ਸਰਹੱਦ ਵਾਲੀ ਕੰਧ ਦੇ ਦੂਸਰੇ ਪਾਸੇ ਝਾਤੀ
A PEEP ACROSS THE OTHER SIDE OF WALL OF BORDER
ਸਾਡੇ ਮਿਤ੍ਰ ਗੁਲਾਮ ਮੁਸਤਫਾ ਡੋਗਰ ਨੇ ਪਾਕਿਸਤਾਨੀ ਦੀ ਅਖਬਾਰ ਦੁਨੀਆ ਵਿਚ ਛਪਿਆ ਇਕ ਲੇਖ ਭੇਜਿਆ ਜਿਸ ਵਿਚ ਸਾਡੇ ਵਾਲੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਟਿੱਪਣੀਆਂ ਹਨ। ਡੋਗਰ ਦੀ ਮਦਦ ਨਾਲ ਅਸਾਂ ਇਸ ਉੜਦੂ ਦੇ ਲੇਖ ਨੂੰ ਗੁਰਮੁਖੀ ਵਿਚ ਉਲੱਥ ਦਿਤਾ ਹੈ। ਲੇਖ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਲਗ ਜਾਏਗਾ ਕਿ ਕਿਹੜੀ ਸੰਗਤ ਕਰਕੇ ਮਨਪ੍ਰੀਤ ਉੜਦੂ ਦੇ ਸ਼ੇਅਰ ਪੜ੍ਹਨ ਵਿਚ ਮਾਹਰ ਬਣ ਗਿਆ।ਇਸ ਵਿਚ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਟਿਪਣੀਆਂ ਹਨ, ਸਰਬੱਤ ਖਾਲਸਾ ਬਾਰੇ ਨਜਰੀਆ ਤੇ ਮੌਜੂਦਾ ਖਾਲਿਸਤਾਨੀ ਲਹਿਰ, ਪੰਜਾਬੀ ਕਿਸਾਨ ਤੇ ਜਵਾਨਾਂ ਬਾਬਤ ਤਬਸਰਾ ਹੈ। ਅਸੀ ਮੂਲ ਉੜਦੂ ਲੇਖ ਵੀ ਹੇਠਾਂ ਕਾਪੀ ਕਰ ਦਿਤਾ ਹੈ ਤੇ ਡੋਗਰ ਨੇ ਉਹ ਪੜ੍ਹ ਕੇ ਸਾਨੂੰ ਐਮ ਪੀ -3 ਫਾਈਲ ਜੋ ਭੇਜੀ ਸੀ ਉਹ ਵੀ ਹੇਠਾਂ ਹੈ ਜੀ।
ਯੂਰਪ ਕੀ ਡਾਇਰੀ
ਨਸੀਮ ਅਹਿਮਦ ਬਾਜਵਾ
ਸਰਹੱਦ ਵਾਲੀ ਕੰਧ ਦੇ ਦੂਸਰੇ ਪਾਸੇ ਝਾਤੀ
