Monday 21 September 2015

ਕਰਤਾਰਪੁਰ -1938 'ਚ ਛਪੇ ਕਿਤਾਬਚੇ ਚੋਂ -ਲਿਖਾਰੀ ਸ. ਕਿਸ਼ਨ ਸਿੰਘ ਬੇਦੀ

ਕਰਤਾਰਪੁਰ -1938 'ਚ ਛਪੇ ਕਿਤਾਬਚੇ ਚੋਂ -ਲਿਖਾਰੀ ਸ. ਕਿਸ਼ਨ ਸਿੰਘ ਬੇਦੀ

1919 ਈ. 'ਚ ਰਾਵੀ ਨੇ ਕਰਤਾਰ ਪੁਰ ਦੇ ਚਰਨ ਚੁੰਮੇ

ਬੰਨ੍ਹ ਦੀ ਸੇਵਾ

ਬੰਨ੍ਹ ਕਮੇਟੀ



 1938 'ਚ ਛਪੇ ਕਿਤਾਬਚੇ ਚੋਂ
 -ਲਿਖਾਰੀ ਸ. ਕਿਸ਼ਨ ਸਿੰਘ ਬੇਦੀ

1919 ਈ ਵਿਚ ਫਿਰ ਕਰਤਾਰਪੁਰ ਲ਼ ਰਾਵੀ ਦਰਿਆ ਨੇ ਢਾਹ ਲਾ ਦਿਤੀ ਉਦੋ ਸੰਗਤਾਂ ਨੇ ਉਪਰਾਲੇ ਕਰਕੇ ਦਰਿਆ ਰਾਵੀ ਦੇ ਦੋਨੋਂ ਕਿਨਾਰੇ ਹੀ ਬੰਨ ਦਿਤੇ। ਉਦੋਂ ਇਕ ਬੰਨ ਕਮੇਟੀ ਬਣੀ ਸੀ ਜਿਨਾਂ ਬਾਦ ਵਿਚ ਕਰਤਾਰਪੁਰ ਤੇ ਇਕ ਕਿਤਾਬਚਾ ਛਪਵਾਇਆ।ਕਰਤਾਰਪੁਰ-ਸੰਖੇਪ ਇਤਹਾਸ- ਲਿਖਾਰੀ ਕਿਸ਼ਨ ਸਿੰਘ ਬੇਦੀ। ਹੇਠ ਲਿਖਿਆ ਵਿਸਥਾਰ ਇਸੇ ਕਿਤਾਬਚੇ ਚੋਂ ਲਿਆ ਗਿਆ ਹੈ।



ਨਜਾਰੇ ਕਰਤਾਰਪੁਰ ਦੇ


ਹਿੰਦੂ ਤੁਰਕ ਅਧਕ ਚਲ ਆਵਹਿ।ਸ੍ਰੀ ਨਾਨਕ ਕੇ ਚਰਨ ਮਨਾਵਹਿ।
ਏਕ ਮੁਰੀਦ, ਸਿੱਖ ਇਕ ਹੋਵਹਿ।ਦਰਸਨ ਪਰਸਨ ਕਲਮਲ ਖੋਵਹਿ।
ਗ੍ਰਾਮ ਨਗਰ ਰਹਿ ਹੀਂ ਨਰ ਜੇਤੇ।ਸ੍ਰੀ ਗੁਰੂ ਕੀਰਤਿ ਕਰਿ ਹੀ ਤੇਤੇ।
ਬ੍ਰਾਹਮਚਾਰੀ ਬੈਰਾਗੀ ਜੋਊ।ਜੋਗੀ ਸੰਨਿਆਸੀ ਐ ਕੋਊ।
ਨੀਚ ਕੇ ਊਚ ਰਾਇ ਕੈ ਰੰਕਾ।ਸੁਜਸ ਉਚਾਰਹਿ ਸਭ ਅਨ ਲੰਕਾ।
ਪੰਡਤ ਅਪਰ ਅਪੰਡਤ ਜਹਿ ਤਹਿ।ਸ੍ਰੀ ਗੁਰ ਕੀਰਤਿ ਕਰਿ ਹੀ ਮਹਿਂ ਮਹਿਂ।
ਪੁਰਿ ਕਰਤਾਰ ਵਿਖੇ ਨਰ ਨਾਰੀ।ਰਹੈਂ ਸਦੀਵ ਭੀਰ ਭਰਿ ਭਾਰੀ।
ਸਵਾ ਜਾਮ ਨਿਸਿ ਰਹੇ ਸਦਾਈ।ਹੋਤਿ ਕੀਰਤਨ ਸਭ ਸੁਖਦਾਈ। (ਪੰ: 1117 ਸੂਰਜ ਪ੍ਰਕਾਸ਼)

Ì ਮਿਲਾਪ ਦੋਦਾ

ਇਥੇ ਲਾਗੇ ਹੀ ਇਕ ਪਿੰਡ ਹੈ ਜੋ ਗੁਰੂ ਸਾਹਿਬ ਦੇ ਸੇਵਕ ਦੋਦੇ

ਦੇ ਨਾਂ ਤੇ ਦੋਦਾ ਪਿੰਡ ਹੀ ਅਖਵਾਉਂਦਾ ਹੈ। ਕਿਸੇ ਵੇਲੇ ਇਹ ਪਿੰਡ ਕਸਬੇ ਦਾ ਰੂਪ ਵੀ ਧਾਰਨ ਕਰ ਚੁੱਕਾ ਸੀ। ਸਾਖੀਆਂ 'ਚ ਦਰਜ ਹੈ ਕਿ ਸਾਹਿਬ ਨੇ ਦੋਦੇ ਦੇ ਸ਼ੰਕੇ ਦੂਰ ਕਰਨ ਲਈ ਇਕ ਵੇਰਾਂ ਰਾਵੀ ਦਰਿਆ ਦੁੱਧ ਦਾ ਵਗਾ ਦਿੱਤਾ ਸੀ। ਦੋਦੇ ਦੇ ਓਦੋ ਸਾਹਿਬ ਕੋਲੋ ਵਰ ਮੰਗਿਆ ਸੀ ਕਿ ਰਾਵੀ ਦਰਿਆ ਉਸ ਦੇ ਖੇਤਾਂ ਤੋਂ ਪਰੇ ਹੋ ਜਾਵੇ।

Ì ਗੁਰੂ ਅੰਗਦ ਦੇਵ ਪਹਿਲੀ ਵੇਰ ਬਿਕ੍ਰਮੀ 1589 ਮੁਤਾਬਿਕ 1532 ਈ: ਨੂੰ ਕਰਤਾਰ ਪੁਰ ਆਏ ਸਨ।

Ì ਮਾਇਆ ਦਾ ਮੀਂਹ - ਸਾਖੀਆਂ 'ਚ ਦਰਜ ਹੈ ਕਿ ਇਕ ਵੇਰਾਂ ਸਾਹਿਬ ਨੇ ਲੋਕਾਂ ਦੇ ਭਰਮ ਦੂਰ ਕਰਨ ਲਈ ਮਾਇਆ ਦਾ ਮੀਂਹ ਵਰਾਇਆ। ਬਾਅਦ ਵਿਚ ਉਹ ਸਾਰੀ ਇਕੱਠੀ ਕਰਕੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਵਾਕਿਆ ਖੂਹ ਵਿਚ ਪਵਾ ਦਿਤੀ ਸੀ।

