Wednesday 8 February 2017

ਇਨਾਂ ਨੂੰ ਮੈਂ ਮੀਣੇ ਆਖਾਂ ਜਾਂ ਡਰਪੋਕ?

ਇਨਾਂ ਨੂੰ ਮੈਂ ਮੀਣੇ ਆਖਾਂ ਜਾਂ ਡਰਪੋਕ?

ਮੈਨੂੰ ਯਾਦ ਹੈ ਸੱਤਰਵੇ ਤੇ ਅੱਸੀਵੇ ਦਹਾਕੇ ‘ਚ ਖਾਲਿਸਤਾਨ ਤੇ ਬੜੀ ਬਹਿਸ ਹੋਇਆ ਕਰਦੀ ਸੀ। ਵਿਰੋਧੀਆਂ ਨੇ ਕਹਿਣਾ ਕਿ ਦੇਖੋ ਜੀ ਇਹ ਲੈਂਡ ਲਾਕਡ ਕੰਟਰੀ ਹੋਵੇਗਾ। ਅਗਲਿਆਂ ਉਦਾਹਰਣਾਂ ਦੇਣੀਆਂ ਕਿ ਦੁਨੀਆਂ ਵਿਚ ਕਈ ਅਜਿਹੇ ਮੁਲਕ ਨੇ ਜੋ ਸਮੁੰਦਰ ਕੰਢੇ ਨਹੀ ਹਨ। ਫਿਰ ਕਹਿਣਾ ਜੀ ਖਣਿਜ ਕਿਥੋਂ ਲਿਆਓਗੇ? ਉਹਦਾ ਵੀ ਅਗਲਿਆਂ ਜਵਾਬ ਦੇਣਾ? ਕਦੀ ਕਹਿਣਾ ਕਿ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਰਾ ਜੋ ਅਰਦਾਸ ਦਾ ਹਿੱਸਾ ਹੈ ਉਹ ਗੁਰੂ ਸਾਹਿਬ ਦੀ ਰਚਨਾ ਨਹੀ ਹੈ। ਇਥੋਂ ਤਕ ਕਿ ਐਹੋ ਜਿਹੇ ਸਵਾਲ ਅਸੀ ਦਿੱਲੀ ਦੇ ਪੇਪਰ ਹਿੰਦੁਸਤਾਨ ਟਾਈਮਜ਼ ਤੇ ਟਾਈਮਜ਼ ਆਫ ਇੰਡੀਆਂ ਆਦਿ ਵਿਚ ਪੜਿਆ ਕਰਦੇ ਸਾਂ। ਪਰ ਅੱਜ ਮੈਂ ਵੇਖਦਾ ਹਾਂ ਕਿ ਅਜਿਹਾ ਸਵਾਲ ਕਦੀ ਨਹੀ ਕੋਈ ਕਰਦਾ। ਲਿਖਾਰੀ ਹੋਣ ਦੇ ਨਾਤੇ ਮੈਂ ਕਈ ਚੀਜਾਂ  ਉਹ ਵੀ ਪੜ੍ਹ ਸਕਦਾ ਹਾਂ ਜੋ ਅੱਖਰਾਂ ਦੀਆਂ ਲਾਈਨਾਂ ਦਰਮਿਆਨ  ਹੋਣ।(ਵਾਹਿਗੁਰੂ ਹੰਕਾਰ ਤੋਂ ਬਚਾਏ)। 
ਹੁਣ ਮੈਂ ਵੇਖਦਾ ਹਾਂ ਕਿ ਸਵਰਾਜ ਦੀ ਵਿਰੋਧਤਾ ਕਰਨ ਵਾਲੇ ਲੋਕ ਖਾਲਿਸਤਾਨ ਦਾ ਨਾਹਰਾ ਲਾ ਕੇ ਖਾਲਿਸਤਾਨੀਆਂ ਦੀ ਪਛਾਣ ਕਰਨ ਵਿਚ ਰੁੱਝੇ ਪਏ ਨੇ। ਨੈੱਟ ਤੇ ਅਜਿਹੇ ਲੋਕਾਂ ਨੇ ਆਪਣੀ ਪ੍ਰੋਫਾਈਲ ਫੋਟੋ ਹੀ ਸੰਤ ਭਿੰਡਰਾਂਵਾਲੇ ਜਾਂ ਖਾਲਿਸਤਾਨ ਦਾ ਨਕਲੀ ਝੰਡਾ ਬਣਾਈ ਹੋਈ ਹੈ। ਪੰਜਾਬੋਂ ਬਾਹਰ ਪ੍ਰਦੇਸਾਂ ਵਿਚ ਅਨੇਕਾਂ ਰੇਡੀਓ ਸਟੇਸ਼ਨ/ਰਸਾਲੇ/ ਅਖਬਾਰ ਚਲ ਰਹੇ ਨੇ ਜੋ ਉਤੋਂ ਉਤੋਂ ਖਾਲਿਸਤਾਨੀ ਤੇ ਅੰਦਰੋਂ ਭਾਰਤ ਸਰਕਾਰ ਦੇ ਅਜੈਂਟ ਨੇ। ਸਿੱਖਾਂ ਨੂੰ ਇਨਾਂ ਅਹਿਸਾਸ ਹੀ ਨਹੀ ਕਿ ਅਜਿਹੇ ਦੋਗਲੇ ਸਿੱਖ ਸਬੰਧਤ ਮੁਲਕ ਦੇ ਕਨੂੰਨ ਦੀ ਵੀ ਉਲੰਘਣਾਂ ਕਰ ਰਹੇ ਹੁੰਦੇ ਨੇ।
