Monday 11 December 2017

"ਲਾਲਾ ਵਾਸਤਾ ਈ ਬਾਬੇ ਨਾਨਕ ਦਾ ਬਚਾ ਲੈ ਮੈਨੂੰ" - ਇਕ ਸੱਚੀ ਵਾਰਦਾਤ

M. A. Mecauliffe 

"ਲਾਲਾ ਵਾਸਤਾ ਈ ਬਾਬੇ ਨਾਨਕ ਦਾ ਬਚਾ ਲੈ ਮੈਨੂੰ" -  ਇਕ ਸੱਚੀ ਵਾਰਦਾਤ

1984 ਤੇ ਬਾਦ ਦੇ ਸਿੱਖ ਸੰਘਰਸ਼ ਦੇ ਢੱਠਣ ਕਾਰਨ ਸਿੱਖ ਕਿਰਦਾਰ ਵਿਚ ਵੱਡੀ ਗਿਰਾਵਟ ਆਈ ਹੈ। ਕਾਰਨ ਸਾਫ ਹਨ: ਸਾਰਾ ਪ੍ਰਚਾਰ ਨਾਸਤਕ ਤੇ ਵਿਕਾਊ ਬੰਦਿਆਂ ਦੇ ਕੰਟਰੋਲ ਵਿਚ ਆ ਗਿਆ ਹੈ, ਜਿੰਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਸਿੱਖੀ ਦਾ ਹਨੇਰਾ ਪੱਖ ਹੀ ਅੱਗੇ ਰੱਖਿਆ ਜਾਵੇ ਤਾਂ ਕਿ ਸਿੱਖ ਜਵਾਨਾਂ ਵਿਚ ਨਿਰਾਸ਼ਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ। ਇੰਟਰਨੈਟ ਤੇ ਜੋ ਪ੍ਰਚਾਰ ਹੋ ਰਿਹਾ ਹੈ ਸਭ ਸਿੱਖ ਦੇ ਮੰਨ ਵਿਚ ਦੁਬਿਧਾ ਪੈਦਾ ਕਰਨ ਵਾਸਤੇ ਹੈ। ਮੀਡੀਏ ਤੇ ਕੰਟਰੋਲ ਕਰਕੇ ਮੱਕਾਰ ਕਿਸਮ ਦੇ ਲੀਡਰ ਅੱਜ ਸਿੱਖਾਂ ਤੇ ਥੋਪ ਦਿਤੇ ਗਏ ਹਨ। ਓਹ ਲੋਕ ਜਿਹੜੇ ਗੁਰਬਾਣੀ ਦੀ ਥਾਂ ਥਾਂ ਤੇ ਬੇਅਦਬੀ ਵੇਖ ਮੂੰਹ ਪਰਾਂ ਨੂੰ ਕਰ ਲੈਂਦੇ ਹਨ। ਦੂਸਰੇ ਪਾਸੇ ਸੱਚ ਇਹ ਹੈ ਕਿ ਜਵਾਨ ਲੋਕ ਹਮੇਸ਼ਾਂ ਆਪਣੇ ਰੋਲ ਮਾਡਲ ਨੂੰ ਵੇਖ ਕੇ ਅੱਗੇ ਵੱਧਦੇ ਹਨ। ਮਿਸਾਲ ਦੇ ਤੌਰ ਤੇ ਜੇ ਕਿਸੇ ਹੀਰੋ ਨੇ ਵਾਲ ਬਕਰੇ ਦੀ ਲੂਲਾਂ ਵਰਗੇ ਰੱਖ ਲਏ ਤਾਂ ਸਾਰੇ ਜਵਾਨ ਹੀ ਓਧਰ ਤੁਰ ਪੈਂਦੇ ਹਨ। ਇਹੋ ਹਾਲ ਅੱਜ ਸਿੱਖ ਜਵਾਨਾਂ ਦਾ ਹੈ। ਉਹ ਆਪਣੇ ਲੀਡਰ ਦੇ ਕਿਰਦਾਰ ਨੂੰ ਵੇਖ ਓਹੋ ਜਿਹੇ ਹੀ ਬਣ ਚੁੱਕੇ ਹਨ। ਅੱਜ ਹਾਲਤ ਇਹ ਹੈ ਕਿ ਦੁਨੀਆਂ ਵਿਚ ਸੂਰਬੀਰ ਦੇ ਤੌਰ ਤੇ ਗਿਣੀ ਜਾਂਦੀ ਸਿੱਖ ਕੌਮ ਅੱਜ ਫੁਕਰਾਪਣ, ਖੁਦਕਸ਼ੀਆਂ ਤੇ ਨਸ਼ਿਆਂ ਦੇ ਰਾਹੇ ਪੈ ਗਈ ਹੈ।
