Saturday 4 August 2018

ਓਨੂੰ ਕਹਿ ਦੇ ਪਾਪਾ ਘਰ ਨਹੀ

ਅੰਦਰੋਂ ਇਕ ਦੂਜੇ ਦੇ ਕੱਟੜ ਵਿਰੋਧੀ
ਪਰ  ਸ਼ੁਭਚਿੰਤਕ ਹੋਣ ਦਾ ਡਰਾਮਾ ਕਰਦੇ ਹੋਏ ਲੀਡਰ।
TELL HIM PAPA IS AWAY

ਹੁਣੇ ਹੁਣੇ ਮਸਖਰਾ -ਫੰਨਕਾਰ ਤੋਂ ਪੰਜਾਬੀਆਂ ਦੇ ਰਹਿਨੁਮਾ ਬਣੇ ਭਗਵੰਤ ਮਾਨ ਐਮ ਪੀ ਵਾਸਤੇ ਬੜੀ ਮੁਸ਼ਕਲ ਦੀ ਘੜੀ ਆਈ ਸੀ। ਕਿਉਕਿ ਜਨਾਬ ਪਿਛਲੇ 5-6 ਸਾਲਾਂ ਤੋਂ ਅਕਾਲੀਆਂ ਤੇ ਲਤੀਫੇ ਸੁਣਾ ਸੁਣਾ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੇ ਸਨ। ਇਨਾਂ ਦਾ ਮੁੱਖ ਨਿਸ਼ਾਨਾ ਹੁੰਦਾ ਸੀ ਬਿਕਰਮ ਮਜੀਠਿਆ ਤੇ ਉਸਦਾ ਚਿੱਟਾ। ਪਰ ਭਗਵੰਤ ਦੇ ਲੀਡਰ ਲਾਲਾ ਕੇਜਰੀਵਾਲ ਨੇ ਬਿਨਾਂ ਉਸ ਦੀ ਸਲਾਹ ਲਏ 15 ਮਾਰਚ 2018 ਨੂੰ ਮਜੀਠੀਏ ਤੋਂ ਬਿਨਾਂ ਸ਼ਰਤ ਮਾਫੀ ਮੰਗ ਲਈ। ਇਸ ਘਟਨਾ ਨਾਲ ਭਗਵੰਤ ਦੀ ਸਾਰੀ ਸਿਆਸਤ ਖੂਹ ਖਾਤੇ ਵਿਚ ਪੈ ਗਈ। ਭਗਵੰਤ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ। ਮਾਰਚ ਤੋਂ ਲੈ ਕੇ ਅਖੀਰ ਜੁਲਾਈ ਤਕ ਭਗਵੰਤ ਦਾ ਅਸਤੀਫਾ ਵਿਚੇ ਲਮਕਿਆ ਰਿਹਾ। ਨਾਂ ਕੇਜਰੀਵਾਲ ਨੇ ਮਨਜੂਰ ਕੀਤਾ ਤੇ ਨਾਂ ਭਗਵੰਤ ਨੇ ਵਾਪਸ ਲਿਆ।


