Wednesday 2 January 2019

Some Sweet Sour Experiences during Corridor Preaching

ਬੱਚੇ ਨੂੰ ਮੇਰੇ ਲਾਗੇ ਸਵਾਂ ਮਾਂ ਮੇਲੇ 'ਚ ਗਵਾਚ ਗਈ।
ਬੱਚੇ ਨੂੰ ਮੇਰੇ ਲਾਗੇ ਸਵਾਂ, ਮਾਂ ਮੇਲੇ 'ਚ ਗਵਾਚ ਗਈ।  

"Take this and pray for my son he is addicted to drinking"

ਲਾਂਘਾ ਪ੍ਰਚਾਰ ਦੇ ਕੁਝ ਮਿੱਠੇ ਫਿਕੇ ਪਲ

"ਸ਼ਰਾਬ ਨਹੀ ਛੱਡਦਾ, ਬਾਬਾ ਮੇਰੇ ਪੁੱਤ ਲਈ ਅਰਦਾਸ ਕਰਦੇ"

-ਭਬੀਸ਼ਨ ਸਿੰਘ ਗੁਰਾਇਆ
ਪੰਜਾਬ ਵਿਚ ਥਾਈ ਥਾਂਈ ਲਗਦੇ ਮੇਲੇ ਜਿਥੇ ਲੱਖਾਂ ਲੋਕ ਪਹੁੰਚਦੇ ਹਨ, ਪ੍ਰਚਾਰਕਾਂ ਨੂੰ ਵੱਡਾ ਮੌਕਾ ਫਰਾਹਮ ਕਰਦੇ ਹਨ। ਲਾਂਘਾ ਲਹਿਰ ਦੀ ਕਾਮਯਾਬੀ ਇਨਾਂ ਮੇਲਿਆਂ ਦੇ ਰਸਤੇ ਮਿਲੀ ਹੈ ਜਿਥੇ ਅਸੀ ਜਾ ਜਾ ਪ੍ਰਚਾਰ ਸਮੱਗਰੀ ਕਿਤਾਬਚੇ, ਪੋਸਟਰ ਅਤੇ ਸੀਡੀਆਂ ਆਦਿ ਵੇਚਦੇ ਰਹੇ । ਕੌਮੀ ਕਾਰਜ ਤਾਂ ਵੱਖਰਾ, ਮੇਲਿਆਂ ਨੇ ਸਾਨੂੰ ਜੀਵਨ ਜਾਂਚ ਸਿੱਖਾ ਦਿਤੀ ਹੈ। ਇਸ ਲਹਿਰ ਨੇ ਸਾਨੂੰ ਚੁਫੇਰਿਓ ਮਾਲਾ ਮਾਲ ਕਰ ਦਿਤਾ ਹੈ। ਕੁਝ ਇਕ ਤਜਰਬੇ ਸਾਂਝੇ ਕਰਦੇ ਹਾਂ ਜੋ ਹੋਰਨਾਂ ਲਈ ਲਈ (ਖਾਸ ਕਰਕੇ ਪ੍ਰਚਾਰਕਾਂ) ਲਈ ਸ਼ਾਇਦ ਲਾਹੇਵੰਦ ਹੋਣ।