1614 ਬਿਕ੍ਰਮੀ ਦਾ ਹੜ੍ਹ :- ਮੁਤਾਬਿਕ 1547 ਈ. ਦੇ ਸਾਲ ਰਾਵੀ ਵਿਚ ਭਾਰੀ ਹੜ੍ਹ ਆਇਆ ਜਿਸ ਕਾਰਨ ਗੁਰੂ ਸਾਹਿਬ ਦਾ ਵਸਾਇਆ ਕਰਤਾਰਪੁਰ ਨਗਰ ਬਰਬਾਦ ਹੋ ਗਿਆ। ਪਰ ਧਰਮਸਾਲ ਬਚ ਗਈ। ਤੇ ਨਾਲ ਹੀ ਸਾਹਿਬ ਦਾ ਮੁਸਲਮਾਨੀ ਮਕਬਰਾ ਤ ਸਮਾਧ ਵੀ ਬਚ ਗਈਆਂ।

ਏਸੇ ਸਾਲ ਹੀ ਸਾਹਿਬ ਦੇ ਪੋਤਰੇ ਧਰਮ ਚੰਦ ਨੇ ਦਰਿਆ ਦੇ ਉਰਲੇ ਪਾਸੇ ਨਗਰ ਡੇਰਾ ਬਾਬਾ ਨਾਨਕ ਵਸਾ ਦਿੱਤਾ।

ਬਿਕ੍ਰਮੀ 1741 (ਮੁਤਾਬਿਕ 1684 ਈ .) ਨੂੰ ਫਿਰ ਭਾਰੀ ਹੜ੍ਹ ਆਇਆ ਤੇ ਕਬਰ ਤੇ ਸਮਾਧ ਜੋ ਦੋਨੋ ਕੱਚੀਆਂ ਸਨ ਵੀ ਰੁੜ ਗਈਆਂ। ਜਿਸ ਉਪਰੰਤ ਸਿੱਖਾਂ ਨੇ ਦੋਨੋ ਪੱਕੀਆਂ ਕਰ ਦਿੱਤੀਆਂ। ਉਸੇ ਸਾਲ ਹੀ ਕਿਹਾ ਜਾਂਦਾ ਹੈ ਕਿ ਬੇਦੀਆਂ ਨੇ ਚਾਦਰ ਦੀ ਭਸਮ ਵਾਲੀ ਗਾਗਰ ਕਰਤਾਰਪੁਰੋਂ ਪੁੱਟ ਕੇ ਲਿਆ ਡੇਰਾ ਬਾਬਾ ਨਾਨਕ ਸਰਜੀ ਦੇ ਖੂਹ ਤੇ ਦੱਬ ਦਿੱਤੀ ਜਿਥੇ ਅੱਜ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮੌਜੂਦ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ


ਗੁਰੂ ਸਾਹਿਬ ਜੀ ਨੇ ਗੁਰਿਆਈ ਦੇਣ ਸਬੰਧੀ ਸਿੱਖਾਂ ਤੇ ਸਾਹਿਬਜਾਦਿਆਂ ਸਭ ਦੀ ਪ੍ਰੀਖਿਆ ਕੀਤੀ, ਜਿਸ ਵਿਚ ਕੇਵਲ ਭਾਈ ਲਹਿਣਾ ਜੀ ਹੀ ਆਗਿਆਕਾਰੀ ਸਿੱਧ ਹੋਏ, ਪ੍ਰੀਖਿਆ ਦੇ ਕੌਤਕ ਸੰਖੇਪ ਤੌਰ ਤੇ ਇਸ ਪ੍ਰਕਾਰ ਹਨ :-

(1) ਝੋਨੇ ਦੇ ਖੇਤ ਵਿੱਚੋਂ ਕੀਮਤੀ ਪੁਸ਼ਾਕ ਪਹਿਨਣ ਦੇ ਬਾਵਜੂਦ ਨਦੀਣ (ਘਾਹ ਤੀਲੇ ਆਦਿਕ ਗਿੱਲੇ ਪੱਠਿਆਂ) ਦੀ ਪੰਡ ਚੁੱਕ ਕੇ ਲੈ ਆਏ। (2) ਰਾਤ ਸਮੇਂ ਮਹਾਰਾਜ ਜੀ ਦੀ ਮਰਜੀ ਮੁਤਾਬਿਕ ਵੇਲਾ ਦੱਸਿਆ ਤੇ ਅੱਧੀ ਰਾਤ ਨੂੰ ਹੀ ਮਹਾਰਾਜ ਜੀ ਦੇ ਕੱਪੜੇ ਧੋਕੇ ਲੈ ਆਏ ਤੇ ਉਨ੍ਹਾਂ ਨੂੰ ਰਾਤ ਵਿੱਚ ਹੀ ਦਿਨ ਭਾਸਿਆ। (3) ਗੰਦੇ ਚਲੇ (ਹੌਜ਼) ਵਿੱਚੋਂ ਕਪੜਿਆਂ ਸਮੇਤ ਛਾਲ ਮਾਰਕੇ ਗੜਵੀ ਕੱਢ ਆਂਦੀ। (4) ਕਿੱਕਰਾਂ ਤੇ ਚੜ੍ਹਕੇ ਮਠਿਆਈ ਝਾੜ੍ਹਕੇ ਸੰਗਤਾਂ ਨੂੰ ਛਕਾਈ। (5) ਫਰਸ਼ ਤੋਂ ਮੋਈ ਹੋਈ ਚੂਹੀ ਚੁੱਕ ਕੇ ਬਾਹਰ ਸੱਟ ਆਏ। (6) ਮਹਾਰਾਜ ਜੀ ਦੀ ਆਗਿਆ ਅਨੁਸਾਰ ਕੱਚੀ ਦੀਵਾਰ ਢਾਹੀ ਤੇ ਫਿਰ ਬਾਰ ਬਾਰ ਬਣਾਈ। (7) ਮਹਾਰਾਜ ਜੀ ਨੇ ਧਾਣਿਕ ਰੂਪ ਧਾਰਿਆ ਤਾਂ ਸਭ ਸਿੱਖ ਡਰ ਕੇ ਦੌੜ ਗਏ, ਕੇਵਲ ਭਾਈ ਲਹਿਣਾ ਜੀ ਹੀ ਸਨਮੁੱਖ ਰਹੇ। (8) ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਮੁਰਦੇ ਦੀ ਲੋਥ ਨੂੰ ਖਾਣ ਵਾਸਤੇ ਕਪੜਾ ਉਠਾਇਆ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਨਿਕਲੀ।