35 ਸਾਲ ਪਹਿਲਾਂ ਦੀ ਗਲ ਹੈ ਕਿ ਮੇਰਾ ਪੁੱਤਰ ਫਾਰੂਖ ਲੰਡਨ ਯੂਨੀਵਰਸਿਟੀ ਵਿਚ ਦਾਖਲ ਹੋਇਆ। ਬਦਕਿਸਮਤੀ ਨਾਲ ਹੋਸਟਲ ਵਿਚ ਕੋਈ ਕਮਰਾ ਖਾਲੀ ਨਹੀ ਸੀ। ਖੈਰ ਇਕ ਸਿੱਖ ਵਿਦਿਆਰਥੀ ਨੇ ਉਨੂੰ ਆਪਣੇ ਕਮਰੇ ਵਿਚ ਥਾਂ ਦੇ ਦਿਤੀ। ਪਰ ਵਿਦਿਆਰਥੀ ਦਾ ਮਹਿਮਾਨ ਤਾਂ ਮੰਜੇ ਬਿਸਤਰੇ ਤੇ ਸੁਤਾ ਤੇ ਖੁੱਦ ਸਿੱਖ ਫਰਸ਼ ਤੇ ਹੀ ਗੱਦਾ ਲਾ ਕੇ ਸਾਲ ਭਰ ਸੌਂਦਾ ਰਿਹਾ। ਇਸ ਸਿੱਖ ਵਿਦਿਆਰਥੀ ਦਾ ਨਾਂ ਸੀ ਮਨਪ੍ਰੀਤ ਸਿੰਘ ਬਾਦਲ ਜੋ ਪੂਰਬੀ ਪੰਜਾਬ ਤੋਂ ਕਨੂੰਨ ਦੀ ਪੜ੍ਹਾਈ ਕਰਨ ਆਇਆ ਸੀ।
ਇਹ ਦੋਵੇਂ ਵਾਰੀ ਵਾਰੀ ਪਾਸ ਹੋਏ ਤੇ ਮੈਨੂੰ ਯੂਨੀਵਰਸਿਟੀ ਦੇ ਇਤਹਾਸਿਕ ਐਲਬਰਟ ਹਾਲ ਵਿਚ ਦੋ ਵਾਰੀ ਕਾਨਵੋਕੇਸ਼ਨ ਤੇ ਜਾਣ ਦਾ ਮੌਕਾ ਮਿਲਿਆ। ਇਕ ਵਾਰ ਤਾਂ ਫਾਰੂਖ ਲਈ ਤੇ ਦੂਸਰੀ ਵਾਰ ਮੈਂ ਮਨਪ੍ਰੀਤ ਦੇ ਮਾਪਿਆਂ ਦੀ ਨੁੰਮਾਇੰਦਗੀ ਕੀਤੀ ਜੋ ਕਿ ਪੰਜਾਬ ਦੇ ਮਿੱਟੀ ਘੱਟੇ ਭਰੇ ਪਿੰਡ 'ਬਾਦਲ' ਤੋਂ ਲੰਡਨ ਨਹੀ ਸੀ ਆ ਸਕੇ। ਅਸੀ ਤਿੰਨ ਸਾਲ ਤਕ ਹਰ ਐਤਵਾਰ ਨੂੰ ਫਾਰੂਖ ਦੇ ਨਾਲ ਨਾਲ ਮਨਪ੍ਰੀਤ ਨੂੰ ਵੀ ਪਰੌਂਠੇ ਖਵਾਉਦੇ ਰਹੇ। ਮਨਪ੍ਰੀਤ ਦੀ ਵਲਾਇਤ ਪੜਾਈ ਦਾ ਖਰਚਾ ਉਹਦੇ ਬਹੁਤ ਹੀ ਅਮੀਰ ਚਾਚਾ ਨੇ ਬਰਦਾਸ਼ਤ ਕੀਤਾ ਸੀ।
ਮਨਪ੍ਰੀਤ ਦੇ ਮਾਪੇ ਸਾਡੇ ਐਨੇ ਅਹਿਸਾਨਮੰਦ ਹੋਏ ਕਿ ਓਨਾਂ ਨੇ ਸਾਨੂੰ ਆਪਣੇ ਪਿੰਡ ਬਾਦਲ ਆਉਣ ਦਾ ਸੱਦਾ ਦਿਤਾ।ਮਜਬੂਰੀਆਂ ਕਰਕੇ ਮੈਂ ਤਾਂ ਨਾਂ ਜਾ ਸਕਿਆ ਪਰ ਫਾਰੂਖ ਤੇ ਉਹਦੀ ਮਾਂ ਦਾ ਬਾਦਲ ਪਿੰਡ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।
ਬਾਦਲ ਪਿੰਡ ਰਾਜਸਥਾਨ ਦੀ ਸਰਹੱਦ ਨਾਲ ਲਗਦਾ ਹੈ ਜਿੰਨੂ ਇਕ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਮਸ਼ਹੂਰ ਕਰ ਦਿਤਾ ਹੈ ਜੋ ਕਿ ਪਿਛਲੇ 25 ਸਾਲਾਂ ਤੋਂ ਪੂਰਬੀ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਮਨਪ੍ਰੀਤ ਦਾ ਚਾਚਾ।ਪ੍ਰਕਾਸ਼ ਸਿੰਘ ਲੁੱਟ ਮਾਰ ਕਰਨ ਵਿਚ ਪਾਕਿਸਤਾਨ ਦੇ ਸਿਆਸਤਦਾਨਾਂ ਦਾ ਪੂਰਾ ਮੁਕਾਬਲਾ ਕਰਦਾ ਹੈ। ਇਸ ਵੇਲੇ ਭਾਰਤ ਵਿਚ ਉਹ ਸਭ ਤੋਂ ਬੇਈਮਾਨ ਲੀਡਰਾਂ ਵਿਚੋਂ ਗਿਣਿਆ ਜਾਂਦਾ ਹੈ।
ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਇਕ ਸਾਨੀ ਹੈਗੀ ਆ। ਉਹ ਹੈ ਦੱਖਣ ਭਾਰਤ ਦੇ ਸੂਬੇ ਤਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ, ਜੋ ਇਕ ਸਾਬਕਾ ਮੁੱਖ ਮੰਤਰੀ ਦੀ ਮੌਤ ਉਪਰੰਤ ਉਸ ਦੀ ਰਖੇਲ ਹੋਣ ਕਰਕੇ ਗੱਦੀ ਤੇ ਬੈਠੀ ਸੀ। ਕੁਝ ਸਾਲ ਪਹਿਲਾਂ ਇਸ ਔਰਤ ਨੇ ਪੁੱਤ੍ਰ ਦੇ ਵਿਆਹ 'ਚ 50,000 ਲੋਕਾਂ ਨੂੰ ਸੱਦਿਆ ਸੀ। ਇਸ ਬੀਬੀ ਦੇ ਕਿੱਸੇ ਤਾਂ ਬਹੁਤ ਹਨ ਪਰ ਅਖਬਾਰ ਵਿਚ ਜਗਾ ਦੀਆਂ ਮਜਬੂਰੀਆਂ ਉਹ ਸਭ ਲਿਖਣ ਤੋਂ ਰੋਕਦੀਆਂ ਹਨ।
ਪ੍ਰਕਾਸ਼ ਸਿੰਘ ਬਾਦਲ ਅਕਸਰ ਲੰਡਨ ਆਉਦੇ ਰਹਿੰਦੇ ਹਨ। ਕਦੀ ਕਦਾਈ ਮੈਨੂੰ ਯਾਦ ਵੀ ਕਰ ਲੈਂਦੇ ਹਨ। ਉਨਾਂ ਦੇ ਵਿਚਾਰ ਮੇਰੇ ਤੋਂ ਐਨ ਉਲਟ ਹਨ। ਉਨਾਂ ਦਾ ਪੂਜੀਵਾਦੀ ਰਾਜਨੀਤੀ ਵਲ ਝੁਕਾਅ ਹੈ। ਇਨਾਂ ਦੇ ਦਿਲ ਵਿਚ ਲੋਕਾਂ ਲਈ ਨਾਂ ਤਾਂ ਪਿਆਰ ਹੈ ਤਾਂ ਨਾਂ ਹੀ ਇੱਜਤ।