ਕਦੀ ਮੈਂ ਸੋਚਦਾ ਹਾਂ ਕਿ ਉਸ ਕੌਮ ਦਾ ਕੀ ਭਵਿਖ ਹੈ ਜੋ ਭਗਵੇ ਤੇ ਬਸੰਤੀ ਰੰਗ ਵਿਚ ਫਰਕ ਹੀ ਨਹੀ ਪਛਾਣ ਸਕਦੀ। ਕੀ ਵਜਾਹ ਹੈ ਅੱਜ ਦਾ ਸਿੱਖ ਆਪਣੇ ਪ੍ਰਬੰਧਕ ਕੋਲੋ ਅਜਿਹਾ ਸਵਾਲ ਕਿਓ ਨਹੀ ਪੁਛ ਸਕਦਾ?
ਦਾਸ ਨੂੰ ਖਾਲਿਸਤਾਨ ਦੀ ਲਹਿਰ ਨਾਲ ਬਹੁਤਾ ਮਤਲਬ ਨਹੀ ਪਰ ਮੈਂ ਹਰਗਿਜ ਨਹੀ ਚਾਹੁੰਦਾ ਕਿ ਮੇਰੇ ਗੁਰਦੁਆਰੇ ਤੇ ਗੁਰੂ ਦੀ ਬਖਸ਼ਸ਼ ਨੀਲਾ ਤੇ ਪੀਲੇ ਨਿਸ਼ਾਨ ਤੋਂ ਇਲਾਵਾ ਕੋਈ ਹੋਰ ਝੰਡਾ ਝੂਲੇ।ਇਸ ਬਾਬਤ ਮੈ ਬਕਾਇਦਾ 1998 ਤੋਂ ਲਿਖਕੇ ਪ੍ਰਕਾਸ਼ਕ ਕਰਕੇ ਦੁਹਾਈ ਦੇ ਰਿਹਾ ਹਾਂ। ਪਰ ਮੈਨੂੰ ਨਹੀ ਪਤਾ ਕਿ ਕੋਈ ਅਜਿਹਾ ਸਿੱਖ ਹੋਵੇ ਜਿਸ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੋਵੇ ਕਿ ਭਾਈ ਤੁਸੀ ਭਗਵੇ/ਕੇਸਰੀ ਨਿਸ਼ਾਨ ਸਾਹਿਬ ਕਿਸ ਮਰਯਾਦਾ ਅਨੁਸਾਰ ਚੜ੍ਹਾ ਰਹੇ ਹੋ। ਇਨਾਂ ਲੋਕਾਂ ਨੂੰ ਕਦੋਂ ਸਜ਼ਾ ਮਿਲੇਗੀ? ਕੀ ਅਜਿਹੇ ਸ਼ਰਧਾਲੂ ਗੁਰੂ ਦੀ ਬਖਸ਼ਸ਼ ਦੇ ਪਾਤਰ ਬਣ ਸਕਦੇ ਹਨ ਜੋ ਰਹਿਤ ਮਰਯਾਦਾ ਦੀ ਸ਼੍ਰੇਆਮ ਉਲੰਘਣਾਂ ਚੁੱਪ ਚਾਪ ਬਰਦਾਸ਼ਤ ਕਰੀ ਜਾਣ।
ਮੈਨੂੰ ਅਹਿਸਾਸ ਹੈ ਐਹੋ ਜਿਹੇ ਮੌਕੇ ਸਿੱਖ ਇਤਹਾਸ ਵਿਚ ਪਹਿਲਾਂ ਵੀ ਆਏ ਹਨ। ਜਦੋਂ ਸਿੱਖਾਂ ਵਿਚ ਢਹਿੰਦੀ ਕਲਾ ਆਈ ਹੋਵੇ। ਪਰ ਹਰ ਵਾਰੀ ਸਿੱਖੀ ਸਗੋਂ ਹੋਰ ਦੂਣੀ ਚੌਣੀ ਹੋਈ ਹੈ। ਮੈਨੂੰ ਪਤਾ ਹੈ 18ਵੀ ਸਦੀ ਵਿਚ ਖੱਤਰੀ ਕੌਮ (ਜਾਤ) ਸਾਨੂੰ ਛੱਡ ਕੇ ਵਾਪਸ ਹਿੰਦੂ ਧਰਮ ਵਿਚ ਚਲੀ ਗਈ ਸੀ। ਪਰ ਝੱਟ ਹੀ ਸਿੱਖ ਹਜਾਰਾਂ ਤੋਂ ਕ੍ਰੋੜ ਤਕ ਪਹੁੰਚ ਗਏ ਸਨ। ਮੇਰਾ ਕਹਿਣ ਦਾ ਮਤਲਬ ਹੈ ਇਹ ਜੋ ਅੱਜ ਵਰਤਾਰਾ ਚਲ ਰਿਹਾ ਹੈ ਇਸ ਵਿਚ ਸਿੱਖੀ ਦਾ ਨੁਕਸਾਨ ਨਹੀ ਹੋ ਰਿਹਾ ਸਗੋਂ ਮੀਣੇ ਜਾਂ ਡਰਪੋਕ ਬਣ ਚੁੱਕੇ ਮੌਜੂਦਾ ਸਿੱਖ ਬਖਸ਼ਸ਼ਾਂ ਤੋਂ ਸੱਖਣੇ ਜਾਈ ਜਾ ਰਹੇ ਨੇ।
----------------------

ਆਹ ਵੀ ਦੇਖੋ

ਲਾਹਣਤ ਇਨ੍ਹਾਂ ਅਕਾਲੀਆਂ ਨੂੰ ਜੋ ਬੇਅਦਬੀ ਬਾਰੇ ਕੁਫਰ ਤੋਲਦੇ ਨੇ

No comments:

Post a Comment