 ਮੱਘਰ 1594 ਬਿਕ੍ਰਮੀ ਮੁਤਾਬਿਕ 1537 ਈ: ਵਿਚ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਗਿਆ ਪਾਲਕ ਤੇ ਸਰਬ ਗੁਣ ਭਰਪੂਰ ਲਾਇਕ ਦੇਖ ਕੇ ਗੁਰਿਆਈ ਦੀ ਗੱਦੀ ਸੋਂਪ ਕੇ ਨਾਮ 'ਸ੍ਰੀ ਗੁਰੂ ਅੰਗਦ ਸਾਹਿਬ' ਰੱਖ ਦਿੱਤਾ ਤੇ ਗੁਰਿਆਈ ਦੇ ਕੇ ਉਨ੍ਹਾਂ ਨੂੰ ਖਡੂਰ ਸਾਹਿਬ ਤੋਰ ਦਿੱਤਾ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇਣ ਤੇ ਕਰਤਾਰ ਪੁਰ ਸਾਹਿਬ ਦੀ ਰਹੁਰੀਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ :-

ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥
ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥
ਗੁਰਮੁਖ ਭਾਰ ਅਥਰਬਣ ਧਾਰਾ ॥ (ਵਾਰ ਪਹਿਲੀ ਪਉੜੀ 38)

ਏਸ ਪਉੜੀ ਵਿਚ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਨੇ ਸੰਸਾਰੀ ਕੱਪੜੇ ਪਹਿਨੇ, ਉਦਾਸ ਦਾ ਭੇਖ ਲਾਹ ਦਿਤਾ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ। ਇਥੋਂ ਦੀ ਰਹੁਰੀਤ ਉਸ ਵੇਲੇ ਇਹ ਸੀ ਕਿ ਸਵੇਰੇ ਨਾਮ ਦਾ ਸਿਮਰਣ ਤੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਸੀ। ਤਵਾਰੀਖਾਂ ਵਿਚ ਲਿਖਿਆ ਹੈ ਕਿ ਆਸਾ ਜੀ ਦੀ ਵਾਰ ਦਾ ਪਾਠ ਤੇ ਕਥਾ ਹੁੰਦੀ ਸੀ, ਦੁਪਹਿਰੇ ਲੰਗਰ ਵਰਤਦਾ ਸੀ, ਤੀਜੇ ਪਹਿਰ ਫੇਰ ਕੀਰਤਨ ਹੁੰਦਾ ਸੀ, ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋ ਕੇ 'ਗਗਨ ਮੈ ਥਾਲੁ ਰਵਿ ਚੰਦ ਦੀਪਕ' ਸ਼ਬਦ ਦੁਆਰਾ ਆਰਤੀ ਹੁੰਦੀ ਸੀ।


ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦਾ ਆਉਣਾ


ਸ੍ਰੀ ਗੁਰੂ ਅਰਜਨ ਸਾਹਿਬ ਜੀ ਏਥੇ ਗੁਰਦਵਾਰੇ ਦੀ ਯਾਤ੍ਰਾ ਲਈ ਆਏ ਤੇ ਇਥੋਂ ਦੀ ਸੋਭਾ ਦੇਖ ਕੇ ਬਿਲਾਵਲ ਰਾਗ ਵਿਚ "ਕਰਤਾਪੁਰਿ ਕਰਤਾ ਵਸੈ ਸੰਤਨ ਕੈ ਪਾਸਿ" ਸ਼ਬਦ ਉਚਾਰਨ ਕੀਤਾ, ਉਪੰ੍ਰਤ ਬਾਬਾ ਬੁੱਢਾ ਜੀ ਦੇ ਚਲਾਣੇ ਪਿਛੋਂ ਬਾਬਾ ਬੁੱਢਾ ਜੀ ਦੇ ਸਪੁੱਤ੍ਰ ਸਾਹਿਬ ਭਾਨੇ ਜੀ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਇਥੇ ਆਏ। ਉਸ ਸਮੇਂ ਭਾਈ ਗੁਰਦਾਸ ਜੀ ਭੀ ਨਾਲ ਸਨ। ਬਾਬਾ ਬੁੱਢਾ ਜੀ ਇਸੇ ਇਲਾਕੇ ਦੇ ਰਹਿਣ ਵਾਲੇ ਸਨ। ਪਿੰਡ ਰਮਦਾਸ ਜੋ ਕੋਈ 25 ਕੁ ਕਿਲੋਮੀਟਰ ਹਟਵਾ ਹੈ।

------------

1919 ਈ. 'ਚ ਰਾਵੀ ਨੇ ਫਿਰ ਕਰਤਾਰ ਪੁਰ ਦੇ ਚਰਨ ਚੁੰਮੇ


ਸੰਨ 1919 ਈਸਵੀ ਵਿਚ ਦਰਯਾ ਰਾਵੀ ਨੇ ਫੇਰ ਗੁਰਦਵਾਰੇ ਨੂੰ ਖਤਰੇ ਵਿਚ ਪਾਇਆ। ਦਰਯਾ ਦਾ ਹੜ੍ਹ ਗੁਰਦਵਾਰੇ ਦੇ ਲੰਗਰ ਦੀ ਕੰਧ ਤੋਂ ਕੇਵਲ 3 ਗਜ ਦੇ ਫਾਂਸਲੇ ਤੇ ਆ ਗਿਆ ਸੀ। ਸੰਨ 1928 ਤਕ ਦਰਯਾ ਨੇ ਬਹੁਤ ਜੋਰ ਕੀਤਾ, ਪ੍ਰੰਤੂ ਸੰਗਤਾਂ ਦੇ ਪ੍ਰੇਮ ਤੇ ਉਤਸ਼ਾਹ, ਬੰਨ੍ਹ ਕਮੇਟੀ ਤੇ ਚੀਫ ਖਾਲਸਾ ਦੀਵਾਨ ਦੀ ਕੋਸ਼ਸ਼, ਮਹਾਰਾਜਾ ਸਰ ਭੁਪਿੰਦਰ ਸਿੰਘ ਸਾਹਿਬ ਪਟਿਆਲਾ ਵਲੋਂ ਇਕ ਲੱਖ 35 ਹਜਾਰ 6 ਸੌ ਰੁਪਏ ਦੀ ਸਹਾਇਤਾ ਸ: ਬ. ਬੇਦੀ ਸ਼ਿਵ ਸਿੰਘ ਜੀ ਐਗਜੈਕਟਿਵ ਇੰਨਜੀਨੀਅਰ ਦੀ ਅਣਥਕ ਸੇਵਾ ਨਾਲ ਪੱਥਰ ਦੀ ਪਿਚਿੰਗ ਲਗ ਕੇ ਗੁਰਦਵਾਰਾ ਸਦਾ ਲਈ ਖਤਰੇ ਤੋਂ ਨਿਸਚਿਤ ਹੋ ਗਿਆ। 5 ਅਗਸਤ ਸੰਨ 1919 ਈਸਵੀ ਤੋਂ ਲੈ ਕੇ 6 ਫਰਵਰੀ 1938 ਤਕ ਦਾਸ ਨੂੰ ਗੁਰੂ ਮਹਾਰਾਜ ਜੀ ਨੇ ਸੇਵਾ ਤੇ ਲਾਈ ਰੱਖਿਆ। ਅਕਾਲੀ ਲਹਿਰ ਦੇ ਸਮੇਂ ਤੋਂ ਗੁਰਦਵਾਰਾ ਪੰਥਕ ਪ੍ਰਬੰਧ ਵਿਚ ਹੈ।