ਪ੍ਰਚਾਰ ਸਮੱਗਰੀ ਦਾ ਸਾਰਾ ਖਰਚਾ ਹਾਲਾਂ ਸੰਗਤ ਦਿੰਦੀ ਆਈ ਹੈ, ਇਸਦੇ ਬਾਵਜੂਦ ਅਸੀ ਇਹ ਵਸਤਾਂ ਮੁੱਫਤ ਦੇਣ ਦੇ ਬਿਜਾਏ ਵੇਚਦੇ ਰਹੇ ਹਾਂ। ਕਾਰਨ ਇਹ ਕਿ ਸੰਨ 2003 ਵਿਚ ਡੇਰਾ ਬਾਬਾ ਨਾਨਕ ਦੇ ਮੇਲੇ ਦੌਰਾਨ ਇਕ ਭਾਈ ਸਾਥੋਂ ਥੋਕ ਵਿਚ ਪਰਚੇ ਲੈ ਗਿਆ ਤੇ ਬਾਦ ਅਸਾਂ ਵੇਖਿਆ ਪਰਚੇ ਤੇ ਜਲੇਬੀਆਂ ਰੱਖ ਰੱਖ ਵੰਡ ਰਿਹਾ ਸੀ।  ਸੋ ਜੇ ਵਕਤ ਇਜਾਜਤ ਦਿੰਦਾ ਹੋਵੇ ਤਾਂ ਪ੍ਰਚਾਰ ਸਮੱਗਰੀ ਵੇਚਣ ਵਿਚ ਜਿਆਦਾ ਕਦਰ ਹੁੰਦੀ ਹੈ ਪਰ ਕੀਮਤ ਨਾਂਮਾਤ੍ਰ ਜਿਹੀ ਹੋਵੇ। ਉਸ ਨਾਮਾਤ੍ਰ ਮੁਲ ਨਾਲ ਵੀ ਪ੍ਰਚਾਰਕ ਕੋਲ ਮੋਟੀ ਰਕਮ ਇਕੱਠੀ ਹੋ ਜਾਂਦੀ ਹੈ।
ਸਾਡਾ ਤਜੱਰਬਾ ਹੈ ਕਿ ਮੇਲਿਆਂ ਵਿਚ ਸਟਾਲ ਲਾਉਣ ਤੇ ਬੰਦੇ ਦਾ ਹਊਮੇ ਹੰਕਾਰ ਬਹੁਤ  ਘਟ ਜਾਂਦਾ ਹੈ। ਜਿਸ ਦਾ ਖੁੱਦ ਪ੍ਰਚਾਰਕ ਨੂੰ ਵੀ ਧਾਰਮਿਕ ਲਾਹਾ ਮਿਲਦਾ ਹੈ। ਜਦੋਂ ਅਸੀ ਦੋ ਦੋ ਰੁਪਏ ਇਕੱਠੇ ਕਰਦੇ ਹੁੰਦੇ ਸੀ ਤਾਂ ਸਾਡੇ ਰਿਸਤੇਦਾਰਾਂ ਨੂੰ ਵੀ ਸਾਡੇ ਤੋਂ ਸ਼ਰਮ ਆਉਣ ਲਗ ਗਈ। ਹਾਲਾਂ ਮੇਲੇ ਦੀ ਸਮਾਪਤੀ ਤਕ ਸਾਡਾ ਬੈਗ ਪੈਸਿਆਂ ਨਾਲ ਨੱਕੋ ਨੱਕ ਭਰ ਜਾਂਦਾ ਸੀ। ਸਾਡਾ ਦਾਵਾ ਹੈ ਕਿ ਮੇਲਿਆਂ ਤੇ ਸਟਾਲ ਲਾਉਣ ਵਾਲਾ ਬੰਦਾ ਕਦੀ ਭੁੱਖਾ ਨਹੀ ਮਰੇਗਾ। ਬੰਦਾ ਆਪਣਾ ਨੱਕ ਦਾ ਮਸਲਾ ਛੱਡ ਦੇਵੇ ਤਾਂ ਉਹਦੇ ਬਹੁਤੇ ਦੁੱਖਰੇ ਆਪਣੇ ਆਪ ਦੂਰ ਹੋ ਜਾਂਦੇ ਹਨ।
ਅੱਜ ਗਰੀਬੀ ਜਾਂ ਥੁੱੜ ਕਾਰਨ ਪੰਜਾਬ ਦੇ ਲੋਕ ਖੁੱਦਕਸ਼ੀਆਂ ਕਰ ਰਹੇ ਹਨ ਜਦੋਂ ਕਿ ਓਸੇ ਪੰਜਾਬ ਵਿਚੋਂ ਬੲ੍ਹੀਏ ਮਾਲਾ ਮਾਲ ਹੋ ਰਹੇ ਹਨ। ਇਹ ਜਾਤ-ਹੰਕਾਰ ਹੀ ਹੈ ਜੋ ਇਨਾਂ ਨੂੰ ਮਾਰ ਰਿਹਾ ਹੈ। ਅਖੇ 'ਫਲਾਣਾ ਕੰਮ ਕਰਨ ਨਾਲ ਸਾਡਾ ਨੱਕ ਨਹੀ ਰਹਿੰਦਾ' ਅਤੇ ਇਹੋ ਲੋਕ ਪ੍ਰਦੇਸਾਂ ਵਿਚ ਜਾ ਕੇ ਘਰਾਂ ਵਿਚ ਸਫਾਈ ਕਰਨ ਵੀ ਤਿਆਰ ਹੋ ਜਾਂਦੇ ਹਨ। ਪੰਜਾਬੀ ਫੋਕੇ ਟੌਹਰ ਬਣਾੳੇੁਣ ਖਾਤਰ ਵਿਤੋਂ ਬਾਹਰੇ ਕਰਜੇ ਲੈਂਦੇ ਹਨ ਤੇ ਫਿਰ ਮੋੜਨ ਤੋਂ ਅਸਮਰਥ, ਖੁੱਦਕਸ਼ੀ ਦਾ ਰਾਹ ਅਖਤਿਆਰ ਕਰਦੇ ਹਨ। ਨਿਮਾਣੇ ਲੋਕ ਕਿਰਤ ਕਰਕੇ ਟੱਬਰ ਪਾਲਦੇ ਹਨ ਜਦੋਂ ਕਿ ਖੁਦਕਸ਼ੀਆਂ ਕਰਨ ਵਾਲੇ ਲਗ ਪਗ ਸਾਰੇ ਅਖੌਤੀ ਉਚੀਆਂ ਜਾਤਾਂ ਵਾਲੇ ਹੀ ਨੇ।
ਸਾਡੇ ਨਾਲ ਇਕ ਬੜੀ ਦਿਲਚਸਪ ਘਟਨਾ ਵਾਪਰੀ ਜੋ ਸ਼ਾਇਦ ਹੋਰਨਾਂ ਵਾਸਤੇ ਸਬਕ ਸਾਬਤ ਹੋਵੇ। ਗਲ 2014 ਦੀ ਮੁਕਤਸਰ ਦੀ ਮਾਘੀ ਦੇ ਮੇਲੇ ਵਿਚ ਸਟਾਲ ਲਾਉਣ ਖਾਤਰ ਅਸੀ ਸਵੇਰੇ ਸਵੱਖਤੇ ਘਰੋਂ (ਅੰਮ੍ਰਿਤਸਰ ਤੋਂ) ਨਿਕਲ ਗਏ। ਜਿਵੇ ਮਖੂ ਪਾਰ ਕੀਤਾ ਤਾਂ ਘਰੋਂ ਫੋਨ ਆਇਆ ਕਿ ਵਾਪਸ ਪਰਤ ਆਉ। ਅਸੀ ਗੱਡੀ ਖੜੀ ਕੀਤੀ ਤਾਂ ਕਾਰਨ ਪੁਛਿਆ ਘਰਦੀ ਕਹਿਣ ਲੱਗੀ ਕਿ ਬਟੂਆ ਤਾਂ ਘਰ ਭੁੱਲ ਗਏ ਹੋ ਪੈਸੇ ਬਗੈਰ ਕਿਵੇ 4 ਦਿਨ ਰਹਿ ਪਾਓਗੇ?
ਮੇਰਾ ਸਾਥੀ ਹਰਪ੍ਰੀਤ ਕਹਿਣ ਲੱਗਾ ਕਿ ਗਲ ਠੀਕ ਹੈ ਕਿਤੇ ਗੱਡੀ ਪੈਂਚਰ ਹੀ ਹੋ ਜਾਏ ਤਾਂ ਕਿਹਦੀ ਮਾਂ ਨੂੰ ਮਾਸੀ ਆਖਾਂਗੇ। ਪਰ ਅਸੀ ਸਫਰ ਜਾਰੀ ਰੱਖਿਆ। ਅੱਗੇ ਸੜ੍ਹਕ ਤੇ ਹੀ ਪੈਂਦੇ ਪਿੰਡ ਬਹਿਕ ਗੁਜਰਾਂ ਦਾ ਸਕੈਂਡਰੀ ਸਕੂਲ ਆਇਆ ਜਿਸ ਦਾ ਖੁੱਲਣ ਦਾ ਟਾਈਮ ਹੋ ਚੁੱਕਾ ਸੀ। ਅਸੀ ਪ੍ਰਿਸੀਪਲ ਨੂੰ ਮਿਲੇ ਤੇ ਪ੍ਰਾਥਨਾ ਮੌਕੇ ਲੈਕਚਰ ਦੇਣ ਲਈ ਇਜਾਜਤ ਮੰਗੀ।