ਕਿਸੇ ਗੁਰਮੁਖ ਪਿਆਰੇ ਨੇ 19ਵੀ ਸਦੀ ਦੇ ਇਕ ਗਰੀਬ ਸਿੱਖ ਦੇ ਕਿਰਦਾਰ ਦੀ ਕਹਾਣੀ ਦੁਹਰਾਈ ਹੈ ਜੋ ਇਕ ਅੰਗਰੇਜ ਡਿਪਟੀ ਕਮਿਸ਼ਨਰ ਐਮ ਏ ਮੈਕਾਲਿਫ ਨੇ ਲਿਖੀ ਸੀ। ਯਾਦ ਰਹੇ ਮੈਕਾਲਿਫ YB ਨੇ ਬਾਦ ਵਿਚ ਨੌਕਰੀ ਛੱਡ ਦਿਤੀ ਤੇ ਸਿੱਖ ਧਰਮ ਨੂੰ ਸਮਝਣ ਤੇ ਜਿੰਦਗੀ ਲਾ ਦਿਤੀ। ਉਸ ਦੀ ਕਿਤਾਬ 'ਸਿੱਖ ਧਰਮ' ਅੱਜ ਸਿੱਖ ਵਿਦਵਾਨਾਂ  ਵਿਚ ਸਤਿਕਾਰ ਨਾਲ ਪੜੀ ਜਾਂਦੀ ਹੈ। ਇਹ ਕਹਾਣੀ ਪੜ੍ਹ ਕੇ ਸਾਡੇ ਜਵਾਨਾਂ ਦੀ ਕੁਝ ਸੁਰਤ ਖੁੱਲਣੀ ਚਾਹੀਦੀ ਹੈ ਜੋ ਦੁੱਕੀ ਪਿਛੇ ਆਪਣਾ ਕਿਰਦਾਰ ਦਾ ਤੇ ਲਾ ਰਹੇ ਨੇ।

ਅੱਜ-ਕੱਲ੍ਹ ਦੇ ਪਾਕਿਸਤਾਨ ਦੇ ਜਿਲ੍ਹਾ ਰਾਵਲਪਿੰਡੀ ਤਹਿਸੀਲ ਫਤਹਿਜੰਗ ਅਤੇ ਪਿੰਡ ਪੜਿਆਲ ਵਿਚ ਰਹਿਣ ਵਾਲੇ, ਪੰਜ ਜਮਾਤਾਂ ਪਾਸ ਸਾਧੂ ਸਿੰਘ ਨੂੰ ਲੜਾਈ ਵੇਲੇ ਅੰਗ੍ਰੇਜ਼ ਸਰਕਾਰ ਨੇ ਫੌਜ ਵਿਚ ਭਰਤੀ ਕਰ ਲਿਆ। ਫੌਜ ਵਿਚ ਅਨਪੜ੍ਹਤਾ ਕਾਰਨ ਕਲਰਕਾਂ ਦੀ ਬਹੁਤ ਲੋੜ ਸੀ, ਇਸ ਲਈ ਪੰਜ ਜਮਾਤਾਂ ਪਾਸ ਸਾਧੂ ਸਿੰਘ ਨੂੰ ਅੰਗਰੇਜ਼ੀ ਪੜ੍ਹਾਕੇ ਅਤੇ ਟਾਈਪ ਸਿਖਾ ਕੇ ਕਲਰਕ ਬਣਾ ਦਿੱਤਾ ਗਿਆ। ਥੋੜ੍ਹੀ ਦੇਰ ਬਾਅਦ ਹੀ, ਸਾਧੂ ਸਿੰਘ ਦੀ ਈਮਾਨਦਾਰੀ, ਵਫਾਦਾਰੀ ਅਤੇ ਬਹਾਦਰੀ ਦੇਖ ਕੇ ਇਸ ਨੂੰ ਕਮਾਂਡਿੰਗ ਅਫਸਰ ਦਾ ਬਾਡੀਗਾਰਡ ਲਗਾ ਦਿੱਤਾ ਗਿਆ। ਚਕਦਰਾ ਅਤੇ ਲੌਂਗਲਾਈ ਦੀਆਂ ਛਾਉਣੀਆਂ ਵਿਚ ਰਹਿਣ ਪਿੱਛੋਂ ਇਹ ਕਰਾਚੀ ਆ ਗਿਆ।

ਪੂਰਬਲੇ ਭਾਗ ਜਾਗੇ, ਸਾਧੂ ਸਿੰਘ 1902 ਵਿਚ ਇਕ ਮਹੀਨੇ ਦੀ ਛੁੱਟੀ ਕੱਟਣ ਪਿੰਡ ਆਇਆ ਅਤੇ ਇਸ ਪਿੰਡ ਦੇ ਹੀ ਸੱਚੀ ਸੁੱਚੀ ਕਿਰਤ ਕਰਨ ਵਾਲੇ, ਨਾਮ ਰਸੀਏ ਗ੍ਰਹਿਸਥੀ ਭਾਈ ਕਾਹਨ ਸਿੰਘ ਨਾਲ ਮਿਲਾਪ ਹੋ ਗਿਆ। ਸਤਿਸੰਗਤ ਦਾ ਰੰਗ ਚੜ੍ਹਿਆ ਤਾਂ ਭਾਈ ਕਾਹਨ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਅਤੇ ਗੁਰਸਿੱਖੀ ਜੀਵਨ ਜਾਚ ਬਖਸ਼ ਕੇ ਆਪਣੇ ਵਰਗੀ ਬਿਬੇਕ ਜੀਵਨ ਦੀ ਜਾਗ ਲਗਾ ਦਿੱਤੀ।
ਇਕ ਮਹੀਨੇ ਦੀ ਸਤਿਸੰਗਤ ਦਾ ਰੰਗ ਮਾਣਕੇ ਸਾਧੂ ਸਿੰਘ ਆਪਣੀ ਡਿਊਟੀ ਤੇ ਹਾਜ਼ਰ ਹੋ ਕੇ ਆਪਣੀ ਫੌਜੀ ਡਿਊਟੀ ਨਿਭਾਉਣ ਲੱਗਾ। ਪਰ ਉਸਦਾ ਮਨ ਹੁਣ ਸਤਿਸੰਗਤ ਦਾ ਰਸ ਮਾਣ ਚੁਕਿਆ ਸੀ,ਇਸ ਲਈ ਸਰਕਾਰੀ ਨੌਕਰੀ ਤੋਂ ਉਪਰਾਮ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਆਪਣਾ ਅਸਤੀਫਾ ਕਮਾਂਡਿੰਗ ਅਫਸਰ ਨੂੰ ਦੇ ਦਿੱਤਾ। ਪਰਮੇਸ਼ਰ ਨੇਅਫਸਰ ਦੇ ਮਨ ਮਿਹਰ ਪਾਈ ਅਤੇ ਅਸਤੀਫਾ ਪ੍ਰਵਾਨ ਹੋ ਗਿਆ ਹੁਣ ਸਾਧੂ ਸਿੰਘ ਪਿੰਡ ਆ ਗਿਆ।
ਨੌਕਰੀ ਵੇਲੇ ਦੇ ਬਚੇ ਪੈਸਿਆਂ ਵਿਚੋਂ ਇਕ ਖੱਚਰ ਲੈ ਲਈ। ਇਲਾਕੇ ਵਿਚੋਂ ਸਸਤੀ ਕਣਕ ਜਾਂ ਹੋਰ ਕੋਈ ਜਿਨਸ ਉਹ ਖਰੀਦ ਲੈਦਾ ਅਤੇ ਖੱਚਰ ਤੇ ਲੱਦ ਕੇ ਜਿਥੇ ਭਾਅ ਚੰਗਾ ਹੁੰਦਾ ਵੇਚ ਦਿੰਦਾ।
ਸਾਧੂ ਸਿੰਘ ਦੀ ਸਿਆਣਪ ਜਾਂ ਈਮਾਨਦਾਰੀ ਕਹਿ ਲਵੋ ਜਾਂ ਪਰਮੇਸ਼ਰ ਦੀ ਕਿਰਪਾ, ਥੋੜੇ ਦਿਨਾਂ ਵਿਚ ਹੀ ਉਸ ਦਾ ਹੱਥ ਸੁਖਾਲਾ ਹੋ ਗਿਆ। ਗੁਰਮਤਿ ਅਨੁਸਾਰ, ਹੱਥ ਕਾਰ ਵੱਲ ਦਿਲ ਯਾਰ ਵੱਲ, ਧਰਮ ਦੀ ਕਿਰਤ ਅਤੇ ਨਾਮ ਦੀ ਕਮਾਈ ਨਾਲ ਸਾਧੂ ਸਿੰਘ ਪਰਉਪਕਾਰੀ, ਬਿਬੇਕੀ, ਨਾਮ ਰਸੀਆ ਗੁਰੂ ਦਾ ਸਿੰਘ ਬਣ ਗਿਆ।
ਇਕ ਦਿਨ ਸਵੱਖਤੇ ਹੀ ਭਾਈ ਸਾਧੂ ਸਿੰਘ ਖੱਚਰ ਲੱਦੀ ਆਪਣੇ ਪਿੰਡ ਤੋਂ ਰਾਵਲਪਿੰਡੀ ਜਾ ਰਿਹਾ ਸੀ, ਪਹਾੜ ਦੀ ਖੁੱਡ ਵਿਚੋਂ ਇਕ ਮੁਸਲਮਾਨ ਲੜਕੀ ਦੌੜਦੀ ਆਈ ਅਤੇ ਸਾਧੂ ਸਿੰਘ ਦੇ ਲੱਕ ਨਾਲ ਲਿਪਟ ਕੇ ਕਹਿਣ ਲੱਗੀ "ਲਾਲਾ ਮੈਨੂੰ ਇਹਨਾਂ ਬਦਮਾਸ਼ਾਂ ਕੋਲੋਂ ਬਚਾ ਲੈ" ਇਸ ਇਲਾਕੇ ਵਿਚ ਲੜਕੀਆਂ ਆਪਣੇ ਵੱਡੇ ਭਰਾ ਨੂੰ ਲਾਲਾ ਆਖਦੀਆਂ ਹਨ। ਗੱਲ ਅਜੇ ਮੁੱਕੀ ਨਹੀਂ ਸੀ ਕਿ ਦੋ ਬਦਮਾਸ਼ਾਂ ਨੇ ਲੜਕੀ ਨੂੰ ਫਿਰ ਆ ਫੜਿਆ ਅਤੇ ਵਾਲਾਂ ਤੋਂ ਫੜਕੇ ਉਸੇ ਖੁੱਡ ਵਿਚ ਲਿਜਾਣ ਲੱਗੇ। ਸਾਧੂ ਸਿੰਘ ਦੀ ਖੱਚਰ ਇੰਨੇ ਚਿਰ ਨੂੰ ਪਰੇ ਜਾ ਕੇ ਚਚਨ ਲੱਗ ਪਈ ਸੀ। ਸਾਧੂ ਸਿੰਘ ਜਦ ਖੱਚਰ ਦੇ ਪਲਾਣ ਵਿਚੋਂ ਆਪਣੀ ਸੰਮਾ ਵਾਲੀ ਡਾਂਗ ਲੈ ਕੇ ਮੁੜਿਆ ਲੜਕੀ ਫਿਰ ਚਿੱਲਾ ਉੱਠੀ: "ਲਾਲਾ ਲਾਲਾ ਵਾਸਤਾ ਈ ਬਾਬੇ ਨਾਨਕ ਦਾ ਮਿਘੀ ਈਆਂ ਛੋੜੀ ਕੇ ਨਾ ਗੱਛੀ" ਗੁਰੂ ਦੇ ਨਾਉਂ ਦਾ ਵਸਤਾ ਸੁਣ ਕੇ ਸਾਧੂ ਸਿੰਘ ਦਾ ਜੋਸ਼ ਦੂਣਾ ਹੋ ਗਿਆ ਅਤੇ ਉਹ ਬਦਮਾਸ਼ਾਂ ਵੱਲ ਵਧਿਆ। ਸਾਧੂ ਸਿੰਘ ਨੂੰ ਡਾਂਗ ਲਈ ਆਂਉਦੇ ਦੇਖ ਦੋਨੋਂ ਬਦਮਾਸ਼ ਵੀ ਤਕੜੇ ਹੋ ਗਏ। ਪਰ ਉਨ੍ਹਾਂ ਦੇ ਸੰਭਲਣ ਤੋਂ ਪਹਿਲਾਂ ਹੀ ਇੱਕੋ ਡਾਂਗ ਨੇ ਇਕ ਦੀ ਬਾਂਹ ਤੋੜ ਦਿੱਤੀ ਅਤੇ ਉਹ ਧਰਤੀ ਤੇ ਢਹਿ ਪਿਆ। ਸਾਥੀ ਨੂੰ ਗਿਰਿਆ ਦੇਖ ਦੂਜਾ ਭੱਜ ਨਿਕਲਿਆ।
