Monday 6 March 2017

ਭੇਦ ਖੁੱਲ ਗਿਆ ਜਦੋਂ ਉਹ ਬੋਲੀ, “ਤਿੱਚਚ! ਟੀ ਟੀ ਟ੍ਹੀਊ”

بھید کھل گیا جدوں اوہ بولی، “تچچ! ٹی ٹی ٹھیؤ”


پہلاں گورمکھی تھلے شاہمکھی

ਗੱਲ 1983 ਦੀ ਹੈ। ਦਾਸ ਦੀ ਭੋਪਾਲ ਪੋਸਟਿੰਗ ਹੋ ਗਈ। ਰਾਇਸੈਨ ਰੋਡ ਤੇ ਕਰਾਏ ਤੇ ਮਕਾਨ ਲੈ ਲਿਆ। ਇਨਸਾਨੀ ਫਿਤਰਤ ਹੈ ਕਿ ਜਦੋਂ ਆਪਾਂ ਅੰਮ੍ਰਿਤਸਰ ਹੋਈਏ ਤਾਂ ਆਪਣੇ ਪਿੰਡ, ਆਪਣੇ ਇਲਾਕੇ ਦੇ ਬੰਦੇ ਨੂੰ ਮਿਲਣਾ ਚੰਗਾ ਲਗਦਾ ਹੈ।ਤੇ ਜਦੋਂ ਅਸਟ੍ਰੇਲੀਆ ਪਹੁੰਚ ਜਾਈਏ ਤਾਂ ‘ਨਾਅਅਰ ਪੁੰਡੀ ਇੰਗੇ ਪੋਅ’ ਵਾਲੇ ਮਦਰਾਸੀ ਵੀ ਚੰਗੇ ਲਗਦੇ ਨੇ। ਸੋ ਕੁਦਰਤੀ ਹੈ ਜਦੋਂ ਮੱਧ ਪ੍ਰਦੇਸ ਹੁੰਦੇ ਆਂ ਤੇ ਸਾਨੂੰ ਚੰਗਾ ਲਗਦਾ ਕੋਈ ਪੰਜਾਬੀ ਦਿਸੇ।
ਖੈਰ ਜੀ ਦੇਖ ਚਾਜ ਤੋਂ ਬੰਦਾ ਅਮੂਮਨ ਪਛਾਣਿਆ ਹੀ ਜਾਂਦਾ ਹੈ। ਰਾਇਸੈਨ ਰੋਡ ਤੇ ਸਾਡੀਆਂ ਅੱਖਾਂ ਓਦੋਂ ਪੰਜਾਬੀ ਲੱਭਦੀਆਂ ਹੁੰਦੀਆਂ ਸਨ। ਸਾਨੂੰ ਸ਼ੱਕ ਪਿਆ ਕਿ ਸਾਡੇ ਘਰ ਤੋਂ ਜਿਹੜਾ ਚੌਥਾ ਘਰ ਸੀ ਉਹਦੇ ਬਸ਼ਿੰਦੇ ਪੰਜਾਬੀ ਹਨ। ਉਂਜ ਓਦੋਂ ਪੰਜਾਬ ਦੀਆਂ ਘਟਨਾਵਾਂ ਕਰਕੇ ਹਿੰਦੂ ਪੰਜਾਬੀ ਤੇ ਸਿੱਖ ਦਰਮਿਆਨ ਅੰਦਰੋ ਅੰਦਰੀ ਕੁਝ ਤਲਖੀ ਤਾਂ ਸੀ ਹੀ।
ਪਰ ਸਰਦਾਰਨੀ ਕਹਿੰਦੀ ਕਿ ਦੋ ਚਾਰ ਵਾਰੀ ਜਦੋਂ ਮੈਂ ਸਬਜੀ ਵਾਲੇ ਬੲ੍ਹੀਏ ਕੋਲ ਚੌਥੇ-ਘਰ ਵਾਲੀ ਮੈਡਮ (ਮਿਸਿਜ ਸ਼ਰਮਾ) ਨੂੰ ਮਿਲੀ ਹੈ ਉਹਦੀ ਗਲ ਬਾਤ ਤੋਂ ਨਹੀ ਲਗਦਾ ਕਿ ਪੰਜਾਬੀ ਹੋਵੇ। ਪਰ ਇਨ੍ਹਾਂ ਗੱਲਾਂ ‘ਚ ਸਰਦਾਰਨੀ ਦੀ ਜੱਜਮੈਂਟ ਕੁਝ ਐਂਵੇ ਗੈਂਵੇ ਹੀ ਹੈ।
