Monday 8 April 2019

ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਮੇਰੀਆਂ ਯਾਦਾਂ

ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਮੇਰੀਆਂ ਯਾਦਾਂ


ਬੂਟਾ ਰਾਮ


ਉਕਤ ਮੁਕੱਦਸ ਗੁਰਦੁਆਰਾ ਸਾਹਿਬ ਪ੍ਰਤੀ ਇਲਾਕੇ ਵਿਚ ਵਸਦੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਦੀ ਤਰ੍ਹਾਂ ਬਚਪਨ ਤੋਂ ਹੀ ਮੇਰੀ ਵੀ ਡੂੰਘੀ ਸ਼ਰਧਾ ਸੀ। ਪਾਕਿਸਤਾਨ ਬਣਨ ਉਪਰੰਤ ਉਸ ਪਵਿੱਤਰ ਅਸਥਾਨ ਦੇ ਸੰਗਤ ਵਲੋਂ ਖੁੱਲ੍ਹੇ ਦਰਸ਼ਨ-ਦੀਦਾਰ ਨਾ ਕਰ ਸਕਣ ਦਾ ਮਲਾਲ ਮੇਰੇ ਵਲੋਂ ਦੋ ਦਹਾਕੇ ਪਹਿਲਾਂ ਲਿਖੀ ਪੁਸਤਕ 'ਕਾਲੇ ਦਿਨਾਂ ਦੀ ਦਾਸਤਾਨ' ਵਿਚ ਸਹਿਜੇ ਹੀ ਅੰਕਿਤ ਹੋ ਗਿਆ ਸੀ, ਹਾਲਾਂਕਿ ਉਨ੍ਹੀਂ ਦਿਨੀਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਜਨਤਕ ਮੰਗ ਜ਼ੋਰ-ਸ਼ੋਰ ਨਾਲ ਸ਼ੁਰੂ ਨਹੀਂ ਹੋਈ ਸੀ। ਪੁਸਤਕ ਵਿਚ ਦਰਜ ਕੁਝ ਕੁ ਅੰਸ਼ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ।
'ਰਾਵੀ ਦਰਿਆਓਂ ਪਾਰ ਜਾ ਜਿੱਥੇ ਕਦੀ ਲੋਕ ਬੇੜੀਆਂ ਵਿਚ ਸੈਰ ਕਰਦੇ ਸਨ, ਹੁਣ ਉਧਰ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਪੈਂਦੀ ਹੈ ਤੇ ਅੱਜ ਉਹ ਇਕ ਕਿਲੋਮੀਟਰ ਦਾ ਸਫ਼ਰ ਕੋਈ 200 ਕਿਲੋਮੀਟਰ ਵਿਚ ਤਬਦੀਲ ਹੋ ਗਿਆ। ਪਹਿਲਾਂ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤੇ ਉੱਥੋਂ ਲਾਹੌਰ ਹੁੰਦੇ ਹੋਏ ਨਾਰੋਵਾਲ ਪਹੁੰਚਣਾ ਪੈਂਦਾ ਹੈ। ਦਰਿਆ ਰਾਵੀ ਦੇ ਉਸ ਪਾਰ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੂਰੋਂ ਨਜ਼ਰ ਆਉਂਦਾ ਹੈ। ਗੁਰਦੁਆਰੇ ਦੀ ਉਸਾਰੀ ਇੱਟਾਂ ਦੇ ਵੱਡੇ ਉੱਚੇ ਮੰਡ ਉੱਪਰ ਕੀਤੀ ਗਈ ਹੋਈ ਹੈ, ਤਾਂ ਜੋ ਦਰਿਆ ਰਾਵੀ ਕੋਈ ਨੁਕਸਾਨ ਨਾ ਪਹੁੰਚਾ ਸਕੇ। ਇਹ ਉਹ ਜਗ੍ਹਾ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਕੀਤੀ ਸੀ ਤੇ ਆਪਣਾ ਆਖਰੀ ਸਮਾਂ ਬਿਤਾਇਆ ਸੀ। ਇੱਥੇ ਹੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। 