ਇਨਾਂ ਦੀ ਸਿਆਸੀ ਚੜ੍ਹਤ ਬਣੇ ਰਹਿਣ ਦੀ ਵਜਾ ਇਹ ਹੈ ਕਿ ਬਾਦਲ ਜੱਟ ਹੈ ਤੇ ਸਿੱਖਾਂ ਵਿਚ ਜੱਟਾਂ ਦਾ ਬੋਲ ਬਾਲਾ ਹੈ। ਪੰਜਾਬ ਵਿਚ ਕਾਂਗਰਸ ਦਾ ਓਹੋ ਬੁਰਾ ਹਾਲ ਹੈ ਜੋ ਸਾਡੇ ਮੁਲਕ ਵਿਚ ਪੀਪਲ ਪਾਰਟੀ ਦਾ।
ਪ੍ਰਕਾਸ਼ ਸਿੰਘ ਐਫ ਸੀ ਕਾਲਜ ਲਹੌਰ ਵਿਚ ਚਾਲ ਸਾਲ ਪੜ੍ਹ ਚੁੱਕੇ ਹਨ ਤੇ ਇਹ ਗਲ ਬਾਰ ਬਾਰ ਕਹਿੰਦੇ ਨਹੀ ਥੱਕਦੇ। ਕਈ ਵਾਰੀ ਤਾਂ ਗਲ ਕਰਦਿਆਂ ਮੈਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਨਾਂ ਦਾ ਅਗਲੀ ਗਲ ਜਾਂ ਵਾਕ ਜਾਂ ਜੁਮਲਾ ਕੀ ਕੀ ਹੋਣਾ ਹੈ। ਇਹ ਹੁੰਦਾ ਹੈ ਬੁਢਾਪੇ ਦਾ ਨੁਕਸਾਨ। ਬੰਦਾ ਆਪਣੀਆਂ ਪੁਰਾਣੀਆਂ ਯਾਦਾਂ ਦਾ ਗੁਲਾਮ ਹੋ ਜਾਂਦਾ ਹੈ।
ਮਨਪ੍ਰੀਤ ਦੀ ਜਦੋਂ ਤਕ ਆਪਣੇ ਚਾਚਾ ਨਾਲ ਬਣਦੀ ਸੀ ਤਾਂ ਇਹਦੀਆਂ ਚਾਰੇ ਉਂਗਲਾਂ ਘਿਓ ਵਿਚ ਸਨ। ਉਹ ਆਪਣੇ ਚਾਚੇ ਦੀ ਵਜਾਰਤ ਵਿਚ ਕਈ ਸਾਲ ਖਜਾਨਾ ਮੰਤਰੀ ਬਣਿਆ ਰਿਹਾ। ਪ੍ਰਕਾਸ਼ ਸਿੰਘ ਦਾ ਆਪਣਾ ਪੁਤਰ ਸੁਖਬੀਰ ਜਦੋਂ ਵੱਡਾ ਹੋਇਆ ਤਾਂ ਮਨਪ੍ਰੀਤ ਨੂੰ ਖੁੱਡੇ ਲਾਈਨ ਲਾ ਦਿਤਾ ਗਿਆ।
ਮਨਪ੍ਰੀਤ ਨੇ ਫਿਰ ਆਪਣੇ ਚਾਚਾ ਤੋਂ ਵੱਖ ਹੋ ਕੇ ਆਪਣੀ ਵਖਰੀ ਪਾਰਟੀ ਬਣਾ ਲਈ ਜਿਹੜੀ ਕਿ ਇਕ ਤੋ ਬਾਦ ਇਕ ਚੋਣਾਂ ਵਿਚ ਲਗਾਤਾਰ ਕੁੱਟ ਖਾਈ ਜਾਣ ਲਈ ਮਸ਼ਹੂਰ ਹੋ ਚੁੱਕੀ ਹੈ।