ਪਾਕਿਸਤਾਨ ਵਿਚ ਰਹਿ ਗਏ ਸਿੱਖ ਤੇ ਹਿੰਦੂ ਅਸਥਾਨਾਂ ਤੇ ਸਾਡਾ ਵਖਿਆਨ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਸਕੂਲ ਦੀ ਇਕ ਅਧਿਆਪਕਾ ਨੇ ਸਤਿਕਾਰ ਵਜੋਂ 500 ਦਾ ਨੋਟ ਸਾਨੂੰ ਦੇਣਾ ਚਾਹਿਆ। ਅਸਾਂ ਮਜਬੂਰੀ ਜ਼ਾਹਿਰ ਕੀਤੀ ਕਿ ਅਸੀ ਸਮੱਗਰੀ ਤਾਂ ਵੇਚ ਸਕਦੇ ਹਾਂ ਪਰ ਦਾਨ ਨਹੀ ਲੈ ਸਕਦੇ। ਉਸ ਬੀਬੀ ਨੇ 100 ਰੁਪਏ ਦੇ ਪੋਸਟਰ ਵੰਡਣ ਖਾਤਰ ਖਰੀਦੇ। ਜਦੋਂ ਸਕੂਲੋਂ ਬਾਹਰ ਨਿਕਲੇ ਤਾਂ ਹਰਪ੍ਰੀਤ ਨੇ ਗਿਣੇ ਤਾਂ ਕੁਲ 1100 ਰੁਪਏ ਸਾਡੇ ਕੋਲ ਸਨ।
ਹੁਣ ਅਸੀ ਮਹਿਸੂਸ ਕਰਦੇ ਹਾਂ ਲਾਂਘੇ ਦੇ ਪ੍ਰਚਾਰ ਨੇ ਸਾਨੂੰ ਜੀਣ ਦਾ ਰਾਹ ਦਿਖਾ। ਬਾਬੇ ਨਾਨਕ ਦੇ ਚਮਤਕਾਰ ਸਾਡੇ ਨਾਲ ਲਗਾਤਾਰ ਹੁੰਦੇ ਰਹੇ ਪਰ ਸਾਨੂੰ ਅਹਿਸਾਸ ਨਹੀ ਸੀ ਹੁੰਦਾ।
ਮੇਲਿਆਂ ਵਿਚ ਵੇਖਿਆ ਕਿ ਅਨੇਕਾਂ ਲੋਕ ਸਾਡੇ ਕੋਲੋ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਮੰਗਿਆ ਕਰਦੇ ਸਨ ਜਿਸ ਦੀ ਕੀਮਤ 20 ਕੁ ਰੁਪਏ ਦੇ ਆਸ ਪਾਸ ਹੋਵੇ। ਬਦਕਿਸਮਤੀ ਸ਼ਰੋਮਣੀ ਕਮੇਟੀ ਇਸ ਮਸਲੇ ਤੇ ਪੂਰੀ ਤਰਾਂ ਨਾਕਾਮ ਹੈ।
ਏਸੇ ਤਰਾਂ 2010 ਦੀ ਅਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੌਰਾਨ ਅਸੀ ਮਨੇਰੇ ਹੀ ਆਪਣੀ ਦੁਕਾਨ ਸਜਾ ਲਈ। ਪਰ ਦੁਪਿਹਰ ਤਕ ਕੋਈ ਗਾਹਕ ਨਹੀ ਆਇਆ ਹਾਲਾਂ ਉੱਚੀ ਅਵਾਜ ਵਾਲੇ ਸਪੀਕਰਾਂ ਤੇ ਸਾਡਾ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਸੀ।
ਇਕ ਵਜੇ ਦੇ ਕਰੀਬ ਇਕ ਅਨਪੜ੍ਹ ਜਿਹੀ ਮਾਤਾ ਆਈ ਤੇ ਮੇਰੇ ਸਾਥੀ ਧਿੰਦੇ ਨੂੰ ਪੰਜ ਰੁਪਏ ਦੇ ਕੇ ਕਹਿਣ ਲੱਗੀ ਕਿ ਮੇਰੇ ਮੁੰਡੇ ਵਾਸਤੇ ਅਰਦਾਸ ਕਰੋ ਕਿ ਉਹ ਸ਼ਰਾਬ ਛੱਡ ਦੇਵੇ। ਧਿੰਦੇ ਨੇ ਆਕੜ ਵਿਚ ਆ ਨੋਟ ਮੋੜਦੇ ਹੋਏ ਮਾਤਾ ਨੂੰ ਕਿਹਾ ਕਿ ਅਸੀ ਮੰਗਤੇ ਨਹੀ। ਪਰ ਅਸਾਂ ਮਾਤਾ ਦੇ ਪੈਸੇ ਪ੍ਰਵਾਨ ਕਰਕੇ, ਮੁੰਡੇ ਵਾਸਤੇ ਸਪੀਕਰ ਤੇ ਅਰਦਾਸ ਕੀਤੀ ਕਿ ਕਲਗੀਆਂ ਵਾਲਾ ਨੌਜਵਾਨਾਂ ਤੇ  ਤਰਸ ਕਰੇ ਤੇ ਪੰਜਾਬ ਨੂੰ ਨਸ਼ੇ ਤੋਂ ਬਚਾਏ।
ਇਹ ਅਰਦਾਸ ਕਰਨ ਦੀ ਹੀ ਢਿੱਲ ਸੀ ਕਿ ਇਕ ਦਮ ਇਨਾਂ ਗਾਹਕ ਪਿਆ ਕਿ ਤਿੰਨ ਦਿਨ ਦਾ ਸਮਾਨ 6 ਘੰਟਿਆਂ ਵਿਚ ਹੀ ਮੁੱਕ ਗਿਆ। ਗਾਹਕ ਦੋ ਜਣਿਆ ਕੋਲੋ ਨਿਪਟਾਇਆ ਨਹੀ ਸੀ ਜਾ ਰਿਹਾ ਇਸ ਕਰਕੇ ਬੂਟਾ ਸਿੰਘ ਤੇ ਉਸ ਦਾ ਨੌਕਰ (ਜਿਸ ਦੀ ਦੁਕਾਨ ਮੋਹਰੇ ਅਸਾਂ ਸਟਾਲ ਲਾਇਆ ਸੀ) ਵੀ ਸਾਡੀ ਮਦਦ ਤੇ ਆ ਗਏ।
ਅਸਾਂ ਸਬਕ ਸਿਖਿਆ ਕਿ ਪ੍ਰਚਾਰ ਮੌਕੇ ਅਸੀ ਕਿਸੇ ਤਰਾਂ ਦਾ ਹੰਕਾਰ ਨਹੀ ਪਾਲ ਸਕਦੇ।
ਕੁਝ ਏਸੇ ਤਰਾਂ ਹੀ ਮਾਘੀ ਦੇ ਮੇਲੇ ਵੇਲੇ ਇਕ ਵੇਰਾਂ ਸਾਡੇ ਨਾਲ ਹੋਇਆ। ਭੀੜ ਮੇਰੇ ਕੋਲ ਸਾਂਭੀ ਨਹੀ ਸੀ ਜਾ ਰਹੀ। ਅੰਮ੍ਰਿਤਸਰ ਜਿਲੇ ਦਾ ਇਕ ਹੱਟਾ ਕੱਟਾ ਨੌਜਵਾਨ ਨਿਹੰਗ ਸਿੰਘ ਮੇਰੀ ਮਦਦ ਤੇ ਆ ਗਿਆ। ਪਰ ਨਿਹੰਗ ਸਿੰਘ ਕੁਝ ਪੈਸੇ ਆਪਣੇ ਚੋਲੇ ਵਿਚ ਲੁਕਾਈ ਗਿਆ। ਇਕ ਦਿਨ ਵਿਚ ਹੀ ਅਸੀ ਸਾਰੀ ਸਮਗਰੀ ਵੇਚ ਲਈ। ਅੰਤ ਵਿਚ ਮੈਂ ਜੋਰ ਜਬਰਦਸਤੀ ਕਰਕੇ ਨਿਹੰਗ ਕੋਲੋਂ ਵੀ ਪੈਸੇ ਖੋਹ ਲਏ। ਇਸ ਕਰਤੂਤ ਦਾ ਸਾਨੂੰ ਜੀਵਨ ਭਰ ਪਸਛਾਤਾਪ ਰਹੇਗਾ। ਗੁਰੂ ਨਾਨਕ ਘਰ ਦਾ ਪ੍ਰਚਾਰਕ ਮਾਇਆ ਮੋਹ ਨਹੀ ਵਿਖਾ ਸਕਦਾ, ਪਰ ਅਸੀ ਉਦੋਂ ਹੰਕਾਰੇ ਗਏ ਸੀ।
ਇਸ ਦੀ ਸਜ਼ਾ ਸਾਨੂੰ ਅਸਿਧੇ ਤਰੀਕੇ ਕੁਝ ਇਸ ਤਰਾਂ ਮਿਲੀ ਕਿ ਕੁਝ ਹੀ ਦਿਨਾਂ ਬਾਦ ਇਕ ਲੀਡਰ ਨੇ ਸਾਨੂੰ ਬਿਨਾਂ ਗੁਨਾਹ ਦੱਸੇ ਪਸਤੌਲ ਵਿਖਾਉਦਿਆਂ ਮਾਰਨ ਦੀ ਧਮਕੀ ਦੇ ਦਿਤੀ। ਅਸੀ ਮਹਿਸੂਸ ਕੀਤਾ ਕਿ ਇਥੇ ਸੇਰ ਨੂੰ ਸਵਾ ਸੇਰ ਮਿਲ ਹੀ ਜਾਂਦਾ ਹੈ ਸੋ ਸਿੱਖੀ ਦੇ ਪ੍ਰਚਾਰਕ ਨੂੰ ਛਟਾਂਕ ਬਣ ਕੇ ਹੀ ਚਲਣਾ ਚਾਹੀਦਾ ਹੈ। ਹੰਕਾਰ ਤੇ ਮਾਇਆ ਮੋਹ ਪ੍ਰਚਾਰ ਵਿਚ ਘਾਤਕ ਹਨ।
