Wednesday 24 February 2016

ਜੇ 1947 ਵੇਲੇ ਲੀਡਰ ਮੂਰਖ ਸਨ ਤਾਂ ਘੱਟ ਅੱਜ ਵੀ ਨਹੀ ਕਰ ਰਹੇ

ਜੇ 1947 ਵੇਲੇ ਸਿੱਖ ਲੀਡਰ ਮੂਰਖ ਸਨ ਤਾਂ ਘੱਟ ਅੱਜ ਵੀ ਨਹੀ ਗੁਜਾਰ ਰਹੇ


If the Sikh leaders were stupid in 1947 they are no less even now. The question of MP Prem Singh Chandumajra's demand of exchange of territory in lieu of Kartarpur sahib. The article is in Punjabi please.

ਉਚ ਅੰਗਰੇਜ ਲੀਡਰਾਂ ਨੇ 1947 ਦੇ ਦਿਨਾਂ ਦੇ ਸਿੱਖ ਲੀਡਰਾਂ ਨੂੰ ਸਟੁਪਿਡ (ਮੂਰਖ)  ਕਿਹਾ ਸੀ। ਪਰ ਜੇ ਅੱਜ ਵੀ ਕਿਸੇ ਮਸਲੇ ਤੇ ਸਿੱਖ ਲੀਡਰ ਦੀ ਪਹੁੰਚ ਨੂੰ ਗਹੁ ਨਾਲ ਵੇਖੀਏ ਤਾਂ ਅਹਿਸਾਸ ਹੁੰਦਾ ਹੈ ਕਿ ਅੱਜ ਦੇ ਲੀਡਰ ਵੀ ਓਹੋ ਕੁਝ ਕਰ ਰਹੇ ਨੇ। ਇਕ ਹੁੰਦੀ ਹੈ ਸਿੱਧ ਪੱਧਰੀ ਸੋਚ ਜਿੰਨੂ "ਕਾਮਨ-ਸੈਂਸ" ਵੀ ਕਹਿੰਦੇ ਨੇ। ਪਰ ਦੁੱਖ ਅੱਜ ਦੇ ਲੀਡਰ ਵੀ ਕਾਮਨ ਸੈਂਸ ਨਾਲ ਨਹੀ ਸੋਚਦੇ। ਮਸਲਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ।


ਉਚ ਅੰਗਰੇਜ ਲੀਡਰਾਂ ਨੇ 1947 ਦੇ ਦਿਨਾਂ ਦੇ ਸਿੱਖ ਲੀਡਰਾਂ ਨੂੰ ਸਟੁਪਿਡ (ਮੂਰਖ) ਤੇ ਹੋਪਲੈਸਲੀ ਸਟੁਪਿਡ (ਨਕਾਰਾ ਮੂਰਖ) ਕਿਹਾ ਸੀ। ਕਿਉਕਿ ਅੰਗਰੇਜ ਸਿੱਖਾਂ ਨੂੰ ਰਾਜ-ਭਾਗ ਦੇਣਾ ਚਾਹੁੰਦੇ ਸਨ ਤੇ ਚਾਹੁੰਦੇ ਸਨ ਕਿ ਸਿੱਖ ਲੀਡਰ ਮੰਗ ਕਰਨ ਕਿ ਪੰਜਾਬ ਸਿੱਖਾਂ ਦਾ ਹੈ ਕਿਉਕਿ ਅੰਗਰੇਜਾਂ ਨੇ ਸਿੱਖਾਂ ਕੋਲੋਂ ਖੋਹਿਆ ਸੀ। ਪਰ ਬਦਕਿਸਮਤੀ ਕਿ ਸਿੱਖ ਡੈਲੀਗੇਸ਼ਨ ਜਦੋਂ ਵੀ ਅੰਗਰੇਜ ਸਾਹਮਣੇ ਪੇਸ਼ ਹੁੰਦਾ ਸੀ ਤਾਂ ਹੋਰ ਦੇ ਹੋਰ ਮਸਲੇ ਉਠਾਉਦਾ ਸੀ। ਜਿਹੜੀ ਗਲ ਅੰਗਰੇਜ ਨੇ ਸੋਚਣੀ ਸੀ ਉਹ ਗਲ ਉਹਦੇ ਅੱਗੇ ਪੇਸ਼ ਕਰਦਾ ਸੀ। "ਜੀ ਫਲਾਣੇ ਇਲਾਕੇ ਵਿਚ ਅਸੀ ਬਹੁਗਿਣਤੀ 'ਚ ਤੇ ਫਲਾਣੇ  'ਚ ਨਹੀ" ਭਈ ਮੂਰਖੋ ਤੁਸੀ ਆਪਣੀ ਮੰਗ ਤਾਂ ਰੱਖੋ। ਜੇ ਕੋਈ  ਵਿਰੋਧਤਾ ਕਰੇ ਤਾਂ ਫਿਰ ਦਲੀਲ ਦਿਓ। ਇਹ ਮੰਗ ਹੀ ਨਹੀ ਰਖਦੇ। ਜਦੋਂ ਕਿ ਵਾਇਸਰਾਇ ਵੇਵਲ ਨੇ ਮਾਸਟਰ ਤਾਰਾ ਸਿੰਘ ਨੂੰ ਸਟੁਪਿਡ ਤੇ ਕੈਪਟਨ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਹੋਪਲੈਸ ਸਟੁਪਿਡ ਕਿਹਾ ਸੀ। ਅੱਜ ਉਂਜ ਥੋੜੇ ਹਾਲਾਤ ਬਦਲੇ ਹਨ ਕਿਉਕਿ  ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜਿਹੇ ਲੀਡਰਾਂ ਨੂੰ ਮੂਰਖ ਤਾਂ ਨਹੀ ਕਿਹਾ ਜਾ ਸਕਦਾ। (ਇਨਾਂ ਵਾਸਤੇ ਜੋ ਵਿਸ਼ੇਸ਼ਣ ਮੈਂ ਲਾਉਣਾ ਚਾਹੁੰਦਾ ਹਾਂ ਉਹ ਲਾਉਣ ਤੋਂ ਬਗੈਰ ਹੀ ਪਾਠਕ ਸਮਝਦੇ ਹਨ। ਸੋ ਚੁੱਪ ਹੀ ਰਹਾਂਗਾ।) ਪਰ ਸਾਡੇ ਮੈਂਬਰ ਪਾਰਲੀਮੈਂਟ ਜੋ ਕੁਝ ਪਾਰਲੀਮੈਂਟ ਵਿਚ ਜੋ ਕੜੀ ਘੋਲਦੇ ਹਨ ਉਹ ਮੂਰਖਤਾ ਤੋਂ ਘੱਟ ਨਹੀ।
ਗਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਹੈ। ਕਰਤਾਰਪੁਰ ਜਿਥੇ ਗੁਰੂ ਨਾਨਕ ਜੋਤੀ ਜੋਤ ਸਮਾਏ। ਜਿਥੇ ਓਨਾਂ ਦੀ ਪਵਿਤਰ ਕਬਰ ਦੇ ਨਾਲ ਸਮਾਧ ਹੈ। ਜਿਥੇ ਓਨਾਂ ਏਕੇ (1) ਦਾ ਪ੍ਰਚਾਰ ਕੀਤਾ ਤੇ ਕਿਹਾ ਕਿ ਸਾਡਾ ਸਭ ਦਾ ਮੂਲ ਇਕ ਹੈ। ਜਾਤਾਂ, ਮਜ੍ਹਬਾਂ ਦੇ ਭੇਦ ਭਾਵ ਮਿਟਾ ਕੇ ਜਿਥੇ ਹਿੰਦੁਸਤਾਨ ਦੀ ਸਰ ਜਮੀਨ ਤੇ ਸਭ ਅਖੌਤੀ ਊਚ ਨੀਚ ਨੂੰ ਲੰਗਰ ਦੀ ਇਕੋ ਪੰਗਤ ਵਿਚ ਬੈਠਾ ਦਿਤਾ ਸੀ। ਓਹ ਕਰਤਾਰਪੁਰ ਜੋ ਪਾਕਿਸਤਾਨ ਹਿੰਦੁਸਤਾਨ ਦੇ ਐਨ ਬਾਰਡਰ ਦੇ ਨਜਦੀਕ ਹੈ ਤੇ ਸਰਹੱਦ ਤੋਂ ਦਿਸਦਾ ਵੀ ਹੈ। ਸਰਹੱਦ ਤੇ ਕਰਤਾਰਪੁਰ ਸਾਹਿਬ ਦੇ ਦਰਮਿਆਨ ਕੋਈ ਬਸਤੀ, ਕੋਈ ਪਿੰਡ ਜਾਂ ਡੇਰਾ ਨਹੀ ਹੈ। ਸਪਾਟ ਜਮੀਨ ਹੈ। ਇਥੋ ਤਕ ਕਿ ਵਿਚ ਰੁਖ ਵੀ ਨਹੀ ਹਨ। ਹਾਂ ਇਕ ਵੇਈ ਤੇ ਦਰਿਆ ਰਾਵੀ ਦਰਮਿਆਨ ਹਨ।ਪਾਕਿਸਤਾਨ ਇਸ ਗੁਰਦੁਆਰਾ ਸਾਹਿਬ ਦੀ ਅਹਿਮੀਅਤ ਨੂੰ ਸਮਝਦਾ ਹੈ। ਇਸ ਵਿਚ ਜਿਹੜੀ ਕਬਰ ਮੌਜੂਦ ਹੈ ਉਸ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਕੀ ਸੁਨੇਹਾ ਦੇ ਰਹੀ ਹੈ ਤੇ ਇਹੋ ਗਲ ਪੰਜਾਬੀ ਮੁਸਲਮਾਨ ਪਿਛਲੇ 500 ਸਾਲ ਤੋਂ ਕਹਿੰਦਾ ਆ ਰਿਹਾ ਹੈ ਗੁਰੂ ਨਾਨਕ ਬਾਰੇ। ਇਹੋ ਕਾਰਨ ਹੈ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਤਕ ਖੁੱਲਾ ਲਾਂਘਾ ਦੇਣਾ ਮੰਨ ਲਿਆ ਹੈ।
ਪਰ ਇਹੋ ਲਾਂਘਾ ਹੋਰਨਾਂ ਪਵਿਤਰ ਸਥਾਨਾਂ ਲਈ ਨਹੀ ਮੰਨਿਆ ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਦੇ ਪਿੰਡ ਨੁਸ਼ਿਹਰਾ ਢਾਲਾ ਦੇ ਐਨ ਸਾਹਮਣੇ ਪਾਕਿਸਤਾਨ ਵਿਚ ਸਾਡਾ ਇਤਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀ ਪਿੰਡ ਪਧਾਣਾ ਹੈ।
ਮੈਂ ਦਾਵੇ ਨਾਲ ਕਹਿ ਸਕਦਾ ਹਾਂ ਮੇਰਾ ਹਰ ਪਾਠਕ ਇਹ ਗਲ ਸਮਝ ਰਿਹਾ ਹੈ ਕਿ ਪਾਕਿਸਤਾਨ ਕਰਤਾਰਪੁਰ ਨੂੰ ਲਾਂਘਾ ਦੇਣਾ ਕਿਓ ਮੰਨ ਗਿਆ।  ਪਰ ਇਹ ਗਲ ਸਾਡੇ 'ਸੂਝਵਾਨ' ਸਿੱਖ ਲੀਡਰ ਨਹੀ ਸਮਝ ਪਾ ਰਹੇ।
ਤੇ ਅੱਗੇ ਸੁਣੋ ਸਾਡੇ ਸੂਝਵਾਨ ਸਿੱਖ ਲੀਡਰਾਂ ਦੀ ਪਹੁੰਚ।ਪਹਿਲੀ ਗਲ ਤਾਂ ਬਹੁਤੇ ਸਿੱਖ ਲੀਡਰ ਕਰਤਾਰਪੁਰ ਦੇ ਮਸਲੇ ਤੇ ਆ ਕੇ ਚੁੱਪ ਹੋ ਜਾਂਦੇ ਨੇ। ਘੱਟ ਹੀ ਬਿਆਨਬਾਜੀ ਕਰਦੇ ਹਨ। ਪਰ ਕਿਤੇ ਕਿਤੇ ਸਾਡੇ ਲੀਡਰਾਂ ਨੂੰ ਚਾਅ ਆ ਹੀ ਜਾਂਦਾ ਹੈ।ਤਿੰਨ ਕੁ ਸਾਲ ਪਹਿਲਾਂ ਕਾਂਗਰਸ ਦੇ ਸਾਡੇ ਵੀਰ ਪ੍ਰਤਾਪ ਸਿੰਘ ਬਾਜਵਾ ਐਮ ਪੀ ਨੂੰ ਵੀ ਮਾੜੀ ਮੋਟੀ ਖੁਰਕ ਹੋਈ ਤੇ ਜਨਾਬ ਨੇ ਬਿਆਨ ਦੇਣਾ ਸ਼ੁਰੂ ਕਰ ਦਿਤਾ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਲੈ ਲੈਣਗੇ "ਕਿਉਕਿ ਪ੍ਰਧਾਨ ਮੰਤਰੀ ਜੁ ਸਿੱਖ ਹੋਇਆ।"
ਓਦੋ ਉਨਾਂ ਨੇ ਕਹਿ ਦਿਤਾ ਕਿ ਇਹ ਤਾਂ ਕੰਮ ਹੀ ਬਹੁਤ ਸਹਿਲ ਹੈ। "ਭਈ ਆਪਣੇ ਦੋ ਚਾਰ ਪਿੰਡਾਂ ਦਾ ਰਕਬਾ ਪਾਕਿਸਤਾਨ ਨੂੰ ਦੇ ਦਿਓ ਤੇ ਪਾਕਿਸਤਾਨ ਕੋਲੋ 5-700 ਏਕੜ ਓਹ ਜਮੀਨ ਲੈ ਲਓ ਜਿਥੇ ਕਰਤਾਰਪੁਰ ਸਾਹਿਬ ਵਾਕਿਆ ਹੈ।"
ਨਾਰੋਵਾਲ ਤੋਂ ਉਠ ਕੇ ਆਏ ਗੁਰਿੰਦਰ ਸਿੰਘ ਬਾਜਵਾ ਨੇ ਬਟਾਲਾ ਵਿਖੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸੈਮੀਨਾਰ ਕਰਵਾਇਆ । ਉਹਦਾ ਥੀਮ ਇਹੋ ਸੀ ਕਿ ਕੀ ਲਾਂਘਾ ਲੈਣਾ ਚਾਹੀਦਾ ਹੈ ਕਿ ਜਮੀਨ ਦਾ ਵਟਾਂਦਰ। ਦਾਸ ਲਿਖਾਰੀ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ। ਅਸੀ ਵਿਸਥਾਰ ਨਾਲ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਜਮੀਨ ਵਟਾਉਣ ਵਾਲੀ ਗਲ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਤੋਂ ਘੱਟ ਨਹੀ ਹੈ। ਖੈਰ ਸੰਗਤ ਵਿਚ ਜਦੋਂ ਇਹ ਗਲ ਗਈ ਤਾਂ ਸ. ਪ੍ਰਤਾਪ ਸਿੰਘ ਜੀ ਬਾਜਵਾ ਨੇ ਤਾਂ ਆਪਣੀ ਥਿਓਰੀ ਨੂੰ ਓਸੇ ਘੜੀ ਹੀ ਤਿਆਗ ਦਿਤਾ। ਪਰ ਦੁਖ ਇਸ ਗਲ ਦਾ ਕਿ ਉਸ ਤੋਂ ਬਾਜਵਾ ਸਾਬ ਇਸ ਮਸਲੇ ਤੇ ਚੁੱਪ ਹੀ ਹੋ ਗਏ।
ਪਿਛੇ ਜਿਹੇ ਜੁਲਾਈ 2014 ਵਿਚ ਇਕ ਹਿੰਦੂ ਲੀਡਰ ਬੇਜੰਤ ਪਾਂਡਾ ਨੇ ਕਰਤਾਰਪੁਰ  ਦਾ ਮਸਲਾ ਪਾਰਲੀਮੈਂਟ 'ਚ ਚੁੱਕਿਆ। ਇਸ ਤੇ ਸਾਡੇ ਮਾਨਯੋਗ ਪ੍ਰੇਮ ਸਿੰਘ ਚੰਦੂਮਾਜਰਾ ਐਮ. ਪੀ ਨੂੰ ਵੀ ਕਰਤਾਰਪੁਰ ਸਾਹਿਬ ਲਈ ਪ੍ਰੇਮ ਜਾਗਿਆ ਹੈ। ਇਨਾਂ ਨੇ ਹੁਣੇ ਹੁਣੇ ਵੱਡੀ ਹਿੰਮਤ ਕੀਤੀ ਹੈ ਤੇ ਇਕ 12 ਮੈਂਬਰੀ ਪਾਰਲੀਮੈਂਟ ਸਬ ਕਮੇਟੀ ਦਾ ਡੈਲੀਗੇਸ਼ਨ ਲੈ ਕੇ 12 ਫਰਵਰੀ ਨੂੰ ਕਰਤਾਰਪੁਰ ਸਾਹਿਬ ਦੇ ਇਲਾਕੇ ਦਾ ਦੌਰਾ ਕੀਤਾ। ਅਖਬਾਰਾਂ ਵਿਚ ਬਿਆਨ ਦਿਤਾ ਕਿ ਉਹ (ਚੰਦੂਮਾਜਰਾ ਸਾਹਿਬ) ਲਾਂਘਾ ਖੁਲਵਾਉਣਗੇ।
ਪਰ ਜਦੋਂ ਅਸਾਂ ਅਸਲ ਖਬਰ ਪੜੀ ਤਾਂ ਪਤਾ ਲਗਾ ਕਿ ਜਿਸ ਪਾਸੇ ਨੂੰ ਡੈਲੀਗੇਸ਼ਨ ਜਾ ਰਿਹਾ ਹੈ ਉਹ ਤਾਂ ਕਰਤਾਰਪੁਰ ਲਾਂਘਾ ਬੰਦ ਕਰਵਾਉਣ ਵਾਲਾ ਰਸਤਾ ਹੈ। ਖੋਲਣ ਵਾਲਾ ਨਹੀ। ਡੈਲੀਗੇਸ਼ਨ ਨੇ ਪਹਿਲਾਂ ਪਠਾਣਕੋਟ ਸਰਹੱਦ ਦਾ ਉਸ ਇਲਾਕੇ ਦਾ ਜਾਇਜਾ ਲਿਆ ਜਿਸ ਰਾਂਹੀ ਇਨਾਂ ਦੇ "ਆਤੰਕਵਾਦੀ" ਪਾਕਿਸਤਾਨ ਤੋਂ ਆਏ ਸਨ।(ਹਾਲਾਂ ਇਹ ਵਖਰੀ ਗਲ ਹੈ ਕਿ ਹੁਣ ਲੋਕਾਂ ਨੂੰ ਪਤਾ ਲਗ ਚੁੱਕਾ ਹੈ ਕਿ ਉਸ ਮਸਲੇ ਵਿਚ ਭਾਰਤੀ ਅਜੈਂਸੀਆਂ ਦਾ ਹੱਥ ਸੀ ਕਿਉਕਿ ਬਾਰਡਰ ਪਾਰ ਕਰਾਉਣ ਤੇ ਹਥਿਆਰ ਮੁਹੱਈਆ ਕਰਨ ਵਿਚ ਪੁਲਿਸ ਦੀ ਭੂਮਿਕਾ ਸੀ) ਹੁਣ ਜੇ ਤੁਸੀ ਪਹਿਲਾਂ ਪਠਾਣਕੋਟ ਦਾ ਇਲਾਕਾ ਵਿਖਾ ਕੇ ਡੈਲੀਗੇਸ਼ਨ ਨੂੰ ਕਹੋਗੇ ਕਿ ਸਾਡਾ ਲਾਂਘਾ ਖੋਲ ਦਿਓ ਤਾਂ ਡੈਲੀਗੇਸ਼ਨ ਨੇ ਤਾ ਝੱਟ ਕਹਿ ਦੇਣਾ ਕਿ "ਇਸ ਸੇ ਭਾਰਤ ਮੇਂ ਘੁਸਪੈਠ ਹੋ ਜਾਏਗੀ।" ਪਰ ਇਹ ਸਿਧੀ ਜਿਹੀ ਗਲ ਸਾਡੇ ਚੰਦੂਮਾਜਰਾ ਨਹੀ ਸਮਝ ਪਾਏ ਤੇ ਫਿਰ ਵੀ ਬਿਆਨ ਦੇ ਰਹੇ ਨੇ ਖੁਲਵਾਉਣ ਦੀ। ਮੁਆਫ ਕਰਨਾਂ ਇਹ ਖੋਲਣ ਵਾਲੀ ਗਲ ਨਹੀ। ਇਹ ਤਾਂ ਬੰਦ ਕਰਵਾਉਣ ਵਾਲੀ ਹੈ। ਇਹ ਗਲ ਕੋਈ ਸਿੱਖ ਲੀਡਰ ਹੀ ਕਰ ਸਕਦਾ ਹੈ।
ਤੇ ਅਗਲੀ ਗਲ ਚੰਦੂਮਾਜਰਾ ਸਾਹਿਬ ਨੂੰ ਵੀ ਵੀਚਾਰ ਆਇਆ ਕਿ ਇਹ ਕੰਮ ਤਾਂ ਸੌਖਾ ਹੀ ਹੈ ਭਈ ਇਕ ਦੋ ਪਿੰਡ ਵਟਾ ਲਓ ਪਾਕਿਸਤਾਨ ਨਾਲ। ਇਸ ਮਸਲੇ ਤੇ ਅਸਾਂ ਆਪਣੇ ਪਾਕਿਸਤਾਨੀ ਲਿਖਾਰੀ ਮਿਤ੍ਰ ਮੁਹੰਮਦ ਮੁਸਤਫਾ ਡੋਗਰ ਨਾਲ ਗਲ ਕੀਤੀ।ਉਹਨੇ ਝੱਟ ਉੱਤਰ ਦੇ ਦਿਤਾ, "ਹਾਹੋ ਸਾਨੂੰ ਮਨਜੂਰ ਆ। ਕਰਤਾਰਪੁਰ ਲੈ ਲਓ ਤੇ ਸਾਨੂੰ ਦਿੱਲੀ ਦੇ ਦਿਓ।ਓਥੇ ਸਾਡੇ ਵੱਡੇ ਵੱਡੇ ਪੀਰ ਤੇ ਔਲੀਆਂ ਦਫਨ ਨੇ।" ਲਓ ਕਰ ਲਓ ਘਿਓ ਨੂੰ ਭਾਂਡਾ। ਪਰ ਕਿਥੇ। ਸਿੱਖ ਲੀਡਰ ਨਹੀ ਸਮਝਣਗੇ।
ਭਈ ਗਲ ਸਿਧੀ ਜਿਹੀ ਹੈ ਕਿ ਪਾਕਿਸਤਾਨ ਰਸਤਾ ਦੇਣਾ ਮੰਨਦਾ ਹੈ। ਜੇ ਸਕਿਓਰਿਟੀ ਨੂੰ ਖਤਰਾ ਹੈ ਤਾਂ ਉਹ ਪਾਕਿਸਤਾਨ ਨੂੰ ਹੈ। ਜਿੰਨਾ ਦੀ ਹਦੂਦ ਅੰਦਰ ਦੂਸਰੇ ਮੁਲਕ ਦੇ ਸ਼ਹਿਰੀਆਂ ਜਾਣਾ ਹੈ ਨਾਂ ਕਿ ਉਸ ਮੁਲਕ ਨੂੰ ਜਿਥੋ ਦੇ ਸ਼ਹਿਰੀਆਂ ਨੇ ਜਾਣਾ ਹੈ। ਭਈ ਬੰਦਾ ਪਛਾਣ ਕੇ ਜਾਣ ਦੇਣਾ ਤੇ ਪਛਾਣ ਕੇ ਲੈਣਾ ਹੈ। ਫਿਰ ਇਹਨਾਂ ਦੀ "ਘੁਸਪੈਠ" ਕਿਥੋ ਹੋ ਜਾਵੇਗੀ। ਨਾਲੇ ਘੁਸਪੈਠ ਲਈ ਤਾਂ ਚੋਰ ਮੋਰੀਆਂ ਹਮੇਸ਼ਾਂ ਖੁੱਲੀਆਂ ਹੁੰਦੀਆਂ ਹਨ। ਤਾਲਾ ਸਾਧ ਲਈ ਹੁੰਦਾ ਹੈ। ਚੋਰ ਭਾਈ ਤਾਂ ਮਿੰਟ ਤੋਂ ਪਹਿਲਾਂ ਜਿੰਦਰੇ ਦਾ ਕਚੂਮਰ ਕੱਢ ਦਿੰਦੇ ਨੇ। ਭਾਈ ਜੇ ਤੁਹਾਡਾ ਪ੍ਰਧਾਨ ਮੰਤਰੀ ਤੋਪਾਂ ਖਰੀਦਣ ਵਿਚ ਕਮਿਸ਼ਨ ਲੈ ਸਕਦਾ ਹੈ ਤਾਂ ਬੀ ਐਸ ਐਫ ਦਾ ਹਵਾਲਦਾਰ ਕਿਓ ਨਹੀ ਲਵੇਗਾ ਨਾਲੇ ਉਹਦੀ ਡਿਊਟੀ ਤੇ ਰਾਤ ਵੇਲੇ ਹੁੰਦੀ ਹੈ। ਸੋ ਖਤਰਾ ਲਾਂਘੇ ਤੋਂ ਨਹੀ ਹੈ। ਖਤਰਾ ਬੋਫੋਰਿੰਗ ਤੋਂ ਹੈ ਜਿਹੜੀ ਗਲ ਹਿੰਦੁਸਤਾਨੀ ਨਾਗਰਿਕ ਨੇ ਸਮਝਣ ਤੋਂ ਪੱਕੀ ਨਾਂ ਕਰ ਛੱਡੀ ਹੋਈ ਹੈ।
ਇਹ ਸਿੱਧ ਪੱਧਰੀਆਂ ਗੱਲਾਂ ਗੁਰੂ ਦਾ ਹਰ ਸਿੱਖ ਸਮਝ ਰਿਹਾ ਹੈ ਸਿਵਾਏ ਲੀਡਰਾਂ ਦੇ ਕਿਉਕਿ ਸਿੱਖਾਂ ਦੀ ਲੀਡਰਸ਼ਿਪ ਕਾਮਰੇਡਾਂ ਨੇ  ਹੱਥਿਆਂ ਲੈ ਲਈ ਹੈ। ਭਾਈ ਸਿੱਧੀ ਜਿਹੀ ਗਲ ਹੈ ਕਿ ਪਾਕਿਸਤਾਨ ਨੇ ਲਾਂਘਾ ਮਨਜੂਰ ਕਰ ਦਿਤਾ ਹੈ। ਪੰਜਾਬ ਅਸੈਂਬਲੀ ਵੀ ਪਾਸ ਕਰ ਚੁੱਕੀ ਹੈ। ਤੁਸੀ ਲੋਕ ਸਭਾ ਵਿਚ ਦੁਹਾਈ ਦਿਓ ਕਿ ਭਾਰਤ ਸਰਕਾਰ ਲਾਂਘਾ ਕਿਓ ਨਹੀ ਪਾਸ ਕਰ ਰਹੀ ਜਦੋਂ ਪੰਜਾਬ ਪਾਸ ਕਰ ਚੁੱਕਾ ਹੈ। ਓਨਾਂ ਕੋਲੋ ਕਾਰਨ ਪੁਛੋ ਭਈ ਪਾਸ ਕਿਓ ਨਹੀ ਕਰਦੇ । ਫਿਰ ਦਲੀਲ ਦਿਓ। ਓਏ ਲੀਡਰੋ ਮੰਗੋ ਤਾਂ ਸਹੀ ਭਾਰਤ ਕੋਲੋ। ਇਹ ਐਨੇ ਗੁਲਾਮ ਬਣ ਚੁੱਕੇ ਨੇ ਮੰਗਦਿਆਂ ਵੀ ਸ਼ਰਮਾਅ ਜਾਂਦੇ ਨੇ ਕਿ ਸਾਡਾ ਮਾਲਕ ਕੀ ਸੋਚੂਗਾ।
ਆਹ ਚੰਦੂਮਾਜਰਾ ਸਬੰਧਤ ਖਬਰਾਂ ਇਕੱਠੀਆਂ ਕਰ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਮਸਲਾ ਆਪੇ ਸਮਝ ਲਓ।


+++++++++++++++++++++
12 MEMBER PARLIAMENT COMMITTEE VISITS KARTARPUR CORRIDOR SITE


ਪਾਕਿਸਤਾਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾਉਣ ਦਾ ਮੁੱਦਾ ਵਿਚਾਰਿਆ ਜਾਵੇ-ਪ੍ਰੋ: ਚੰਦੂਮਾਜਰਾ
ਐੱਸ. ਏ. ਐੱਸ. ਨਗਰ. 16 ਦਸੰਬਰ:-ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ ਨਾਲ ਹੋਣ ਵਾਲੀ ਦੋ-ਧਿਰੀ ਗੱਲਬਾਤ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੱਕ ਲਾਂਘਾ ਦੇਣ ਦਾ ਮੁੱਦਾ ਜ਼ਰੂਰ ਵਿਚਾਰੇ | ਪ੍ਰੋ: ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕ ਸਭਾ 'ਚ ਜ਼ੀਰੋ ਆਵਰ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ 'ਤੇ 'ਬਲੀਦਾਨ ਦਿਵਸ' ਵਜੋਂ ਮਨਾਏ ਜਾਣ ਦਾ ਮੁੱਦਾ ਵੀ ਉਠਾਇਆ ਗਿਆ ਹੈ | ਕਰਤਾਰਪੁਰ ਸਾਹਿਬ ਦਾ ਗੁੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣਾ ਵਾਲਾ ਇਤਿਹਾਸਕ ਅਸਥਾਨ ਹੈ | ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਇਸ ਗੁਰਦੁਆਰਾ ਸਾਹਿਬ ਤੱਕ ਲਾਂਘਾ ਬਣਾਉਣ ਦੀ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੋਵਾਂ ਮੁਲਕਾਂ 'ਚ ਕੁਝ ਇਲਾਕਿਆਂ ਦੀ ਅਦਲਾ-ਬਦਲੀ ਕਰਕੇ ਪੂਰੀ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਪਾਕਿਸਤਾਨ ਨਾਲ ਗੱਲ ਕੀਤੀ ਗਈ ਸੀ ਤੇ ਹੁਣ ਬੰਗਲਾ ਦੇਸ਼ ਨਾਲ ਗੱਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਅੱਗੇ ਵੀ ਇਹ ਮੰਗ ਉਠਾਈ ਗਈ ਹੈNo comments:

Post a Comment