ਬਜੁਰਗ ਹੋਣ ਦੇ ਨਾਤੇ ਮੈਂ ਮਨਪ੍ਰੀਤ ਨੂੰ ਸਲਾਹ ਦਿਤੀ ਸੀ ਕਿ ਉਹ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਏ। ਪਰ ਮਨਪ੍ਰੀਤ ਆਪਣੇ ਚਾਚੇ ਦੀ ਵਿਚਾਰਧਾਰਾ ਤੇ ਸਿਖਿਆਂ ਦੇ ਮੱਦੇ ਨਜਰ ਲੋਕ ਦੋਸਤ ਅਤੇ ਤਰੱਕੀਪਸੰਦ ਲੋਕ-ਲਹਿਰ ਵਿਚ ਸ਼ਾਮਲ ਨਹੀ ਹੋ ਸਕਦਾ। ਜਿਹਦਾ ਮਤਲਬ ਹੈ ਕਿ ਅਜੇ ਹੋਰ ਜਲੀਲ ਤੇ ਅਸਫਲ ਹੁੰਦਾ ਰਹੇਗਾ।
ਪੰਜਾਬ ਦੇ ਇਸ ਪਿਓ ਪੁਤਰ ਦੇ ਰਾਜ ਦੇ ਪੰਜ ਸਾਲ ਪੂਰੇ ਹੋਣ 'ਚ ਸਾਲ ਬਚਿਆ ਸੀ ਕਿ ਪੰਜਾਬ ਦੇ ਸਿਆਸੀ ਛੱਪੜ ਵਿਚ ਇਕ ਅਜਿਹਾ ਪੱਥਰ ਆ ਡਿੱਗਾ ਜਿਸ ਨਾਲ ਚਾਰ ਚੁਫੇਰੇ ਲਹਿਰਾਂ ਛਾ ਗਈਆਂ।
ਸਿੱਖ ਧਰਮ ਦੀ ਇਕ ਪੁਖਤਾ ਰਵਾਇਤ ਹੈ ਕਿ ਮੁਸੀਬਤ ਦੇ ਵਕਤ ਇਕ ਇਕੱਠ ਬੁਲਾਇਆ ਜਾਂਦਾ ਹੈ ਜਿਸ ਨੂੰ ਸਰਬਤ ਖਾਲਸਾ ਕਿਹਾ ਜਾਂਦਾ ਹੈ। ਇਸ ਰਵਾਇਤ ਦਾ ਜਨਮ 18ਵੀ ਸਦੀ 'ਚ ਹੋਇਆ ਜਦੋਂ ਮੁਗਲ ਬਾਦਸ਼ਾਹ ਸਿੱਖ ਧਰਮ ਨੂੰ ਕੁਚਲਣ ਖਾਤਰ ਜੁਲਮੋ ਸਿਤਮ ਕਰਦੇ ਸਨ ਤੇ ਇਹ ਇਜਲਾਸ ਬਾਰ ਬਾਰ ਹੁੰਦਾ ਰਿਹਾ।
ਪਿਛਲੀ ਸਦੀ ਵਿਚ ਇਹ ਇਜਲਾਸ 1986 ਵਿਚ ਹੋਇਆ ਸੀ ਜਦੋਂ ਸਿੱਖ ਧਰਮ ਦੇ ਮੁਕੱਦਸ ਸਥਾਨ ਹਰਮੰਦਰ ਸਾਹਿਬ ਤੇ ਭਾਰਤੀ ਫੌਜਾਂ ਨੇ ਤੋਪਾਂ ਟੈਕਾਂ ਨਾਲ ਹਮਲਾ ਕੀਤਾ ਸੀ।
ਇਸ ਵਾਰ ਇਹ ਸਰਬੱਤ ਖਾਲਸਾ (10 ਨਵੰਬਰ ਨੂੰ) ਅੰਮ੍ਰਿਤਸਰ ਲਾਗੇ ਖੁੱਲੀ ਥਾਂ ਹੋਇਆ। ਜਿਹਦਾ ਮਕਸਦ ਸੀ ਸਿੱਖਾਂ ਦੇ ਮਜ੍ਹਬੀ ਗ੍ਰੰਥ ਦੀ ਬਾਰ ਬਾਰ ਹੋ ਰਹੀ ਤੌਹੀਨ ਬਾਬਤ ਵਿਚਾਰ ਵਿਟਾਂਦਰਾ ਕਰਨਾਂ ਤੇ ਕੌਮ ਨੂੰ ਸੇਧ ਦੇਣਾ। ਇਸ ਵਾਰ ਇਸ ਵਿਚ ਇਕ ਲੱਖ ਸਿੱਖਾਂ ਨੇ ਸ਼ਿਰਕਤ ਕੀਤੀ ਜਿੰਨਾਂ ਕੋਲ ਹਰ ਕਿਸਮ ਦੇ ਹਥਿਆਰ ਸਨ। ਅੰਮ੍ਰਿਤਸਰ ਤੇ ਆਲੇ ਦੁਆਲੇ ਦਿਲਾਂ ਦੀ ਧੜਕਣ ਵੱਧ ਗਈਆਂ ਸਮ। ਅੰਤ ਵਿਚ ਫੈਸਲਾ ਇਹ ਹੋਇਆ ਕਿ ਵੱਡੇ ਤਿੰਨ ਗੁਰਦੁਆਰਿਆਂ ਦੇ ਗ੍ਰੰਥੀ ਬਦਲੇ ਜਾਣ ਤੇ ਉਨਾਂ ਦੀ ਥਾਂ ਨਵੇਂ ਗ੍ਰੰਥੀਆਂ ਦਾ ਐਲਾਨ ਹੋਇਆ। ਨਵੇਂ ਚੁਣੇ ਗਏ ਗ੍ਰੰਥੀਆਂ ਵਿਚੋਂ ਇਕ ਸਖਸ਼ ਉਹ ਵੀ ਹੈ ਜਿਸ ਦਾ ਸਬੰਧ ਖਾਲਿਸਤਾਨ ਦੀ ਲਹਿਰ ਨਾਲ ਰਿਹਾ ਹੈ ਤੇ ਉਹਨੇ 1995 ਵਿਚ ਪੰਜਾਬ ਦੇ ਮੁਖ ਮੰਤਰੀ (ਵਜੀਰੇ ਆਹਲਾ) ਦਾ ਕਤਲ ਕੀਤਾ ਸੀ ਤੇ ਅੱਜ ਕਲ ਜੇਲ ਵਿਚ ਹੈ।
ਪਰ ਗੁਰਦੁਆਰਿਆਂ ਤੇ ਪ੍ਰਕਾਸ਼ ਸਿੰਘ ਦੇ ਬੰਦਿਆਂ ਦਾ ਕਬਜਾ ਹੈ। ਬਾਦਲ ਘਰਾਣੇ ਨੇ ਇਸ ਸਰਬਤ ਖਾਲਸਾ ਨੂੰ ਆਪਣੇ ਖਿਲਾਫ ਸਿਆਸੀ ਸਾਜਿਸ਼ ਸਮਝਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਇਹ ਗ੍ਰੰਥੀਆਂ ਦੀ ਨਾਕਾਮੀ ਦੀ ਗਲ ਇਕ ਬਹਾਨਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਪਾਕ ਸਾਜਿਸ਼ ਦੀ ਮਨਸੂਬਾਬੰਦੀ ਕਰਨ ਵਾਲੇ ਸਿੱਖ ਦੁਸ਼ਮਣ ਸਜਾ-ਯਾਫਤਾ ਤੱਤ, ਕਾਂਗਰਸ ਪਾਰਟੀ ਤੇ ਬਾਹਰਲੇ ਮੁਲਕਾਂ ਦੇ ਕੁਝ ਤੱਤ ਸ਼ਾਮਲ ਹਨ।
ਬਾਦਲ ਘਰਾਣੇ ਨੇ 23 ਨਵੰਬਰ ਨੂੰ ਜਵਾਬੀ ਕਾਰਵਾਈ ਕਰਦਿਆਂ ਆਪਣੇ ਇਲਾਕੇ ਵਿਚ ਵੱਡਾ ਜਲੂਸ ਕੱਢਿਆ। ਵਿਰੋਧੀਆਂ ਦੀਆਂ ਕਾਲੀਆਂ ਝੰਡੀਆਂ ਤੇ ਧਮਕੀਆਂ ਦੀਆਂ ਪ੍ਰਵਾਹ ਕੀਤੇ ਬਗੈਰ ਲੋਕਾਂ ਨੇ ਤਾਲੀਆਂ ਮਾਰ ਮਾਰ ਇਸ ਜਲੂਸ ਦਾ ਸਵਾਗਤ ਕੀਤਾ। ਪੰਜਾਬ ਦੇ ਸਿਆਸੀ ਅਕਾਸ਼ ਤੇ ਫਿਰ ਪੰਜਾਬ ਦਾ ਮੰਨਿਆ ਪ੍ਰਮੰਨਿਆਂ ਬਾਦਲ ਘਰਾਣਾ ਛਾ ਗਿਆ।