ਮੁਹਿੰਮ ਦੌਰਾਨ ਗੁਰੂ ਸਾਹਿਬ ਨੇ ਸਾਡੀ ਕਦੀ ਪਿੱਠ ਨਹੀ ਸੀ ਲੱਗਣ ਦਿਤੀ। ਦੀਵਾਲੀ ਸੰਨ 2001 ਦੀ ਗਲ ਹੈ। ਵਡਾਲਾ ਸਾਹਿਬ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਮੈਂ ਅਰਦਾਸ 'ਚ ਆ ਨਹੀ ਪਾਵਾਂਗਾ ਤੇ ਗੁਰਾਇਆ ਅਰਦਾਸ ਕਰ ਲਵੇ। ਅਸੀ ਵਕਤ ਸਿਰ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਪਹੁੰਚੇ। ਇਕ ਵਜੇ ਸਰਹੱਦ ਵਲ ਜਲੂਸ ਦੀ ਸ਼ਕਲ ਵਿਚ ਸਤਿਨਾਮ ਵਾਹਿਗੁਰੂ ਕਹਿੰਦੇ ਰਵਾਨਾ ਹੋਣਾ ਸੀ। ਮੈਂ ਸਪੀਕਰ ਤੇ ਅਨਾਉਂਸਮੈਂਟ ਕੀਤੀ ਪਰ ਮੇਰੇ ਮਗਰ ਇਕ ਵੀ ਸਿੰਘ ਨਹੀ ਸੀ। ਇਥੋਂ ਤਕ ਕਿ ਜਿਹੜੇ ਮੇਰੇ ਨਾਲ ਅੰਮ੍ਰਿਤਸਰ ਤੋਂ ਆਏ ਉਹ ਵੀ ਗਾਇਬ ਸਨ। ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਮੈਂ ਸਪੀਕਰ ਤੇ ਸਤਿਨਾਮ ਵਾਹਿਗੁਰੂ ਬੋਲ ਰਿਹਾ ਸੀ।
ਮੈਂ ਮਹਿਸੂਸ ਕੀਤਾ ਕਿ ਇਸ ਤਰਾਂ ਇਕੱਲੇ ਬੰਦੇ ਦਾ ਅਰਦਾਸ ਕਰਨਾਂ ਸ਼ਾਇਦ ਠੀਕ ਨਹੀ। ਮੈਂ ਡੇਰਾ ਬਾਬਾ ਨਾਨਕ ਦੇ ਦੂਸਰੇ ਗੁਰਦੁਆਰੇ ਚੋਲਾ ਸਾਹਿਬ ਗਿਆ ਤੇ ਓਥੇ ਬਾਬਾ ਅਨੂਪ ਸਿੰਘ ਨੂੰ ਸਾਰੀ ਗਲ ਦੱਸੀ। ਬਾਬਾ ਜੀ ਨੇ ਸੰਗਤ ਨੂੰ ਹੁਕਮ ਕਰ ਦਿਤਾ ਤੇ 20 ਕੁ ਬੰਦੇ ਮੇਰੇ ਨਾਲ ਤੋਰ ਦਿਤੇ।
ਇਸ ਘਟਨਾ ਨਾਲ ਮੇਰਾ ਭਰੋਸਾ ਬੱਝ ਗਿਆ ਤਾਂ ਅਸੀ ਅਰਦਾਸ ਕਰਨ ਮੌਕੇ ਫਿਰ ਕਦੀ ਗਿਣਤੀ ਦੀ ਪ੍ਰਵਾਹ ਨਹੀ ਕੀਤੀ। ਪਰ ਅਰਦਾਸ ਮੌਕੇ ਕਦੀ ਵੀ ਗਿਣਤੀ ਘੱਟ ਨਾਂ ਹੋਈ। ਪਰ ਜਿਹੜੇ ਬੰਦੇ ਐਨ ਮੌਕੇ ਤੇ ਖਿਸਕ ਗਏ ਸਨ ਓਨਾਂ ਤੋਂ ਮੇਰਾ ਭਰੋਸਾ ਜਾਂਦਾ ਰਿਹਾ।
ਅਗਲਾ ਤਜੱਰਬਾ ਲਿਖਦਿਆਂ ਮੈਂਨੂੰ ਸ਼ਰਮ ਆ ਰਹੀ ਕਿ ਮੇਲਿਆਂ ਦੌਰਾਨ ਅਸਾਂ ਵੇਖਿਆ ਕਿ ਸਾਡੇ ਪੰਜਾਬੀਆਂ ਦਾ ਕਿਰਦਾਰ ਬਹੁਤ ਡਿੱਗ ਚੁੱਕਾ ਹੈ। ਬਾਕੀ ਕੌਮਾਂ ਦੇ ਮੁਕਾਬਲੇ ਸਾਡੇ ਵਿਚ ਮਾਇਆ ਮੋਹ ਵੱਧ ਚੁੱਕਾ ਹੈ। ਮੇਲਿਆਂ ਵਿਚ ਮੇਰਾ ਕਈ ਵੇਰੀ ਲੋਕ ਸਮਾਨ ਚੁੱਕ ਕੇ ਲੈ ਗਏ।ਡੇਰਾ ਬਾਬਾ ਨਾਨਕ ਦੇ ਮੇਲੇ ਦੌਰਾਨ ਇਕ ਦਿਨ ਮੈਂ ਰਾਤੀ ਘਰ ਆ ਗਿਆ ਤਾਂ ਸਵੇਰੇ ਜਦੋਂ ਮੈਂ ਪਰਤਿਆ ਤਾਂ ਪੋਸਟਰ ਆਦਿ ਛੱਡ ਬਾਕੀ ਸਭ ਭਾਂਡਾ ਟੀਂਡਾ ਭਾਵ ਟੈਂਟ ਆਦਿ ਗਾਇਬ ਸੀ। ਸ਼ੱਕ ਹੈ ਕਿ ਗਵਾਂਢੀ ਦੁਕਾਨਦਾਰ ਦੀ ਹੱਟੀ ਨਹੀ ਸੀ ਚਲੀ ਤੇ ਉਹ ਰਾਤੋ ਰਾਤ ਹੋਲੇ ਮਹੱਲੇ ਅਨੰਦਪੁਰ ਨੂੰ ਖਿਸਕ ਗਿਆ। ਇਕ ਵੇਰਾਂ ਤਾਂ ਅਸਾਂ ਇਕ ਅੰਮਿਤਧਾਰੀ ਬੰਦੇ ਨੂੰ ਵੀ ਫੜ੍ਹ ਲਿਆ। ਦਰ ਅਸਲ ਕਿਸੇ ਵੀ ਕੌਮ ਦਾ ਕਿਰਦਾਰ ਉਸ ਦੇ ਲੀਡਰ ਤਹਿ ਕਰਦੇ ਹਨ ਜੇ ਲੀਡਰ ਬੇਈਮਾਨ ਤਾਂ ਜਨਤਾ ਵੀ ਓਹੋ ਜਿਹੀ ਹੀ ਹੋ ਜਾਵੇਗੀ। ਲੋਕਾਂ ਸਾਹਮਣੇ ਹਮੇਸ਼ਾਂ ਰੋਲ ਮਾਡਲ ਹੁੰਦੇ ਹਨ। ਕਿਤੇ ਇਹ ਫਿਲਮੀ ਹੀਰੋ ਵੀ ਹੋ ਸਕਦੇ ਹਨ। ਅੱਜ ਸਿੱਖ ਲੀਡਰ ਹੱਦ ਦਰਜੇ ਦੇ ਮੌਕਾ ਪ੍ਰਸਤ ਤੇ ਸਵਾਰਥੀ ਬਣ ਚੁੱਕੇ ਹਨ। ਬਾਦਲ ਸਾਹਿਬ ਦੇ ਕਿਰਦਾਰ ਕਰਕੇ ਕੌਮ ਦੇ ਕਿਰਦਾਰ ਵਿਚ ਵੱਡਾ ਨਿਘਾਰ ਆਇਆ ਹੈ। ਭਵਿਖ ਦੇ ਆਸਾਰ ਚੰਗੇ ਨਜਰ ਨਹੀ ਆ ਰਹੇ।
-----------
ਸਾਡੇ ਨਾਲ ਸਬੰਧਤ, ਮੇਲਿਆਂ ਮੌਕੇ ਦੀਆਂ, ਕੁਝ ਇਕ ਤਸਵੀਰਾਂ ਵੀ ਰਿਕਾਰਡ ਵਿਚੋਂ ਮਿਲੀਆਂ ਹਨ  
Mukatsar- Tired after day long shouting
