ਸ੍ਰੀ ਕਰਤਾਰ ਸਾਹਿਬ ਵਿਚ ਹੇਠ ਲਿਖੇ ਮੇਲੇ ਸਾਲ ਭਰ ਵਿਚ ਲੱਗਿਆ ਕਰਦੇ ਸਨ, ਜਿਨ੍ਹਾਂ ਵਿਚੋਂ 'ਮੇਲਾ ਦਸਮੀ' ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਯਾਦ ਵਿਚ "ਅੱਸੂ ਵਦੀ ਦਸਮੀ" ਨੂੰ ਸਭ ਤੋਂ ਵੱਡਾ ਲਗਦਾ ਹੈ।

(1) ਮੇਲਾ ਚੇਤ ਚੌਦਸ, (2) ਮੇਲਾ ਵਸਾਖੀ (3) ਭਾਦ੍ਰੋਂ ਦੀ ਚੇਤ ਚੌਦਸ ਤੇ ਅਮਾਵਸ, (4) ਅੱਸੂ ਵਦੀ ਦਸਮੀਂ, (5) ਚੋਲਾ ਸਾਹਿਬ ਦਾ ਮੇਲਾ: ਡੇਰਾ ਬਾਬਾ ਨਾਨਕ ਸਹਿਬ ਵਿਚ ਲਗਦਾ ਹੈ ਤੇ ਓਥੋਂ ਸੰਗਤਾਂ ਯਾਤ੍ਰਾ ਲਈ ਏਥੇ ਭੀ ਆਉਂਦੀਆਂ ਹਨ। (6) ਹਰ ਇਕ ਅਮਾਵਸ।

ਸ੍ਰੀ ਕਰਤਾਰ ਪੁਰ ਸਾਹਿਬ ਵਿਚ ਹੇਠ ਲਿਖੇ ਯਾਦਗਾਰੀ ਅਸਥਾਨ ਹਨ :-

(1) ਗੁਰੂ ਸਾਹਿਬ ਜੀ ਦੀ ਸਮਾਧ। (2) ਟਾਹਲੀ ਸਾਹਿਬ। (3) ਛਿੱਛਰਾ ਸਾਹਿਬ। (4) ਤਿਲਕ ਅਸਥਾਨ। (5) ਤਾਲ ਕਟੋਰਾ।

ਗੁਰਦਵਾਰੇ ਦੀ 84 ਫੁਟ ਉੱਚੀ ਨਹੀਂ ਸ਼ਾਨਦਾਰ ਇਮਾਰਤ ਦੀ ਸੇਵਾ ਆਰੰਭ ਹੈ। ਭਾਗਾਂ ਵਾਲੇ ਇਸ ਸੇਵਾ ਵਿਚ ਹਿੱਸਾ ਲੈ ਕੇ ਆਪਣੇ ਕਮਾਈ ਸਫਲ ਕਰ ਰਹੇ ਹਨ।

ਬੰਨ੍ਹ ਦੀ ਸੇਵਾ

ਦਰਬਾਰ ਸਾਹਿਬ ਕਰਤਾਰ ਪੁਰ ਦਰਯਾ ਰਾਵੀ ਦੇ ਪਹਾੜ ਵਾਲੇ ਕੰਢੇ ਅਤੇ ਡੇਰਾ ਬਾਬਾ ਨਾਨਕ ਸਾਹਿਬ ਦਖਣ ਵਾਲੇ ਕੰਢੇ ਤੇ ਹੈ, ਇਨ੍ਹਾਂ ਦੋਨਾਂ ਗੁਰਧਾਮਾਂ ਦਾ ਆਪਸ ਵਿਚ 3 ਕੋਹ ਦਾ ਫਾਂਸਲਾ ਹੈ। ਸੰ: 1932 ਬਿਕ੍ਰਮੀ ਵਿਚ ਰਾਵੀ ਗੁਰਦੁਵਾਰਾ ਡੇਰਾ ਬਾਬਾ ਨਾਨਕ ਸਾਹਿਬ ਦੇ ਚਰਨ ਪਰਸਨ ਦੀ ਖਾਤਰ ਸ਼ਹਿਰ ਦੇ ਨੇੜੇ ਪੁੱਜੀ। ਉਸ ਵੇਲੇ ਗਵਰਨਮੈਂਟ ਨੇ ਬੰਨ੍ਹ ਬਣਾ ਕੇ ਦਰਬਾਰ ਸਾਹਿਬ ਤੇ ਸ਼ਹਿਰ ਦੀ ਹਿਫਾਜਤ ਕੀਤੀ ਤੇ ਰਾਵੀ ਦਾ ਰੁਖ ਦੂਜੇ ਪਾਸੇ ਪਲਟ ਦਿਤਾ; ਇਸ ਤਰਾਂ ਕਰਨ ਨਾਲ ਰਾਵੀ ਦਿਨ ਬਦਿਨ ਦਰਬਾਰ ਸਾਹਿਬ ਕਰਤਾਰ ਪੁਰ ਵਲ ਵਧਦੀ ਚਲੀ ਆਈ। ਸੰਨ 1910 ਵਿਚ ਰਾਵੀ ਦਰਬਾਰ ਸਾਹਿਬ ਕਰਤਾਰਪੁਰ ਤੋਂ ਇਕ ਮੀਲ ਦੇ ਫਾਂਸਲੇ ਤੇ ਪੁਜੀ।

ਰਾਵੀ ਅਪਣੇ ਪ੍ਰੀਤਮ ਦੀ ਯਾਦਗਾਰ ਨੂੰ ਨਮਸਕਾਰ ਕਰਨ ਲਈ ਚਾਹ ਤੇ ਉਮਾਹ ਨਾਲ ਅੱਗੇ ਵੱਧਦੀ ਆਈ, ਐਂਥੋਂ ਤਕ ਕਿ ਸੰਨ 1919 ਈ: ਦੀ ਬਰਸਾਤ ਵਿਚ ਦਰਬਾਰ ਸਾਹਿਬ ਕਰਤਾਰ ਪੁਰ ਦੇ ਗੁਰੂ ਕੇ ਲੰਗਰ ਦੀ ਦੀਵਾਰ ਤੋਂ ਕੇਵਲ 3 ਗਜ ਦੇ ਫਾਂਸਲੇ ਤੇ ਆ ਪੁਜਣ ਦੀ ਕਾਮਯਾਬੀ ਹਾਸਲ ਕਰ ਲਈ। ਦਰਯਾ ਦੀ ਕਾਂਗ ਤੇ ਪਾਣੀ ਦਾ ਹੁਲੜ ਇੰਨਾਂ ਜੋਰਦਾਰ ਸੀ ਕਿ ਮੱਨੁਖੀ ਦਿਲ ਦੱਹਲ ਗਏ, ਕਿ ਇਹ ਪੰਥਕ ਪਿਆਰ ਯਾਦਗਾਰ ਸਦਾ ਲਈ ਨਦੀ ਦੀ ਗੋਦ ਵਿਚ ਅੰਤਰ ਧਿਆਨ ਨ ਹੋ ਜਾਵੇ, ਉਸ ਵੇਲੇ ਸ੍ਰੀ ਮਾਨ ਬਾਬਾ ਸ਼ਿਵ ਸਿੰਘ ਜੀ ਬੇਦੀ ਇੰਜੀਨੀਅਰ, ਇਤਫਾਕ ਨਾਲ ਆਪਣੇ ਨਗਰ ਡੇਰਾ ਬਾਬਾ ਨਾਨਕ ਸਾਹਿਬ ਵਿਚ ਛੁੱਟੀ ਤੇ ਆਏ ਹੋਏ ਸਨ, ਸਾਰਾ ਹਾਲ ਵੇਖ ਕੇ ਆਖਿਆ ਕਿ ਇਸ ਵੇਲੇ ਬਹੁਤ ਸਾਰੇ ਦਰਖਤਾਂ, ਰਸਿਆਂ, ਬੋਰੀਆਂ ਆਦਿਕ ਸਮਾਨ ਦੀ ਲੋੜ ਹੈ, ਜੇਕਰ ਮਿਲ ਜਾਵੇ ਤਾਂ ਫੇਰ ਜਿਸ ਤਰੀਕੇ ਨਾਲ ਅਸੀਂ ਆਖਦੇ ਹਾਂ, ਗੁਰੂ ਜੀ ਦਾ ਆਸਰਾ ਲੈ ਕੇ ਸੇਵਾ ਕਰੀ ਚਲੋ, ਅਰਦਾਸਾਂ ਬੇਨਤੀਆਂ ਕਰੋ, ਆਸ ਹੈ ਕਿ ਮਹਾਰਾਜ ਜੀ ਇਸ ਕੰਮ ਵਿਚ ਸਫਲਤਾ ਬਖਸ਼ਣਗੇ।

ਜਿਸਦੇ ਹੇਠ ਲਿਖੇ ਪਤਵੰਤੇ ਸੱਜਣ ਮੈਂਬਰ ਬਣਾਏ ਗਏ :-

(1) ਮਹੰਤ ਮੰਗਲ ਦਾਸ ਜੀ ਡੇਰਾ ਬਾਬਾ ਨਾਨਕ ਸਾਹਿਬ, ਪ੍ਰੈਜ਼ੀਡੰਟ ਤੇ ਖਜਾਨਚੀ।(2) ਸਰਦਾਰ ਸੰਤ ਸਿੰਘ ਜੀ ਰਈਸ ਵੀਰਮਦਤਾ ਵਾਈਸ ਪ੍ਰੈਜੀਡੰਟ।(3) ਬੇਦੀ ਕਿਸ਼ਨ ਸਿੰਘ ਜੀ ਡੇ: ਬਾ: ਨਾਨਕ ਸੈਕ੍ਰੇਟਰੀ।(4) ਭਾਈ ਕੇਸਰ ਸਿੰਘ ਕੋਠੇ ਨਿਕੇ ਮੁਤਸਿਲ ਦਰਬਾਰ ਸਾਹਿਬ ਕਰਤਾਰ ਪੁਰ ਜਾਇੰਟ ਸੈਕ੍ਰੇਟਰੀ।(5) ਲਾਲਾ ਭਗਤ ਰਾਮ ਜੀ ਪਟਵਾਰੀ ਡੇਰਾ ਬਾਬਾ ਨਾਨਕ ਮੈਂਬਰ।(6) ਮਿਸਤਰੀ ਕੇਸਰ ਸਿੰਘ ਜੀ ਡੇਰਾ ਬਾਬਾ ਨਾਨਕ ਮੈਂਬਰ।(7) ਸ: ਹਰਦਿੱਤ ਸਿੰਘ ਜੀ ਪੈ: ਤਹਿਸੀਲਦਾਰ ਵੀਰਮਦਤਾ।(8) ਹੌ: ਬੂਟਾ ਸਿੰਘ ਜੀ ਕੋਠੇ ਨਿਕੇ।(9) ਸਰਦਾਰ ਬੁੱਢਾ ਸਿੰਘ ਜੀ ਪੈੜੇਵਾਲ।(10) ਸ: ਗੰਡਾ ਸਿੰਘ ਜੀ ਚੰਦੋਵਾਲ।(11) ਸ: ਜਵਾਲਾ ਸਿੰਘ ਜੀ ਚੰਦੋਵਾਲ।(12) ਭਾਈ ਮੇਹਰ ਸਿੰਘ ਜੀ ਕੋਠੇ ਨਿਕੇ।(13) ਸ: ਲਾਭ ਸਿੰਘ ਜੀ ਨੰਬਰਦਾਰ ਕੋਠੇ ਨਿੱਕੇ।(14) ਨੰਬਰਦਾਰ ਕੇਸਰ ਸਿੰਘ ਜੀ ਕੋਠੇ ਨਿਕੇ।(15) ਮਹੰਤ ਕੌਲ ਦਾਸ ਜੀ ਦਰਬਾਰ ਸਾਹਿਬ ਕਰਤਾਰਪੁਰ (30-9-23 ਨੂੰ ਇਹ ਅਕਾਲ ਚਲਾਣਾ ਕਰ ਗਏ।)

ਗੁਰਦਵਾਰੇ ਦੇ ਆਪਣੇ ਦਰਖਤਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਦਰਖਤ ਪਿੰਡ ਨੰਗਲੀ ਤੇ ਕੋਠੇ ਨਿਵਾਸੀ ਪ੍ਰੇਮੀਆਂ ਨੇ ਇਸ ਕੰਮ ਲਈ ਮੁਫਤ ਅਰਪਨ ਕੀਤੇ ਤੇ ਹੋਰ ਕੀਮਤਨ ਖਰੀਦ ਕੇ ਭੀ ਵਰਤੋਂ ਵਿਚ ਲਿਆਂਦੇ ਗਏ। ਇਲਾਕੇ ਦੇ ਦੂਰ ਨੇੜੇ ਪਿੰਡਾਂ ਵਿੱਚੋਂ ਹਰ ਰੋਜ ਜੱਥੇ ਆ ਕੇ ਦਰਖਤ ਕੱਟਕੇ ਉਨ੍ਹਾਂ ਨੂੰ ਹੱਥਾਂ ਨਾਲ ਚੁੱਕ ਕੇ ਲਿਆ ਕੇ ਦਰਯਾ ਵਿਚ ਸੁੱਟਣ ਦੀ ਸੇਵਾ ਕਰਦੇ ਰਹੇ।