ਖੈਰ ਜੀ ਮਹੀਨਾ ਕੁ ਨਿਕਲਿਆ। ਦੁਹਾਈ ਉਚੀ ਉਚੀ ਸੁਣਨੀ ਸ਼ੁਰੂ ਹੋ ਗਈ। “ਤੇਰੀ ਭੈਣ ਨੂੰ …. ਤੇਰੀ ਮਾਂ ਨੂੰ…।“  ਮੈਂ ਕਿਹਾ, ਹੈਂ ਇਹ ਤਾਂ 5-7 ਪੰਜਾਬੀ ਬੁਲ ਬੁਲੀਆਂ ਮਾਰ ਰਹੇ ਨੇ। “ਨਿਕਲ ਬਾਹਰ ਤੈਨੂੰ ਵੇਖੀਏ ਕਿੱਢਾ ਕੁ ਸ੍ਹਾਨ ਐ ਤੂੰ।”
ਸਾਰੇ ਗਵਾਢੀ ਆਪੋ ਆਪਣੇ ਗੇਟਾਂ ਅੱਗੇ ਆ ਖਲੋਤੇ। ਠੰਡ ਠੰਡਆਉਲਾ ਹੋਇਆ। ਮਿਸਿਜ਼ ਸ਼ਰਮਾ ਆਂਢ ਗਵਾਂਢ ਸਪੱਸ਼ਟੀਕਰਨ ਦੇ ਰਹੀ ਸੀ। ਸਰਦਾਰਨੀ ਨੂੰ ਵੇਖ ਕਹਿੰਦੀ “ਭੈਣ ਜੀ ਵੇਖ ਲਓ ਨੇਕੀ ਕਰਨ ਦਾ ਫਲ। ਆਹ ਕੁੱਤਾ ਜਿਹੜਾ ਬਕਵਾਸ ਕਰਦਾ ਪਿਆ ਵਾ ਇਨਾਂ ਦੀ ਮਾਸੀ ਦਾ ਪੁੱਤ ਵਾ। ਪੰਜਾਬੋਂ ਲਿਆਦਾ। ਕੰਮ ਤੇ ਲਾਇਆ ਤੇ ਆਹ ਸਿਲਾ ਦਿਤਾ ਸੂ।“ 
ਸਰਦਾਰਨੀ ਵੀ ਘੁੱਗੂ। ਭਾਈ ਮੌਕੇ ਤੇ ਅਗਲੇ ਨਾਲ ਹਮਦਰਦੀ ਜਿਤਾ। ਕਹਿੰਦੀ, “ਅੱਛਾ ਭੈਣ ਜੀ ਤੁਸੀ ਵੀ ਪੰਜਾਬੀ ਓ?”
ਅਸਾਂ ਊਨੰ ਸਮਝਾਇਆ ਕਿ ਇਨਸਾਨ ਹਮੇਸ਼ਾਂ ਐਕਟਿੰਗ ਨਹੀ ਕਰ ਸਕਦਾ। ਕਈ ਵੇਰੀ ਹਾਲਾਤ ਮਜਬੂਰ ਕਰ ਦਿੰਦੇ ਨੇ। ਕਦੀ ਰਜਾਈਆਂ ਦੇ ਉਛਾੜ ਲਾਹ ਕੇ ਸੁੱਕਾਉਣੀਆਂ ਪੈਂਦੀਆਂ ਨੇ। ਮੈਂ ਸਰਦਾਰਨੀ ਨੂੰ ਸਮਝਾਇਆਂ ਕਿ ਰਾਜਨੀਤਕ ਕਾਰਨਾਂ ਕਰਕੇ ਸਾਡੇ ਪਿਆਰੇ ਵੀਰ ਮਰਦਮ ਸ਼ੁਮਾਰੀ ਵੇਲੇ ਬਿਆਂਨ ਦਿੰਦੇ ਨੇ, "ਜੀ ਸਾਡੀ ਬੋਲੀ ਹਿੰਦੀ ਹੋਤੀ ਹੈ।" ਸੋ ਬੁਰਾ ਨਾਂ ਮਨਾਓ। ਇਹ ਮਾਖਿਓ ਮਿੱਠੀ ਪੰਜਾਬੀ ਜ਼ੁਬਾਨ ਦੀ ਬਦਕਿਸਮਤੀ ਹੈ।