ਡੇਰਾ ਬਾਬਾ ਨਾਨਕ ਮੇਲੇ ਦੌਰਾਨ ਮੇਰੀ ਮਦਦ ਕਰਨ ਵਾਲੀ ਇਕ ਬੱਚੀ। ਇਹਦੀ ਦਿਹਾੜੀ ਦੀ ਤਨਖਾਹ ਬਸ ਇਕ ਕੁਲਫੀ ਹੁੰਦੀ ਸੀ।



ਇਸ ਰਾਜਸਥਾਨੀ ਮੁਸਲਮਾਨ ਟੱਬਰ ਨੂੰ ਕਿਸੇ ਨੇ ਕਹਿ ਦਿਤਾ ਕਿ ਇਹ ਬਾਬਾ (ਮੈਂ) ਪਾਕਿਸਤਾਨ ਜਾਣ ਦਾ ਪ੍ਰਮਿਟ ਵੰਡਦਾ ਹੈ।



ਮੇਰੇ ਵਰਗੇ ਸ਼ੁਦਾਏ ਹੋਰ ਵੀ ਹੈਗੇ ਨੇ।

----------------------------
-------------

ਹੇਠਾਂ ਦੋ ਤਿੰਨ ਪੋਸਟਾਂ ਹਨ ਜੋ ਪਿਛੇ ਜਿਹੇ ਫੇਸਬੁੱਕ ਤੇ ਪਾਈਆਂ ਸਨ ਉਹ ਵੀ ਇਥੇ ਕਾਪੀ ਕਰ ਰਿਹਾ ਹਾਂ। 