ਵਿਚਾਰੇ ਭਗਵੰਤ ਤੇ ਮੁਸੀਬਤ ਦਾ ਇਕ ਹੋਰ ਪਹਾੜ ਆ ਡਿੱਗਾ। ਝਾੜੂ ਪਾਰਟੀ ਦੇ ਸੁਖਪਾਲ ਖਹਿਰਾ ਨੇ ਪਾਰਟੀ ਨੀਤੀਆਂ ਖਿਲਾਫ ਬਗਾਵਤ ਕਰ ਦਿਤੀ ਤੇ 2 ਅਗਸਤ ਨੂੰ ਬਠਿੰਡੇ ਬਾਗੀ ਇਕੱਠ ਸੱਦ ਲਿਆ। ਖਹਿਰੇ ਦਾ ਇਲਜਾਮ ਸੀ ਕਿ ਲਾਲਾ ਜੀ ਆਪ ਹੁਦਰੇ ਫੈਸਲੇ ਕਰਦੇ ਹਨ ਤੇ ਪੰਜਾਬੀਆਂ ਨੂੰ ਟਿੱਚ ਜਾਣਦੇ ਹਨ। ਝਾੜੂ ਲੀਡਰਾਂ ਵਾਸਤੇ ਹੁਣ ਪਰਖ ਦੀ ਘੜੀ ਆ ਗਈ ਜਾਂ ਤਾਂ ਖਹਿਰੇ ਦੇ ਪੰਜਾਬ ਪੱਖੀ ਸਟੈਂਡ ਨਾਲ ਖਲੋਣ ਜਾਂ ਕੇਜਰੀਵਾਲ ਦੀਆਂ ਮਰਕਜੀ ਡਿਕਟੇਟਰੀ ਨੀਤੀਆਂ ਨਾਲ। ਜੇ ਭਗਵੰਤ ਲਾਲਾ ਜੀ ਨਾਲ ਖਲੋਣ ਤਾਂ ਉਹਨਾਂ ਦਾ ਦਿਤਾ ਰੋਸ ਵਾਲਾ ਅਸਤੀਫਾ ਵਿਅੱਰਥ ਜਾਂਦਾ ਹੈ। ਜੇ ਪੰਜਾਬ ਨਾਲ ਖਲੋਣ ਤਾਂ ਲਾਲਾ ਜੀ ਨਰਾਜ। ਸਿਧਾਂਤਕ ਤੌਰ ਤੇ ਭਗਵੰਤ ਦਾ ਅਸਤੀਫਾ ਵੀ ਖਹਿਰੇ ਦੇ ਰੋਸ ਨਾਲ ਮੇਲ ਖਾਂਦਾ ਸੀ ਕਿਉਕਿ ਮਾਫੀ ਮੰਗਣ ਤੋਂ ਪਹਿਲਾਂ ਪੰਜਾਬ ਇਕਾਈ ਦੀ ਸਲਾਹ ਨਹੀ ਸੀ ਲਈ ਗਈ।
ਭਗਵੰਤ ਨੇ ਫਿਰ ਓਹੋ ਕੀਤਾ ਜੋ ਅੱਜ ਪੰਜਾਬੀ ਲੋਕ ਕਰ ਰਹੇ ਹਨ।ਨਕਲੀ ਬੀਮਾਰ ਪੈ ਹਸਪਤਾਲ ਵਿਚ ਦਾਖਲ ਹੋ ਗਏ। ਖੈਰ ਭਗਵੰਤ ਨੂੰ ਤਾਂ ਇਹ ਕੁਝ ਸੋਭਾ ਦੇ ਸਕਦੇ ਹੈ ਕਿਉਕਿ ਸਟੇਜ ਆਰਟਿਸਟ ਹੈ ਪਰ ਇਹ ਡਰਾਮੇਬਾਜੀ ਵਾਲਾ ਵਰਤਾਰਾ ਪੰਜਾਬੀਆਂ ਵਿਚ ਅੱਜ ਆਮ ਹੋ ਗਿਆ ਹੈ।
 ਅੱਜ ਅਨੇਕਾਂ ਲੋਕ ਮੁਸ਼ਕਲ ਮੌਕਿਆਂ ਦਾ ਸਾਹਮਣਾ ਕਰਨ ਦੀ ਬਿਜਾਏ ਪਿੱਠ ਦੇ ਕੇ ਨਿਕਲ ਜਾਂਦੇ ਹਨ। ਇਨਾਂ ਨੂੰ ਝੂਠ ਵਿਚ ਜੀਣ ਦੀ ਆਦਤ ਜਿਹੀ ਪੈ ਜਾਂਦੀ ਹੈ। ਫੋਨ ਵੀ ਨੰਬਰ ਵੇਖ ਕੇ ਚੁੱਕਦੇ ਹਨ। ਕਦੀ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਕਹਿ ਦਿਓ ਪਾਪਾ ਘਰ ਨਹੀ। ਯਾਦ ਰੱਖੋ ਇਹੋ ਲੋਕ ਫਿਰ ਅੱਗੇ ਜਾ ਕੇ ਕਦੀ ਖੁਦਕਸ਼ੀ ਵੀ ਕਰ ਲੈਂਦੇ ਨੇ।
ਇਹ ਇਕ ਕਿਸਮ ਨਾਲ ਸਨਿਆਸ ਵਾਲਾ ਵਰਤਾਰਾ ਹੁੰਦਾ ਹੈ। ਪੁਰਾਣੇ ਸਮਿਆਂ ਵਿਚ ਅਕਸਰ ਹੀ ਲੋਕ ਗ੍ਰਿਸਤ ਦੀਆਂ ਮੁਸ਼ਕਲਾਂ ਵੇਖ ਕੇ ਘਰ ਬਾਰ ਛੱਡ ਸਾਧ ਬਣ ਜਾਂਦੇ ਸਨ। ਭਾਵ ਕਠਿਨਾਈ ਦਾ ਸਾਹਮਣਾ ਕਰਨ ਬਿਜਾਏ ਇਸ ਤੋਂ ਨਸ ਜਾਣਾ। ਹਿਦੋਸਤਾਨ ਦੀ ਸਰ ਜਮੀਨ ਤੇ ਪਹਿਲੀ ਵਾਰ ਜੇ ਕਿਸੇ ਨੇ ਇਸ ਵਰਤਾਰੇ ਦਾ ਖੰਡਨ ਕੀਤਾ ਤਾਂ ਉਹ ਸਨ ਗੁਰੂ ਨਾਨਕ ਸਾਹਿਬ।
ਭਾਈ ਜੇ ਤੁਸੀ ਅਜ ਦੀ ਮੁਸ਼ਕਲ ਤੋਂ ਨੱਸੋਗੇ, ਕਲ੍ਹ ਨੂੰ ਓਸੇ ਮੁਸ਼ਕਲ ਨੇ ਵਿਰਾਟ ਰੂਪ ਧਾਰਨ ਕਰ ਲੈਣਾ ਹੈ। ਮੁਸ਼ਕਲ ਨੂੰ ਅੱਜ ਹੀ ਸਾਹਮਣੇ ਤੋਂ ਲਲਕਾਰੋ। ਮਿਸਾਲ ਖੁਦਕਸ਼ੀ ਕਰਨ ਵਾਲਿਆਂ ਦੀ ਹੀ ਲੈ ਲਓ। ਗਹਿਰਾਈ ਨਾਲ ਇਨਾਂ ਨੂੰ ਸਮਝੋਗੇ ਤਾਂ ਪਤਾ ਲਗੇਗਾ ਇਥੇ ਵੀ ਹਊਮੇਧਾਰੀ ਜਾਂ ਫੁਕਰੇ ਲੋਕ ਹੀ ਹਨ ਜੋ ਖੁਦਕਸ਼ੀ ਕਰ ਰਹੇ ਹਨ। ਭਾਵ ਉਹ ਲੋਕ ਜੋ ਝੂਠ ਵਿਚ ਜੀਂਦੇ ਹਨ। ਜਿਹੜੇ ਚਾਦਰ ਵੇਖ ਕੇ ਪੈਰ ਨਹੀ ਪਸਾਰਦੇ। ਜੋ ਆਪਣੀ ਅਸਲੀ ਔਕਾਤ ਨਾਲੋਂ ਆਪਣੇ ਆਪ ਨੂੰ ਵੱਧ ਦਸਦੇ ਹਨ। ਜੇ ਕੁੜੀ ਦਾ ਵਿਆਹ ਕਰਨਾਂ ਹੈ ਤਾਂ ਉਹ ਵੀ 'ਭਾਈ ਟੌਹਰ ਨਾਲ ਕਰਨਾਂ ਅਸਾਂ ਤਾਂ।' ਆਪਣੇ ਵਿੱਤ ਤੋਂ ਬਾਹਰਾ ਕਰਜਾ ਚੁੱਕ ਲੈਣਗੇ।
ਫਿਰ ਜਦੋਂ ਕਰਜਾ ਚਕੌਣੈ ਅਗਲਿਆਂ ਤਾਂ ਬਿਆਜ ਤੇ ਵੀ ਬਿਆਜ ਠੋਕਣਾ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਕਿ ਸਿਰਫ ਜੱਟ ਲੋਕ ਹੀ ਖੁਦਕਸ਼ੀਆਂ ਕਰ ਰਹੇ ਨੇ। ਭਾਵ 4 ਕਿਲ੍ਹੇ ਜਮੀਨ ਵਾਲਾ ਪੈਸੇ ਹੱਥੋਂ ਤੰਗ ਹੈ ਤੇ 300 ਰੁਪਏ ਦਿਹਾੜੇ ਕਮਾਉਣ ਵਾਲਾ ਰਾਤ ਨੂੰ ਸੁਖ ਦੀ ਨੀਦ ਸਾਉਦਾ ਹੈ।
ਸਾਡੇ ਇਲਾਕੇ ਵਿਚ ਵੀ ਖੁਦਕਸ਼ੀਆਂ ਹੋਈਆਂ ਨੇ। ਇਹ ਉਹ ਲੋਕ ਹਨ ਜੋ ਚਿੱਟੇ ਕਪੜੇ ਪਾ ਬੈਠੇ ਰਹਿੰਦੇ ਹਨ ਤੇ ਝੋਨਾ ਵੀ ਬੲ੍ਹੀਆਂ ਕੋਲੋਂ ਲਵਾਉਦੇ ਹਨ।
ਭਾਈ ਜੇ ਘਰ ਵਿਚ ਤੰਗੀ ਆ ਗਈ ਤਾਂ ਮਿਹਨਤ ਕਰਦਿਆਂ ਤੁਹਾਡੇ ਹੱਥ ਦੁਖਦੇ ਨੇ? ਜੇ ਘਰ ਵਿਚ ਤੰਗੀ ਹੈ ਤਾਂ ਵਿਆਹ ਵੇਲੇ ਵਿਖਾਵੇ ਕਾਹਦੇ ਕਰਦੇ ਹੋ? ਕਿਉ ਨਹੀ ਤੁਸੀ ਮਿਹਨਤ ਮਜੂਰੀ ਕਰਦੇ?
ਇਸ ਫੁਕਰੇਪਣ ਦਾ ਸਭ ਤੋਂ ਵੱਡਾ ਸਬੂਤ ਮੈਂ ਦਿੰਨਾ ਵਾਂ। ਉਹ ਇਹ ਕਿ ਅੱਜ ਪੰਜਾਬੀ ਪੰਜਾਬ ਵਿਚ ਰਹਿ ਕੇ ਮਿਹਨਤ ਕਰਕੇ ਰਾਜੀ ਨਹੀ ਪਰ ਇਹੋ ਪੰਜਾਬੀ ਜਦੋਂ ਕਨੇਡਾ ਅਮਰੀਕਾ ਚਲਾ ਜਾਂਦਾ ਹੈ ਤਾਂ ਡੇਹਰੀਆਂ ਵਿਚ ਜਾ ਕੇ ਡੰਗਰਾਂ ਦਾ ਗੋਹਾ ਵੀ ਸੁੱਟਦੇ ਵੇਖੇ ਜਾਂਦੇ ਹਨ। ਹਾਊਸ ਕਲੀਨਿੰਗ ਦੀ ਜੌਬ ਹੱਸਕੇ ਕਰਦੇ ਹਨ। ਪਰ ਇਥੇ ਆਪਣਾ ਝੋਨਾ ਲਾਉਣ ਵਿਚ ਵੀ ਸ਼ਰਮ ਆਉਦੀ ਇਨਾਂ ਨੂੰ। ਸਾਈਕਲ ਚਲਾਉਣ ਵਿਚ ਇਨਾਂ ਨੂੰ ਸ਼ਰਮ ਆਉਦੀ ਹੈ ਤੇ ਕਰਜਾ ਚੁੱਕ ਕੇ ਹੀਰੋ ਹਾਂਡਾ ਖਰੀਦਣਾ।