ਮੌਕਾ ਸੰਭਾਲ ਸਾਧੂ ਸਿੰਘ ਕੁੜੀ ਨੂੰ ਖੱਚਰ ਤੇ ਬਿਠਾ ਕੇ ਰਸਤੇ ਪੈ ਗਿਆ। ਰਸਤੇ ਵਿਚ ਸਾਧੂ ਸਿੰਘ ਨੇ ਲੜਕੀ ਨੂੰ ਪੁਛਿਆ ਤੇਰਾ ਪਿੰਡ ਕਿਥੇ ਹੈ ਅਤੇ ਤੈਨੂੰ ਇਹ ਇਥੇ ਕਿਵੇਂ ਲੈ ਆਏ। ਲੜਕੀ ਨੇ ਦੱਸਿਆ ਕਿ ਇਥੋਂ ਦੇ ਕੁ ਮੀਲ ਤੇ ਮੇਰਾ ਪਿੰਡ ਹੈ, ਮੈਂ ਵਿਹੜੇ ਵਿਚ ਸੁੱਤੀ ਪਈ ਸਾਂ, ਇਹ ਮੈਂਨੂੰ ਮੰਜੇ ਸਮੇਤ ਚੁੱਕ ਲਿਆਏ। ਜਦ ਮੇਰੀ ਜਾਗ ਖੁੱਲ੍ਹੀ ਤਾਂ ਇਹਨਾਂ ਮੇਰੇ ਮੂੰਹ ਵਿਚ ਕਪੜਾ ਤੁੰਨ ਕੇ ਇਥੇ ਲੈ ਆਏ। ਸਾਰੀ ਰਾਤ ਮੈਂ ਪੀਰ ਚੰਨ ਚਿਰਾਗ ਸ਼ਾਹ ਦੀਆਂ ਸ਼ਰੀਣੀਆਂ ਮੰਨਦੀ ਰਹੀ, ਬਾਬੇ ਨਾਨਕ ਦੇ ਪੰਜੇ ਉੱਤੇ ਆਟਾ ਚੜ੍ਹਾਉਣ ਦੀਆਂ ਸੁੱਖਣਾ ਸੁਖਦੀ ਸਤਿ ਰਹੀ। ਬਾਬੇ ਪੰਜੇ ਵਾਲੇ ਨੇ ਮੈਨੂੰ ਬਚਾਉਣ ਲਈ ਵੀਰਾ ਤੈਨੂੰ ਭੇਜ ਦਿੱਤਾ। ਜਦ ਤੋਰੀ ਖੱਚਰ ਦੀ ਪੈੜਾਂ ਦੀ ਆਵਾਜ ਸੁਣੀ ਇਹ ਥਕਾਵਟ ਨਾਲ ਸੁੱਤੇ ਪਏ ਸਨ, ਮੈਂ ਭੱਜ ਕੇ ਤੇਰੇ ਕੋਲ ਆ ਗਈ। ਭੱਜਦੀ ਦੇ ਮੇਰੇ ਪੈਰਾਂ ਨਾਲ ਇੱਕ ਪੱਥਰ ਹੇਠਾਂ ਰੁੜ ਗਿਆ ਅਤੇ ਇਹ ਜਾਗ ਪਏ ਤੇ ਮੇਰੇ ਪਿੱਛੇ ਭੱਜ ਆਏ।
ਗੱਲਾਂ ਕਰਦਿਆਂ ਨੂੰ ਕੁੜੀ ਦਾ ਪਿੰਡ ਆ ਗਿਆ। ਸਾਧੂ ਸਿੰਘ ਨੇ ਕੁੜੀ ਨੂੰ ਖੱਚਰ ਤੋਂ ਉਤਾਰ ਕੇ ਕਿਹਾ " ਜਾਹ ਭੈਣਾਂ ਤੂੰ ਆਪਣੇ ਘਰ ਚਲੀ ਜਾਹ"। ਕੁੜੀ ਕਹੇ ਮੇਰੇ ਨਾਲ ਘਰ ਚੱਲ ਪਰ ਸਾਧੂ ਸਿੰਘ ਨਾ ਮੰਨਿਆ।
ਕੁੜੀ ਦੇ ਪਰਿਵਾਰ ਵਾਲੇ ਸਕੇ ਸ਼ੁੰਬੰਧੀ ਅਤੇ ਹੋਰ ਪਿੰਡ ਦੇ ਬੰਦੇ ਚਾਰੇ ਪਾਸੇ ਕੁੜੀ ਨੂੰ ਲੱਭ ਰਹੇ ਸਨ, ਜਦ ਕੁੜੀ ਨੇ ਘਰ ਜਾ ਕੇ ਸਾਧੂ ਸਿੰਘ ਵਾਰੇ ਦਸਿਆ ਤਾਂ ਪਰਿਵਾਰ ਦੇ ਸਾਧੂ ਸਿੰਘ ਨੂੰ ਲੱਭਦੇ ਜਾ ਮਿਲੇ ਅਤੇ ਪਿੰਡ ਜਾਣ ਲਈ ਜੋਰ ਪਾਉਣ ਲੱਗੇ। ਪਰ ਸਾਧੂ ਸਿੰਘ ਨੇ ਕਿਹਾ ਕਿ ਮੇਰੀ ਕਣਕ ਊਠਾਂ ਤੇ ਲੱਦੀ ਹੋਈ ਮੰਡੀ ਪਹੁੰਚ ਗਈ ਹੈ। ਮੰਡੀ ਦੀ ਬੋਲੀ ਵੇਲੇ ਮੈਂ ਉਥੇ ਪਹੁੰਚਣਾ ਹੈ, ਮੈਂ ਹੁਣ ਤੁਹਾਡੇ ਨਾਲ ਨਹੀਂ ਜਾ ਸਕਦਾ ਵਾਪਸੀ ਤੇ ਮੈਂ ਤੁਹਾਡੇ ਪਿੰਡ ਆਵਾਂਗਾ। ਕੁੜੀ ਦੇ ਭਰਾਵਾਂ ਨੇ ਕੁੜੀ ਦੇ ਦੱਸੇ ਪਤੇ ਅਨੁਸਾਰ ਪੁਲਿਸ ਨੂੰ ਨਾਲ ਲੈ ਕੇ ਬਾਂਹ ਟੁਟੀ ਵਾਲਾ ਬਦਮਾਸ਼ ਪਕੜ ਲਿਆ ਉਸ ਦੇ ਦੱਸਣ ਤੇ ਦੂਸਰਾ ਬਦਮਾਸ਼ ਭੀ ਪਕੜਿਆ ਗਿਆ, ਮੁਕੱਦਮਾ ਚਲਿਆ ਅਤੇ ਦੋਨਾਂ ਨੂੰ ਸਜਾ ਹੋ ਗਈ।
ਕੁੜੀ ਅਤੇ ਬਦਮਾਸ਼ ਦੇ ਬਿਆਨਾਂ ਦੇ ਆਧਾਰ ਤੇ ਡੀ ਸੀ ਰਾਵਲਪਿੰਡੀ ਨੇ ਸਾਧੂ ਸਿੰਘ ਲਈ ਇਕ ਸੌ ਰੁਪਿਆ ਇਨਾਮ ਦਾ ਐਲਾਨ ਕਰ ਦਿੱਤਾ ਅਤੇ ਸਾਧੂ ਸਿੰਘ ਨੂੰ ਲੱਭਣ ਲਈ ਪੁਲਿਸ ਨੂੰ ਹੁਕਮ ਦਿੱਤਾ। ਪਰ ਪੁਲਸ ਨੂੰ ਸਾਧੂ ਸਿੰਘ ਵਾਰੇ ਕੁਛ ਪਤਾ ਨਹੀਂ ਲੱਗਾ। ਕਾਫੀ ਭੱਜ ਦੌੜ ਪਿਛੋਂ ਸਿਰਫ ਇੰਨਾ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਸਾਧੂ ਸਿੰਘ ਨਾਂ ਦੇ ਇਕ ਸਿੱਖ ਨੇ ਚੂੰਗੀ ਨੰਁ 22 ਤੋਂ ਇਕ ਛਟ ਕਣਕ ਦੀ ਚੂੰਗੀ ਦਿੱਤੀ ਸੀ।
‌ਸਾਲ ਕੁ ਪਿਛੋਂ, ਅਚਾਨਕ ਇਕ ਦਿਨ ਕਣਕ ਖਰੀਦਣ ਲਈ ਫਿਰਦਾ ਸਾਧੂ ਸਿੰਘ, ਪਿੰਡ ਦੇ ਆੜ੍ਹਤੀਏ ਨੂੰ ਨਾਲ ਲੈ ਕੇ ਉਸ ਕੁੜੀ ਦੇ ਸਹੁਰੇ ਪਿੰਡ ਉਸ ਦੇ ਘਰ ਜਾ ਪਹੁੰਚਿਆ ਜਿਸ ਨੂੰ ਉਸ ਨੇ ਬਦਮਾਸ਼ਾਂ ਕੋਲੋਂ ਛੁਡਵਾਇਆ ਸੀ। ਦੁਧ ਰਿੜਕਦੀ ਉਹ ਮੁਸਲਮਾਨ ਕੁੜੀ ਸਾਧੂ ਸਿੰਘ ਨੂੰ ਦੇਖ ਕੇ ਉੱਠ ਖਲੋਤੀਅਤੇ ਲਾਲਾ ਕਹਿ ਕੇ ਸਹੁਰਾ ਪਰਿਵਾਰ ਦੇ ਸਾਹਮਣੇ ਹੀ ਸਾਧੂ ਸਿੰਘ ਦੇ ਲੱਕ ਨੂੰ ਜੱਫੀ ਪਾ ਕੇ ਰੋ ਪਈ। ਉਸਦੇ ਲਾਲਾ ਆਖਣ ਤੇ ਸਾਧੂ ਸਿੰਘ ਨੂੰ ਸਭ ਕੁਛ ਯਾਦ ਆ ਗਿਆ
‌ ਕੁੜੀ ਦੇ ਸਾਰੀ ਕਹਾਣੀ ਦੱਸਣ ਤੋਂ ਸਹੁਰਾ ਪਰਿਵਾਰ ਨੇ ਸਾਧੂ ਸਿੰਘ ਦਾ ਬੜਾ ਆਦਰ ਮਾਣ ਕੀਤਾ ਨਾਲ ਹੀ ਉਸ ਨੂੰ ਦੱਸਿਆ ਕਿ ਸਰਕਾਰ ਨੇ ਉਸ ਲਈ ਇਕ ਸੌ ਰੁਪਏ ਦਿ ਇਨਾਮ ਦੇਣਾ ਮਨਜੂਰ ਕੀਤਾ ਹੈ। ਸੁਣ ਕੇ ਸਾਧੂ ਸਿੰਘ ਨੇ ਕਿਹਾ ਕਿ ਭੈਣਾਂ ਦੀ ਮਦਦ ਕਰਨ ਤੇ ਕਦੇ ਭਰਾਵਾਂ ਨੇ ਵੀ ਈਨਾਮ ਲਿੱਤਾ ਹੈ।
‌ ਸਾਧੂ ਸਿੰਘ ਤਾਂ ਪਿੰਡ ਵਿਚ ਕਣਕ ਕੱਠੀ ਕਰਨ ਲੱਗ ਪਿਆ ਪਰ ਕੁੜੀ ਦੇ ਸਹੁਰਿਆਂ ਨੇ ਡੀ ਸੀ ਰਾਵਲਪਿੰਡੀ ਨੂੰ ਸਾਧੂ ਸਿੰਘ ਦੇ ਮਿਲਣ ਦੀਆਂ ਖਬਰ ਦਿੱਤੀ। ਡੀ ਸੀ ਸਾਹਿਬ ਨੇ ਪੁਲਸ ਦੇ ਦੋ ਸਿਪਾਹੀ ਸਾਧੂ ਸਿੰਘ ਨੂੰ ਲਿਆਉਣ ਲਈ ਭੇਜ ਦਿੱਤੇ। ਨਾਲ ਹੀ ਕੁੜੀ ਦੇ ਸਹੁਰਾ ਪਤੀ ਨੂੰ ਭੀ ਆਉਣ ਲਈ ਹੁਕਮ ਦਿੱਤਾ।
‌ ਅਗਲੇ ਦਿਨ ਇਲਾਕੇ ਦੇ ਤਹਿਸੀਲਦਾਰ, ਜੈਲਦਾਰ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਡੀ ਸੀ ਸਾਹਿਬ ਨੇ ਇਕ ਸੌ ਰੁਪਏ ਦੀ ਥੈਲੀ ਜੋ ਸ਼ਾਇਦ ਅੱਜ-ਕੱਲ੍ਹ ਦੇ ਹਿਸਾਬ ਨਾਲ ਪੰਜਾਹ ਹਜਾਰ ਹੋਵੇ ਸਾਧੂ ਸਿੰਘ ਨੂੰ ਫੜਾ ਕੇ ਸਾਰੇ ਪਤਵੰਤਿਆਂ ਸਾਹਮਣੇ ਉਸ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ।
‌ ਡੀ ਸੀ ਸਾਹਿਬ ਦੇ ਹੱਥੋਂ ਥੈਲੀ ਲੈ ਕੇ ਸਾਧੂ ਸਿੰਘ ਨੇ ਪਹਿਲਾਂ ਆਪਣੇ ਮੱਥੇ ਨਾਲ ਲਾਈ ਫਿਰ ਉਸੇ ਤਰ੍ਹਾਂ ਸਤਿਕਾਰ ਨਾਲ ਕੁੜੀ ਕੋਲ ਜਾ ਕੇ ਉਸ ਦੀ ਝੋਲੀ ਵਿਚ ਪਾ ਦਿੱਤੀ। ਡੀ ਸੀ ਸਾਹਿਬ ਨੇ ਹੈਰਾਨ ਹੋ ਕੇ ਪੁਛਿਆ "ਸਾਧੂ ਸਿੰਘ ਕੀ ਗੱਲ ਹੋ ਗਈ"। ਉੱਤਰ ਵਿਚ ਉਸ ਨੇ ਕਿਹਾ ਜਨਾਬ ਇਸ ਲਈ ਕਿ ਇਹ ਮੇਰੀ ਧਰਮ ਭੈਣ ਹੈ।
ਇਸ ਨੇ ਘਟਨਾ ਵਾਲੀ ਥਾਂ ਤੇ ਮੈਂਨੂੰ ਲਾਲਾ ਕਿਹਾ ਸੀ।
ਬੱਸ ਇੰਨਾ ਆਖਦਿਆਂ ਸਾਧੂ ਸਿੰਘ ਦੀਆਂ ਅੱਖਾਂ ਭਰ ਆਈਆਂ ਅਤੇ ਗਲਾ ਰੁਕ ਗਿਆ। ਡੀ ਸੀ ਸਾਹਿਬ ਨੇ ਫਿਰ ਪੁਛਿਆ ਸਾਧੂ ਸਿੰਘ ਕੀ ਗੱਲ ਹੈ? ਸਾਧੂ ਸਿੰਘ ਬੋਲਿਆ ਜਨਾਬ ਉਸ ਵੇਲੇ ਦੀ ਯਾਦ ਆ ਗਈ ਜਦੋਂ
‌ ਗੁਰੂ ਨਾਨਕ ਦੇ ਨਾਂ ਦਾ ਵਾਸਤਾ ਸੁਣ ਕੇ ਗੁਰੂ ਨਾਨਕ
ਮੈਂਨੂੰ ਮੇਰੇ ਸਾਹਮਣੇ ਖੋਤੈ ਦਿੱਸੇ, ਉਹਨਾਂ ਨੇ ਮੇਰੇ ਅੰਦਰ ਜੋਸ਼ ਅਤੇ ਬਲ ਭਰ ਦਿੱਤਾ ਤਾਂ ਹੀ ਮੈਂ ਆਪਣੀ ਇਸ ਭੈਣ ਨੂੰ ਉਹਨਾਂ ਬਦਮਾਸ਼ਾਂ ਤੋਂ ਬਚਾ ਸਕਿਆ ਹਾਂ।
