Tuesday 20 December 2016

1-ਏਕੇ ਦੀ ਕਹਾਣੀ

1-ਏਕੇ ਦੀ ਕਹਾਣੀ

STORY OF THE ONE



ਸਾਰੇ ਬ੍ਰਹਮੰਡ ਦਾ ਬੀ ਇਕ ਹੀ ਹੈ ਭਾਵ ਏਕੇ ਤੋਂ ਸਾਰੀ ਸ੍ਰਿਸਟੀ ਹੋਂਦ ਵਿਚ ਆਉਦੀ ਹੈ, ਜਨਮ ਲੈਂਦੀ ਹੈ। ਇਹ ਧਰਤੀ, ਇਹ ਸੂਰਜ, ਇਹ ਚੰਦਰਮਾ ਤੇ ਹੋਰ ਅਸੰਖ ਗ੍ਰਿਹ ਤੇ ਓਨਾਂ ਤੇ ਪੈਦਾ ਹੋਏ ਜੀਵ ਜੰਤੂ ਤੇ ਬਨਾਸਪਤੀ ਇਸ 1 ਇਕ ਤੋਂ ਹੀ ਉਤਪਤ ਹੁੰਦੇ ਹਨ।
ਇਹ ਬੀ ਇਕ ਤੇ ਸਿਰਫ ਇਕ ਹੀ ਹੈ। ਕਿਉਕਿ ਸਾਰਿਆਂ ਦੀ ਪੈਦਾਇਸ਼ ਇਕ ਤੋਂ ਹੈ ਉਹ ਏਕਾ ਅਦਭੁਤ ਤਰੀਕੇ ਹਰ ਥਾਂ ਹਾਜਰ, ਵਿਆਪਕ ਤੇ ਸਮਾਇਆ ਹੋਇਆ ਹੈ।  ਓਹਦੇ ਵਾਸਤੇ ਉਹਦੀ ਸਾਰੀ ਰਚਨਾ ਬਰਾਬਰ ਹੈ। ਕੋਈ ਉਚਾ, ਨੀਵਾਂ, ਚੰਗਾ ਮਾੜਾ ਨਹੀ ਹੈ। ਕਿਉਕਿ ਓਸੇ ਦੀ ਰਚਨਾ ਕਰਕੇ ਹੀ ਪਦਾਰਥ ਤੇ ਦੂਰੀ (ਸਪੇਸ) ਹੋਂਦ ਵਿਚ ਆਈਆਂ ਇਸ ਕਰਕੇ ਉਹ ਵਕਤ, ਪਦਾਰਥ ਤੇ ਦੂਰੀ ਦੇ ਸਿਧਾਂਤ ਤੋਂ ਉਤੇ ਹੈ। ਓਹਦੇ ਸੰਦਰਭ ਵਿਚ ਟਾਈਮ ਸਪੇਸ ਤੇ ਮੈਟਰ ਗੈਰ ਪ੍ਰਸੰਗਕ ਨੇ।
ਇਸ ਕਰਕੇ ਇਹ ਕਹਿਣਾ ਕਿ ਓਨੇ ਫਲਾਨੇ ਥਾਂ, ਫਲਾਨੀ ਕੁਖ ਵਿਚ ਜਨਮ ਲਿਆ, ਸਿਆਣਪ ਨਹੀ ਹੋਵੇਗੀ। ਸਾਡੇ ਦੇਵੀ ਦੇਵਤੇ ਅਵਤਾਰ ਪੀਰ ਪੈਗੰਬਰ ਸਭ ਓਸ ਏਕੇ ਦੇ ਹੀ ਪੈਦਾ ਕੀਤੇ ਹੋਏ ਹਨ ਤੇ ਇਹ ਸਭ ਜਨਮ- ਮਰਨ ਵਿਚ ਹੋਏ ਹਨ। ਉਸ ਇਕ ਦੀ ਤਸਵੀਰ ਬਣਾਉਣਾ ਜਾਂ ਮੂਰਤੀ ਬਣਾਉਣਾ ਵੀ ਜਾਇਜ ਨਹੀ ਹੈ।