ਖੈਰ ਮੇਰੀ ਗਲ ਲੰਮੀ ਤੇ ਕਿਧਰ ਦੀ ਕਿਧਰ ਨਿਕਲ ਗਈ। ਮਸਲਾ ਤਾਂ ਇਹ ਹੈ ਕਿ ਤੁਹਾਨੂੰ ਪਤਾ ਅੱਜ ਕਲ ਅਸਟ੍ਰੇਲੀਆ ਆਇਆ ਹੋਇਆ ਹਾਂ।
ਦੋ ਤਿੰਨ ਪੰਛੀਆਂ ਦੀ ਇਕ ਡਾਰ ਨੂੰ ਰੋਜ ਵਿਹੜੇ ‘ਚ ਵੇਖੀਦੈ। ਭਾਈ ਇਹ ਕਿਹੜਾ ਪੰਛੀ ਹੈ? ਘੁੱਗੀ ਤੋਂ ਜਰਾ ਕੁ ਲਿੱਸਾ। ਪਰ ਖੰਭਾਂ ਤੇ ਸੁਨਿਹਰੀ ਦੁਸ਼ਾਲੇ ਦੀ ਪੱਟੀ। ਸਿਰ ਤੇ ਲਮ ਟੂਟੜਾ ਜਿਹਾ ਤਾਜ। ਕੁਝ ਸਮਝ ਨਾਂ ਆਏ।
ਖੈਰ ਜੀ। ਇਕ ਦਿਨ ਸਿੱਖਰ ਦੁਪਿਹਰੇ ਘੁੱਗਾ ਬਾਦਸ਼ਾਹ, ਸਿਰ ਉਹਦੇ ਤੇ ਵੀ ਤਾਜ, ਲਗਾ ਗੁਟਰ ਗੂ ਕਰਨ। ਅੱਗੋਂ ਅਵਾਜ ਆਏ, “ਕੂੰ ਕੂੰ ਕੂੰਹਹਹਹਹ।”
ਮੈਂ ਸਮਝ ਗਿਆ। ਓਹ ਤੇਰੀ। ਇਹ ਤਾਂ ਆਪਣੀ ਘੁੱਗੀ ਮੈਡਮ ਆ।
ਪਤਾ ਲਗਾ ਕਿ ਇਥੇ ਸ਼ਹਿਰਕਾਂ (ਗੱਟਾਰਾਂ) ਤੇ ਕਾਂ ਨਹੀ ਹੁੰਦੇ। ਅੰਡਿਆਂ ਨੂੰ ਜਿਆਦਾ ਖਤਰਾ ਨਹੀ ਤੇ ਮੈਡਮ ਨੇ ਸਮਝ ਲਿਆ ਕਿ ਮੈਂ ਹੀ ਹਾਂ ਅਸਟ੍ਰੇਲੀਆਂ ਦੀ ਕੁਈਨ ਮਹਾਰਾਣੀ। ਇਸ ਕਰਕੇ ਪਹਿਲਾਂ ਸਿਰ ਤੇ ਤਾਜ ਬਣਾਉਣ ਡਹੀ ਸੀ ਕਿ ਦੂਰੋਂ ਇਕ ਬਾਜ ਦੀ ਚੀਕ ਸੁਣਾਈ ਦੇ ਗਈ। ਤਾਜ ਅਧੂਰਾ ਹੀ ਰਹਿ ਗਿਆ।ਤਾਜ ਦੀ ਪੂਛ ਜਿਆਦਾ ਹੀ ਉਤਾਂਹ ਨੂੰ ਖਿੱਚ ਦਿਤੀ।