ਪੰਜਾਬੀਆਂ ਦਾ ਕਿਰਦਾਰ ਅੱਜ ਬਹੁਤ ਹੀ ਹੇਠ ਪੱਧਰ ਤੇ ਆ ਗਿਆ ਹੈ। ਇਸਦਾ ਮੁਖ ਕਾਰਨ ਹੈ ਪੰਜਾਬੀਆਂ ਦੀ ਹਰਮਨ ਪਿਆਰੀ ਰਾਜਨੀਤਕ ਪਾਰਟੀ ਅਕਾਲੀ ਦਲ ਵਿਚ ਉਭਰਿਆ ਡਰਾਮੇਬਾਜੀ ਦਾ ਰੁਝਾਨ। ਭਾਵ ਜਿੰਨਾਂ ਦੇ ਮਨ ਵਿਚ ਕੁਝ ਹੋਰ ਤੇ ਮੁਖ ਤੇ ਕੁਝ ਹੋਰ। ਜਦੋਂ ਵਰਕਰ ਲੀਡਰ ਨੂੰ ਡਰਾਮੇਬਾਜੀ ਕਰਦਾ ਵੇਖਦਾ ਹੈ ਤਾਂ ਉਹੋ ਕਿਰਦਾਰ ਆਪਣੇ ਜੀਵਨ ਵਿਚ ਵੀ ਅਪਣਾਉਦਾ ਹੈ।
ਯਾਦ ਰੱਖੋ ਲੋਕ ਆਪਣੇ ਲੀਡਰ ਨੂੰ ਹੀ ਆਪਣਾ ਅਦਰਸ਼ (ਮਾਡਲ) ਮੰਨ ਕੇ ਚਲਦੇ ਹਨ। ਪੰਜਾਬ ਵਿਚ ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਖੁਦਕਸ਼ੀਆਂ ਦਾ ਰੁਝਾਨ ਓਨਾਂ ਲੋਕਾਂ ਵਿਚ ਜਿਆਦਾ ਹੈ ਜੋ ਅਕਾਲੀ ਦਲ ਦਾ ਵੋਟ ਬੈਂਕ ਹੈ।
ਤੁਸੀ ਦਿਹਾੜੀਦਾਰ ਬੰਦਾ ਜਾਂ ਰਿਕਸ਼ਾ ਵਾਹੁਣ ਵਾਲਾ ਖੁਦਕਸ਼ੀ ਕਰਦਾ ਨਹੀ ਸੁਣਿਆ ਹੋਵੇਗਾ। ਕਿਉਕਿ ਅਗਲਾ ਆਪਣੀ ਔਕਾਤ ਵਿਚ ਰਹਿ ਰਿਹਾ ਹੈ।
ਫਿਰ ਤੁਸੀ ਕਦੀ ਧਰਮੀ ਬੰਦੇ ਨੂੰ ਵੀ ਖੁਦਕਸ਼ੀ ਕਰਦੇ ਨਹੀ ਸੁਣਿਆ ਹੋਵੇਗਾ। ਕਿਉਕਿ ਧਰਮੀ ਬੰਦੇ ਨੂੰ ਰੋਜ ਪੜ੍ਹਨਾ ਪੈਂਦਾ ਹੈ ਕਿ ਬੰਦਿਆ ਆਪਣੀ ਹਊਮੈ ਛੱਡ ਦੇ ਨਿਮਰਤਾ ਵਿਚ ਆ ਜਾ।
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥

No comments:

Post a Comment