"ਬੰਨ੍ਹ ਕਮੇਟੀ" ਵੱਲੋਂ ਅਖਬਾਰਾਂ, ਇਸ਼ਤਿਹਾਰਾਂ ਦੁਵਾਰਾ ਪੰਥ ਨੂੰ ਖਬਰ ਕੀਤੀ ਗਈ, ਖਾਸ ਕਰਕੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਜੋ ਕਿ ਉਸ ਸਮੇਂ ਸਿੱਖ ਪੰਥ ਦਾ ਮੁੱਖੀ ਜੱਥਾ ਸੀ, ਨਾਲ ਲਿਖਤ ਪੜ੍ਹਤ ਹੋਈ, ਸ: ਬਘੇਲ ਸਿੰਘ ਜੀ, ਸ: ਬ: ਸ: ਸਰ ਸੁੰਦਰ ਸਿੰਘ ਜੀ ਮਜੀਠੀਏ ਅੰਮ੍ਰਿਤਸਰ ਤੇ ਸ: ਬ: ਡਾਕਟਰ ਦੀਵਾਨ ਸਿੰਘ ਜੀ ਸਿਵਲ ਸਰਜਨ ਗੁਰਦਾਸਪੁਰ ਸੇਵਾ ਲਈ ਕੋਸ਼ਿਸ਼ ਕਰਦੇ ਰਹੇ ਤੇ ਭਰੋਸਾ ਦਿੰਦੇ ਰਹੇ। ਕਲਮ ਦੇ ਧਨੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜੋ ਉਸ ਵੇਲੇ ਅਖਬਾਰ "ਖਾਲਸਾ ਸਮਾਚਾਰ" ਦੇ ਆਪ ਐਡੀਟਰ ਸਨ, ਆਪਣੇ ਅਖਬਾਰ ਖਾਲਸਾ ਸਮਾਚਾਰ ਵਿਚ ਲੇਖ ਪ੍ਰਕਾਸ਼ਤ ਕਰਕੇ ਸੰਗਤਾਂ ਨੂੰ ਪ੍ਰੇਰਨਾਂ ਕਰਨ ਦੀ ਨਿਹਾਇਤ ਸ਼ਲਾਘਾ ਯੋਗ ਸੇਵਾ ਕੀਤੀ। ਹੋਰ ਪੰਥਕ ਅਖਬਾਰਾਂ 'ਪੰਜਾਬ ਦਰਪਨ', 'ਪੰਚ ਖਾਲਸਾ ਅਖਬਾਰ' 'ਲਾਇਲ ਗਜਟ' ਪੰਜਾਬ ਦਰਪਨ, 'ਪੰਥ ਸੇਵਕ' ਆਦਿਕਾਂ ਨੇ ਭੀ ਲੇਖ ਪ੍ਰਕਾਸ਼ਤ ਕਰਕੇ ਸੇਵਾ ਕੀਤੀ।

25 ਅਕਤੂਬਰ 1919 ਈ: ਨੂੰ ਇਲਾਕੇ ਦੇ ਪਤਵੰਤੇ ਸਜਣਾਂ ਦਾ ਇਕ ਡੈਪੁਟੇਸ਼ਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਮੁਲਾਕਾਤ ਵਾਸਤੇ ਤਹਿਸੀਲ ਸ਼ੰਕਰਗੜ੍ਹ ਦੇ ਮੁਕਾਮ ਤੇ ਪੁੱਜਾ।

18-11-19 ਨੂੰ ਨਕਸ਼ਾ ਸੇਵਾਦਾਰ ਦੇ ਹੱਥ ਗੁਰਦਾਸਪੁਰ ਬੇਦੀ ਸਾਹਿਬ ਦੀ ਸੇਵਾ ਵਿਚ ਘਲਿਆ ਗਿਆ। ਸ੍ਰੀ ਮਾਨ ਬਾਬਾ ਟਹਿਲ ਸਿੰਘ ਜੀ ਓਵਰਸੀਅਰ ਆਏ। ਔਨਰੇਬਲ ਸ: ਬ: ਸ: ਸੁੰਦਰ ਸਿੰਘ ਜੀ ਮਜੀਠੀਏ ਗਵਰਨਰ ਸਾਹਿਬ ਪੰਜਾਬ ਨੂੰ ਮਿਲੇ, ਸਾਰਾ ਹਾਲ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਸਬੰਧੀ ਬਿਆਨ ਕੀਤਾ। 16 ਨਵੰਬਰ 1919 ਨੂੰ ਰਾਇ ਬਹਾਦਰ ਲਾਲਾ ਵਜੀਰ ਚੰਦ ਜੀ ਚੋਪੜਾ ਸੁਪ੍ਰਰੀਟੰਡੈਟ ਇੰਜੀਨੀਅਰ ਨਾਰੋਵਾਲ ਰੇਲਵੇ ਸਟੇਸ਼ਨ ਰੇਲ ਗੱਡੀ ਤੋਂ ਉਤਰ ਕੇ ਬੰਬੂਕਾਰਟ ਤੇ ਸਵਾਰ ਹੋ ਕੇ ਦਰਬਾਰ ਸਾਹਿਬ ਕਰਤਾਰਪੁਰ ਪੁੱਜੇ, ਉਨ੍ਹਾਂ ਨੇ ਦਰਯਾ ਰਾਵੀ ਦਾ ਮੁਲਾਹਿਜਾ ਕੀਤਾ ਤੇ ਰੀਪੋਟ ਲੈ ਕੇ 17 ਨਵੰਬਰ ਨੂੰ ਵਾਪਸ ਚਲੇ ਗਏ।

ਸ੍ਰੀ ਹਜੂਰ ਮਹਾਰਾਜਾ ਸਾਹਿਬ ਬਹਾਦਰ ਪਟਿਆਲਾ ਜੀ ਉਸ ਵੇਲੇ ਲਾਹੌਰ ਆਏ ਹੋਏ ਸਨ ਪਰ ਸਰਦਾਰ ਬਹਾਦਰ, ਸ: ਸੁੰਦਰ ਸਿੰਘ ਜੀ ਤੇ ਹੋਰ ਪੰਥ ਸੇਵਕ ਸ੍ਰੀ ਹਜੂਰ ਜੀ ਦੀ ਸੇਵਾ ਵਿਚ ਅਪੜੇ ਤੇ ਸਾਰਾ ਹਾਲ ਬਿਆਨ ਕੀਤਾ। ਆਪ ਨੇ ਧੰਨ ਭਾਗ ਆਖ ਕੇ ਦਰਯਾ ਦਿਲੀ ਨਾਲ ਇਕ ਲੱਖ 35 ਹਜਾਰ ਰੁਪਏ ਦੀ ਸੇਵਾ ਕਰਨੀ ਪ੍ਰਵਾਨ ਕੀਤੀ।

28-12-19 ਨੂੰ ਇਕ ਜਲਸਾ ਕਰਕੇ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਰਿਆਸਤ ਪਟਿਆਲਾ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਸੇਵਾ ਵਿਚ ਇਕ ਤਾਰ ਧੰਨਵਾਦ ਵਜੋਂ ਭੇਜੀ ਗਈ।