ਫਿਰ ਇਕ ਦਿਨ ਮਹਾਰਾਣੀ ਖੰਭਾਂ ਨੂੰ ਸੁਨਿਹਰੀ ਡਾਈ ਕਰ ਰਹੀ ਸੀ ਕਿ ਇਕ ਕਲੈਹਣੇ ਘੋਗੜ ਦੀ ਦਰਦ ਭਰੀ ਅਵਾਜ ਆ ਗਈ, “ਹੈਂ ਹੈਂਅ!!!!!” ਵਿਚਾਰੀ ਦਾ ਕੰਮ ਵਿਚੇ ਰਹਿ ਗਿਆ।
ਮੈਂ ਕਿਹਾ ਘੁੱਗੀਏ ਬੜੇ ਜਲਵੇ ਨੇ ਤੇਰੇ। ਇਹ ਕੀ ਰੰਗ ਬਣਾ ਲਏ ਈ? ਅੱਗੋ ਕਹਿੰਦੀ,
“ਚਲ ਵੇ ਚਲ। ਵੱਡਾ ਆਇਆ ਹੁਣ 50, 000 ਸਾਲ ਰਿਸਤੇ ਗੰਢਣ। ਮੈਂ ਤੁਹਾਡੀਆਂ ਸਾਰੀਆਂ ਕਰਤੂਤਾਂ ਰੋਸ਼ਨਦਾਨ ਤੇ ਬਹਿ ਟੀ ਵੀ ਤੋਂ ਵੇਖਦੀ ਰਹਿੰਨੀ ਆਂ। ਜਦੋਂ ਤੁਸੀ ਡਰਾਮਿਆਂ ‘ਚ ਕਾਮਯਾਬੀ ਲੈਣੀ ਹੋਵੇ ਓਦੋਂ ਤੁਹਾਨੂੰ ਸੌਖਾ ਤੇ ਸਿੱਧਾ ਨਾਂ ‘ਘੁੱਗੀ’ ਚਾਹੀਦੇ ਜਿਹੜਾਂ ਝੱਟ ਲੋਕਾਂ ਦੀ ਜਬਾਨ ਤੇ ਚੜ ਜਾਏ। ਜਦੋਂ ਤੁਸੀ ਸਮਝਦੇ ਹੋ ਕਿ ਸਮਾਜ ਵਿਚ ਸਾਡਾ ਟੌਹਰ ਵੀ ਹੋਵੇ ਓਦੋਂ ਤੁਸੀ ਨਿਮਾਣਾ ਨਾਂ ਛੱਡਕੇ ‘ਵੜੈਚ’ ਬਣ ਜਾਂਦੇ ਹੋ। ਜਾਣਨੀ ਆਂ ਮੈਂ ਤੁਹਾਨੂੰ। ਢੱਕੇ ਰਹੋ।
ਮੈਂ ਮੂੰਹ ਲਵੇਟ ਕੇ ਪਰਾਂ ਹੋ ਗਿਆ। ਮੇਮ ਤਾਂ ਬੜੀ ਗਰਮ ਬੋਲਦੀ ਆ। ਭਰਾ ਬਚ ਕੇ।

ਕਲ ਗੁਰਦੁਆਰੇ ਨੂੰ ਜਾ ਰਿਹਾ ਸੀ। ਰਸਤੇ ‘ਚ 3-4 ਪੰਛੀ ਦਿਸੇ। ਭਾਰ ‘ਚ ਆਪਣੀ ਟੱਟਿਆਉਲੀ (ਟਟੀਰੀ) ਤੋਂ ਲਗ ਪਗ ਦੂਣੇ। ਖੰਭਾਂ ਦਾ ਰੰਗ ਵੀ ਓਹੋ। ਲਾਗੇ ਹੋ  ਕੇ ਵੇਖਣਾ ਚਾਹਿਆ ਤੇ ਖੰਭ ਖਲਾਰ ਕੇ ਪੈ ਗਿਆ ਪੰਛੀ ਸਾਨੂੰ। ਟਟਿਆਉਲੀ ਬੋਲ ਉਠੀ, “ਗਿੱਝਾ ਪੰਜਾਬ ਦਾ! ਹੱਥ ਲਾ ਕੇ ਤਾਂ ਵੇਖ: 4000 ਡਾਲਰ ਜੁਰਮਾਨਾ। ਨਾਂ ਦਏਗਾ ਤਾਂ ਜੇਲ। ਬਾਕੀ ਅੰਮ੍ਰਿਤਸਰ ਦੀ ਟਿਕਟ ਤੁਰੰਤ।” ਅਜੇ ਮਸਾਂ ਮੈਮ ਹੀ ਚੁੱਪ ਹੋਈ ਕਿ ਤੁਰਿਆ ਜਾਂਦਾ ਗੋਰਾ ਬੋਲ ਉਠਿਆ, “ਡੌਂਟ ਡਿਸਟਰਬ ਬਰਡਜ਼” (ਪੰਛੀ ਨੂੰ ਤੰਗ ਨਾਂ ਕਰੋ)