ਹਕੀਕਤ ਇਹ ਹੈ ਕਿ ਹੁਣ ਪੰਜਾਬ ਦੇ ਜਿਆਦਾਤਰ ਲੋਕ ਖਾਲਿਸਤਾਨ ਦੇ ਮੈਦਾਨੇ ਜੰਗ ਵਿਚ ਦੁਬਾਰਾ ਕੁੱਦਣ ਨੂੰ ਤਿਆਰ ਨਹੀ ਹਨ। ਐਸ ਵਕਤ ਪੰਜਾਬ ਦੀਆਂ ਮੁਸ਼ਕਲਾਂ ਸਿਆਸੀ ਨਹੀ ਸਗੋਂ ਆਰਥਿਕ ਹਨ। ਇਲਾਕੇ ਵਿਚ ਜਮੀਨੀ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ ਹੈ। ਬੀਜਣ ਸਮੇਂ ਕਿਸਾਨ ਸਹੀ ਫਸਲਾਂ ਨਹੀ ਚੁੱਣ ਪਾ ਰਹੇ। ਕੀੜੇ ਮਾਰ ਦਵਾਈਆਂ ਤੇ ਖਾਦ ਆਦਿ ਸਭ ਮਿਲਾਵਟੀ ਹਨ। ਕਪਾਹ ਦੀ ਫਸਲ ਦਾ ਚਿੱਟੀ ਸੁੰਡੀ ਨੇ ਬਹੁਤ ਨੁਕਸਾਨ ਕੀਤਾ ਹੈ।
ਹੁਣ ਪੰਜਾਬ ਫੀ ਵਿਅੱਕਤੀ ਆਮਦਨ (ਪਰ ਕੈਪੀਟਾ ਇੰਨਕਮ) ਪੱਖੋ ਭਾਰਤ ਵਿਚ 12ਵੇਂ ਨੰਬਰ ਤੇ ਜਾ ਡਿੱਗਾ ਹੈ।(ਕਿਸੇ ਵੇਲੇ ਇਹ ਪਹਿਲੇ ਨੰਬਰ ਤੇ ਸੀ) ਕਾਰਖਾਨੇ ਨਾਮਾਤਰ ਰਹਿ ਗਏ ਹਨ। ਪੁਲਸ ਜਿਆਦਾਤਰ ਕਾਰਾਂ ਤੇ ਮੋਟਰਸਾਈਕਲ ਵਾਲਿਆਂ ਕੋਲੋ ਰਿਸ਼ਵਤ ਲੈਣ 'ਚ ਰੁਝੀ ਰਹਿੰਦੀ ਹੈ। ਪੰਜਾਬ ਦਾ ਜਵਾਨ ਹਰ ਹੀਲੇ ਬਾਹਰ ਮੁਲਕ ਜਾਣ ਵਾਸਤੇ ਕੋਸ਼ਿਸ਼ ਵਿਚ ਹੈ। ਜਿਹੜੇ ਜਵਾਨ ਫਿਰ ਬਾਹਰ ਜਾਣ ਵਿਚ ਸਫਲ ਨਹੀ ਹੁੰਦੇ ਉਹ ਨਸ਼ਿਆਂ ਵਿਚ ਫਸ ਜਾਂਦੇ ਹਨ।
---------------------<>--------------------------
No comments:
Post a Comment