ਸਰਕਾਰ ਪੰਜਾਬ ਨੇ ਲਾਇਕ ਸਿੱਖ ਇੰਜੀਨੀਅਰ ਸ੍ਰੀ ਮਾਨ ਬੇਦੀ ਸ਼ਿਵ ਸਿੰਘ ਜੀ ਦੀ ਸੇਵਾ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਪਵਿਤਰ ਕਾਰਜ ਵਾਸਤੇ 1 ਜਨਵਰੀ 1920 ਨੂੰ ਲਗਾ ਦੇਣ ਦੀ ਕ੍ਰਿਪਾਲਤਾ ਕੀਤੀ। ਇਸ ਤੋਂ ਪਿਛੋਂ ਸ: ਮੰਗਲ ਸਿੰਘੰ ਜੀ ਇੰਜੀਨੀਅਰ ਨੇ ਸੇਵਾ ਵੀ ਛੇ ਮਹੀਨੇ ਲਈ ਕਰਨ ਦੀ ਕਿਰਪਾਲਤਾ ਕੀਤੀ। ਸ: ਸਾਹਿਬ ਤਾਂ ਛੇ ਮਹੀਨੇ ਪਿੱਛੋਂ ਚਲੇ ਗਏ, ਪਰ ਬੇਦੀ ਸ਼ਿਵ ਸਿੰਘ ਜੀ ਹੀ ਇਸ ਸੇਵਾ ਤੇ ਲੱਗੇ ਰਹੇ, ਜੋ ਕਿ ਸੰ: 1919 ਈ: ਤੋਂ ਲੈ ਕੇ ਹੁਣ ਤੱਕ ਇਹ ਸੇਵਾ ਬੜੀ ਯੋਗਤਾ ਨਾਲ ਨਿਭਾ ਰਹੇ ਹਨ। ਦਰਯਾ ਦੀ ਸਰਵੇ ਬਾਬੂ ਗੰਡਾ ਸਿੰਘ ਤੇ ਬਾਬੂ ਬੁੱਢਾ ਸਿੰਘ ਜੀ ਨੇ ਕੀਤੀ।

ਇਧਰ ਆਰਜੀ ਬੰਨ੍ਹਾਂ ਦੇ ਬਨਾਣ ਦਾ ਕੰਮ ਜਾਰੀ ਕੀਤੀ ਗਿਆ, ਉਧਰ ਜੰਮੂਤਵੀ ਤੋਂ ਪੱਥਰ ਨਾਰੋਵਾਲ ਤਕ ਰੇਲ ਗੱਡੀ ਉਤੇ ਅੱਗੋਂ 8 ਮੀਲ ਗੁਰਦਵਾਰੇ ਗੱਡਿਆਂ ਤੇ ਆਉਂਣਾ ਆਰੰਭ ਹੋ ਗਿਆ। ਬੰਨ੍ਹ 1 ਜਨਵਰੀ 1920 ਦੇ ਸ਼ੁਰੂ ਵਿਚ ਹੀ ਤਿਆਰ ਹੋ ਗਿਆ।

16 ਫਰਵਰੀ 1920 ਨੂੰ ਸ੍ਰੀ ਮਾਨ ਮਾਸਟਰ ਈਸ਼ਰ ਸਿੰਘ ਜੀ ਮੈਨੇਜਰ ਖਾਲਸਾ ਪਰਚਾਰਕ ਵਿਦਿਆਲਾ ਤਰਨ ਤਾਰਨ ਤੋਂ ਜੋ ਸਮੇਤ ਆਏ, ਜੱਥੇ ਨੇ ਹੱਥੀ ਟੋਕਰੀ ਚੁਕੀ ਅਤੇ ਸੰਗਤਾਂ ਨੂੰ ਸੇਵਾ ਕਰਨ ਵਾਸਤੇ ਪਰੇਰਨਾ ਆਦਿ ਪ੍ਰਚਾਰ ਦੀ ਸੇਵਾ ਵੀ ਕੀਤੀ। 21 ਫਰਵਰੀ 1920 ਨੂੰ ਅਕਾਲੀ ਨਿਹੰਗ ਹਰਨਾਮ ਸਿੰਘ ਜੀ ਦਾ ਜੱਥਾ ਸੇਵਾ ਵਾਸਤੇ ਪੁੱਜਾ ਜੋ ਕਿ ਸ਼ਬਦ ਕੀਰਤਨ ਤੇ ਹੱਥੀ ਸੇਵਾ ਕਰਦਾ ਰਿਹਾ 3 ਮਾਰਚ 1920 ਨੂੰ ਰਾਗੀ ਜੱਥਾ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਭਾਈ ਭਾਗ ਸਿੰਘ ਜੀ ਦਾ ਪੁੱਜਾ। ਭਾਈ ਸਾਹਿਬ ਜੀ ਨੇ ਪ੍ਰੇਮ ਮਈ ਸ਼ਬਦ ਕੀਰਤਨ ਦੁਵਾਰਾ ਗੁਰੂ ਸਾਹਿਬ ਜੀ ਦੇ ਏਥੇ ਕੀਤੇ ਚੋਜਾਂ ਦਾ ਹਾਲ ਰਬੀ ਰੰਗ ਵਿਚ ਵਰਣਨ ਕੀਤਾ, ਜੋ ਕਿ ਸਰੋਤਿਆਂ ਦੀਆਂ ਅਖੀਆਂ ਅੱਗੇ ਹੂ ਬ ਹੂ ਪਰਤੱਖ ਨਜਾਰੇ ਪਰਤੀਤ ਕਰਦਾ ਸੀ।

4 ਮਾਰਚ 1920 ਨੂੰ ਸੰਗਤ ਸਿਆਲਕੋਟ ਸ੍ਰੀ ਮਾਨ ਸਰਦਾਰ ਸ਼ਿਵਦੇਵ ਸਿੰਘ ਜੀ ਤੇ ਬਾਬਾ ਖੜਕ ਸਿੰਘ ਜੀ ਦੇ ਨਾਲ ਆਈ।

10 ਮਾਰਚ 1920 ਨੂੰ ਭਾਈ ਸੁੰਦਰ ਸਿੰਘ ਉਪਦੇਸ਼ਕ ਖਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਘਰਜਾਖ (ਗੁਜਰਾਂਵਾਲਾ) ਆਏ। 27-3-20 ਨੂੰ ਸ੍ਰੀ ਮਾਨ ਬਾਬਾ ਕਰਤਾਰ ਸਿੰਘ ਜੀ ਬੇਦੀ ਮਿੰਟਗੁਮਰੀ ਵਾਲੇ ਚਾਰ ਮੋਟਰਾਂ ਤੇ ਆਏ, ਅੰਮ੍ਰਿਤਸਰ ਤੋਂ ਸੰਗਤਾਂ ਆਉਣੀਆਂ ਤੇ ਵਾਪਸ ਅੰਮ੍ਰਿਤਸਰ ਜਾਣੀਆਂ ਕੁੱਲ ਖਰਚ ਉਨ੍ਹਾਂ ਨੇ ਅਦਾ ਕੀਤਾ।