ਮੈਂ ਸ਼ਰਮਿੰਦਾ ਹੋਇਆ ਪਰੇ ਹੋ ਗਿਆ। ਇਥੇ ਤੁਸੀ ਕਿਸੇ ਵੀ ਜਾਨਵਰ ਨੂੰ ਤੰਗ ਨਹੀ ਕਰ ਸਕਦੇ। ਇੰਨਾ ਦਾ ਟੌਹਰ ਬਣਿਆ ਪਿਆ ਏਥੇ। ਜੰਗਲੀ ਟਰਕੀ ਤੇ ਲਮ ਟੀਗ ਤਾਂ ਇਥੇ ਆਮ ਘਰਾਂ ‘ਚ ਆ ਜਾਂਦੇ ਨੇ।
ਖੈਰ ਜੀ ਪੰਛੀ ਜਿੱਤ ਗਿਆ ਸੀ ਮੈਂ ਪਿਛੇ ਜਿਵੇ ਹੱਟਿਆ ਪੰਛੀ ਬੋਲ ਉਠਿਆ, “ਤਿੱਚਚ! ਟੀ ਟੀ ਟ੍ਹੀਊ”
ਓਏ ਤੇਰਾ ਭਲਾ ਹੋਵੇ। ਤੂੰ ਪਹਿਲਾਂ ਹੀ ਦੱਸ ਦੇਣਾ ਸੀ ਕਿ ਤੂੰ ਟਟਿਆਉਲੀ ਆਂ। ਮੈਂ ਕਿਹਾ ਮੈਡਮ ਜੀ ਅੱਜ ਚੁੰਜ ਦਾ ਲਾਲ ਰੰਗ ਕਿਓ ਚਿੱਟਾ ਕਰ ਦਿਤਾ? ਕਹਿਣ ਲੱਗੀ “ਤੂੰ ਰਹਿਣ ਦੇ। ਅੱਜ 50,000 ਸਾਲ ਬਾਦ ਆ ਕੇ ਮੇਰੇ ਕੋਲੋਂ ਸਵਾਲ ਪੁਛਦੈ।“
"ਮੈਨੂੰ ਯਾਦ ਹੈ ਤੁਹਾਡੀਆਂ ਕੁਝ ਜਾਤਾਂ ਤਾਂ ਮੈਨੂੰ ਮਾਰ ਕੇ ਖਾ ਹੀ ਲੈਂਦੇ ਸਨ। ਤੁਹਾਡੇ ਭੁੱਖੇ ਜੱਟ ਮੇਰੇ ਅੰਡੇ ਵੀ ਨਹੀ ਸੀ ਛੱਡਿਆ ਕਰਦੇ। ਮੈਂ ਸੁਣਿਐ ਅੱਜ ਕਲ ਤਾਂ ਓਥੇ ਅੰਡੇ ਦੇਣ ਵਾਸਤੇ ਵੀ ਥਾਂ ਨਹੀ ਬਚੀ। ਮੈਂ ਸੁਣ ਕੇ ਹੈਰਾਨ ਆਂ ਲੋਕਾਂ ਦੀਆਂ ਛੱਤਾਂ ਤੇ ਬਸੇਰੇ ਬਣਾਉਣੇ ਪੈਂਦੇ ਹਨ।"