ਇਸ ਕਰਕੇ ਇਹ ਕਹਿਣਾ ਵੀ ਗਲਤ ਹੈ, ਕਿ ਉਹ ਫਲਾਣੇ ਅਸਮਾਨ ਤੇ ਰਹਿੰਦੈ ਜਾਂ ਸਵੱਰਗਾਂ ਵਿਚ ਉਹਦਾ ਵਾਸਾ ਹੈ ਜਾਂ ਫਿਰ (ਜਿਵੇ ਜੋਗੀ ਕਹਿੰਦੇ) ਕਿ ਉਹ ਬਹੁਤ ਦੂਰ ਸੱਚਖੰਡ ਤੇ ਰਹਿੰਦਾ। ਉਹ ਤਾਂ ਸਾਡੇ ਨਾਲ ਹੈ। ਸਾਡੇ ਅੰਗ ਸੰਗ ਹੈ।
ਅਸਲ ਧਰਮਸਾਲ ਇਹ ਧਰਤੀ ਹੀ ਹੈ। ਇਥੇ ਹੀ ਉਸ ਦਾ ਵਾਸਾ ਹੈ। ਇਥੇ ਹੀ ਧਰਮ ਕਮਾਇਆ ਜਾ ਸਕਦਾ ਹੈ। ਇਥੇ ਹੀ ਵੱਡੇ ਵੱਡੇ ਸੂਰਮੇ, ਬਲੀ ਮਹਾਪੁਰਖ ਹੋਏ ਹਨ ਜਿੰਨਾਂ ਵਿਚੋਂ ਕਈਆਂ ਨੇ ਏਕੇ ਦੀ ਹੋਂਦ ਨੂੰ ਵੇਖਿਆ ਮਹਿਸੂਸ ਕੀਤਾ।ਹਰ ਕਿਸਮ ਦੇ ਖੰਡ (ਜੋਗੀਆਂ ਵਾਲੇ) ਇਥੇ ਹੀ ਹਨ। ਮਹੱਤਵਪੂਰਨ ਹਨ ਇਥੋ ਦੇ  ਸਰਮ  ਖੰਡ, ਗਿਆਨ ਖੰਡ, ਧਰਮ ਖੰਡ, ਕਰਮ ਖੰਡ। ਇਥੇ ਹੀ ਸੱਚਖੰਡ ਹੈ।
ਹੁਕਮ- ਜੀਵਨ ਜਾਂ ਦੁਨੀਆ ਦਾ ਕਾਰਵਿਹਾਰ ਉਹਦੇ ਹੁਕਮ ਅਨੁਸਾਰ ਚਲ ਰਿਹਾ ਹੈ। ਉਹਦੇ ਹੁਕਮ ਤੋਂ ਬਾਹਰਾ ਕੁਝ ਵੀ ਨਹੀ। ਉਹਨੇ ਸ੍ਰਿਸਟੀ ਚਲਾਉਣ ਵਾਸਤੇ ਕੁਝ ਅਸੂਲ ਜਾਂ ਸਿਸਟਮ ਬਣਾਏ ਹੋਏ ਹਨ। ਜਦੋਂ ਚਾਹੇ ਉਹ ਓਨਾਂ ਅਸੂਲਾਂ ਨੂੰ ਭੰਗ ਵੀ ਕਰ ਦਿੰਦਾ ਹੈ। ਮਿਸਾਲ ਵਜੋਂ ਜਿਵੇ ਧਰਤੀ-ਖਿੱਚ (ਗਰਾਵਿਟੀ) ਦਾ ਅਸੂਲ। ਇਹ ਅਸੂਲ ਅਰਬਾਂ/ ਖਰਬਾਂ ਦਰ ਅਸਲ ਅਣਗਿਣਤ ਹਨ। 
ਉਹਦਾ ਨਾਂ- ਉਹਦੇ ਅਣਗਿਣਤ ਗੁਣ ਹਨ ਪਰ ਉਹਦਾ  ਸਹੀ ਨਾਂ ਤਾਂ ਸਤਿਨਾਮ ਬਣਦਾ ਹੈ ਕਿਉਕਿ ਬੰਦਾ ਜਦੋਂ ਜੀਵਨ ਵਿਚ ਸੱਚ ਨੂੰ ਅਖਤਿਆਰ ਕਰ ਲੈਂਦਾ ਹੈ ਤਾਂ ਉਹ ਪ੍ਰਗਟ ਹੋ ਜਾਂਦਾ ਹੈ।