ਡੀ ਸੀ ਮਿਸਟਰ ਮੈਕਸ ਆਰਥਰ ਮੈਕਾਲਿਫ ਜਿਨ੍ਹਾਂ ਨੂੰ ਸੰਖੇਪ ਰੂਪ ਵਿਚ ਮੈਕਾਲਿਫ ਸਾਹਿਬ ਦੇ ਨਾਉਂ ਨਾਲ ਯਾਦ ਕੀਤਾ ਜਾਂਦਾ ਹੈ, ਮੂਲ ਰੂਪ ਵਿੱਚ ਆਇਰਲੈਂਡ ਨਿਵਾਸੀ ਸਨ। ਆਪਣੀ ਸਕੂਲੀ ਵਿਦਿਆ ਪੂਰੀ ਕਰਕੇ ਇਹ 1864 ਈਸਵੀ ਵਿਚ ਅਤੇ ਅੰਗ੍ਰੇਜ਼ੀ ਸਰਕਾਰ ਦੀ ਨੌਕਰੀ ਕਰਨ ਲੱਗੇ ਅਤੇ 1882 ਵਿਚ ਡੀ ਸੀ ਬਣ ਗਏ।
ਮੈਕਾਲਿਫ ਸਾਹਿਬ ਨੇ ਨੌਕਰੀ ਵੇਲੇ ਸਿੱਖਾਂ ਵਾਰੇ ਬਹੁਤ ਕੁਛ ਸੁਣਿਆ ਸੀ ਅਤੇ ਪੜ੍ਹਿਆ ਸੀ। ਸਿੱਖ ਸਰਦਾਰਾਂ ਨਾਲ ਵਾਸਤਾ ਹੋਣ ਕਾਰਣ ਸਿੱਖੀ ਕਿਰਦਾਰ ਤੋਂ ਵਾਕਿਫ ਸਨ ਪਰ ਸਾਧੂ ਸਿੰਘ ਵਾਲੀ ਘਟਨਾ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾੱ ਉਨ੍ਹਾਂ ਅੰਦਰ ਸਿੱਖ ਯਰਮ ਅਤੇ ਸਿੱਖ ਈਤਿਹਾਸ ਜਾਨਣ ਲਈ ਤੀਬਰ ਇੱਛਾ ਪੈਦਾ ਹੋ ਗਈ। ਦੇਵਨੇਤ ਨਾਲ ਮੈਕਾਲਿਫ ਸਾਹਿਬ ਦਾ ਮਿਲਾਪ ਪਹਿਲਾਂ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਫਿਰ ਭਾਈ ਕਾਨ੍ਹ ਸਿੰਘ ਨਾਭਾ ਨਾਲ ਹੋ ਗਿਆ। ਂਮਹਾਰਾਜਾ ਹੀਰਾ ਸਿੰਘ ਤੋਂ ਪ੍ਰਵਾਨਗੀ ਲੈ ਕੇ ਦੋ ਸਾਲ ਤੋਂ ਉਪਰ ਸਮਾਂ ਲਗਾ ਕੇ ਭਾਈ ਸਾਹਿਬ ਤੋਂ ਮੈਕਾਲਿਫ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਸਿੱਖੇ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ।
ਸੰਨ 1893 ਵਿਚ ਮੈਕਾਲਿਫ ਸਾਹਿਬ ਨੇ ਸਰਕਾਰੀ ਨੌਕਰੀ ਛੱਡ ਕੇ ਸੁਤੰਤਰ ਰੂਪ ਵਿਚ ਸਿਖ ਧਰਮ ਦਾ ਅਧਿਐਨ ਕੀਤਾ। ਪੂਰੀ ਈਮਾਨਦਾਰੀ ਨਾਲ ਤਕਰੀਬਨ ਸੋਲਾਂ ਸਾਲ ਦੀ ਅਣਥੱਕ ਮਿਹਨਤ ਨਾਲ
"ਸਿੱਖ ਰਿਲੀਜਨ" ਕਿਤਾਬ ਛੇ ਭਾਗਾਂ ਵਿਚ ਲਿਖੀ। ਇਸ ਵਿਸ਼ੇ ਤੇ ਉਹ ਸਮੇ ਸਮੇ ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਹਜਾਰਾ ਸਿੰਘ, ਗਿਆਨੀ ਦਿੱਤਸਿੰਘ ਆਦਿ ਤੋਂ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਰਹੇ। ਇਸ ਕਾਰਜ ਤੇ ਉਹਨਾਂ ਆਪਣਾ ਦੋ ਲੱਖ ਰੁਪਏ ਖਰਚ ਕੀਤਾ। ਇਸ ਨਾਲ ਮੈਕਾਲਿਫ ਸਾਹਿਬ ਦਾ ਹਿਰਦਾ ਸਿੱਖੀ ਪਰੇਮ ਵਿਚ ਰੰਗਿਆ ਗਿਆ। ੱਸਿਗਰਟ ਤਮਾਕੂ ਨੂੰ ਪੂਰਨ ਤੌਰ ਤੇ ਤਿਆਗ ਦਿੱਤਾ। ਗੱਲ ਬਾਤ ਕਰਨ ਵੇਲੇ ਜਦ ਭੀ ਕੋਈ ਗੁਰਬਾਣੀ ਦੀ ਤੁਕ ਬੋਲਣੀ ਹੁੰਦੀ ਸਤਿਕਾਰ ਲਈ ਸਿਰ ਟੋਪੀ ਨਾਲ ਢਕ ਲੈਂਦੇ।