"ਪਿਛੇ ਜਿਹੇ ਇਕ ਜੋੜਾ ਆਇਆ ਸੀ। ਕਹਿੰਦੇ ਬੜੀ ਜੱਦੋਜਹਿਦ ਕਰਨੀ ਪਈ ਸੀ। ਪੰਜਾਬ ਤੋਂ ਹਿੰਦੁਸਤਾਨ ਫਿਰ ਬੰਗਲਾਦੇਸ, ਬਰਮਾ, ਥਾਈਲੈਂਡ,  ਮਲੇਸ਼ੀਆ, ਇੰਡੋਨੇਸ਼ੀਆਂ ਹੋ ਕੇ ਆਏ ਸਨ। ਸਾਡੇ ਮੁੰਡਿਆਂ ਨੇ ਓਨਾਂ ਦੇ ਪੈਰ ਨਾਂ ਲੱਗਣ ਦਿਤੇ। ਬਹੁਤ ਕਮਜੋਰ ਹੋ ਚੁੱਕੇ ਸਨ। ਮੈਂ ਸੁਣਿਐ ਇਥੋ ਉਹ ਨਿਊਜੀਲੈਂਡ ਪਹੁੰਚ ਗਏ ਨੇ। ਓਥੇ ਖੁਸ਼ ਨੇ।"
ਮੈਂ ਕਿਹਾ ਪਤਾ ਮੈਂ ਬਾਈ -ਏਅਰ ਆਇਆ ਵਾਂ। 
ਅੱਗੋਂ ਕਹਿੰਦੀ, 
“ਜਾ ਆਪਣਾ ਕੰਮ ਕਰ। ਪੈਲੀ ਗਹਿਣੇ ਪਾ ਕੇ ਇਥੇ ਪਹੁੰਚਿਓ। ਪਤੈ ਤੈਨੂੰ ਇਹ ਮੈਂ ਹੀ ਹਾਂ ਜਿਹੜੀ ਆਪਣੇ ਦਮ-ਖਮ ਤੇ ਆਈ ਹਾਂ। ਹਾਂ ਮੈਂ ਥੱਲੇ ਨੂੰ ਪੋਟ ਜਿਹੀ ਬਣਾ ਲਈ ਹੈ। ਇਥੇ ਸਮਾਰਟ ਦਿਸਣਾ ਪੈਂਦਾ। ਬਾਕੀ ਲਾਲ ਰੰਗ ਕਰਕੇ ਕੀੜੇ ਮਕੌੜੇ ਦੂਰੋ ਵੇਖ ਕੇ ਭੱਜ ਜਾਂਦੇ ਸਨ। ਇਸ ਕਰਕੇ ਰੰਗ ਬਦਲ ਲਿਆ।ਬਸ ਜਾ ਤੂੰ ਜਾ ਕੇ ਲੰਗਰ ਛਕ।
ਖੈਰ ਜੀ ਲੰਗਰ-ਹਾਲ ਪਹੁੰਚਿਆ ਤੇ ਮੈਡਮ ਟਟਿਆਉਲੀ ਫਿਰ ਬਾਹਰ ਖੜੀ ਸੀ। ਕਹਿੰਦੀ “ਤੁਹਾਡੇ ਮਗਰੋਂ ਸਾਡੀ ਪੰਗਤ ਲਗਣੀ ਆ।”
ਗੱਲਾਂ ਕਿਧਰ ਦੀਆਂ ਕਿਧਰ ਨਿਕਲ ਗਈਆਂ। 
ਮੈਂ ਤਾਂ ਸਿਰਫ ਏਨਾਂ ਕਹਿਣਾ ਸੀ ਕਿ ਬੰਦਾ ਜੁਬਾਨ ਤੋਂ ਪਛਾਣਿਆ ਜਾਂਦੈ। 
(ਸੋ ਜੇ ਤੁਹਾਡੀ ਜੁਬਾਨ ਵੀ ਮੇਰੇ ਵਾਲੀ ਹੈ ਤਾਂ ਸ਼ਰਮਾਇਓ ਨਾਂ। ਇਨੂੰ ਸ਼ੇਅਰ ਕਰ ਦਿਓ। ਚੰਗਾ! ਹਾਹੋ।)

------------------------------
ਆਹ ਜਰੂਰ ਵੇਖਣਾ -ਗੋਰੀ ਮੇਮ ਪੁੱਛਦੀ ਛੋਟੀ ਜਾਤ ਵਾਲੇ ਦੀ ਪਛਾਣ ਕੀ ਹੁੰਦੀ ਆ?

