾਂ ਦੇ ਹੁਕਮ ਤਹਿਤ ਜਾਰੀ ਕੀਤਾ ਗਿਆ ਸੀ।
ਓਸ ਮਸਲੇ ਵਿਚ ਜਥੇਦਾਰਾਂ ਦੀਆਂ ਦੋ ਗਲਤੀਆਂ ਸਾਹਮਣੇ ਆਈਆਂ ਹਨ। ਇਕ ਤਾਂ ਹੁਕਮਰਾਨ ਦਾ ਗਲਤ ਹੁਕਮ ਮੰਨਣ ਵਾਲੀ। ਦੂਸਰੀ ਇਨਾਂ ਦੀ ਗਲਤੀ ਇਹ ਹੈ ਕਿ ਬਾਦਲਾਂ ਨੇ ਇਨਾਂ ਨੂੰ ਬਦਮਾਸ਼ ਸਾਧ ਦੀ ਮਾਫੀ ਵਾਲੀ ਚਿੱਠੀ ਫੜਾਈ ਸੀ। ਇਨਾਂ ਦਾ ਫਰਜ ਬਣਦਾ ਸੀ ਕਿ ਉਹ ਚਿੱਠੀ ਅਖਬਾਰਾਂ ਵਿਚ ਨਸ਼ਰ ਕਰਦੇ। ਪੰਥ ਵਿਚ ਚਰਚਾ ਹੁੰਦੀ ਤੇ ਫਿਰ ਕਾਰਵਾਈ ਕਰਦੇ।
ਲੰਗਾਹ ਦੇ ਮਾਮਲੇ ਵਿਚ ਵੀ ਸਾਹਮਣੇ ਆਇਆ ਹੈ ਕਿ ਇਕ ਕਾਮਰੇਡ ਪੱਤ੍ਰਕਾਰ ਨੇ ਜਥੇਦਾਰ ਨੂੰ ਕਿਹਾ ਕਿ ਲੰਗਾਹ ਨੂੰ ਕਿਓ ਨਹੀ ਪੰਥ ਵਿਚੋਂ ਛੇਕ ਰਹੇ। ਜਥੇਦਾਰ ਨੂੰ ਕੋਈ ਜਵਾਬ ਨਾਂ ਔੜਿਆ। ਕਾਮਰੇਡ ਨੇ ਸਾਰੀ ਗਲ ਅਜੈਂਸੀਆਂ ਤਕ ਪਹੁੰਚਾਈ। ਅਜੈਂਸੀਆਂ ਨੇ ਆਪਣਾ ਅਸਰ ਰਸੂਖ ਵਰਤ ਕੇ ਤੇ ਉਤੋਂ ਫੋਨ ਕਰਵਾਏ ਜਥੇਦਾਰ ਰਾਂਹੀ ਬਾਕੀ ਸਿੰਘ ਸਹਿਬਾਨ ਵੀ ਸੱਦ ਲਏ ਤੇ ਬਿਨਾਂ ਵਿਚਾਰ ਵਿਟਾਦਰੇ, ਬਿਨਾਂ ਪੰਥਕ ਗੁਰਮੱਤੇ ਤੋਂ ਹੁਕਮਨਾਮਾ ਚਾੜ ਦਿਤਾ ਹੈ।
ਅਸੂਲਨ ਕੀ ਹੋਣਾ ਚਾਹੀਦਾ ਹੈ:-
ਗੁਰਮੱਤਾ ਪੰਥ ਦੀ ਰੂਹ ਹੈ। ਇਸ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਤੇ ਵਿਚਾਰ ਵਿਟਾਂਦਰਾ ਹੋਵੇ। ਪੰਥ ਵਿਚ ਮਸਲੇ ਤੇ ਮੀਡੀਏ ਵਿਚ ਚਰਚਾ ਛਿੜੇ। ਕਿਉੁਕਿ ਸ਼੍ਰੋਮਣੀ ਕਮੇਟੀ ਪੰਥ ਦੀ ਚੁੱਣੀ ਹੋਈ ਜਥੇਬੰਦੀ ਹੈ, ਇਨਾਂ ਹਾਲਾਤਾਂ ਤਹਿਤ ਮੈਂ ਸਮਝਦਾ ਹਾਂ, ਹੁਕਮਨਾਮਾ ਜਾਰੀ ਹੋਣ ਤੋਂ ਪਹਿਲਾਂ ਇਹ ਕਮੇਟੀ ਜਨਰਲ ਹਾਉਸ ਜਾਂ ਘੱਟੋ ਘੱਟ ਕਾਰਜਕਰਨੀ ਕਮੇਟੀ ਤਾਂ ਵਿਚਾਰੇ।
ਅੱਜ ਹੁਕਮ ਉਤੋਂ ਚੜ੍ਹ ਰਹੇ ਹਨ। ਮਾਇਆ ਮੋਹ ਵਿਚ ਫਸੇ, ਵਿਚਾਰੇ ਅਧਪੜੇ ਗ੍ਰੰਥੀ ਪੱਧਰ ਦੇ ਬੰਦੇ ਜਥੇਦਾਰ ਬਣਾਏ ਹੋਏ ਹਨ ਜੋ ਉਪਰੋਂ ਆਏ ਹਰ ਹੁਕਮ ਨੂੰ ਗੁਰੂ ਦਾ ਹੁਕਮ ਸਮਝ ਰਹੇ ਨੇ ਤੇ ਪੰਥਕ ਸਿਧਾਂਤਾਂ ਦੀ ਖਿੱਲੀ ਉਡਾ ਰਹੇ ਹਨ।
ਜਿਸ ਹਿਸਾਬ ਸਾਡੇ ਜਥੇਦਾਰ ਗੁਰਬਚਨ ਸਿੰਘ ਚਲ ਰਹੇ ਹਨ ਮੈਨੂੰ ਡਰ ਹੈ ਕਿ ਕਿਸੇ ਦਿਨ ਇਨਾਂ ਦੀ ਉਹ ਹਾਲਤ ਹੋਣੀ ਹੈ ਜੋ 1920 ਵਿਚ ਜਥੇਦਾਰ ਦੀ ਹੋਈ ਸੀ। ਓਦੋਂ ਬ੍ਰਾਹਮਣੀ ਸੋਚ ਦੇ ਧਾਰਨੀ ਜਥੇਦਾਰ ਸਾਹਿਬ ਨੀਵੀਆਂ ਜਾਤਾਂ ਦਾ ਚੜਾਇਆ ਪ੍ਰਸਾਦਿ ਲੈਣ ਤੋਂ ਨਾਂਹ ਕਰ ਦਿੰਦੇ ਸਨ। ਇਸ ਤੇ ਪੰਥ ਵਿਚ ਰੋਸ ਸੀ। ਫਿਰ ਇਕੱਠੇ ਹੋ ਕੇ ਸੰਗਤਾਂ ਹਰਮੰਦਰ ਸਾਹਿਬ ਗਈਆਂ ਤੇ ਹੁਕਮ ਲਿਆ। ਹੁਕਮ ਸਾਫ ਤੌਰ ਤੇ ਨਿਮਾਣਿਆਂ ਦੇ ਹੱਕ ਵਿਚ ਆ ਗਿਆ। ਸ਼ਰਮਿੰਦੇ ਹੋਏ ਜਥੇਦਾਰ ਓਥੋਂ ਦੌੜ ਗਏ ਸਨ।
ਯਾਦ ਰਹੇ ਪੰਥ ਦਾ ਗੁਰਮੱਤੇ ਦਾ ਸਿਧਾਂਤ ਸਾਡੇ ਹੁਕਮਰਾਨ ਨੂੰ ਬਹੁਤ ਚੁੱਭਦਾ ਹੈ। ਉਹ ਕਹਿੰਦਾ ਹੈ ਕਿ ਹਕੂਮਤ ਸਾਡੀ ਹੈ, ਇਹ ਕੌਣ ਹੋਣ ਆਪਣੇ ਹੁਕਮ ਜਾਰੀ ਕਰਨ ਵਾਲੇ। ਤਾਂ ਹੀ ਜਾਣ ਬੁੱਝ ਕੇ ਉਹ ਗਲਤ ਮਲਤ ਹੁਕਮਨਾਮੇ ਜਾਰੀ ਕਰਵਾਉਦਾ ਹੈ ਤਾਂ ਕਿ 'ਗੁਰਮੱਤੇ' ਦੇ ਸਿਧਾਂਤ ਨੂੰ ਮਲੀਆਮੇਟ ਤੇ ਗੈਰ-ਪ੍ਰਸੰਗਕ ਕੀਤਾ ਜਾ ਸਕੇ। ਇਹ ਸਾਡੇ ਹੁਕਮਰਾਨ ਦੀ ਤੰਗਦਿਲ ਸੋਚ ਹੈ। ਪੰਥ ਨੇ ਕਦੀ ਵੀ ਕਿਸੇ ਗੈਰ ਸਿੱਖ ਤੇ ਹੁਕਮਨਾਮਾ ਨਹੀ ਜਾਰੀ ਕੀਤਾ। ਸਾਨੂੰ ਹੱਕ ਹੈ ਕਿ ਗੁਰਮਤ ਦੇ ਅਨੁਆਈਆਂ ਨੂੰ ਗਾਹੇ ਬਿਗਾਹੇ ਸੇਧ ਦਿਤੀ ਜਾਵੇ। ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੋਣ ਤੇ ਸਾਨੂੰ ਉਹ ਧਾਰਮਿਕ ਅਜਾਦੀ ਦਿੰਦਾ ਹੈ ਕਿ ਅਸੀ ਆਪਣੇ ਧਾਰਮਿਕ ਮਸਲੇ ਆਪਣੇ ਧਰਮ ਦੀ ਮਰਯਾਦਾ ਨਾਲ ਨਜਿੱਠੀਏ। ਅਸੀ ਆਪਣੇ ਹੁਕਮਨਾਮਿਆਂ ਰਾਂਹੀ ਕਦੀ ਵੀ ਕਿਸੇ ਕਨੂੰਨ ਦੀ ਉਲੰਘਣਾ ਨਹੀ ਕੀਤੀ। ਦਰ ਅਸਲ ਸਾਡੇ ਕੱਟੜ ਹੁਕਮਰਾਨ ਨੂੰ ਸਾਡਾ ਵੱਖਰਾ ਧਰਮ ਚੁੱਭ ਰਿਹਾ ਹੈ। ਇਨੂੰ ਸਾਡੀ ਅਹਿਮੀਅਤ ਦਾ ਅਹਿਸਾਸ ਓਦੋਂ ਹੋਣਾ ਹੈ ਜਦੋਂ ਚੀਨ ਦਿੱਲੀ ਪਹੁੰਚ ਗਿਆ।
ਹੁਕਮਨਾਮਾ ਗਲਤ ਢੰਗ, ਬਿਨਾਂ ਪੰਥ ਵਿਚ ਹੋਈ ਚਰਚਾ ਦੇ ਜਾਰੀ ਹੋਇਆ ਹੈ। ਮੈਂ ਆਪਣਾ ਵਿਰੋਧ ਜਿਤਾਉਦਾ ਹਾਂ। ਜਥੇਦਾਰਾਂ ਨੂੰ ਹੋਣੀ ਤੋਂ ਸੁਚੇਤ ਕਰਦਾ ਹਾਂ। ਪਰ ਕਿਉਕਿ ਇਸ ਤੇ ਅਕਾਲ ਤਖਤ ਦੀ ਮੋਹਰ ਹੈ ਸਮੁਚਾ ਪੰਥ ਇਨੂੰ ਮੰਨਣ ਲਈ ਪਾਬੰਦ ਹੈ ਤੇ ਮੈਂ ਸਭ ਤੋਂ ਪਹਿਲਾਂ ਮੰਨਾਗਾਂ। - ਬੀ.ਐਸ.ਗੁਰਾਇਆ

No comments:

Post a Comment