Monday 9 January 2017

ਪ੍ਰਦੇਸੀ ਸਿੱਖ ਜਨਤਕ ਤੌਰ ਤੇ ਬਾਦਲ ਦਾ ਜਿਕਰ ਵੀ ਸੁਣਨ ਨੂੰ ਤਿਆਰ ਨਹੀ।

ਪ੍ਰਦੇਸੀ ਸਿੱਖ ਜਨਤਕ ਤੌਰ ਤੇ ਬਾਦਲ ਦਾ ਜਿਕਰ ਵੀ ਸੁਣਨ ਨੂੰ ਤਿਆਰ ਨਹੀ।

ਧੰਨਵਾਦ ਪ੍ਰਦੇਸਾਂ ਵਿਚ ਵਜਦੇ ਰੇਡੀਓ ਦਾ

ਕਲ ਅਸਟ੍ਰੇਲੀਆ ਦੇ ਇਕ ਧਾਰਮਿਕ ਇਕੱਠ ਵਿਚ ਦਾਸ ਨੂੰ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਬੋਲਣ ਦਾ ਮੌਕਾ ਮਿਲ ਗਿਆ। ਅਸਾਂ ਦੱਸਿਆ ਕਿ ਕਿਵੇ 16 ਸਾਲ ਲੰਮਾ ਕਰਤਾਰਪੁਰ ਸਾਹਿਬ ਲਾਂਘੇ ਦਾ ਅੰਦੋਲਨ ਪੰਜਾਬ ਦੀਆਂ ਸਿਰਮੌਰ ਲਹਿਰਾਂ ਵਿਚੋਂ ਇਕ ਹੈ। ਕਿਵੇ ਸੰਨ 2014 ਦੀ ਮਾਰਚ ਵਿਚ ਕੋਈ 25 ਲੱਖ ਲੋਕਾਂ ਨੇ ਕਰਤਾਰਪੁਰ ਸਾਹਿਬ ਦੇ ਦੂਰੋ ਦਰਸ਼ਨ ਕੀਤੇ ਸਨ। ਕਿਵੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਲਾਂਘੇ ਦੀ ਜੋਰਦਾਰ ਹਮਾਇਤ ਕੀਤੀ ਸੀ ਪਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਉਹਦਾ ਸਾਥ ਨਾਂ ਦਿਤਾ। ਕਿਵੇ ਪਰਕਾਸ਼ ਸਿੰਘ ਬਾਦਲ ਨੇ 1-10-2010 ਨੂੰ ਪੰਜਾਬ ਅਸੈਂਬਲੀ ਵਿਚ ਲਾਂਘੇ ਦੇ ਹੱਕ ਵਿਚ ਮਤਾ ਲਿਆਦਾ ਤੇ ਖੁੱਦ ਕਾਂਗਰਸ ਨੇ ਵੀ ਇਹਦੀ ਹਮਾਇਤ ਕੀਤੀ। ਪਾਕਿਸਤਾਨ ਪਹਿਲਾਂ ਹੀ ਇਸ ਦੇ ਹੱਕ ਵਿਚ ਕਈ ਵਾਰ ਬਿਆਨ ਦੇ ਚੁੱਕਾ ਹੈ। 
ਮੈਂ ਸੰਗਤ ਨੂੰ ਸਵਾਲ ਕੀਤਾ ਕਿ ਜੇ ਪੰਜਾਬ ਦੀ ਇਹ ਐਡੀ ਵੱਡੀ ਲਹਿਰ ਬਾਰੇ ਤੁਹਾਨੂੰ ਬਿਲਕੁਲ ਜਾਣਕਾਰੀ ਨਹੀ ਹੈ ਤਾਂ ਗਲ ਸਾਫ ਹੈ ਕਿ ਤੁਹਾਡੇ ਇਥੇ ਹੋ ਰਹੇ ਪ੍ਰਚਾਰ ਵਿਚ ਕਿਤੇ ਕੁਝ ਗੜਬੜ ਹੈ। ਇਸ ਗਲ ਨੂੰ ਵਿਚਾਰਨਾ।
 ਪ੍ਰਬੰਧਕਾਂ ਦੀ ਸਿਫਤ ਕਰਨੀ ਬਣਦੀ ਹੈ ਕਿ ਏਨੀਆਂ ਤਿੱਖੀਆਂ ਟਿਪਣੀਆਂ ਦੇ ਬਾਵਜੂਦ ਦਾਸ ਦਾ ਲੈਕਚਰ ਜਾਰੀ ਰਹਿਣ ਦਿਤਾ। ਸਮਾਪਤੀ ਜਦੋਂ ਹੋਈ ਤਾਂ ਮੋਹਤਬਰ ਸੱਜਣਾਂ ਨੇ ਮੈਨੂੰ ਕਾਬੂ ਕਰ ਲਿਆ। ਕਹਿਣ ਲਗੇ ਅਸੀ ਤੁਹਾਡੀ ਇੱਜਤ ਕੀਤੀ ਹੈ ਨਹੀ ਤਾਂ ਅਸੀ ਇਥੇ ਬਾਦਲ ਸ਼ਾਦਲ ਦਾ ਜਿਕਰ ਨਹੀ ਹੋਣ ਦਿੰਦੇ। ਅਸੀ ਰਾਜਨੀਤਕ ਗਲ ਕਰਨ ਹੀ ਨਹੀ ਦਿੰਦੇ। 
ਮੈਂ ਅਰਜ ਕੀਤੀ ਕਿ ਮੈਨੂੰ ਇਸ ਗਲ ਦਾ ਅਹਿਸਾਸ ਹੈ। ਮੈਂ ਪੰਜਾਬ ਤੋਂ ਬਾਹਰਦੇ ਕਈ ਪੰਜਾਬੀ ਰੇਡੀਓਜ਼ ਤੇ ਟੀ ਵੀ ਚੈਨਲਾਂ ਸੁਣ ਚੁੱਕਾਂ ਹਾਂ। ਪਰਦੇਸੀ ਸਿੱਖ ਹਰ ਥਾਂ ਆਪਣੇ ਲੀਡਰਾਂ ਨੂੰ ਹੀ ਕੋਸ ਰਿਹਾ ਹੈ। ਸ਼ਾਇਦ ਹੀ ਦੁਨੀਆਂ ਦੀ ਕੋਈ ਹੋਰ ਕੌਮ ਹੋਵੇਗੀ ਜਿਹੜੀ ਇਸ ਤਰਾਂ ਆਪਣੇ ਹੀ ਲੀਡਰਾਂ ਨੂੰ ਭੰਡੇ। ਮੈਂ ਸੱਜਣਾਂ ਨੂੰ ਕਿਹਾ ਕਿ ਜੋ ਤੁਹਾਡੀ ਸੋਚ ਹੈ ਇਹ ਗੁਲਾਮੀ ਦਾ ਵਰਤਾਰਾ ਹੈ। ਅਮੂਮਨ ਹੁਕਮਰਾਨ ਕੌਮਾਂ ਬਸਤੀਵਾਦ ਵੇਲੇ ਗੁਲਾਮ ਕੌਮਾਂ ਦੇ ਲੀਡਰਾਂ ਨੂੰ ਗੈਰਪ੍ਰਸੰਗਕ ਕਰਨ ਲਈ ਅਜਿਹਾ ਪ੍ਰਾਪੇਗੰਡਾ ਕਰਵਾਉਂਦੀਆਂ ਹਨ। ਪਰ ਜੋ ਸਿੱਖ ਕੌਮ ਦਾ ਹਾਲ ਮੈਂ ਵੇਖ ਰਿਹਾ ਹਾਂ ਉਹ ਤਾਂ ਸਾਰੇ ਹੱਦ ਬੰਨੇ ਟੱਪ ਚੁੱਕਾ ਹੈ। ਕਸ਼ਮੀਰੀ ਵੀ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਉਹ ਵੀ ਆਪਣੇ ਲੀਡਰਾਂ ਅਬਦੁਲਾ ਤੇ ਮੁਫਤੀ ਪ੍ਰਵਾਰ ਨੂੰ ਇਸ ਤਰਾਂ ਨਹੀ ਭੰਡਦੇ {ਹਾਲਾਂਕਿ ਓਨਾਂ ਕੋਲ ਪਲੇਟਫਾਰਮ (ਪਾਕਿਸਤਾਨ) ਵੀ ਹੈਗਾ} ਜਿਵੇ ਸਿੱਖ ਆਪਣੇ ਲੀਡਰਾਂ ਨੂੰ ਭੰਡ ਰਹੇ ਹਨ। 
ਮੈਂ ਮੰਨਿਆ ਕਿ ਇਹਦੇ ਵਿਚ ਕੋਈ ਸ਼ੱਕ ਨਹੀ ਕਿ ਬਾਦਲ ਜਰੂਰਤ ਤੋਂ ਜਿਆਦਾ ਹੀ ਦਿੱਲੀ ਦੀ ਚਿਮਚਾਗਿਰੀ ਕਰਦਾ ਹੈ ਪਰ ਪੰਜਾਬ ਦੇ ਵਿਕਾਸ ਵਿਚ ਉਹਦਾ ਯੋਗਦਾਨ ਕਾਂਗਰਸੀਆਂ ਨਾਲੋਂ ਕਿਤੇ ਜਿਆਦਾ ਹੈ। ਮੈਂ ਅਰਜ ਕੀਤੀ ਕਿ ਸ਼ਾਇਦ ਇਹ ਉਹਦੀ ਟੈਕਟਿਕਸ ਹੋਵੇ। ਖੈਰ ਸੱਜਣਾਂ ਨੇ ਇਹ ਗਲ ਵੀ ਮੰਨ ਲਈ ਕਿ ਬਾਹਰ ਦੇ ਰੇਡੀਓਜ਼ ਕੁਝ ਜਿਆਦਾ ਹੀ ਪੰਜਾਬੀ ਲੀਡਰਾਂ ਦੀ ਮੁਖਾਲਫਤ ਕਰ ਰਹੇ ਨੇ।ਮੈਂ ਵੀ ਅਕਾਲੀਆਂ ਤੋਂ ਦੁੱਖੀ ਹਾਂ ਪਰ ਸਵਾਲ ਇਹ ਹੈ ਕਿ ਕੀ ਇਨਾਂ ਤੋਂ ਚੰਗਾਂ ਵੀ ਕੋਈ ਲੀਡਰ ਹੈ ਜੋ ਪੰਜਾਬ ਦਾ ਪੱਖ ਪੂਰੇ। ਮੈਂ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ ਨੇ ਅੱਜ ਤਕ ਕਦੀ ਪੰਜਾਬ ਦੀ ਕਾਂਗਰਸ ਨੂੰ ਕੁਝ ਦਿਤਾ ਹੈ? ਇਹਨੂੰ ਮਜਬੂਤ ਕਰਨ ਲਈ ਕੋਈ ਕੋਸ਼ਿਸ਼ ਕੀਤੀ ਹੈ? 