ਸਵਾਲ- ਜੇ ਉਸ ਏਕੇ ਦਾ ਵਾਸਾ ਇਥੇ ਹੀ ਹੈ ਤਾਂ ਸਾਨੂੰ ਦਿਸਦਾ ਕਿਓ ਨਹੀ? ਦਰ ਅਸਲ ਸਾਡੇ ਤੇ ਨਿਰੰਕਾਰ ਦਰਮਿਆਨ ਇਕ ਪੜਦਾ ਮੌਜੂਦ ਹੈ। ਉਹ ਪੜਦਾ ਹੈ ਸਾਡੇ ਕਮਾਏ ਝੂਠ ਤੇ ਸਾਡੀ ਹਉਮੈ ਦਾ।
ਪਰ ਇਹ ਪੜਦਾ ਹਟੇ ਕਿਵੇ?-ਬੰਦਾ ਉਹਦੇ ਹੁਕਮ ਨੂੰ ਸਿਰ ਮੱਥੇ ਮੰਨ ਲਵੇ। ਕਿ ਜੋ ਵੀ ਉਹ ਕਰ ਰਿਹਾ ਹੈ ਉਹ ਸਭ ਠੀਕ ਹੈ। ਸਭ ਕੁਝ ਉਹਦੇ ਹੁਕਮ 'ਚ ਹੋ ਰਿਹਾ ਹੈ। ਉਹਦੀ ਹੋਂਦ ਨੂੰ ਮਨ ਵਿਚ ਰਖੇ।ਆਪਣੀ ਊਣਤਾਈ ਨਾਂ ਭੁੱਲੇ ਤਾਂ ਫਿਰ ਘੱਟ ਘੱਟ ਵਿਚ ਤੇ ਆਪਣੇ ਨਾਲ ਹੀ ਉਹਦੇ ਦਰਸ਼ਨ ਹੋਣਗੇ।
ਨਾਮ ਕੀ ਹੈ- ਉਹਦੀ ਉਸਤਤ ਬਾਰੇ ਸੋਚਣਾ, ਬੋਲਣਾ, ਸੁਣਨਾ 'ਨਾਮ' ਹੈ। ਨਾਮ ਵਿਚ ਰੱਤਾ ਰਹੇ।
ਪਰ ਮੈਂ ਤਾਂ ਅਨਪੜ ਹਾਂ ਉਹਨੂੰ ਹਿਰਦੇ ਵਿਚ ਕਿਵੇ ਰੱਖਾਂ- ਉਹਦਾ ਨਾਮ ਜੱਪ ਕੇ। ਤੂ ਗੁਰਬਾਣੀ ਪੜ੍ਹ, ਸੁਣ, ਗਾ ਲਿਆ ਕਰ। ਗੁਰਬਾਣੀ ਵੀ ਨਾਮ ਹੀ ਹੈ। 
ਜਪੁਜੀ ਤੋਂ ਨਿਕਲੇ ਕੁਝ ਹੋਰ ਸੰਕਲਪ /ਅਸੂਲ -
ਨਿਰੰਕਾਰ ਨੂੰ ਤੁਸੀ ਜੋਰ ਜਬਰਦਸਤੀ ਨਾਲ ਪਾ ਨਹੀ ਸਕਦੇ। ਉਹਦੀ ਪ੍ਰਾਪਤੀ ਤਾਂ ਹੀ ਸੰਭਵ ਹੈ ਜੇ ਕਿਤੇ ਉਹ ਤੁਹਾਡੇ ਤੇ ਮਿਹਰਬਾਨ ਹੋ ਜਾਵੇ। (ਗੁਰੂ ਸਾਹਿਬ ਨੇ ਇਸ ਪ੍ਰਕਾਰ ਹੱਠ ਜੋਗ ਦੇ ਸਿਧਾਂਤ ਨੂੰ ਨਿਰਮੂਲ ਦੱਸਿਆ। ਕਈ ਲੋਕ ਉਨੂੰ ਪਾਉਣ ਲਈ ਖੁਦਕਸ਼ੀ ਕਰਦੇ ਨੇ, ਕੋਈ ਇਕ ਲੱਤ ਤੇ 12 ਸਾਲ ਖਲੋਦੈ, ਕੋਈ ਅੱਗ ਤੇ ਚਲਦਾ, ਕੋਈ ਆਪਣੇ ਦੁਆਲੇ ਅੱਗ ਦੀਆਂ ਧੂਣੀਆਂ ਲਾਉਦੇ, ਸਮਾਧੀ ਲਾਉਦਾ , ਕੋਈ ਭੁੱਖਾ ਰਹਿੰਦਾ, ਕੋਈ ਜੰਗਲਾਂ 'ਚ ਚਲਾ ਜਾਂਦਾ, ਕੋਈ ਵਿਆਹ ਨਹੀ ਕਰਵਾਉਂਦਾ, ਕੋਈ ਸਿਰਫ ਦੁਧ ਹੀ ਪੀਂਦਾ, ਕੋਈ ਸਿਰਫ ਫਲ ਹੀ ਖਾਂਦਾ।ਕੋਈ ਤੀਰਥ ਯਾਤਰਾ ਜਾਂ ਹੱਜ ਕਰਦਾ। ਇਹ ਕਰਮ ਕਾਂਡ ਵਿਅੱਰਥ ਹਨ।)
ਊਚ ਨੀਚ ਚੰਗਾ ਮਾੜਾ ਦਾ ਸਵਾਲ ਬੇਤੁੱਕਾ ਹੈ ਕਿਉਕਿ ਸਾਰੀ ਉਸ ਦੀ ਹੀ ਰਚਨਾ ਹੈ। (ਇਸ ਪ੍ਰਕਾਰ ਜਾਤ-ਪਾਤ ਤੇ ਰੇਸਇਜ਼ਮ ਦੇ ਸਿਧਾਂਤ ਦਾ ਗੁਰੂ ਨੇ ਖੰਡਨ ਕੀਤਾ ਹੈ)
ਪਰ ਜਿਹੜੇ ਲੋਕ ਨਾਮ ਵਿਚ ਰੱਤੇ ਹੋਏ ਹਨ ਉਹ ਸਮਾਜ ਵਿਚ ਸਤਿਕਾਰੇ ਜਾਂਦੇ ਨੇ।
ਉਸਤਾਦ ਜਾਂ ਗੁਰੂ ਜੋ ਤੁਹਾਨੂੰ ਇਹ ਸਾਰਾ ਸਿਧਾਂਤ ਦੱਸਦਾ ਹੈ ਉਹ ਤੁਹਾਡੇ ਵਾਸਤੇ ਮਹੱਤਵਪੂਰਨ ਹੈ। ਉਹ ਤਾਂ ਦੇਵੀ ਦੇਵਤਿਆਂ ਦੇ ਤੁਲ ਹੈ।
ਨਿਰੰਕਾਰ ਕਿਹੜੀ ਬੋਲੀ ਸਮਝਦਾ ਹੈ? - ਕੀ ਉਹ ਅੰਗਰੇਜੀ, ਅਰਬੀ ਜਾਂ ਸੰਸਕ੍ਰਿਤ ਹੀ ਸਮਝਦਾ ਹੈ?- ਉਹ ਪ੍ਰੇਮ ਦੀ ਭਾਸ਼ਾ ਤੁਰੰਤ ਸਮਝ ਜਾਂਦਾ ਹੈ। ਉਹਦੀ ਰਚਨਾ ਨਾਲ ਪਿਆਰ ਵੀ ਉਨੂੰ ਚੰਗਾ ਲਗਦਾ ਹੈ।
ਅੰਮ੍ਰਿਤ ਵੇਲਾ- ਦਿਨ ਚੜ੍ਹਨ ਤੋਂ ਪਹਿਲਾਂ ਦੇ ਕੁਝ ਘੰਟੇ ਰੱਬ ਨੂੰ ਯਾਦ ਕਰਨ ਜਾਂ ਨਾਮ ਜਪਣ ਦਾ ਸਭ ਤੋਂ ਵਧੀਆ ਸਮਾਂ ਹੈ। ਉਂਜ ਹਰ ਵੇਲੇ ਤੁਸੀ ਉਸ ਨੂੰ ਯਾਦ ਕਰ ਸਕਦੇ ਹੋ। ਪਰ ਅੰਮ੍ਰਿਤ ਵੇਲੇ ਤੁਹਾਡੀ ਸੁਰਤ ਸੌਖੀ ਜੁੜਦੀ ਹੈ ਉਸ ਨਾਲ।
ਨਾਮ ਜਪਣ ਨਾਲ ਤੁਹਾਡੇ ਦੁਖ ਤਕਲੀਫਾਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਬੰਦਾ ਅਨੰਦਮਈ ਅਵਸਥਾ ਵਿਚ ਪਹੁੰਚ ਜਾਂਦਾ ਹੈ।
ਨਾਮ ਸੁਣਨ/ਗਾਉਣ ਨਾਲ ਆਪਣੇ ਆਪ ਉਹ ਸਰੀਰਕ ਭੇਦ ਖੁੱਲ ਜਾਂਦੇ ਹਨ (ਜਿਹਨਾਂ ਲਈ ਜੋਗੀ ਲੋਕ ਜਿੰਦਗੀ ਲਾ ਦਿੰਦੇ ਹਨ: ਨਾਦ, ਜੋਤ, ਦਸਵਾਂ ਦੁਆਰ ਆਦਿ)
ਨਾਮ ਕਰਕੇ ਤੁਹਾਡੇ ਸਾਹਮਣੇ ਦੁਨਿਆਵੀ ਰਹੱਸਾਂ ਦੇ ਭੇਦ ਖੁੱਲ ਜਾਂਦੇ ਹਨ। ਤੁਹਾਡੇ ਰਸਤੇ ਵਿਚ ਰੁਕਾਵਟਾਂ ਨਹੀ ਆਉਦੀਆਂ।
ਨਾਮ ਜੱਪਣ ਵਾਲਿਆਂ ਨੂੰ ਸਬਰ-ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਹਰ ਜੀਅ ਦੀ ਕਿਸਮਤ ਉਹਦੇ ਜਨਮ ਵੇਲੇ ਹੀ ਤਹਿ ਹੋ ਜਾਂਦੀ ਹੈ।
ਇਕ ਨੇ ਸ੍ਰਿਸਟੀ ਆਪਣੇ ਹੁਕਮ ਨਾਲ ਇਕੋ ਵਾਰੀ ਪੈਦਾ ਕਰ ਦਿਤੀ।
ਜੀਵਨ ਇਕ ਵੱਡਾ ਖੇਲ ਜਾਂ ਡਰਾਮਾ ਚਲ ਰਿਹਾ ਹੈ। ਅਸੀ ਸਭ ਇਸ ਡਰਾਮੇ ਦੇ ਐਕਟਰ ਹਾਂ। ਅਨੇਕਾਂ ਚੋਰ, ਯਾਰ, ਠੱਗ, ਕਾਤਲ, ਪਾਪੀ, ਪੁੰਨੀ ਸਭ ਓਸ ਦੇ ਬਣਾਏ ਹੋਏ ਐਕਟਰ ਹਨ। ਜਿਹੋ ਜਿਹਾ ਕਿਸੇ ਨੂੰ ਰੋਲ ਮਿਲਿਆ ਹੈ ਉਸ ਮੁਤਾਬਿਕ ਉਹ ਐਕਟਿੰਗ ਕਰ ਰਿਹਾ ਹੈ। ਇਸ ਕਰਕੇ ਕੋਈ ਮਾੜਾ ਜਾਂ ਚੰਗਾ ਨਹੀ ਹੈ। ਜਿਸ ਤਰਾਂ ਦਾ ਕਿਸੇ ਨੂੰ ਬਣਾਇਆ ਗਿਆ ਹੈ ਉਹ ਓਸੇ ਤਰਾਂ ਦਾ ਹੈ। ਓਸੇ ਅਸੂਲ ਦੇ ਤਹਿਤ ਮਾੜੇ ਰੋਲ ਨੂੰ ਇਥੇ ਸਜਾ ਮਿਲਦੀ ਹੈ ਤੇ ਚੰਗਾ ਵਡਿਆਇਆ ਜਾਂਦਾ ਹੈ।