1947 ਵਿਚ ਭਾਰਤ ਦੀ ਵੰਡ ਸਮੇਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਪਟਿਆਲੇ ਦੇ ਮਹਾਰਾਜਾ ਸ: ਭੁਪਿੰਦਰ ਸਿੰਘ ਵਲੋਂ ਕਰਾਈ ਜਾ ਰਹੀ ਸੀ, ਜੋ ਅਧੂਰੀ ਹੀ ਰਹਿ ਗਈ।
ਜਿਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਸੀ ਤੇ ਜਿੱਥੇ ਦਸਵੇਂ ਸਰਾਧ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸੀ, ਜਿਸ ਵਿਚ ਸੰਗਤਾਂ ਬਹੁਤ ਦੂਰ-ਦੁਰਾਡਿਓਂ ਸ਼ਾਮਲ ਹੁੰਦੀਆਂ ਸਨ, ਅੱਜ ਅਸੀਂ ਦਰਿਆ ਦੇ ਇਸ ਪਾਸਿਓਂ ਦੂਰੋਂ ਹੀ ਦਰਸ਼ਨ ਕਰਕੇ ਸਿਰ ਝੁਕਾਉਂਦੇ ਸੰਤੁਸ਼ਟ ਹੋ ਜਾਂਦੇ ਹਾਂ। ਜਿਸ ਇਲਾਕੇ ਦੀਆਂ ਜੂਹਾਂ ਵਿਚ ਗੁਰੂ ਨਾਨਕ ਦੇਵ ਜੀ ਪ੍ਰਭੂ ਉਸਤਤਿ ਵਿਚ ਸ਼ਬਦ ਉਚਾਰਿਆ ਕਰਦੇ ਸਨ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿਆ ਕਰਦੇ ਸਨ, ਕੌਣ ਜਾਣਦਾ ਸੀ ਕਿ ਉਸ ਕਰਤਾਰਪੁਰ ਦੀ ਜੂਹ ਅੰਦਰ ਜ਼ਮੀਨ ਦੀ ਤਹਿ ਵਿਚ ਬੰਕਰ ਬਣਾ ਬਰੂਦ ਦੇ ਅੰਬਾਰ ਖੜ੍ਹੇ ਕਰ ਲਏ ਜਾਣਗੇ। ਜਿਸ ਅਸਥਾਨ 'ਤੇ 'ਸਰਬੱਤ ਦਾ ਭਲਾ' ਮੰਗਿਆ ਜਾਂਦਾ ਸੀ, ਉੱਥੇ ਮਨੁੱਖੀ ਤਬਾਹੀ ਦੇ ਮਨਸੂਬੇ ਘੜੇ ਜਾਣ ਲੱਗੇ। ਭਾਰਤ-ਪਾਕਿ ਦੀਆਂ 1965 ਤੇ 1971 ਦੀਆਂ ਲੜੀਆਂ ਗਈਆਂ ਲੜਾਈਆਂ ਵਿਚ ਪਾਕਿਸਤਾਨੀ ਫ਼ੌਜਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਫ਼ੌਜੀ ਮਕਸਦਾਂ ਲਈ ਵਰਤਿਆ।