ਦਾਸ ਨੇ ਕਿਹਾ ਕਿ ਕਿਤੇ ਕਿਤੇ ਕੇਜਰੀਵਾਲ ਦੀ ਗਲ ਹੁੰਦੀ ਹੈ। ਪਿਛੇ ਜਿਹੇ ਸਾਡੇ ਸੱਜਣ ਕੇਜਰੀਵਾਲ ਨੂੰ ਡੇਰਾ ਬਾਬਾ ਨਾਨਕ ਲੈ ਕੇ ਗਏ। ਬਾਰਡਰ ਤੇ ਖਲੋ ਕੇ ਜਦੋਂ ਕੇਜਰੀਵਾਲ ਨੇ ਬਿਲਕੁਲ ਨਾਲ ਹੀ ਸਾਹਮਣੇ ਕਰਤਾਰਪੁਰ ਦੇ ਦਰਸ਼ਨ ਕੀਤੇ ਤੇ ਸਹਿਜ ਸੁਭਾ ਮੂੰਹੋ ਨਿਕਲ ਗਿਆ, “ਅਰੇ ਯਹ ਤੋਂ ਬਿਲਕੁਲ ਪਾਸ ਮੇਂ ਹੀ ਹੈ, ਸੋ ਯਹਾਂ ਗੁਰੂ ਨਾਨਕ ਸਮਾਏ ਥੇ?” ਜਦੋਂ ਉਨਾਂ ਨੂੰ ਲਾਂਘੇ ਦੇ ਮੁਅਤੱਲਕ ਬਿਆਨ ਦੇਣ ਨੂੰ ਕਿਹਾ ਤਾਂ ਕੇਜਰੀਵਾਲ ਨੇ ਓਥੋ ਇਕ ਦਮ ਦੌੜਨ (ਹਾਂ ਸਚ ਮੁਚ ਦੌੜਨ) ਦੀ ਕੀਤੀ। ਉਸ ਦਿਨ,  ਉਹਨੇ ਪਤ੍ਰਕਾਰਾਂ ਦਾ ਸਾਹਮਣਾ ਹੀ ਨਾਂ ਕੀਤਾ।
ਹੋ ਸਕਦਾ ਬਾਹਰ ਦੇ ਸਿੱਖ ਨੂੰ ਕੁਝ ਜਿਆਦਾ ਵਾਕਫੀਅਤ ਹੋਵੇ ਪਰ ਸਮੂਹਕ ਤੌਰ ਤੇ ਜੋ ਉਹ ਕਰ ਰਹੇ ਹਨ ਉਹ ਉਸਾਰੂ ਨੁਕਤਾਚੀਨੀ ਨਹੀ ਹੈ। ਉਹ ਬਿਲਕੁਲ ਵੀ ਨਹੀ ਚਾਹੁੰਦੇ ਕਿ ਪੰਜਾਬ ਦੇ ਲੀਡਰਾਂ ਦਾ ਕੋਈ ਉਨਾਂ ਸਾਹਮਣੇ ਨਾਂ ਵੀ ਲਏ। ਮੈਂ ਸਮਝਦਾ ਹਾਂ ਇਹ ਸਭ ਪੰਜਾਬੋਂ ਬਾਹਰ ਦੇ ਰੇਡੀਓਜ਼ ਦਾ ਕਮਾਲ ਹੈ। ਮੈਨੂੰ ਇਸ ਦੀ ਥੋੜੀ ਅੰਦਰ ਦੀ ਵੀ ਭਿਣਕ ਹੈ ਕਿਉਕਿ ਇਕ ਵੇਰਾਂ ਮੈਨੂੰ ਵੀ ਕਿਹਾ ਗਿਆ ਸੀ ਕਿ ਜੇ ਚਾਹਵੇ ਤਾਂ ਤੇਰਾ ਪਤ੍ਰਕਾਰ ਦੇ ਤੌਰ ਤੇ ਕਨੇਡਾ ਦਾ ਵੀਜਾ ਲਵਾਇਆ ਜਾ ਸਕਦਾ ਹੈ। 
ਖੈਰ ਜੀ ਮੈ ਤਾਂ ਗਲ ਕਹਿ ਆਇਆ। ਮੈਨੂੰ ਨੀ ਲਗਦਾ ਇਸ ਸੰਗਤ ਵਿਚ ਮੈਨੂੰ ਦੋਬਾਰਾ ਬੋਲਣ ਦਾ ਮੌਕਾ ਮਿਲੇਗਾ।