ਨਾਮ ਨਾਲ ਤੁਹਾਡੇ ਪਾਪ ਧੁਪ ਜਾਂਦੇ ਹਨ ਜਿਵੇ ਸਾਬਣ ਨਾਲ ਮੈਲ ਲਹਿ ਜਾਂਦੀ ਹੈ।
ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ।
ਰੱਬ ਨੇ ਕਦੋਂ ਇਹ ਰਚਨਾ ਰਚੀ? ਕਈ ਧਰਮਾਂ ਦੇ ਲੋਕਾਂ ਨੇ ਵੱਖ ਵੱਖ ਗੱਲਾਂ ਬਣਾਈਆ ਹੋਈਆ ਹਨ ਕਿ ਸ੍ਰਿਸਟੀ ਫਲਾਣੇ ਵੇਲੇ ਹੋਂਦ ਵਿਚ ਆਈ। ਇਕ ਆਦਮ ਸੀ ਇਕ ਹਵਾ ਸੀ। ਇਹ ਸਭ ਕਹਾਣੀਆਂ ਹਨ। ਸ੍ਰਿਸਟੀ ਦੀ ਰਚਨਾ ਬਾਰੇ ਸਿਰਫ ਰਚਨ ਵਾਲਾ ਹੀ ਜਾਣਦਾ ਹੈ। ਸਾਡੀ ਅਕਲ ਓਥੇ ਤਕ ਨਹੀ ਪਹੁੰਚ ਸਕਦੀ।
ਰੱਬ ਦੀ ਰਚਨਾ ਬੇਅੰਤ ਹੈ। ਲੱਖਾਂ ਕ੍ਰੋੜਾਂ ਧਰਤੀਆ ਹਨ, ਅਕਾਸ਼ ਹਨ ਸੂਰਜ ਹਨ। ਇਸ ਰਚਨਾ ਦਾ ਅੰਤ ਕੋਈ ਨਹੀ ਜਾਣਦਾ ਸਿਵਾਏ ਰੱਬ ਦੇ। ਸ੍ਰਿਸਟੀ ਦਾ ਹੱਦ ਬੰਨਾਂ ਅਸੀ ਸਮਝ ਹੀ ਨਹੀ ਸਕਦੇ।
ਰੱਬ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਹੀ ਨਾਮ ਹੈ। ਅਰਬਾਂ ਖਰਬਾਂ ਕਿਸਮ ਦੇ ਜੀਵ ਜੰਤੂ ਤੇ ਵਸਤਾਂ ਰੱਬ ਦਾ ਨਾਂ ਜੱਪ ਰਹੀਆ ਹਨ।
ਰਿਧੀਆਂ ਸਿਧੀਆਂ ਕਰਾਮਾਤਾਂ ਹਾਸਲ ਕਰਨ ਦੀ ਦੌੜ ਗਲਤ ਹੈ। ਇਹ ਉਹਦੇ ਹੁਕਮ ਦੀ ਅਵਗਿਆ ਹੈ।
