Friday 17 June 2016

ਗਰੀਬ ਨਹੀ, ਅਮੀਰ ਸਮਾਜ ਤੇ ਭਾਰ ਹੁੰਦਾ ਹੈ।

ਗਰੀਬ ਨਹੀ, ਅਮੀਰ ਸਮਾਜ ਤੇ ਭਾਰ ਹੁੰਦਾ ਹੈ। 

A discussion (in Punjabi) whether a poor or a rich is a burden on society. Who consumes more resources of nature?


ਇਕ ਦਿਨ ਜਗਬੀਰ ਸਿੰਘ ਦੀ ਗੱਡੀ ਨਾਲ ਸਕੂਲ ਜਾਂਦੀਆਂ ਕੁੜੀਆਂ ਦਾ ਸਾਈਕਲ ਵਜਦਾ ਵਜਦਾ ਬਚਿਆ। ਜਗਬੀਰ ਨੇ ਲੈਕਚਰ ਸ਼ੁਰੂ ਕਰ ਦਿਤਾ, "ਲੋਕੀ ਜੰਮ ਜੰਮ ਸੁੱਟੀ ਜਾਂਦੇ ਨੇ ਸੜ੍ਹਕਾਂ ਤੇ।" "ਭਈ ਜਿੰਨੀ ਕੁ ਤੁਹਾਡੇ 'ਚ ਹਿੰਮਤ ਹੈ ਓਨੇ ਕੁ ਜੰਮੋ।" "ਜੰਮ ਜੰਮ ਕੲ ਧਰਤੀ ਦਾ ਬੋਝ ਵਧਾਈ ਜਾ ਰਹੇ ਨੇ"
ਅੰਨਾ ਕੀ ਭਾਲੇ ਦੋ ਅੱਖੀਆਂ। ਸਾਨੂੰ ਤਾਂ ਮਜਮੂਨ ਮਿਲਣਾ ਚਾਹੀਦੈ। ਅਸਾਂ ਜਗਬੀਰ ਨੂੰ ਚੈਲੈਂਜ ਕੀਤਾ ਕਿ ਗਰੀਬ ਨਹੀ ਸਗੋਂ ਤੁਹਾਡੇ ਵਰਗੇ ਅਮੀਰ ਸਮਾਜ ਤੇ ਬੋਝ ਹਨ। ਜਗਬੀਰ ਕਹਿਣ ਲੱਗਾ ਵੇਖੋ ਜੀ ਅਮੀਰ ਦੇ ਬੱਚੇ ਇਕ ਹੀ ਬੱਸ ਤੇ ਕੋਈ 50-60 ਆ ਜਾਂਦੇ ਨੇ। ਭਾਵ ਇਕ ਡਰਾਈਵਰ ਤੇ ਇਕ ਕੰਨਡੱਕਟਰ। ਇਥੇ ਦੋ ਜਾਣੀਆਂ ਨੇ ਪੂਰੀ ਸੜ੍ਹਕ ਮੱਲੀ ਪਈ ਏ।
ਅਸਾਂ ਕਿਹਾ ਨਹੀ ਜਗਬੀਰ ਤੁਸੀ ਗਲਤ ਹੋ। ਗਰੀਬ ਤਾਂ ਜਿਆਦਾ ਜਾਦੇ ਹੀ ਪੈਦਲ ਨੇ ਉਹ ਵੀ ਸੜਕ ਦੇ ਕੰਢੇ ਤੇ। ਇਹ ਤਾਂ ਬਾਦਲ ਨੇ ਵੋਟਾਂ ਖਾਤਰ ਸਾਈਕਲ ਵੰਡ ਦਿਤੇ ਤੇ ਕੁੜੀਆਂ ਚੜ ਗਈਆਂ।
ਅਸੀ ਕਿਹਾ ਜਰਾ ਸੜਕ ਵਲ ਨਿਗਾਹ ਮਾਰ। ਵੇਖ ਸਾਹਮਣੇ ਕਾਰਾਂ ਹੀ ਕਾਰਾਂ ਨੇ। ਕਾਰਾਂ ਨੇ ਸੜ੍ਹਕ ਮੱਲੀ ਹੋਈ ਏ। ਇਕ ਕਾਰ ਵਿਚ ਮਸਾਂ ਇਕ ਦੋ ਜਣੇ। ਦੂਸਰੇ ਪਾਸੇ ਵੇਖ ਆਹ ਆਟੋ-ਰਿਕਸ਼ੇ, ਇਕ ਇਕ ਵਿਚ 10-10 ਬੈਠੇ ਨੇ। ਕਾਰ ਨਾਲੋਂ ਚੁੜਾਈ ਵੀ ਅੱਧੀ। ਕਾਰ ਨਾਲੋ ਪੈਟਰੋਲ ਡੀਜਲ ਵੀ ਅੱਧਾ। ਸਾਰੀ ਦੁਨੀਆਂ ਦਾ ਬਾਲਣ ਦਾ ਕਾਰਾਂ ਹੀ ਬਾਲੀ ਜਾ ਰਹੀਆਂ ਨੇ।