---------------

------<> ਸੱਜਣਾਂ ਦਾ ਫੁੱਲ ਮਾਰਿਆ ਖੰਜਰ ਵਾਙੂ ਖੁੱਭਦੈ<>-------------

    10 ਸਾਲ ਪਹਿਲਾਂ ਦੀ ਗਲ ਹੈ। ਪਾਰਲੀਮੈਂਟ ਚੋਣਾਂ ਦੇ ਦਿਨ ਸਨ। ਮੈਂ ਹਰਮੰਦਰ ਸਾਹਿਬ ਦੇ ਘੰਟਾ ਘਰ ਤੋਂ ਬਾਹਰ, ਸ਼ਨੀ ਮੰਦਰ ਦੇ ਲਾਗੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪਰਚੇ ਵੰਡ ਰਿਹਾ ਸੀ। ਆਪਣੇ ਸਿਰ ਤੇ ਮੈਂ ਤਖਤੀ ਬੱਧੀ ਸੀ ਜਿਸ ਤੇ ਨਾਹਰਾ (ਸਲੋਗਨ) ਸੀ, ----ਕਰਤਾਰਪੁਰ ਦਾ ਜੋ ਖੋਲੇ ਦੁਆਰ। ਮੇਰੀ ਵੋਟ ਦਾ ਉਹ ਹੱਕਦਾਰ----- । ਵਕਤ ਸ਼ਾਮੀ ਸਾਢੇ ਚਾਰ ਦਾ ਸੀ। ਇਕ ਭਾਈ ਦਰਬਾਰ ਸਾਹਿਬ ਪਾਸਿਓ ਜਿਵੇ ਆਇਆ ਤਾਂ ਮੈਂ ਬੜੇ ਮਾਣ ਨਾਲ, ਅੱਗੇ ਹੋ ਕੇ, ਉਨੂੰ ਪਰਚਾ ਫੜਾਇਆ, ਕਿਉਕਿ ਉਹ ਸਾਬਤ ਸੂਰਤ ਸਿੱਖ ਸੀ। ਮੈਨੂੰ ਵੇਖਦਿਆਂ ਸਾਰ ਹੀ ਉਹ ਇਕ ਦਮ ਇਉ ਪਿਛੇ ਨੂੰ ਪਰਤਿਆ ਜਿਵੇ ਕਰੰਟ ਲਗ ਜਾਂਦਾ ਹੈ। ਬੋਲਿਆ ਕੁਝ ਨਾਂ।( ਬਾਦ ਵਿਚ ਮੈਂ ਸਮਝ ਗਿਆ ਕਿ ਉਹ ਭਾਈ ਕੋਈ ਸ਼੍ਰੋਮਣੀ ਕਮੇਟੀ ਅਫਸਰ ਸੀ।) ਪੰਜਾਂ ਮਿੰਟਾਂ 'ਚ ਹੀ ਟਾਸਕ ਫੋਰਸ ਦੇ ਜਵਾਨ ਅੰਦਰੋਂ ਡੰਡੇ ਲੈ ਮੇਰੇ ਦੁਆਲੇ ਹੋ ਗਏ। ਮੈਨੂੰ ਕਹਿਣ ਲਗੇ, "ਇਥੋਂ ਵਗਦਾ ਹੋ" ਤੇ ਧੱਕੇ ਮਾਰਨੇ ਸ਼ੁਰੂ ਕਰ ਦਿਤੇ। ਮੈਂ ਕਹਾਂ ਭਾਈ ਮੈਂ ਸਰਕਾਰੀ ਸੜਕ ਤੇ ਹਾਂ। ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਹਾਂ। ਇਥੇ ਤੁਹਾਨੂੰ ਕੀ ਦਿੱਕਤ ਹੈ? ਉਨਾਂ ਦਾ ਬਸ ਇਕੋ ਸਵਾਲ ਸੀ ਕਿ ਇਥੋਂ ਖਿਸਕ ਜਾ। ਪੁਲਿਸ ਵਾਲੇ ਚੁੱਪ ਚਾਪ ਇਹ ਸਭ ਵੇਖ ਰਹੇ ਸਨ।
ਜ਼ਜ਼ਬਾਤੀ ਬੰਦਾ ਹਾਂ। ਚੁੱਪ ਚਾਪ ਗੁਰੂ ਰਾਮਦਾਸ ਨੂੰ ਉਲਾਹਮਾ ਦਿਤਾ ਤੇ ਮਲਕੜੇ ਇੱਜਤ ਲਵੇਟ ਖਿਸਕ ਆਇਆ।
ਹਫਤਾ ਭਰ ਫਿਰ ਪ੍ਰਚਾਰ ਤੇ ਨਹੀ ਨਿਕਲਿਆ। ਫਿਰ ਇਕ ਦਿਨ ਮਨੇਰੇ ਚਾਰ ਵਜੇ ਉਠ ਦਰਬਾਰ ਸਾਹਿਬ ਗਇਆ। ਐਤਕਾਂ ਬਾਹਰ ਨਹੀ, ਐਨ ਪ੍ਰਕਰਮਾ ਵਿਚ ਜਾ ਕੇ ਖੂਬ ਪਰਚਾ ਵੰਡਿਆ। ਕਿਸੇ ਨੂੰ ਪਤਾ ਨਾਂ ਲੱਗਾ। ਦਿਨੇ 10 ਵਜੇ ਫਿਰ ਇਕ ਰਜਿੰਦਰ ਸਿੰਘ ਨਾਂ ਦੇ ਵੀਰ ਦਾ ਫੋਨ ਆਇਆ। ਕਹਿੰਦਾ ਅੱਜ ਦਰਬਾਰ ਸਾਹਿਬ ਪਰਚਾ ਤੁਸੀ ਵੰਡ ਕੇ ਗਏ ਹੋ? ਮੈਂ ਕਿਹਾ ਜੀ ਹਾਂ। ਉਹ ਸੱਜਣ ਘਰ ਆ ਗਇਆ। ਬੜੇ ਪਿਆਰ ਸਤਿਕਾਰ ਨਾਲ ਪੁੱਛ ਪੜਤਾਲ ਕਰਕੇ ਚਲੇ ਗਏ।
ਆਹ ਹੁਣ ਕੁਝ ਦਿਨ ਪਹਿਲਾਂ ਦੀ ਗਲ ਹੈ। ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲਾਂਘੇ ਦੇ ਹੱਕ ਵਿਚ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਸੀ। ਮੇਰਾ ਮੰਨ ਬਾਗ ਬਾਗ ਹੋ ਉਠਿਆ ਜਦੋਂ ਮੈਂ ਵੇਖਿਆ ਉਹੋ ਅਫਸਰ ਜਿੰਨੂੰ ਕਰੰਟ ਲੱਗਾ ਸੀ ਉਹ ਪ੍ਰਧਾਨ ਦੇ ਕੋਲ ਹੀ ਬੈਠਾ ਬੜਾ ਮਾਣ ਨਾਲ ਮੋਢੇ ਮਾਰ ਰਿਹਾ ਸੀ, ਭਾਵ ਲਾਂਘਾ ਖੁੱਲਣ ਤੇ ਮਾਣ ਮਹਿਸੂਸ ਕਰ ਰਿਹਾ ਸੀ।- ਬੀ. ਐਸ. ਗੁਰਾਇਆ : ਲਾਂਘਾ ਪ੍ਰਚਾਰਕ
------------

   

ਜਿੰਨਾਂ ਕਰਕੇ ਲਾਂਘਾ ਲਹਿਰ ਕਾਮਯਾਬ ਹੋਈ

ਸਾਡੇ ਪਰਚੇ ਤੇ ਇਸ਼ਤਿਹਾਰ ਦਾਤੇ



ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਲਹਿਰ, ਭਵਿਖ ਦੇ ਪ੍ਰਚਾਰਕਾਂ ਲੀਡਰਾਂ ਜਾਂ ਅੰਦੋਲਨ-ਕਾਰੀਆਂ ਲਈ ਸਬਕ ਹੈ ਕਿ ਕਿਸੇ ਅੰਦੋਲਨ ਨੂੰ ਜੇ ਕਾਮਯਾਬ ਬਣਾਉਣਾ ਹੈ ਤਾਂ ਪਹਿਲਾਂ ਉਹਦੀ ਨੀਂਹ ਪੀਡੀ ਹੋਵੇ। ਭਾਵ ਉਸ ਬਾਬਤ ਪ੍ਰਚਾਰ ਦੀ ਨੀਂਹ ਲਿਖਤੀ ਪੜਤੀ ਹੋਵੇ। ਯਾਦ ਰੱਖੋ ਛਪਿਆ ਜਾਂ ਲਿਖਿਆ ਲਫਜ਼ ਰਿਕਾਰਡ ਬਣਦਾ ਹੈ। ਕਿੰਨੀ ਵੀ ਯਾਦਾਸ਼ਤ ਤਗੜੀ ਹੋਵੇ ਬੰਦਾ ਭੁੱਲ ਹੀ ਜਾਂਦਾ ਹੈ। ਤੁਹਾਡੇ ਅੰਦੋਲਨ ਵਿਚ ਜਦੋਂ ਕੋਈ ਸ਼ਾਮਲ ਹੁੰਦਾ ਹੈ ਤਾਂ ਉਹਦੀਆਂ ਬਾਹਵਾਂ ਮਜਬੂਤ ਕਰੋ। ਭਾਵ ਉਹਦੇ ਹੱਥ ਕੁਝ ਪ੍ਰਚਾਰ ਸਮੱਗਰੀ ਦਿਓ ਕਿ ਉਹ ਅੱਗੇ ਪ੍ਰਚਾਰ ਕਰ ਸਕੇ। ਕਿਉਕਿ ਕੋਈ ਵੀ ਲਹਿਰ ਦੀ ਚੜਤ ਗੁਣਾਂ (multiplication) ਦੇ ਅਸੂਲ ਤੇ ਚਲਦੀ ਹੈ ਭਾਵ 2 ਤੋ 4, ਫਿਰ 4 ਤੋਂ 16, 16 ਤੋਂ 256 ਅਤੇ 256 ਤੋਂ 65536, ਫਿਰ 65536 ਤੋਂ ਸਿੱਧਾ 4294967296 ।