ਭਾਰਤੀ ਫ਼ੌਜ ਦੇ 29-ਇਨਫੈਂਟਰੀ ਬ੍ਰਿਗੇਡ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਕਮਾਂਡ ਥੱਲੇ ਪਾਕਿਸਤਾਨ ਦੀ 3-ਪੰਜਾਬ ਦੇ ਕੁਝ ਜਵਾਨਾਂ ਨੂੰ ਬੰਦੀ ਬਣਾ ਲਿਆ। ਦੁਸ਼ਮਣ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਤੇ ਦੋ ਚਾਲੂ ਹਾਲਤ ਵਿਚ ਟੈਂਕ ਛੱਡ ਕੇ ਪਿਛਾਂਹ ਹਟ ਗਿਆ। 1965 ਦੀ ਜੰਗ ਤੋਂ ਬਾਅਦ ਪਾਕਿਸਤਾਨੀ ਫ਼ੌਜੀ ਹਾਕਮ ਜਨਰਲ ਆਯੂਬ ਖਾਂ ਨੇ ਕਰਤਾਰਪੁਰ ਸਾਹਿਬ ਨੇੜੇ ਇਕ ਵੱਡਾ ਨਿੱਜੀ ਫਾਰਮ ਉਸਾਰਿਆ ਤੇ ਖੇਤੀਬਾੜੀ ਕਰਾਉਣੀ ਸ਼ੁਰੂ ਕੀਤੀ।
ਦਿਲਚਸਪੀ ਦੀ ਗੱਲ ਇਹ ਹੈ ਕਿ ਅੱਜ ਦੇ ਭਾਰਤੀ ਇਲਾਕੇ ਵਿਚ ਦਰਿਆ ਦੇ ਇਸ ਪਾਰ ਮੁਸਲਮਾਨਾਂ ਦੀ ਇਕ ਈਦਗਾਹ ਰੱਤਰ ਛੱਤਰ ਪਿੰਡ ਵਿਖੇ ਮੌਜੂਦ ਹੈ,ਜਿਸ ਦੀ ਕਾਫ਼ੀ ਮਾਨਤਾ ਸੀ। ਇਸ ਈਦਗਾਹ 'ਤੇ ਇਮਾਮ ਅਲੀ ਸ਼ਾਹ ਰੋਜ਼ਾ ਸ਼ਰੀਫ਼ ਦੀ ਯਾਦ ਵਿਚ ਹਰ ਸਾਲ ਮੇਲਾ ਲੱਗਦਾ ਹੁੰਦਾ ਸੀ, ਜਿਸ ਵਿਚ ਸ਼ਾਮਿਲ ਹੋਣ ਲਈ ਮੁਸਲਮਾਨ ਦੂਰੋਂ-ਦੂਰੋਂ ਆਉਂਦੇ ਸਨ। ਇਸ ਈਦਗਾਹ ਦੀ ਇਮਾਰਤ ਬਹੁਤ ਵਿਸ਼ਾਲ ਹੈ ਤੇ ਉਸ ਵਿਚ ਬਹੁਤ ਖ਼ੂਬਸੂਰਤ ਮੀਨਾਕਾਰੀ ਤੇ ਚਿੱਤਰਕਾਰੀ ਹੋਈ ਹੈ। ਇਸ ਦੀ ਉਸਾਰੀ ਨੂੰ ਡੇਢ ਸਦੀ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ। ਚਾਹੇ ਕੋਈ ਮੁਸਲਮਾਨ ਫ਼ਕੀਰ ਹੁਣ ਇਸ ਈਦਗਾਹ ਵਿਚ ਨਹੀਂ ਰਹਿ ਰਿਹਾ, ਫਿਰ ਵੀ ਪਿੰਡ ਵਾਲੇ ਇਮਾਮ ਅਲੀ ਸ਼ਾਹ ਰੋਜ਼ਾ ਦੇ ਨਾਂਅ 'ਤੇ ਹਰ ਸਾਲ ਸ਼ਰਾਧਾ ਵਿਚ ਇੱਥੇ ਮੇਲੇ ਦਾ ਆਯੋਜਨ ਕਰਦੇ ਹਨ, ਜਿਸ ਵਿਚ ਖੇਡਾਂ ਤੋਂ ਇਲਾਵਾ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।
1950 ਵਿਚ ਮੈਂ ਪ੍ਰਾਇਮਰੀ ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ ਦਾਖ਼ਲਾ ਲਿਆ ਸੀ। ਸਕੂਲ ਦੇ ਐਨ ਸਾਹਮਣੇ ਬਾਬਾ ਸ੍ਰੀ ਚੰਦ ਜੀ ਦਾ ਅਖਾੜਾ ਹੈ, ਜਿਸ ਦਾ ਮੁਖੀਆ ਇਕ ਨੌਜਵਾਨ ਮਹੰਤ ਸੀ। ਸਕੂਲ ਦੇ ਪਿਛਲੇ ਪਾਸੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਹੈ। ਗੁਰਦੁਆਰੇ ਦੇ ਨਜ਼ਦੀਕ ਹੀ ਇਕ ਨਿੱਜੀ ਧਰਮ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪਾਵਨ ਚੋਲਾ ਬਿਰਾਜਮਾਨ ਹੈ। ਇਸ ਅਸਥਾਨ ਨੂੰ ਚੋਲਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਇੱਥੇ ਚਿਰਕਾਲ ਤੋਂ ਪੂਰਨਮਾਸ਼ੀ ਵਾਲੇ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੇ ਆ ਰਹੇ ਹਨ। ਹਰ ਸਾਲ 2 ਮਾਰਚ ਤੋਂ 8 ਮਾਰਚ ਤੱਕ ਮੇਲਾ ਚੋਲਾ ਸਾਹਿਬ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਵਹੀਰਾਂ ਘੱਤ ਕੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ਼ ਗੱਦੀਨਸ਼ੀਨ ਚੋਲਾ ਸਾਹਿਬ ਦੇ ਫਜਰੰਗ ਬਾਬਾ ਅਨੂਪ ਸਿੰਘ ਮੇਰੇ ਪ੍ਰਾਇਮਰੀ ਤੋਂ ਹਾਇਰ ਸੈਕੰਡਰੀ ਤੱਕ ਜਮਾਤੀ ਰਹੇ ਸਨ।
ਡੇਰਾ ਬਾਬਾ ਨਾਨਕ ਦੇ ਵੱਡੇ ਗੁਰਦੁਆਰੇ ਦਾ ਮੁੱਖ ਦਵਾਰ ਬਾਜ਼ਾਰ ਵੱਲ ਖੁੱਲ੍ਹਦਾ ਹੈ। ਜਦੋਂ ਅਸੀਂ ਪੜ੍ਹਦੇ ਸਾਂ, ਉਸ ਵੇਲੇ ਗੁਰਦੁਆਰਾ ਸਾਹਿਬ ਦੀ ਖੇਤੀ ਵਾਲੀ ਜ਼ਮੀਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਦੂਦ ਨਾਲ ਲਗਦੀ ਸੀ ਤੇ ਉਸ 'ਤੇ ਕੋਈ ਵਾੜ ਲੱਗੀ ਨਹੀਂ ਹੁੰਦੀ ਸੀ। 1908-13 ਦੌਰਾਨ ਪੰਜਾਬ ਦੇ ਰਹੇ ਲੈਫਟੀਨੈਂਟ ਗਵਰਨਰ ਦੇ ਨਾਂਅ 'ਤੇ ਉਸ ਵੇਲੇ ਸਕੂਲ ਦਾ ਨਾਂਅ ਡੇਨ ਹਾਈ ਸਕੂਲ ਰੱਖਿਆ ਗਿਆ ਸੀ। ਬੇਦੀ ਬਖਸ਼ਸ਼ ਸਿੰਘ ਉਨ੍ਹੀਂ ਦਿਨੀਂ ਡੇਰਾ ਬਾਬਾ ਨਾਨਕ ਦੇ ਮਿਉਂਸਪਲ ਕਮਿਸ਼ਨਰ ਸਨ। ਸਾਡੇ ਬਚਪਨ ਵੇਲੇ ਬਰਸਾਤਾਂ ਵਿਚ ਦਰਿਆ ਰਾਵੀ ਊਫ਼ਾਨ 'ਤੇ ਚਲੀ ਜਾਂਦੀ ਹੁੰਦੀ ਸੀ। ਸਾਲ ਵਿਚ 2-3 ਵਾਰ ਹੜ੍ਹਾਂ ਦੀ ਮਾਰ ਦਾ ਪ੍ਰਕੋਪ ਦੂਰ ਤੱਕ ਦਰਿਆ ਨਾਲ ਲਗਦੇ ਪਿੰਡਾਂ ਦੇ ਨਿਵਾਸੀਆਂ ਨੂੰ ਜ਼ਰੂਰ ਝੱਲਣਾ ਪੈਂਦਾ ਸੀ। 