ਉਪਰੋਕਤ 3 ਬੰਨ੍ਹਾਂ ਤੋਂ ਛੁੱਟ ਇਕ ਹੋਰ ਬੰਨ੍ਹ ਗੁਰਦਵਾਰੇ ਤੋਂ 2 ਮੀਲ ਦੇ ਫਾਂਸਲੇ ਤੋਂ ਉਪਰਲੀ ਤਰਫ ਬੇਈਂ ਨਦੀ ਦਾ ਪਾਣੀ ਦਰਯਾ ਰਾਵੀ ਵਿਚ ਸੁੱਟਣ ਵਾਸਤੇ ਬਨਾਇਆ ਗਿਆ। ਜਿਥੇ ਅੱਜ ਕਲ ਗੁਰਦਵਾਰੇ ਤੋਂ 1 ਮੀਲ ਦੇ ਫਾਸਲੇ ਤੇ ਹਟਵੀਂ ਵਗ ਰਹੀ ਹੈ, ਇਸ ਥਾਂ ਪਹਿਲੇ ਭੀ ਰਾਵੀ ਦਾ ਜੋ ਪੁਰਾਣਾ ਵਹਿਣ ਸੀ, ਉਸ ਵਹਿਣ ਦੀ ਨਾਲੀ ਨੂੰ ਡੁੰਘੀ ਕਰਕੇ ਪਾਣੀ ਸਾਰਾ ਹੀ ਬੇਈਂ ਤੇ ਰਾਵੀ ਦਾ ਇੱਕਠਾ ਕੀਤਾ ਗਿਆ, ਇਸ ਤਰਾਂ ਕਰਨ ਨਾਲ ਗੁਰਦਵਾਰੇ ਤੋਂ ਦੋ ਮੀਲ ਉਪਰ ਤੇ ਇਕ ਮੀਲ ਹੇਠਲੀ ਤਰਫ ਕੁੱਲ 3 ਮੀਲ ਵਿਚ ਦਰਯਾ ਦੀ ਸ਼ਕਲ ਨੈਹਰ ਦੀ ਤਰਾਂ ਸਿੱਧੀ ਹੋ ਗਈ।

ਇਹਨਾਂ 4 ਬੰਨ੍ਹਾਂ ਦੇ ਬਨਾਣ ਤੇ ਨਾਲੀ (ਨੈਹਰ) ਖੋਦਣ ਵਿਚ ਮਜਦੂਰਾਂ ਤੋਂ ਬਿਨਾਂ ਇਲਾਕੇ ਦੇ ਹੇਠ ਲਿਖੇ ਪਿੰਡਾਂ ਦੀਆਂ ਸੰਗਤਾਂ ਨੇ ਵਾਰੋ ਵਾਰੀ ਆ ਕੇ ਬੜੇ ਪ੍ਰੇਮ ਨਾਲ ਸੇਵਾ ਕਰਕੇ ਆਪਣੇ ਜੀਵਨ ਸਫਲ ਕੀਤੇ :-

ਪਿੰਡ ਨੰਗਲੀ, ਦੋਦੇ, ਡੇਹਰਾ ਬਾਬਾ ਨਾਨਕ, ਹਰੀ ਪੁਰ, ਠੇਠਰਕੇ, ਪੱਖੋਕੇ, ਅਚਲ ਵਾਲੀ, ਬਹਿਬਲ ਵਾਲੀ, ਮੰਜੀ ਤੋੜ, ਪੈੜੇ ਵਾਲ ਅਤੇ ਕਰਤਾਰ ਪੁਰ ਸਾਹਿਬ ਦੇ ਲਾਗਲੇ ਪਿੰਡ ਆਦਿ।

ਬੰਨ੍ਹਾਂ ਦੇ ਬਣਨ ਦੀ ਹੋ ਰਹੀ ਸੇਵਾ ਦੇ ਨਜਾਰੇ ਦੇ ਫੋਟੋ ਲੈਣ ਵਾਸਤੇ ਲਾਲਾ ਭਾਗੀਰਥੀ ਲਾਲ ਜੀ ਫੋਟੋਗ੍ਰਾਫਰ ਲਾਹੋਰ ਤੋਂ ਮੰਗਵਾਇਆ ਗਿਆ ਅਤੇ ਸਤ ਕਿਸਮ ਦੇ ਫੋਟੋ ਵੱਖੋ ਵੱਖ ਨਜਾਰੇ ਦੇ ਉਤਾਰੇ ਗਏ।

4 ਮਈ 1920 ਨੂੰ ਗੁਜਰਾਂਵਾਲੇ ਦੀ ਸੰਗਤ ਸੇਵਾ ਵਾਸਤੇ ਆਈ, ਉਨ੍ਹਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ।31-5-20 ਨੂੰ ਸੰਗਤ ਲਾਇਲਪੁਰ ਤੋਂ ਸੇਵਾ ਵਾਸਤੇ ਆਈ ਅਤੇ ਪ੍ਰੇਮ ਪੂਰਬਕ ਸੇਵਾ ਕੀਤੀ।

3-7-20 ਨੂੰ ਰਿਆਸਤ ਪਟਿਆਲਾ ਦੇ ਚੀਫ ਇੰਜੀਨੀਅਰ ਸਾਹਿਬ ਰਾਇ ਬਹਾਦਰ ਲਾਲਾ ਰਲਾ ਰਾਮ ਜੀ ਮਹਾਰਾਜਾ ਸਾਹਿਬ ਦੇ ਭੇਜੇ ਹੋਏ ਆਏ, ਉਨ੍ਹਾਂ ਨੇ ਸਾਰੇ ਕੰਮ ਦੀ ਦੇਖਭਾਲ ਕੀਤੀ। ਸੇਵਾ ਦਾ ਕੰਮ ਇਤਨੇ ਵੱਡੇ ਪੈਮਾਨੇ ਤੇ ਜਾਰੀ ਹੋਯਾ ਕਿ ਪੰਜਾਬ ਦੇ ਲਾਟ ਸਾਹਿਬ ਸਰ ਐਡਵਰਡ ਮੈਕਲੇਗਨ ਜੋ ਪਹਿਲਾਂ ਤੋਂ ਹੀ ਇਸ ਕੰਮ ਵਿਚ ਦਿਲਚਸਪੀ ਲੈ ਰਹੇ ਸੀ, ਮਿਤੀ: 4-2-21 ਨੂੰ ਸਮੇਤ ਖਾਸ ਸਟਾਫ ਅਤੇ ਚੀਫ ਇੰਜੀਨੀਅਰ ਸਾਹਿਬ ਮਿਸਟਰ ਆਈਵਜ ਅਤੇ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ, ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਸਿਆਲ ਕੋਟ ਸੁਪ੍ਰੀਟੈਡੰਟ ਸਾਹਿਬ ਬਹਾਦਰ ਪੁਲਿਸ ਗੁਰਦਾਸਪੁਰ ਤਸਰੀਫ ਲਿਆਏ ਉਨਾਂ ਦੀ ਆਮਦ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਸੱਦੇ ਪੱਤ੍ਰ ਭੇਜਕੇ 3-2-21 ਨੂੰ ਬੁਲਾਇਆ ਗਿਆ।

1 comment:

  1. ਵਾਹਿਗੁਰੂ ਜੀ ਉੱਦਮ ਸ਼ਲਾਘਾਯੋਗ ਹੈ ਜੀ

    ReplyDelete