ਹੇਠਾਂ ਅਸੀ 2001 ਤੋਂ ਉਪਰੰਤ ਕਰਤਾਰਪੁਰ ਸਾਹਿਬ ਤੇ ਜੋ ਪਰਚੇ ਛਾਪੇ ਸਨ ਉਹਨਾਂ ਦੀਆਂ ਕਾਪੀਆਂ ਦੇ ਰਹੇ ਹਾਂ ਤਾਂ ਕਿ ਸੰਗਤਾਂ ਨੂੰ ਸਾਰੀ ਗਲ ਸਮਝ ਆਏ ਤੇ ਨਾਲੇ ਸਾਡੇ ਇਸਤਿਹਾਰ ਦਾਤਾਵਾਂ ਨੂੰ ਵੀ ਸਕੂੰਨ ਮਿਲੇ ਕਿ ਜਿਹੜੇ ਉਨਾਂ ਪੈਸੇ ਖਰਚੇ ਸਨ ਉਹ ਟਿਕਾਣੇ ਤੇ ਲੱਗੇ ਹਨ। ਸ਼ੁਰੂ ਦੇ ਪਰਚੇ ਨੂੰ ਪੜ੍ਹ ਕੇ ਤੁਹਾਨੂੰ ਅਰੰਭ ਵਾਲੇ ਦੇ ਹਾਲਾਤਾਂ ਬਾਰੇ ਕੁਝ ਅੰਦਾਜ਼ਾ ਹੋ ਜਾਵੇਗਾ ਕਿ ਉਦੋਂ ਸਾਡੀ ਮਨੋ ਦਿਸ਼ਾ ਤੇ ਦਸ਼ਾ ਕੀ ਸੀ।
ਵੇਖੋ ਕਰਤਾਰਪੁਰ ਡਾਟ ਕਾਮ
------------

   

"ਮੋਦੀ ਲਾਂਘਾ ਖੋਲੇਗਾ"

ਮਾਰਚ 2014 ਦੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਮੇਲੇ ਦੀ ਗੱਲ ਹੈ। ਮੈਂ ਕਰਤਾਰਪੁਰ ਸਾਹਿਬ ਤੇ ਪਾਕਿਸਤਾਨੀ ਗੁਰਦੁਆਰਿਆ ਦੇ ਪ੍ਰਚਾਰ ਲਈ ਸਟਾਲ ਲਾਇਆ ਹੋਇਆ ਸੀ। ਸਪੀਕਰ ਤੇ ਜੋ ਗਲ ਕਹਿਣੀ ਹੁੰਦੀ ਓਹ ਮੈਂ ਰੋਜ ਰਿਕਾਰਡ ਕਰਕੇ ਚਿੱਪ ਵਿਚ ਪਾ ਲੈ ਜਾਂਦਾ। ਮੇਰੀ ਰਿਕਾਡਿੰਗ ਵਿਚ ਇਹ ਗਲ ਬਾਰ ਬਾਰ ਚਲਦੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਤੀ ਹੀ ਲਾਂਘਾ ਖੋਲ ਦੇਵੇਗਾ। ਡੇਰਾ ਬਾਬਾ ਨਾਨਕ ਮੁਖ ਤੌਰ ਤੇ ਕਾਂਗਰਸੀ ਹਲਕਾ ਰਿਹਾ ਹੈ। ਮੇਰੇ ਇਸ ਪ੍ਰਚਾਰ ਤੇ ਕਾਂਗਰਸੀ ਵਰਕਰਾਂ ਨੂੰ ਗੁੱਸਾ ਆ ਗਿਆ ਤੇ ਇਕ ਸ਼ਾਮੀ ਮੇਰੇ ਕੋਲ ਆਏ ਤੇ ਗਾਲ ਮੰਦਾ ਬੋਲਣ ਲੱਗੇ। ਮੈਂ ਸਪੀਕਰ ਬੰਦ ਕਰਕੇ ਗਲ ਟਾਲੀ ਤੇ ਕੁੱਟ ਤੋਂ ਬਚਿਆ। ਅਗਲੇ ਸਾਲ ਮੈਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਓਥੇ ਤਿੰਨ ਟੀਵੀ ਚੈਨਲਾਂ ਤੇ ਤਿੰਨ ਰੇਡੀਓ ਸਟੇਸ਼ਨਾਂ ਤੇ ਮੈਂ ਲਾਂਘੇ ਬਾਬਤ ਪ੍ਰਚਾਰ ਕਰ ਰਿਹਾ ਸੀ। ਦੇਸੀ ਰੇਡੀਓ ਦੇ ਐਂਕਰ ਖੰਗੂੜਾ ਸਾਹਿਬ ਨੇ ਜਦੋਂ ਮੈਨੂੰ ਸਵਾਲ ਕੀਤਾ ਕਿ ਕੀ ਇਹ ਲਾਂਘਾ ਕਦੀ ਖੁੱਲ ਵੀ ਜਾਊਗਾ? ਓਦੋਂ ਦਾਸ ਨੇ ਕਿਹਾ ਸੀ ਕਿ ਮੋਦੀ ਲਾਂਘਾ ਖੋਲ ਦੇਵੇਗਾ। ਖੰਗੂੜਾ ਮੇਰੀ ਸੋਚ ਤੇ ਮੁਸਕਰਾ ਪਿਆ। ਇਕ ਪਾਕਿਸਤਾਨ ਵੀਰ (ਗੁਲਾਮ ਮੁਸਤਫਾ) ਨੇ ਵੀ ਰੇਡੀਓ ਤੇ ਲਾਈਵ ਹੋ ਕੇ ਇਸ ਗਲ ਦੀ ਵਿਰੋਧਤਾ ਕੀਤੀ ਸੀ। ਕਦੀ ਕਦੀ ਕੁਦਰਤੀ ਮੂੰਹੋ ਕਹੀ ਗਲ ਸੱਚੀ ਹੋ ਜਾਂਦੀ ਹੈ। ਹਾਂ ਓਨੀ ਦਿਨੀ ਮੈਨੂੰ ਸਰਦਾਰ ਬਾਦਲ ਤੋਂ ਵੀ ਉਮੀਦਾਂ ਸਨ। ਪਰ ਦਸੰਬਰ 2017 ਵਿਚ ਅਸਾਂ ਪਰਚਾ ਛਾਪ ਕੇ ਦੁਹਾਈ ਦਿਤੀ ਕਿ ਲਾਂਘੇ ਵਿਚ ਸਰਦਾਰ ਬਾਦਲ ਹੀ ਸਭ ਤੋਂ ਵੱਡੀ ਰੁਕਾਵਟ ਹੈ। ਅਸੀ ਇਹ ਪਰਚਾ ਮਾਘੀ-2018 (ਮੁਕਤਸਰ) ਤੇ ਹੋਲਾ ਮੁਹੱਲਾ (ਅਨੰਦਪੁਰ ਸਾਹਿਬ) ਦੀਆਂ ਅਕਾਲੀ ਕਾਨਫ੍ਰੰਸਾਂ ਵਿਚ ਵੀ ਵੰਡਿਆ। ਪਰ ਮੈਂ ਮਹਿਸੂਸ ਕੀਤਾ ਕਿ ਨੁਕਤਾਚੀਨੀ ਤੇ ਅਕਾਲੀ ਵਰਕਰ ਕਾਂਗਰਸੀਆਂ ਦੇ ਮੁਕਾਬਲੇ ਜਿਆਦਾ ਸਹਿਣਸ਼ੀਲ ਹਨ। ਜਾਂ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਕਾਨਫ੍ਰੰਸਾਂ ਵਿਚ ਪ੍ਰਚਾਰ ਮੌਕੇ ਮੈਂ ਜਰੂਰਤ ਤੋਂ ਜਿਆਦਾ ਸੁਚੇਤ ਰਿਹਾ। ਅਸੀ ਛੇਤੀ ਛੇਤੀ ਪਰਚਾ ਵੰਡ ਕੇ ਖਿਸਕ ਜਾਂਦੇ ਰਹੇ ਹਾਂ।
-----------