1955 ਵਿਚ ਆਏ ਹੜ੍ਹਾਂ ਨੇ ਵੱਡੀ ਤਬਾਹੀ ਆਂਦੀ ਸੀ। ਪਿੰਡਾਂ ਵਿਚ ਪੱਕਾ ਮਕਾਨ ਕਿਸੇ-ਕਿਸੇ ਦਾ ਹੀ ਹੁੰਦਾ ਸੀ ਤੇ ਕੱਚੇ ਮਕਾਨਾਂ ਵਿਚੋਂ ਬਹੁਤੇ ਹੜ੍ਹ ਦੀ ਮਾਰ ਝੱਲ ਨਾ ਸਕਣ ਕਰਕੇ ਡਿੱਗ ਪਏ ਸਨ। ਉੱਤੋਂ 10-12 ਦਿਨ ਲਗਾਤਾਰ ਮੀਂਹ ਵਰ੍ਹਦਾ ਰਿਹਾ ਸੀ। ਆਵਾਜਾਈ ਠੱਪ ਹੋ ਗਈ ਸੀ। ਇਕ-ਦੂਜੇ ਨਾਲੋਂ ਪਿੰਡਾਂ ਅਤੇ ਕਸਬਿਆਂ ਦਾ ਸੰਪਰਕ ਟੁੱਟ ਗਿਆ। ਮਾਲ ਡੰਗਰ ਲਈ ਚਾਰਾ ਤਾਂ ਦੂਰ ਰਿਹਾ, ਮਨੁੱਖਾਂ ਲਈ ਜ਼ਰੂਰੀ ਵਸਤਾਂ ਅਤੇ ਆਟਾ-ਦਾਣਾ ਮਿਲਣਾ ਮੁਹਾਲ ਹੋ ਗਿਆ ਸੀ।
ਉਦੋਂ ਪਹਿਲੀ ਵਾਰ ਅਸੀਂ ਉਸ ਤਰਾਸਦੀ ਨੂੰ ਭੋਗਿਆ ਤੇ ਹੈਲੀਕਾਪਟਰ ਰਾਹੀਂ ਸੁੱਟੀ ਗਈ ਰਸਦ, ਤਿਆਰ ਭੋਜਨ ਅਤੇ ਕੱਪੜਿਆਂ ਨੂੰ ਰਲ ਮਿਲ ਕੇ ਲੋੜ ਮੁਤਾਬਿਕ ਵੰਡ ਕੇ ਵਰਤਿਆ। ਉਨ੍ਹਾਂ ਭਿਅੰਕਰ ਹੜ੍ਹਾਂ ਤੋਂ ਬਾਅਦ ਸਮੇਂ ਦੀ ਸਰਕਾਰ ਨੇ ਦਰਿਆ ਰਾਵੀ 'ਤੇ ਆਪਣੇ ਪਾਸੇ ਉੱਚੇ ਲੰਬੇ ਧੁੱਸੀ ਬੰਨ੍ਹ ਦਾ ਨਿਰਮਾਣ ਕਰਾਇਆ, ਤਾਂ ਜੋ ਹੜ੍ਹਾਂ ਦੀ ਮਾਰ ਤੋਂ ਇਲਾਕਾ ਨਿਵਾਸੀਆਂ ਨੂੰ ਨਿਜ਼ਾਤ ਹਾਸਲ ਹੋ ਸਕੇ। ਹੜ੍ਹਾਂ ਦੀ ਮਾਰ ਪਾਕਿ-ਹਿੰਦ ਦੋਵਾਂ ਦੇਸ਼ਾਂ ਦੇ ਵਸਨੀਕਾਂ ਨੂੰ ਬਰਾਬਰ ਹੀ ਝੱਲਣੀ ਪੈਂਦੀ ਸੀ।
1947 ਤੋਂ ਬਾਅਦ ਲਗਪਗ 12-13 ਸਾਲ ਤੱਕ ਦੋਵਾਂ ਦੇਸ਼ਾਂ ਵਲੋਂ ਸਰਵੇਖਣ ਕਰਕੇ ਹੱਦਬੰਦੀ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸੀ। ਸਾਡੇ ਇਲਾਕੇ ਵਿਚ ਦਰਿਆ ਰਾਵੀ ਦੇ ਇਧਰਲੇ ਪਾਸੇ ਦਾ ਕਬਜ਼ਾ ਭਾਰਤ ਕੋਲ ਅਤੇ ਉਧਰਲਾ ਪਾਕਿਸਤਾਨ ਕੋਲ ਸੀ। ਦੋਵੇਂ ਪਾਸੇ ਮਿਲਟਰੀ ਹੀ ਸਰਹੱਦ 'ਤੇ ਤਾਇਨਾਤ ਹੁੰਦੀ ਸੀ। ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੋਂ ਰਾਵੀ ਉਪਰ ਬਣੇ ਪੁਲ ਤੱਕ ਅਸੀਂ ਰੇਲ ਦੀ ਪਟੜੀ 'ਤੇ ਚੱਲਦਿਆਂ ਪਹੁੰਚ ਜਾਂਦੇ ਹੁੰਦੇ ਸਾਂ। ਹੜ੍ਹਾਂ ਕਾਰਨ ਕਈ ਥਾਂਈਂ ਰੇਲ-ਪੱਟੜੀ ਟੁੱਟ ਗਈ ਹੋਈ ਸੀ। ਸਟੇਸ਼ਨ ਤੋਂ ਮੀਲ ਕੁ ਅਗਾਂਹ ਬੇਲਾ ਸ਼ੁਰੂ ਹੋ ਜਾਂਦਾ ਸੀ। ਉਥੇ ਕਿਸੇ ਕਿਸਮ ਦੀ ਖੇਤੀਬਾੜੀ ਨਹੀਂ ਹੁੰਦੀ ਸੀ। ਮਾਲ-ਡੰਗਰ ਨੂੰ ਚਾਰਨ ਵੈਰੋਕੇ, ਘਣੀਆ ਕੇ, ਪਲ੍ਹੇ ਨੰਗਲ, ਕੋਟ ਲਖਪਤ, ਖਾਸਾਂਵਾਲੀ, ਠੇਠਰਕੇ, ਪੱਖੋਕੇ ਅਤੇ ਬਲਾਂ ਆਦਿ ਪਿੰਡਾਂ ਦੇ ਕੁਝ ਲੋਕ ਉੱਥੇ ਜ਼ਰੂਰ ਚਲੇ ਜਾਂਦੇ ਸਨ।