ਰੱਬ ਨੂੰ ਕੋਈ ਹੁਕਮ ਨਹੀ ਕਰ ਸਕਦਾ ਕਿ ਫਲਾਨਾ ਕੰਮ ਕਰ ਤੇ ਫਲਾਨਾ ਨਾਂ ਕਰ।
ਸਬਰ ਸੰਤੋਖ, ਮਿਹਨਤ, ਗਿਆਨ, ਭਉ ( ਰੱਬ ਦਾ ਡਰ) ਤੇ ਭਾਓ (ਪਿਆਰ ਮੁਹੱਬਤ) ਨਾਲ ਜੀਵਨ ਜੀਵਿਆ ਜਾਵੇ। ਪਰ ਇਹ ਸਾਫ ਕਰ ਦਈਏ ਕਿ ਬੰਦ-ਖਲਾਸੀ ਓਹਦੇ ਭਾਣੇ ਨਾਲ ਹੋਣੀ ਹੈ ਜਦੋਂ ਉਹਦੀ ਨਦਰ ਸਵੱਲੀ ਹੋ ਜਾਵੇਗੀ।- ਨਾਨਕ ਨਦਰੀ ਨਦਰ ਨਿਹਾਲ।
ਅਖੀਰ- ਇਹ ਖੇਲ ਚਲ ਰਿਹਾ ਹੈ ਜਿਸ ਵਿਚ ਧਰਤੀ ਮਾਂ ਬਣੀ ਹੋਈ ਹੈ, ਪਾਣੀ ਇਕ ਤਰਾਂ ਨਾਲ ਪਿਤਾ ਹੈ ਤੇ ਹਵਾ ਗੁਰੂ ਦੀ ਨਿਆਈ ਹੈ। ਦਿਨ ਤੇ ਰਾਤ ਜਿਵੇ ਖਿਡਾਵੇ ਹੋਣ। ਸਾਰੀ ਦੁਨੀਆ ਭੱਜੀ ਫਿਰਨ ਡਹੀ ਹੈ। ਇਨਾਂ ਨੂੰ ਅਹਿਸਾਸ ਨਹੀ ਕਿ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ। ਚੰਗਾ ਮਾੜੇ ਕੰਮਾਂ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਜਿਹੜੇ ਨਾਮ ਜੱਪ ਰਹੇ ਨੇ ਉਨਾਂ ਦਾ ਉਧਾਰ ਹੋ ਜਾਣਾ ਹੈ ਤੇ ਨਾਲ ਲਗਦੇ ਵੀ ਤਰ ਜਾਣੇ ਨੇ। (ਜਪੁਜੀ ਦੀ ਵਿਆਖਿਆ ਆਪਣੇ ਲਫਜ਼ਾਂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਨੇਕਾਂ ਤਰੁਟੀਆਂ ਰਹਿ ਗਈਆਂ ਹਨ। ਸਮਝ ਲੈਣਾ ਕਿ ਮੂਰਖ ਨੇ ਅਰਥ ਕੀਤੇ ਨੇ।ਮਾਫ ਕਰ ਦੇਣਾ ਜੀ।)
(ਕਿਰਪਾ ਕਰਕੇ ਆਪਣੀਆਂ ਟਿਪਣੀਆਂ ਤੇ ਸਵਾਲ ਬਲਾਗ ਤੇ ਹੀ ਦੇ ਦੇਣਾ ਜੀ ਤਾਂ ਕਿ ਸਾਰੇ ਪੜ ਸਕਣ ਤੇ ਮੈਂ ਜਵਾਬ ਦੇ ਪਾਵਾਂ)