بھید کھل گیا جدوں اوہ بولی، “تچچ! ٹی ٹی ٹھیؤ”

گلّ 1983 دی ہے۔ داس دی بھوپال پوسٹنگ ہو گئی۔ رائسین روڈ تے کرائے تے مکان لے لیا۔ انسانی فطرت ہے کہ جدوں آپاں امرتسر ہوئیے تاں اپنے پنڈ، اپنے علاقے دے بندے نوں ملنا چنگا لگدا ہے۔تے جدوں اسٹریلیا پہنچ جائیے تاں ‘نائیر پنڈی انگے پوء’ والے مدراسی وی چنگے لگدے نے۔ سو قدرتی ہے جدوں مدھ پردیس ہندے آں تے سانوں چنگا لگدا کوئی پنجابی دسے۔
خیر جی دیکھ چاج توں بندہ عموماً پچھانیا ہی جاندا ہے۔ رائسین روڈ تے ساڈیاں اکھاں اودوں پنجابی لبھدیاں ہندیاں سن۔ سانوں شکّ پیا کہ ساڈے گھر توں جہڑا چوتھا گھر سی اوہدے بشندے پنجابی ہن۔ انج اودوں پنجاب دیاں گھٹناواں کرکے ہندو پنجابی تے سکھ درمیان اندرو اندری کجھ تلخی تاں سی ہی۔
پر سردارنی کہندی کہ دو چار واری جدوں میں سبزی والے بھیئے کول چوتھے-گھر والی میڈم (مسز شرما) نوں ملی ہے اوہدی گل بات توں نہی لگدا کہ پنجابی ہووے۔ پر ایہناں گلاں ‘چ سردارنی دی ججمینٹ کجھ اینوے گینوے ہی ہے۔
خیر جی مہینہ کو نکلیا۔ دہائی اچی اچی سننی شروع ہو گئی۔ “تیری بھین نوں …. تیری ماں نوں…۔“  میں کیہا، ہیں ایہہ تاں 5-7 پنجابی بل بلیاں مار رہے نے۔ “نکل باہر تینوں ویکھیئے کڈھا کو سھان اے توں۔”
سارے گواڈھی آپو اپنے گیٹاں اگے آ کھلوتے۔ ٹھنڈ ٹھنڈآؤلا ہویا۔ مسز شرما آنڈھ گوانڈھ سپشٹیکرن دے رہی سی۔ سردارنی نوں ویکھ کہندی “بھین جی ویکھ لؤ نیکی کرن دا پھل۔ آہ کتا جہڑا بکواس کردا پیا وا اناں دی ماسی دا پتّ وا۔ پنجابوں لیادا۔ کم تے لایا تے آہ صلہ دتا سو۔“
سردارنی وی گھگو۔ بھائی موقعے تے اگلے نال ہمدردی جتا۔ کہندی، “اچھا بھین جی تسی وی پنجابی او؟”
اساں اونں سمجھایا کہ انسان ہمیشاں ایکٹنگ نہی کر سکدا۔ کئی ویری حالات مجبور کر دندے نے۔ کدی رجائیاں دے اچھاڑ لاہ کے سکاؤنیاں پیندیاں نے۔ میں سردارنی نوں سمجھایاں کہ راجنیتک کارناں کرکے ساڈے پیارے ویر مردم شماری ویلے بیانن دندے نے، "جی ساڈی بولی ہندی ہوتی ہے۔" سو برا ناں مناؤ۔ ایہہ ماکھیو مٹھی پنجابی زبان دی بدقسمتی ہے۔
خیر میری گل لمی تے کدھر دی کدھر نکل گئی۔ مصلیٰ تاں ایہہ ہے کہ تہانوں پتہ اج کلھ اسٹریلیا آیا ہویا ہاں۔
دو تنّ پنچھیاں دی اک ڈار نوں روز ویہڑے ‘چ ویکھیدے۔ بھائی ایہہ کہڑا پنچھی ہے؟ گھگی توں ذرا کو لسا۔ پر کھنبھاں تے سنہری دشالے دی پٹی۔ سر تے لم ٹوٹڑا جیہا تاج۔ کجھ سمجھ ناں آئے۔
خیر جی۔ اک دن سکھر دپہرے گھگا بادشاہ، سر اوہدے تے وی تاج، لگا گٹر گو کرن۔ اگوں آواز آئے، “کوں کوں کونہہہہہ۔”
میں سمجھ گیا۔ اوہ تیری۔ ایہہ تاں اپنی گھگی میڈم آ۔