ਇਸ ਦਾ ਇਕ ਹੋਰ ਫਾਇਦਾ ਖਾਲਸਾ ਪੰਥ ਨੂੰ ਇਹ ਹੋਇਆ ਕਿ ਅੰਗ੍ਰੇਜ਼ੀ ਸਰਕਾਰ ਨੇ ਇਕ ਜਰਮਨ ਈਸਾਈ ਪਾਦਰੀ ਮਿਸਟਰ ਟਰੰਪ ਨੂੰ ਗੁਰਬਾਣੀ ਦੇ ਅਧਿਐਨ ਅਤੇ ਇਸ ਦਾ ਅੰਗ੍ਰੇਜ਼ੀ ਉਲੱਥਾਕਰਨ ਦੀ ਡਿਊਟੀ ਲਗਾਈ ਸੀ। ਇਹ ਆਪਣੀ ਹੰਕਾਰੀ ਬਿਰਤੀ ਅਤੇ ਸਿਗਰਟ ਪੀਣ ਦਾ ਆਦੀ ਹੋਣ ਕਰਕੇ ਸਿੱਖ ਵਿਦਵਾਨਾਂ ਦਾ ਸਹਿਯੋਗ ਨਾ ਪ੍ਰਾਪਤ ਕਰ ਸਕਿਆ ਅਤੇ ਦੁਸ਼ਟ ਪ੍ਰਭਾਵ ਹੇਠ ਆ ਕੇ ਸਿੱਖੀ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਸਾਬਤ ਕਰ ਗਿਆ, ਜਿਸ ਦੀ ਕਾਲਖ ਮੈਕਾਲਿਫ ਸਾਹਿਬ ਦੀਆਂ ਕਿਤਾਬਾਂ ਨੇ ਧੋ ਦਿੱਤੀ ਅਤੇ ਅੰਗ੍ਰੇਜ਼ੀ ਪੜ੍ਹਨ ਵਾਲਿਆਂ ਨੂੰ ਸਿੱਖੀ ਵਾਰੇ ਸਹੀ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੀ।

ਮੈਕਾਲਿਫ ਸਾਹਿਬ ਦੀਆਂ ਲਿਖਤਾਂ ਅੱਜ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ।

ਸਿੱਖੀ ਬਾਰੇ ਕਿਤਾਬ ਲਿਖਣ ਵਾਲਾ ਹਰ ਵਿਦਵਾਨ ਇਨ੍ਹਾਂ ਦੀ ਸਹਾਇਤਾ ਲੈਂਦਾ ਹੈ ਅਤੇ ਆਪਣੀ ਗੱਲ ਦੀ ਪ੍ਰੋੜਤਾ ਲਈ ਹਵਾਲੇ ਦਿੰਦੇ ਹਨ।

ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਪਿੱਛੇ "ਵਾਸਤਾ ਈ ਬਾਬੇ ਨਾਨਕ ਦਾ" ਵਾਲੇ ਗੁਰਮੁਖ ਭਾਈ ਸਾਧੂ ਸਿੰਘ ਦਾ ਕਿਰਦਾਰ ਕੰਮ ਕਰਦਾ ਜਦਹੈ।
ਕਾਸ਼ ਅੱਜ ਦਾ ਨੌਜਵਾਨ ਸਿੱਖ ਤਬਕਾ ਜੋ ਗੁਰੂ ਤੋਂ ਬੇਮੁੱਖ ਹੋ ਕੇ ਬਾਣੀ ਅਤੇ ਬਾਣੇ ਨੂੰ ਤਿਆਗ ਕੇ ਨਸ਼ਿਆਂ ਦੇ ਹੜ੍ਹ ਵਿਚ ਰੁੜ ਰਿਹਾ ਹੈ, ਨੂੰ ਇਹਨਾਂ ਗੱਲਾਂ ਵਾਰੇ ਜਾਣੂ ਕਰਾਇਆ ਹੁੰਦਾ ਤਾਂ ਅੱਜ ਇਹ ਹਾਲਤ ਨਾ ਹੁੰਦੀ।
ਗੁਰਮਤਿ ਸੇਧਾਂ ਭਾਗ ੩ ਕਿਤਾਬ ਵਿਚੋਂ



No comments:

Post a Comment