ਇਨੇ ਨੂੰ ਅੱਗੇ ਕੀ ਵੇਖਦੇ ਹਾਂ ਇਕ ਪ੍ਰਾਈਵੇਟ ਬੱਸ ਵਾਲੇ ਨੇ ਵਿਚ ਸੜਕ ਦੇ ਬੱਸ ਰੋਕ ਲਈ। ਜਗਬੀਰ ਨੂੰ ਵੀ ਮੌਕਾ ਮਿਲ ਗਿਆ। ਪਰ ਫਿਰ ਫਸ ਗਿਆ। ਅਸਾਂ ਕਿਹਾ ਕਿੰਨੇ ਜਾਣੇ ਨੇ ਬੱਸ ਵਿਚ? ਤੁੰਨ ਤੁੰਨ ਕੇ ਭਰੀ ਸੀ,  ਕੋਈ 60-70 ਹੋਣਗੇ। ਅਸਾਂ ਕਿਹਾ ਵੇਖੋ ਜਗਬੀਰ ਜਿੰਨਾ ਪੈਟਰੋਲ ਤੁਹਾਡੀ ਕਾਰ ਖਾ ਰਹੀ ਹੈ ਓਸੇ ਖਰਚੇ ਵਿਚ 70 ਜਣੇ ਜਾ ਰਹੇ ਨੇ। ਸੋ ਬੋਝ ਤੁਸੀ ਹੋ ਕਿ ਬੱਸ ਵਾਲੇ ਗਰੀਬ? ਜਗਬੀਰ ਕਹਿਣ ਲੱਗਾ "ਇਹੋ ਤਾਂ ਮੈਂ ਕਹਿ ਰਿਹਾ ਸੀ?" ਅਸਾਂ ਫਿਰ ਓਨੂੰ ਦੁਹਰਾਇਆ ਕਿ ਭਾਈ ਜਦੋਂ ਸਕੂਲ ਦੇ ਅਮੀਰ ਬੱਚੇ ਬੱਸ ਵਿਚ ਜਾਦੇ ਨੇ ਤਾਂ ਗਰੀਬ ਪੈਦਲ ਜਾਂ ਸਾਈਕਲ ਤੇ । ਸੋ ਗਰੀਬ ਬੱਚਾ ਕਿਸੇ ਵੀ ਤਰਾਂ ਬੋਝ ਨਾਂ ਹੋਇਆ।
ਤੁਸੀ ਦਿੱਲੀ ਕਾਰ ਤੇ ਜਾਂਦੇ ਹੋ। ਗਰੀਬ ਇਕ ਹੀ ਰੇਲ ਵਿਚ 1000 ਜਣਾ ਸਮਾ ਜਾਦਾ ਹੈ। ਰੇਲ ਦਾ ਬਿਜਲੀ ਇੰਜਣ ਜਿੰਨੀ ਬਤੀ ਖਾਂਦਾ ਉਸ ਤੋਂ ਮਹਿੰਗਾ ਪੈਟਰੋਲ ਤੁਹਾਡੀ ਕਾਰ ਖਾਂਦੀ। ਤੁਹਾਡੀ ਕਾਂਰਾਂ ਕਰਕੇ ਹੀ ਸੜਕਾਂ ਟੁਟਦੀਆਂ ਹਨ, ਮੁਰੰਮਤ ਕਰਨੀ ਪੈਂਦੀ ਹੈ, ਗਰੀਬ ਦੇ ਸਾਈਕਲ ਨਾਲ ਨਹੀ।
ਬੱਚੇ ਗਰੀਬਾਂ ਦੇ ਜਿਆਦਾ। ਇਹ ਸੱਚ ਹੈ ਤੇ ਇਹ ਹੀ ਸਾਡੀ ਤਾਕਤ ਹੈ। ਤੁਹਾਨੂੰ ਅਮੀਰ ਲੋਕਾਂ ਨੂੰ ਜਦੋਂ ਸ਼ੂਗਰ ਹੋ ਜਾਂਦੀ ਹੈ ਬੱਚਾ ਪੈਦਾ ਕਰਨ ਤੋਂ ਅਸਮਰਥ ਹੋ ਜਾਂਦੇ ਹੋ। ਵੈਸੇ ਵੀ ਜਿੰਨਾ ਬੰਦਾ ਅਮੀਰ ਹੋਵੇਗਾ ਓਨਾਂ ਹੀ ਉਹ ਬੱਚੇ ਤੋਂ ਡਰੇਗਾ। ਇਹ ਕੁਦਰਤੀ ਅਸੂਲ ਹੈ। ਤੁਹਾਡੀਆਂ ਵੱਡੀਆਂ ਵੱਡੀਆਂ ਕੋਠੀਆਂ ਸਿਰਫ ਝਾੜੂ ਪੋਚਾ ਲਵਾਉਣ ਲਈ ਹਨ। ਓਨਾਂ ਵਿਚ ਬਾਲ ਨਹੀ ਖੇਡਦਾ। ਜੇ ਗਰੀਬ ਵੀ ਤੁਹਾਡੇ ਵਰਗੇ ਹੋ ਜਾਣ ਤਾਂ ਇਥੇ ਤਾਂ ਦੋ ਸਾਲਾਂ ਵਿਚ ਹੀ ਬੲ੍ਹੀਆਂ ਦਾ ਬਹੁਮਤ ਹੋ ਜਾਵੇ। ਗਰੀਬ ਮਹਾਨ ਲੋਕ ਹਨ ਇਕ ਇਕ ਕਮਰੇ ਵਿਚ ਪੰਜ ਪੰਜ ਬੱਚੇ ਪਾਲ ਲੈਂਦੇ ਹਨ। ਤੁਹਾਡੇ ਪੰਜਾ ਕਮਰਿਆਂ ਵਿਚ ਮਸਾਂ ਇਕ ਬੱਚਾ।
ਖੈਰ ਜੀ ਏਸੇ ਬਹਿਸ ਬਹਿਸਾਈ ਵਿਚ ਖੈਹਰਾ ਸਾਬ ਦੇ ਘਰ ਪਹੁੰਚ ਗਏ। ਬਿਜਲੀ ਨਹੀ ਸੀ। ਸਿਰਫ ਪੱਖਾ ਚਲ ਰਿਹਾ ਸੀ ਐਮਰਜੈਂਸੀ ਸਿਸਟਮ ਤੇ। ਜਗਬੀਰ ਫਿਰ ਸ਼ੁਰੂ ਹੋ ਗਏ। "ਜੀ ਬੱਤੀ ਪਾਕਿਸਤਾਨ ਗਈ ਹੋਈ ਹੈ।" ਕਿਉਕਿ ਸੁਖਬੀਰ ਨੇ ਕਿਹਾ ਸੀ ਕਿ ਹੁਣ ਪਾਕਿਸਤਾਨ ਨੂੰ ਬੱਤੀ ਦਿਆਂਗੇ। ਕਹਿਣ ਲੱਗਾ "ਸਭ ਝੁਗੀਆਂ ਵਾਲਿਆਂ ਦੀ ਮਿਹਰਬਾਨੀ ਹੈ, ਸਾਰਿਆਂ ਕੁਡੀਆਂ ਲਾਈਆਂ ਹੁੰਦੀਆਂ ਨੇ।" 
ਅਸਾਂ ਕਿਹਾ ਨਹੀ ਜਗਬੀਰ ਇਕੱਲਾ ਤੂ ਹੀ ਗਰੀਬ ਦੇ 50 ਘਰਾਂ ਜਿੰਨੀ ਬੱਤੀ ਬਾਲ ਲੈਂਦਾ ਹੈ। ਗਰੀਬ ਦਾ ਤਾਂ ਸਿਰਫ ਪੱਖਾ ਤੇ ਬਲਬ ਹੀ ਚਲਦਾ ਹੈ। ਬਲਬ ਵੀ ਰਾਤ ਬੁਝ ਜਾਂਦਾ ਹੈ। ਤੁਹਾਡੇ ਤਾਂ ਪੰਜ ਜਣਿਆਂ ਦੇ ਟੱਬਰ ਦੇ ਦੋ ਏ ਸੀ ਚਲ ਰਹੇ ਹੁੰਦੇ ਨੇ।ਤੁਹਾਡੇ ਹਰ ਕਮਰੇ ਵਿਚ ਟੀ ਵੀ। ਫਰਿਜ ਤੁਹਾਡੇ ਚਲ ਰਹੇ। ਪਤਾ ਨਹੀ ਕਿਹੜੀਆਂ ਕਿਹੜੀਆਂ ਮਸ਼ੀਨਾਂ ਤੁਸੀ ਬਿਜਲੀ ਤੇ ਕੀਤੀਆਂ ਹੋਈਆਂ ਹਨ। ਅਸਾਂ ਕਿਹਾ ਕਿ ਅਮੀਰੋ ਤੁਸੀ ਏ ਸੀ ਚਲਾਉਣੇ ਬੰਦ ਕਰ ਦਿਓ ਤਾਂ ਬਿਜਲੀ ਮਣਾਂ ਮੂੰਹੀ ਵਾਧੂ ਹੋ ਜਾਵੇ। 
ਜਗਬੀਰ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਫੂਕ ਮਾਰ ਦਿਤੀ, "ਭਾ ਜੀ ਬੱਸ ਕਰੋ, ਐਕਸੀਅਨ ਖਹਿਰਾ ਤੇ ਸਾਰੀਆਂ ਗੱਲਾਂ ਢੁਕ ਰਹੀਆਂ ਨੇ। ਕਿਤੇ ਬੁਰਾ ਨਾਂ ਮਨਾ ਲਵੇ, ਆਪਾਂ ਕੰਮ ਲੈਣ ਆਏ ਹਾਂ" ਅਸੀ ਚੁੱਪ ਹੋ ਗਏ।

No comments:

Post a Comment