--------------<>ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ <>------------------- 

ਵੀਰੋ ਤੇ ਭੈਣੋ! ਆਪਣਾ ਝੱਗਾ ਚੁੱਕਣ ਤੇ ਸ਼ਰਮ ਆਉਦੀ ਹੈ। ਸੱਚੀ ਗਲ ਇਹ ਹੈ ਕਿ ਆਪਾਂ ਤਾਂ ਹਊਮੇ ਵਿਚ ਫਸੇ ਹੋਏ ਬੰਦੇ ਹਾਂ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਲੱਖਾਂ ਗੁਰਮੁਖ ਪਿਆਰਿਆਂ ਨੇ ਅਰਦਾਸਾਂ ਕੀਤੀਆ। ਕੀ ਪਤਾ ਰਬ ਨੂੰ ਪਹੁੰਚੇ ਹੋਏ ਕਿਹੜੇ ਗੁਰਮੁੱਖ ਦੀ ਅਰਦਾਸ ਪ੍ਰਵਾਨ ਹੋਈ ਹੈ? ਕਿਉਕਿ ਹਊਮੇ ਰਹਿਤ ਹੋਈ ਅਰਦਾਸ ਪ੍ਰਵਾਨ ਹੁੰਦੀ ਹੀ, ਹੁੰਦੀ ਹੈ। ਜਿਹੜੇ ਵੀਰ ਨਾਸਤਕ ਹਨ, ਸ਼ਾਇਦ ਹੁਣ ਉਨਾਂ ਨੂੰ ਅਰਦਾਸ ਦੀ ਤਾਕਤ ਦਾ ਪਤਾ ਲਗ ਗਿਆ ਹੋਵੇਗਾ, ਕਿਉਕਿ ਲਾਂਘੇ ਦੇ ਤਾਂ ਹਰ ਕੋਈ ਖਿਲਾਫ ਸੀ। ਬਾਕੀ ਦੀਆਂ ਗੱਲਾਂ ਛੱਡੋ ਖੁਦ ਪੰਥ ਦੀਆਂ ਨੁਮਾਇਦਾ ਪਾਰਟੀਆਂ (ਅਕਾਲੀ ਦਲ ਆਦਿ) ਵੀ ਵਿਰੋਧ ਵਿਚ ਭੁਗਤ ਰਹੀਆਂ ਸਨ। ਇਥੋਂ ਤਕ ਕਿ ਪੰਥ ਦੇ ਸ਼ਰੋਮਣੀ ਲੀਡਰ (ਬਾਦਲ) ਨੇ 15 ਦਿਨ ਪਹਿਲਾਂ ਬਿਆਨ ਦਿਤਾ ਸੀ ਕਿ ਲਾਂਘਾ ਲੈਣ ਦੀ ਬਿਜਾਏ ਜਮੀਨ ਦਾ ਵਟਾਂਦਰਾ ਕਰ ਲਿਆ ਜਾਵੇ।ਕਮੇਟੀ ਦਾ ਰੋਲ ਵੀ ਮਨਫੀ ਰਿਹਾ ਹੈ। ਕੇਂਦਰ ਬਾਰੇ ਤਾਂ ਕੁਝ ਕਹਿਣ ਦੀ ਜਰੂਰਤ ਹੀ ਨਹੀ, ਸਭ ਸਮਝਦੇ ਨੇ। ਫਿਰ ਵੀ ਲਾਂਘਾ ਪ੍ਰਵਾਨ ਹੋ ਗਿਆ ਹੈ। ਇਨੂੰ ਚਮਤਕਾਰ ਨਹੀ ਮੰਨੋਗੇ ਤਾਂ ਕੀ ਕਹੋਗੇ? ਕੀ ਉਹ ਲੋਕ ਮੂਰਖ ਸਨ ਜਿਹੜੇ ਗੁਰੂ ਨਾਨਕ ਨੂੰ ਜ਼ਾਹਿਰਾ ਪੀਰ ਮੰਨਦੇ ਸਨ? ਜੇ ਅਜੇ ਵੀ ਅਰਦਾਸ ਵਿਚ ਭਰੋਸਾ ਨਹੀ ਬੱਝਾ ਤਾਂ ਆਪਣੇ ਆਪ ਨੂੰ ਸਿੱਖ ਨਾਂ ਅਖਵਾਓ। ਖੁੱਦ ਨਾਲ ਦਗਾ ਨਾਂ ਕਰੋ।
ਅਗਲੀ ਗਲ! ਹਾਂ ਲਾਂਘੇ ਲਈ ਜੇ ਕਿਸੇ ਨੂੰ ਸਿਹਰਾ ਬੰਨਣਾ ਜੇ ਤਾਂ ਸਵ. ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਬੰਨੋ। ਉਨਾਂ ਦੀ ਘਾਲਣਾ ਬਿਨਾਂ ਲਾਂਘਾ ਸੰਭਵ ਨਹੀ ਸੀ ਹੋਣਾ।-ਬੀ. ਐਸ. ਗੁਰਾਇਆ।
--------------



  

No comments:

Post a Comment