ਮਾਪਿਆਂ ਨੂੰ ਦੱਸਣ ਬਗ਼ੈਰ ਸਕੂਲੋਂ ਗ਼ੈਰ-ਹਾਜ਼ਰ ਰਹਿ ਕੇ ਜਾਂ ਅੱਧੀ ਛੁੱਟੀ ਤੋਂ ਬਾਅਦ ਫਰਲੋ ਮਾਰ ਕੇ ਅਸੀਂ 2-3 ਦੋਸਤ ਮਹੀਨੇ 'ਚ ਇਕ-ਦੋ ਵਾਰ ਰੇਲ-ਪਟੜੀ 'ਤੇ ਚੱਲਦਿਆਂ ਪੁਲ ਤੱਕ ਚਲੇ ਜਾਂਦੇ ਹੁੰਦੇ ਸਾਂ। ਪੁਲ ਉਪਰ ਇਧਰਲੇ ਪਾਸੇ ਭਾਰਤੀ ਫ਼ੌਜੀਆਂ ਤੇ ਦੂਸਰੇ ਪਾਸੇ ਪਾਕਿਸਤਾਨੀ ਫ਼ੌਜੀਆਂ ਨੇ ਮੋਰਚੇ ਬਣਾਏ ਹੋਏ ਸਨ। ਪੁਲ ਤੋਂ 100-150 ਗਜ਼ ਦੀ ਦੂਰੀ ਤੱਕ ਰੇਲ-ਪਟੜੀ ਲਾਗੇ ਫ਼ੌਜੀਆਂ ਦੇ ਤੰਬੂ ਹੁੰਦੇ ਸਨ। ਆਮ ਤੌਰ 'ਤੇ ਉਧਰ ਲੋਕ ਨਹੀਂ ਜਾਂਦੇ ਸਨ। ਜੇਕਰ ਕੋਈ ਜਾਣਾ ਚਾਹੇ ਤਾਂ ਉਸ ਤੋਂ ਪੁੱਛਗਿੱਛ ਹੁੰਦੀ ਸੀ, ਕਿਉਂਕਿ ਕਈ ਵਾਰ ਜੇਕਰ ਕੋਈ ਪਸ਼ੂ ਬੇਲੇ ਵਿਚ ਗੁਆਚ ਜਾਂਦਾ ਸੀ ਤਾਂ ਉਸ ਦੀ ਭਾਲ ਚਰਵਾਹੇ ਦੂਰ ਤੱਕ ਕਰਦੇ ਸਨ। ਸਕੂਲ ਦੇ ਬਸਤਿਆਂ ਅਤੇ ਅੱਲ੍ਹੜ ਉਮਰ ਹੋਣ ਕਰਕੇ ਸਾਨੂੰ ਕੋਈ ਫ਼ੌਜੀ ਪੁਲ ਤੱਕ ਜਾਂਦਿਆਂ ਰੋਕਦਾ ਨਹੀਂ ਸੀ। ਉਲਟਾ ਕਈ ਵਾਰ ਉਹ ਸਾਨੂੰ ਦੁਪਹਿਰ ਦਾ ਭੋਜਨ ਵੀ ਕਰਾ ਦਿੰਦੇ ਸਨ।
ਮੈਨੂੰ ਯਾਦ ਹੈ ਕਿ ਇਕ ਵਾਰ ਪੁਲ 'ਤੇ ਤਾਇਨਾਤ ਫ਼ੌਜੀਆਂ ਨੇ ਸਾਨੂੰ ਬੜੀਆਂ ਸਵਾਦ ਰੰਗਦਾਰ ਸੇਵੀਆਂ ਖੁਆਈਆਂ ਸਨ, ਜੋ ਉਨ੍ਹਾਂ ਨੂੰ ਈਦ ਵਾਲੇ ਦਿਨ ਪਾਕਿਸਤਾਨੀ ਫ਼ੌਜੀਆਂ ਨੇ ਭੇਟ ਕੀਤੀਆਂ ਸਨ। ਉਦੋਂ ਦਰਿਆ 'ਚ ਪਾਣੀ ਬਹੁਤ ਹੁੰਦਾ ਸੀ ਤੇ ਬਹਾਅ ਵੀ ਬਹੁਤ ਤੇਜ਼। ਮਾਧੋਪੁਰ ਵਾਲਾ ਹੈੱਡ ਵਰਕਸ ਤਾਂ ਆਜ਼ਾਦੀ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਾ ਸੀ, ਜਿੱਥੋਂ ਅਲੀਵਾਲ ਤੱਕ ਵੱਡੀ ਨਹਿਰ ਆਉਂਦੀ ਸੀ ਤੇ ਅਲੀਵਾਲੋਂ ਉਸ ਵਿਚੋਂ ਦੋ ਹੋਰ ਨਹਿਰਾਂ, ਇਕ ਅਪਰਬਾਰੀ ਦੁਆਬ, ਅੰਮ੍ਰਿਤਸਰ ਵੱਲ ਤੇ ਦੂਸਰੀ ਹਰਸੇ-ਛੀਨੇ ਵਲੋਂ ਹੁੰਦੀ ਹੋਈ ਪਾਕਿਸਤਾਨ ਵਾਲੇ ਪਾਸੇ ਨਿਕਲ ਜਾਂਦੀ ਸੀ। ਥੀਨ ਡੈਮ ਉਦੋਂ ਹੋਂਦ ਵਿਚ ਨਹੀਂ ਆਇਆ ਸੀ। ਪੁਲ ਉੱਪਰ ਚੜ੍ਹ ਕੇ ਜਾਂ ਹੇਠਾਂ ਬਣੇ ਉੱਚੇ ਬੰਨ੍ਹ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ, ਜੋ ਉੱਥੋਂ ਮੀਲ ਕੁ ਦੀ ਦੂਰੀ 'ਤੇ ਸੀ, ਆਪਣੇ ਇਲਾਹੀ ਸਰੂਪ ਵਿਚ ਕਾਫ਼ੀ ਹੱਦ ਤੱਕ ਸਾਫ਼ ਨਜ਼ਰ ਆਉਂਦਾ ਸੀ। ਸਾਫ਼ ਮੌਸਮ ਵਿਚ ਧੁੱਸੀ-ਬੰਨ੍ਹ ਜਾਂ ਉੱਚੇ ਦਰੱਖਤ 'ਤੇ ਚੜ੍ਹ ਕੇ ਵੀ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦੂਰੋਂ ਦਰਸ਼ਨ ਕਰਕੇ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦੇ ਸਨ।
ਡੇਰਾ ਬਾਬਾ ਨਾਨਕ ਸਟੇਸ਼ਨ ਤੋਂ ਦੋ ਕੁ ਸੌ ਮੀਟਰ 'ਤੇ ਅਗਾਂਹ ਰੇਲ-ਪੱਟੜੀ ਲਾਗੇ ਅਤੇ ਇੰਨੀ ਕੁ ਹੀ ਦੂਰੀ 'ਤੇ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਪਿੰਡ ਕੋਟ ਲਖਪਤ ਅਤੇ ਠੇਠਰਕੇ ਲਾਗੇ ਵੱਡੀ ਗਿਣਤੀ ਵਿਚ ਮਿਲਟਰੀ ਦੇ ਤੰਬੂ ਹੁੰਦੇ ਸਨ। ਠੇਠਰਕੇ ਲਾਗੇ ਤੰਬੂਆਂ ਤੋਂ ਇਲਾਵਾ ਉੱਥੇ ਇਕ ਵੱਡੀ ਪੱਕੀ ਇਮਾਰਤ ਵਿਚ ਵੀ ਸੈਨਾ ਦਾ ਨਿਵਾਸ ਹੁੰਦਾ ਸੀ। ਸੰਨ 1959-60 ਵਿਚ ਮਰਾਠਾ ਰਜਮੈਂਟ ਦੇ ਕਲਾਕਾਰਾਂ ਵਲੋਂ ਮਹਾਂਭਾਰਤ ਨਾਟਕ ਦਾ ਸੰਚਾਲਨ ਸਟੇਸ਼ਨ ਲਾਗੇ ਉਸਰੇ ਵੱਡੇ ਰੰਗਮੰਚ 'ਤੇ ਕਈ ਦਿਨ ਕੀਤਾ ਜਾਂਦਾ ਰਿਹਾ। ਇਸ ਤੋਂ ਇਲਾਵਾ ਰਜਮੈਂਟ ਵਲੋਂ ਮਹੀਨੇ 'ਚ ਇਕ ਵਾਰ ਸੈਨਿਕਾਂ ਨੂੰ ਉਸ ਵੇਲੇ ਦੀ ਮਸ਼ਹੂਰ ਫ਼ਿਲਮ ਵਿਖਾਈ ਜਾਂਦੀ ਸੀ। ਲਾਗਲੇ ਪਿੰਡਾਂ ਵਾਲਿਆਂ ਨੂੰ ਫੌਜੀ ਫ਼ਿਲਮ ਵੇਖਣ ਤੋਂ ਮਨ੍ਹਾਂ ਨਹੀਂ ਕਰਦੇ ਸਨ। ਅਸੀਂ 'ਛਲੀਆ', 'ਦਿਲ ਆਪਣਾ ਔਰ ਪ੍ਰੀਤ ਪਰਾਈ', 'ਮੁਗਲ-ਏ-ਆਜ਼ਮ', 'ਚੌਦਵੀਂ ਕਾ ਚਾਂਦ' ਅਤੇ 'ਅਵਾਰਾ' ਵਰਗੀਆਂ ਫ਼ਿਲਮਾਂ ਉਸ ਕੱਪੜੇ ਦੇ ਪਰਦੇ 'ਤੇ ਹੀ ਸਭ ਤੋਂ ਪਹਿਲਾਂ ਵੇਖੀਆਂ ਸਨ।