پتہ لگا کہ اتھے شہرکاں (گٹاراں) تے کاں نہی ہندے۔ انڈیاں نوں زیادہ خطرہ نہی تے میڈم نے سمجھ لیا کہ میں ہی ہاں اسٹریلیاں دی کئین مہارانی۔ اس کرکے پہلاں سر تے تاج بناؤن ڈہی سی کہ دوروں اک باج دی چیک سنائی دے گئی۔ تاج ادھورا ہی رہِ گیا۔تاج دی پوچھ زیادہ ہی اتانہ نوں کھچّ دتی۔
پھر اک دن مہارانی کھنبھاں نوں سنہری ڈائی کر رہی سی کہ اک کلیہنے گھوگڑ دی درد بھری آواز آ گئی، “ہیں ہیںء!!!!!” وچاری دا کم وچے رہِ گیا۔
میں کیہا گھگیئے بڑے جلوے نے تیرے۔ ایہہ کی رنگ بنا لئے ای؟ اگو کہندی،
“چل وے چل۔ وڈا آیا ہن 50، 000 سال رستے گنڈھن۔ میں تہاڈیاں ساریاں کرتوتاں روشن دان تے بہہ ٹی وی توں ویکھدی رہنی آں۔ جدوں تسی ڈرامیاں ‘چ کامیابی لینی ہووے اودوں تہانوں سوکھا تے سدھا ناں ‘گھگی’ چاہیدے جہڑاں جھٹّ لوکاں دی زبان تے چڑ جائے۔ جدوں تسی سمجھدے ہو کہ سماج وچ ساڈا ٹوہر وی ہووے اودوں تسی نمانا ناں چھڈکے ‘وڑیچ’ بن جاندے ہو۔ جاننی آں میں تہانوں۔ ڈھکے رہو۔
میں منہ لویٹ کے پراں ہو گیا۔ میم تاں بڑی گرم بولدی آ۔ بھرا بچ کے۔

کلھ گردوارے نوں جا رہا سی۔ رستے ‘چ 3-4 پنچھی دسے۔ بھار ‘چ اپنی ٹٹیاؤلی (ٹٹیری) توں لگ پگ دونے۔ کھنبھاں دا رنگ وی اوہو۔ لاگے ہو  کے ویکھنا چاہیا تے کھنبھ کھلار کے پے گیا پنچھی سانوں۔ نال تریا جاندا گورا بول اٹھیا، “ڈونٹ ڈسٹرب برڈز” (پنچھی نوں تنگ ناں کرو)
میں شرمندہ ہویا پرے ہو گیا۔ اتھے تسی کسے وی جانور نوں تنگ نہی کر سکدے۔ انا دا ٹوہر بنیا پیا ایتھے۔ جنگلی ٹرکی تے لم ٹیگ تاں اتھے عامَ گھراں ‘چ آ جاندے نے۔
خیر جی پنچھی جت گیا سی میں پچھے جویں ہٹیا پنچھی بول اٹھیا، “تچچ! ٹی ٹی ٹھیؤ”
اوئے تیرا بھلا ہووے۔ توں پہلاں ہی دسّ دینا سی کہ توں ٹٹیاؤلی آں۔ میں کیہا میڈم جی اج چنج دا لال رنگ کیو چٹا کر دتا؟ کہن لگی “توں رہن دے۔ اج 50،000 سال بعد آ کے میرے کولوں سوال پچھدے۔“ میں کیہا پتہ میں بائی -ایئر آیا واں۔
اگوں کہندی،
“جا اپنا کم کر۔ پیلی گہنے پا کے اتھے پہنچیو۔ پتے تینوں ایہہ میں ہی ہاں جہڑی اپنے دم-کھم تے آئی ہاں۔ ہاں میں تھلے نوں پوٹ جہی بنا لئی ہے۔ اتھے سمارٹ دسنا پیندا۔ باقی لال رنگ کرکے کیڑے مکوڑے دورو ویکھ کے بھجّ جاندے سن۔ اس کرکے رنگ بدل لیا۔بس جا توں جا کے لنگر چھک۔
خیر جی لنگر-حالَ پہنچیا تے میڈم ٹٹیاؤلی پھر باہر کھڑی سی۔ کہندی “تہاڈے مگروں ساڈی پنگت لگنی آ۔”
گلاں کدھر دیاں کدھر نکل گئیاں۔
میں تاں صرف ایناں کہنا سی کہ بندہ زبان توں پچھانیا جاندے۔
(سو جے تہاڈی زبان وی میرے والی ہے تاں شرمائیو ناں۔ انوں شعر کر دیو۔ چنگا! ہاہو۔
)


3 comments:

  1. Bohat sohna likhya jay , maja aa gaya , lagda ay main v tawaday naal si,.AUSTRALIA,
    ...... گل کتھے دی کتھے نکل جاندی اے ۔ واہ جی واہ

    ReplyDelete