ਡੇਰਾ ਬਾਬਾ ਨਾਨਕ ਤੋਂ ਪਿੰਡ ਜੋੜੀਆਂ ਨੂੰ ਜਾਂਦੇ ਰਾਹ ਦੇ ਸੱਜੇ ਪਾਸੇ ਇਕ ਬਹੁਤ ਉੱਚਾ-ਲੰਮਾ ਵਿਸ਼ਾਲ ਥੇਹ ਸੀ, ਜਿੱਥੇ ਵੱਡੀ ਗਿਣਤੀ ਵਿਚ ਸੈਨਾ ਤੇ ਤੰਬੂ ਸਨ। ਪਹਾੜ ਨੁਮਾ ਥੇਹ 'ਤੇ ਉਚਾਈ ਵਾਲੇ ਪਾਸੇ ਸੈਨਾ ਵਲੋਂ ਪ੍ਰੈਕਟਿਸ ਵਜੋਂ ਗੋਲੀਆਂ ਚਲਾਉਣ ਦੀ ਕਵਾਇਦ ਅਕਸਰ ਕੀਤੀ ਜਾਂਦੀ ਰਹਿੰਦੀ ਸੀ। ਇਸ ਕਵਾਇਦ ਨੂੰ ਅਸੀਂ ਚੈਨਮਾਰੀ ਕਿਹਾ ਕਰਦੇ ਸਾਂ। ਅੱਜਕਲ੍ਹ ਉਸ ਉੱਚੇ-ਲੰਬੇ ਥੇਹ ਦਾ ਨਾਮੋ-ਨਿਸ਼ਾਨ ਨਹੀਂ। ਮੀਲ-ਡੇਢ ਮੀਲ ਰਕਬੇ ਤੱਕ ਫੈਲਿਆ ਉਹ ਥੇਹ ਅੱਜ ਜਰਖੇਜ਼ ਭੂਮੀ ਅਤੇ ਵਿਸ਼ਾਲ ਇਮਾਰਤਾਂ ਵਜੋਂ ਵਿਕਸਿਤ ਹੋ ਚੁੱਕਾ ਹੈ।
ਸੰਨ 1959-60 ਵਿਚ ਸਰਹੱਦ ਦੀ ਨਿਸ਼ਾਨਦੇਹੀ ਵੀ ਤਹਿਸੀਲ ਦੇ ਆਧਾਰ 'ਤੇ ਕੀਤੀ ਗਈ ਸੀ। ਬਟਾਲਾ ਤਹਿਸੀਲ ਦਾ ਕੁਝ ਰਕਬਾ ਦਰਿਆ ਰਾਵੀ ਦੇ ਇਸ ਪਾਰ ਤੇ ਕੁਝ ਰਕਬਾ ਉਸ ਪਾਰ ਸੀ। ਇਵੇਂ ਹੀ ਹੁਣ ਦੀ ਤਹਿਸੀਲ ਨਾਰੋਵਾਲ ਜੋ ਉਸ ਵੇਲੇ ਤਹਿਸੀਲ ਸ਼ੱਕਰਗੜ੍ਹ ਦਾ ਹਿੱਸਾ ਸੀ, ਨਾਲ ਸਬੰਧਿਤ ਰਕਬਾ ਸੀ। ਸਾਡੇ ਸਕੂਲ ਦੀ ਗਰਾਊਂਡ ਤੋਂ ਥੋੜ੍ਹੀ ਅੱਗੇ ਨਾਰੋਵਾਲ ਤਹਿਸੀਲ ਸ਼ੁਰੂ ਹੋ ਜਾਂਦੀ ਸੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਸਾਰਿਆ ਧੁੱਸੀ-ਬੰਨ੍ਹ ਉਪਰ ਉਸਰਿਆ ਟਾਵਰ ਉਸ ਗਰਾਊਂਡ ਦੇ ਨਜ਼ਦੀਕ ਸੀ। ਹੱਦਬੰਦੀ ਤੋਂ ਪਹਿਲਾਂ ਇਧਰੋਂ ਰਾਵੀ ਦਰਿਆ ਦੇ ਕੰਢੇ 'ਤੇ ਖਲੋ ਕੇ ਜਾਂ ਕੁਝ ਹਟਵੇਂ ਖਲੋ ਕੇ ਵੀ ਕਰਤਾਰਪੁਰ ਸਾਹਿਬ ਦੇ ਉਜਲੇ ਦੀਦਾਰ ਹੋ ਜਾਂਦੇ ਸਨ, ਭਾਵੇਂ ਕਿ ਬੇਲੇ ਨੂੰ ਪਾਰ ਕਰਕੇ ਦਰਿਆ ਤੱਕ ਜਾਣਾ ਐਨਾ ਸੁਖਾਲਾ ਕੰਮ ਨਹੀਂ ਸੀ। ਇਹ ਸੁਭਾਗ ਸਿਰਫ਼ ਦਰਿਆ ਰਾਵੀ ਦੀ ਉਸ ਜੂਹ ਵਿਚ ਵਸਣ ਵਾਲਿਆਂ ਵਿਚ ਕੁਝ ਕੁ ਅਭਿਲਾਸ਼ੀਆਂ ਨੂੰ ਹੀ ਨਸੀਬ ਹੁੰਦਾ ਸੀ।
ਕਈ ਵਾਰ ਇਸ ਪੱਖੋਂ ਗੌਰਵਮਈ ਪ੍ਰਸੰਨਤਾ ਜ਼ਰੂਰ ਹੁੰਦੀ ਹੈ ਕਿ ਮੇਰਾ ਜਨਮ ਉਸ ਭਾਗਸ਼ਾਲੀ ਭੂ-ਖੰਡ ਦੀ ਜੂਹ 'ਚ ਹੋਇਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਨਿਵਾਸ ਵਜੋਂ ਅਪਾਰ ਬਖ਼ਸ਼ਿਸ਼ ਕਰਕੇ ਨਿਹਾਰਿਆ ਸੀ।
(Courtesy: Ajit newspaper dated 3-5-2019)

No comments:

Post a Comment